Saturday, 13 December 2025
ਪੰਨੂ ਦਾ ਨਕਸ਼ਾ: ਖਾਲਿਸਤਾਨੀਆਂ ਨਾਲ ਧੋਖਾ
TERRITORY OF KHALISTAN
ਕੌਮਾਂਤਰੀ ਨਿਯਮ ਮੁਤਾਬਿਕ ਜਿਹੜੇ ਲੋਕ ਕੌਮ (Nation) ਦੀ ਪ੍ਰੀਭਾਸ਼ਾ ‘ਚ ਖਰੇ ਉਤਰਦੇ ਹੋਣ ਉਹਨਾਂ ਨੂੰ ਸਵਰਾਜ (Self Rule) ਦਾ ਹੱਕ ਹੈ।
ਕੌਮ (Nation)– ਦੂਸਰਿਆਂ ਤੋਂ ਵੱਖਰੇ ਉਹ ਲੋਕ (Distinct Identity) ਜਿਹਨਾਂ ਦਾ ਆਪਣਾ ਖਾਸ ਇਲਾਕਾ (Territory) ਹੋਵੇ, ਆਪਣਾ ਸਭਿਆਚਾਰ (culture) ਹੋਵੇ, ਆਪਣਾ ਧਰਮ (Faith) ਹੋਵੇ ਅਤੇ ਸਾਂਝਾ ਰਾਜਨੀਤਕ ਨਿਸ਼ਾਨਾ (Common Political Goal) ਹੋਵੇ।
ਕੌਮ ਹੈ ਪੰਜਾਬ ਦੇ ਸਿੱਖ (SIKHS OF PUNJAB A FULLY QUALIFIED NATION)– ਭਾਰਤ ਤਾਂ ਕੀ ਇਹਨਾਂ ਦੀ ਪਛਾਣ ਤਾਂ ਦੁਨੀਆ ਭਰ ਤੋਂ ਅਲੌਕਿਕ ਹੈ, (Distinct their Identity) ਪੂਰਬੀ ਪੰਜਾਬ ਇਹਨਾਂ ਦਾ ਇਲਾਕਾ (Territory) ਜੋ ਭਾਰਤ ਸਰਕਾਰ ਨੇ ਖੁਦ ਹੀ 1966 ਵਿਚ ਪ੍ਰਭਾਸ਼ਿਤ ਕੀਤਾ, ਇਹਨਾਂ ਦਾ ਸਭਿਆਚਾਰ ਭਾਵ ਭਾਸ਼ਾ (ਪੰਜਾਬੀ ਗੁਰਮੁਖੀ ਲਿਪੀ ਵਿਚ) ਆਦਿ ਅਲੌਕਿਕ (Distinct Culture i.e Language in Gurmukhi script etc. Mind it the Hindu Punjabis in 1961 census declared their language as Hindi while the Muslim Punjabis (West Punjab) have Urdu as their language), ਸਿੱਖੀ ਇਹਨਾਂ ਦਾ ਅਲੌਕਿਕ ਧਰਮ (Sikhism) ਨਾਲੇ ਦਿਲੋਂ ਹਰ ਸਿੱਖ ਆਪਣੇ ਸੁਤੰਤਰ ਰਾਜ ਦੀ ਕਾਮਨਾ ਕਰਦਾ ਹੈ (Sikh aspiration of independence: Raj karega Khalsa in prayer)
1942 ‘ਚ ਸਰ ਸਟੈਫੋਰਡ ਕ੍ਰਿਪਸ ਨੇ ਓਦੋਂ ਦੇ ਹਿੰਦੁਸਤਾਨ ਦਾ ਨਕਸ਼ਾ ਸਿੱਖ ਲੀਡਰਾਂ ਅੱਗੇ ਰੱਖਿਆ ਤੇ ਪੁੱਛਿਆ ਕਿ ਦੱਸੋ ਕਿਹੜੇ ਇਲਾਕੇ ਵਿਚ ਤੁਸੀ ਸਿੱਖ ਸਟੇਟ ਮੰਗਦੇ ਹੋ।ਉਸ ਵਕਤ ਹਾਜਰ ਮਾਸਟਰ ਤਾਰਾ ਸਿੰਘ, ਸਰ ਜੋਗਿੰਦਰਾ ਸਿੰਘ, ਬਲਦੇਵ ਸਿੰਘ ਅਤੇ ਇਕ ਦੋ ਹੋਰ ਲੀਡਰ ਕਿਸੇ ਨੂੰ ਕੋਈ ਜਵਾਬ ਨਾ ਔੜਿਆ। ਕ੍ਰਿਪਸ ਨੇ ਫਿਰ ਕਿਹਾ ਕਿ ਮਾਰੋ ਨਕਸ਼ੇ ਤੇ ਲੀਕ ਜਿਥੇ ਤੁਹਾਡੀ ਬਹੁ ਗਿਣਤੀ ਹੈ। ਲੀਡਰ ਚੁੱਪ। ਬਾਦ ਵਿਚ ਪਤਾ ਚਲਦਾ ਹੈ ਕਿ ਹਰ ਸਿੱਖ ਲੀਡਰ ਹੋਮ ਵਰਕ ਕੀਤੇ ਬਗੈਰ ਕ੍ਰਿਪਸ ਦੀ ਮੀਟਿੰਗ ਵਿਚ ਚਲਾ ਗਿਆ ਸੀ। ਸਿੱਖ ਲੀਡਰਾਂ ਦੇ ਦਿਮਾਗ ਵਿਚ ਮੀਡੀਏ ਨੇ ਇਕ ਗਲ ਬਾਰ ਬਾਰ ਦੁਹਰਾਅ ਕੇ ਬੈਠਾ ਦਿੱਤੀ ਸੀ ਕਿ ਕਿਸੇ ਵੀ ਇਲਾਕੇ ਵਿਚ ਸਿੱਖਾਂ ਦੀ ਬਹੁਗਿਣਤੀ ਨਹੀ ਹੈ।
ਖੈਰ ਜੀ ਬਹੁਗਿਣਤੀ ਨਾ ਹੋਣ ਕਰਕੇ ਸਿੱਖ ਦਾਵਾ ਛਿੱਥਾ ਪੈ ਗਿਆ।
ਪਾਕਿਸਤਾਨ ਬਣ ਗਿਆ। ਪੰਜਾਬ ਵੰਡਿਆ ਗਿਆ।
![]() |
| SIKH POPULATION IN PUNJAB |
ਕਿਉਕਿ ਨਹਿਰੂ ਹੁਰਾਂ ਨੰਗੇ ਹੋ ਕੇ ਸਿੱਖਾਂ ਨੂੰ ਵਾਇਦੇ ਕੀਤੇ ਹੋਏ ਸਨ ਕਿ ਅਜਾਦ ਭਾਰਤ ਵਿਚ ਸਿੱਖਾਂ ਲਈ ਵੀ ਖਿੱਤਾ ਉਲੀਕਿਆ ਜਾਵੇਗਾ ਜਿਥੇ ਇਹ ਵੀ ਅਜਾਦੀ ਦਾ ਨਿੱਘ ਮਾਣ ਸਕਣ।
ਕਿਉਕਿ ਨਹਿਰੂ ਹੁਰਾਂ ਨੂੰ ਪਤਾ ਸੀ ਕਿ ਕੁਝ ਸਿੱਖ ਰਿਆਸਤਾਂ ਵਿਚ ਸਿੱਖਾਂ ਦੀ ਬਹੁਗਿਣਤੀ ਹੈਗੀ ਆ ਉਹਨਾਂ ਚਲਾਕੀ ਕੀਤੀ ਕਿ ਬਾਕੀ ਪੰਜਾਬ ਨੂੰ ਛੱਡ ਸਿਰਫ ਸਿੱਖ ਰਿਆਸਤਾਂ ਨੂੰ ਇਕੱਠਿਆਂ ਕਰਕੇ 1948 ‘ਚ ਇਕ ਵੱਖਰਾ ਸੂਬਾ ਬਣਾ ਦਿਤਾ ਜੋ ਕਿਸੇ ਵੀ ਤਰਾਂ ਇਕੱਠਾ ਜਾਂ ਸਿੱਖ ਬਹੁਗਿਣਤੀ ਨਹੀ ਸੀ। ਉਹ ਇਕ ਤੀਰ ਨਾਲ ਦੋ ਸ਼ਿਕਾਰ ਕਰ ਰਹੇ ਸਨ। ਇਕ ਤਾਂ ਰਾਜਿਆਂ ਦਾ ਘੁੱਟ ਭਰਨਾਂ ਤੇ ਦੂਸਰਾ ਸਿੱਖ ਸਟੇਟ ਦਾ ਮਖੌਲ। ਯਾਦ ਰਹੇ ਓਦੋਂ ਮਹਾਰਾਜਾ ਪਟਿਆਲਾ ਯਾਦਵਿੰਦਰਾ ਸਿੰਘ ਨਹਿਰੂ ਪਟੇਲ ਦਾ ਚਿਮਚਾ ਬਣ ਚੁੱਕਾ ਸੀ। ਵਾਇਸਰਾਇ ਹਿੰਦ ਲਾਰਡ ਵੈਵਲ ਨੇ ਇਸ ਬਾਰੇ ਲਿਖਿਆ ਹੈ ਕਿ ਇਹ ਬੰਦਾ ਨਹਾਇਤ ਮੂਰਖ ਸੀ। ਮੂਰਖਤਾ ਕਰਕੇ ਇਸ ਨੇ ਸਿਰਫ ਸਿੱਖਾਂ ਦਾ ਹੀ ਨੁਕਸਾਨ ਨਾ ਕੀਤਾ ਸਗੋਂ ਭਾਰਤ ਵਿਚ ਅਨੇਕਾਂ ਜਿਹੜੀਆਂ ਹੋਰ ਰਿਆਸਤਾਂ ਸਨ ਉਹਨਾਂ ਦਾ ਘੁੱਟ ਭਰਾਉਣ ਲਈ ਵੀ ਨਹਿਰੂ/ ਪਟੇਲ ਦੀ ਮਦਦ ਕੀਤੀ। 
ਖੈਰ ਨਹਿਰੂ ਹੁਰਾਂ ਆਰੀਆ ਸਮਾਜੀ ਹਿੰਦੂਆਂ ਨੂੰ ਉਗਲੀ ਦੇ ਦਿੱਤੀ ਕਿ ਤੁਸੀ ਇਸ ਦੀ ਵਿਰੋਧਤਾ ਕਰੀ ਜਾਓ ਕਿਤੇ ਸਚ ਮੁੱਚ ਇਹ ਖਾਲਿਸਤਾਨ ਹੀ ਨਾ ਬਣ ਜਾਏ। ਕਿਉਕਿ ਇਹ ਕਿਸੇ ਵੀ ਤਰੀਕੇ ਵਿਵਹਾਰਿਕ ਨਹੀ ਸੀ ਇਸ ਵਿਚ ਦੂਰ ਦੁਰਾਡੇ ਇਲਾਕੇ ਸ਼ਾਮਲ ਸਨ ਜਿਥੇ ਸਿੱਖਾਂ ਦੀ ਗਿਣਤੀ 5% ਵੀ ਨਹੀ ਸੀ। ਸੌ ਅਖੌਤੀ ਸਿੱਖ ਸਟੇਟ ਫੇਲ ਹੋ ਗਈ ਅਤੇ 1956 ਵਿਚ (ਪੂਰਬੀ) ਪੰਜਾਬ ਵਿਚ ਸ਼ਾਮਲ ਕਰ ਦਿੱਤੀ ਗਈ।
ਓਧਰ ਬਹੁਗਿਣਤੀ ਨਾ ਹੋਣ ਕਰਕੇ ਸਿੱਖਾਂ ਜਿਹੜੀ ਮਾਰ ਖਾਧੀ ਸੀ ਉਸ ਤੋਂ ਸਿੱਖ ਕੇ ਅਕਾਲੀ ਦਲ ਲਗਾਤਾਰ ਪੰਜਾਬੀ ਸੂਬੇ ਦੀ ਮੰਗ ਕਰ ਰਿਹਾ ਸੀ। ਆਖਿਰ 1966 ਵਿਚ ਪੰਜਾਬੀ ਸੂਬਾ ਬਣਿਆ, ਪਰ ਸਿਰਫ ਉਹਨਾਂ ਇਲਾਕਿਆਂ ਵਿਚ ਜਿਥੇ ਸਿੱਖਾਂ ਦੀ ਬਹੁਗਿਣਤੀ ਸੀ।
ਮਤਲਬ ਸਿੱਖ ਸਟੇਟ ਬਣਾਉਣ ਲਈ ਸਿੱਖ ਇਲਾਕਾ (ਟੈਰੀਟੋਰੀ) ਪ੍ਰਭਾਸ਼ਿਤ ਹੋ ਗਿਆ ਜੋ ਕਿਸੇ ਵੀ ਕੌਮ ਦੀ ਪ੍ਰਭਾਸ਼ਾ ਦਾ ਜਰੂਰੀ ਅੰਗ ਹੈ।
ਖੈਰ ਸਾਡਾ ਇਹ ਸਭ ਕੁਝ ਲਿਖਣ ਦਾ ਮਕਸਦ ਇਹ ਹੈ ਕਿ ਸਿੱਖ ਵਿਚਾਰਧਾਰਾ ਸਿਰਫ ਓਥੇ ਹੀ ਲਾਗੂ ਕੀਤੀ ਜਾ ਸਕਦੀ ਹੈ ਜਿਥੇ ਸਿੱਖਾਂ ਦਾ ਬੋਲ ਬਾਲਾ ਹੋਵੇ।
ਭਾਵ ਜਦੋਂ ਖਾਲਿਸਤਾਨ ਬਣਦਾ ਹੈ ਤਾਂ ਓਥੇ ਸਭੈ ਸਾਝੀਵਾਲ ਸਦਾਵਣਗੇ। ਓਥੇ ਮੁਖ ਤੌਰ ਤੇ ਚੜਤ ਨਿਮਾਣਿਆਂ ਨਿਤਾਣਿਆਂ ਦੀ ਹੋਣੀ ਹੈ। ਕਿਉਕਿ ਸਾਡਾ ਬਾਬਾ ਨੀਵਿਆਂ ਦੇ ਨਾਲ ਖਲੋਦਾਂ ਹੈ:-
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ ॥
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ ॥
ਸਿੱਖੀ ਦੇ ਇਸ ਮੁੱਢਲੇ ਸਿਧਾਂਤ ਨੂੰ ਅਸੀ ਹਰਗਿਜ਼ ਨਹੀ ਛੱਡ ਸਕਦੇ। ਜਰਾ ਗੌਰ ਕਰੋ ਦਸਮ ਪਾਤਸ਼ਾਹ ਨੇ ਸਾਨੂੰ ਜੋ ਕੜਾ ਪਹਿਨਣ ਦਾ ਹੁਕਮ ਦਿਤਾ ਉਹ ਵੀ ਲੋਹੇ ਦਾ ਕਿਉਕਿ ਲੋਹਾ ਸ਼ੂਦਰ ਦਾ ਗਹਿਣਾ ਗਿਣਿਆ ਜਾਂਦਾ ਸੀ। ਨਿਸ਼ਾਨ ਸਾਹਿਬ ਜੋ ਦਿੱਤਾ ਉਹ ਵੀ ਨੀਲਾ ਕਿਉਕਿ ਬ੍ਰਾਹਮਣ ਨੇ ਨੀਲਾ ਰੰਗ ਸ਼ੂਦਰ ਨੂੰ ਦਿੱਤਾ ਹੋਇਆ ਸੀ। ਕਹਿਣ ਤੋਂ ਮਤਲਬ ਸਾਰੇ ਸਿਧਾਂਤ ਨਿਮਰਤਾ ਵਾਲੇ।
ਪਰ ਪੰਨੂ ਤਾਂ ਹਿਮਾਚਲ, ਹਰਿਆਣਾ, ਰਾਜਸਥਾਨ, ਯੂ ਪੀ, ਉਤਰਾਖੰਡ ਨੂੰ ਵੀ ਖਾਲਿਸਤਾਨ ਵਿਚ ਸ਼ਾਮਲ ਕਰੀ ਬੈਠਾ
ਹੁਣ ਸਵਾਲ ਉਠਦਾ ਹੈ ਕਿ ਕੀ ਅਜਿਹੇ ਖਾਲਿਸਤਾਨ ਵਿਚ ਸਰਬੱਤ ਦੇ ਭਲੇ ਵਾਲਾ ਸਿੱਖ ਕਨੂੰਨ ਅਗਲੇ ਲਾਗੂ ਹੋਣ ਦੇਣਗੇ? ਹਰਗਿਜ਼ ਨਹੀ। ਆਰੀਆ ਸਮਾਜੀਆਂ, ਕੱਟੜ ਬ੍ਰਾਹਮਣਾਂ ਮਰਨ ਮਰਾਉਣ ਤੇ ਆ ਜਾਣਾ ਹੈ ਕਿਉਕਿ ਉਹ ਕਦੇ ਵੀ ਨਹੀ ਚਾਹੁੰਣਗੇ ਕਿ ਸ਼ੂਦਰ ਉਹਨਾਂ ਦਾ ਹੁਕਮਰਾਨ ਹੋਵੇ ਜਾਂ ਜਿੱਥੇ ਜਾਤ-ਪਾਤ ਦੀ ਕੋਈ ਅਹਿਮੀਅਤ ਨਾ ਹੋਵੇ ਜਾਂ ਮਿਸਾਲ ਦੇ ਤੌਰ ਤੇ ਕੀ ਇਹ ਬਰਦਾਸ਼ਤ ਕਰਨਗੇ ਕਿ ਖਾਲਿਸਤਾਨ ਵਿਚ ਮੁਸਲਮਾਨਾਂ ਨੂੰ ਵੀ ਧਾਰਮਿਕ ਅਜਾਦੀ ਹੋਵੇ ਜਾਂ ਸਾਫ ਲਫਜ਼ਾਂ ਵਿਚ ਗਾਂ ਖਾਣ ਦੀ ਅਜਾਦੀ ਹੋਵੇ? ਇਹੋ ਜਿਹੇ ਅਨੇਕਾਂ ਮੁੱਦੇ ਨੇ ਜੋ ਖਾਲਿਸਤਾਨ ਦੇ ਅਸੂਲ ਹਿੰਦੂ ਕੱਟੜਪੰਥੀ ਨਾਲ ਟਕਰਾਉਦੇ ਹਨ।
ਸੋ ਜਿਹੋ ਜਿਹੇ ਖਾਲਿਸਤਾਨ ਦੀ ਪੰਨੂ ਗਲ ਕਰ ਰਿਹਾ ਹੈ ਉਹ ਹਰਗਿਜ਼ ਖਾਲਿਸਤਾਨ ਤਾਂ ਨਹੀ ਹੋਵੇਗਾ। ਓਥੇ ਫਿਰ ਬਹੁਗਿਣਤੀ ਦੇ ਰਹਿਮੋ ਕਰਮ ਤੇ ਹੋਣਗੇ ਸਿੱਖ।
ਫਿਰ ਮੰਨ ਲਓ ਕਲ੍ਹ ਨੂੰ ਅਮਰੀਕਾ ਦੀ ਕਿਸੇ ਯੂਨੀਵਰਸਿਟੀ ਵਿਚ ਖਾਲਿਸਤਾਨ ਬਾਰੇ ਚਰਚਾ ਹੁੰਦੀ ਹੈ ਤਾਂ ਤੇ ਕੋਈ ਭਾਰਤੀ ਉਠ ਕੇ ਸਵਾਲ ਕਰ ਦੇਵੇਗਾ ਕਿ ਇਹਦੇ ਵਿਚ ਕੀ ਤੁੱਕ ਹੈ ਕਿ ਖਾਲਿਸਤਾਨ ਹਰਿਆਣਾ, ਯੂ ਪੀ, ਹਿਮਾਚਲ, ਰਾਜਸਥਾਨ, ਉਤਰਾਖੰਡ ਵਿਚ ਬਣੇ ਜਿਥੇ ਸਿੱਖਾਂ ਦਾ ਅਨੁਪਾਤ 5% ਵੀ ਨਹੀ ਹੈ।ਓਥੇ ਫਿਰ ਖਾਲਿਸਤਾਨੀ ਬੁਲਾਰੇ ਦੀ ਜੋ ਹਾਲਤ ਹੋਵੇਗੀ ਉਹਦਾ ਤੁਸੀ ਅੰਦਾਜ਼ਾ ਆਪ ਲਾ ਸਕਦੇ ਹੋ। ਯਾਦ ਰੱਖਣਾ ਗੋਰਿਆਂ ਦੀ ਰਾਜਨੀਤੀ ਦੀ ਜੜ੍ਹ ਯੂਨੀਵਰਸਿਟੀਆਂ ਹੁੰਦੀਆਂ ਨੇ। ਹਾਂ ਇਕ ਦੋ ਗੋਰੇ ਲੀਡਰ ਐਲਾਨ ਕਰ ਚੁੱਕੇ ਨੇ ਕਿ ਅਸਾਂ ਭਾਰਤ ਦੇ ਛੇ ਹਿੱਸੇ ਕਰਨੇ ਨੇ। ਉਹ ਵੱਖਰੀ ਗਲ ਹੈ ਜਦੋਂ ਹੋਣਗੇ ਓਦੋਂ ਵੇਖੀ ਜਾਊ ਪਰ ਅਸੀ ਆਪਣਾ ਕੇਸ ਕਮਜੋਰ ਕਿਓ ਕਰੀਏ।
ਪਰ ਪੰਨੂ ਇਹ ਗਲ ਕਰ ਹੀ ਕਿਓ ਰਿਹਾ ਹੈ?
ਜਦੋਂ 1990 ਵੇਂ ਦਹਾਕੇ ਵਿਚ ਖਾਲਿਸਤਾਨ ਦੀ ਲਹਿਰ ਚਲ ਰਹੀ ਸੀ ਤਾਂ ਉਸ ਵੇਲੇ ਸਰਕਾਰ ਦੇ ਟਾਊਟ ਇਕ ਗਲ ਕਹਿ ਰਹੇ ਸਨ ਕਿ ਸਿੱਖਾਂ ਨੇ ਅਠਾਰਵੀ ਸਦੀ ਵਿਚ ਲਾਲ ਕਿਲੇ ਤੇ ਨਿਸ਼ਾਨ ਸਾਹਿਬ ਜਾ ਝੁਲਾਇਆ ਸੀ। ਤੁਸੀ ਛੋਟਾ ਜਿਹਾ ਖਾਲਿਸਤਾਨ ਕਿਓ ਮੰਗਦੇ ਹੋ। ਤੁਸੀ ਪੂਰੇ ਹਿੰਦੁਸਤਾਨ ਨੂੰ ਖਾਲਿਸਤਾਨ ਬਣਾਉਣ ਦੀ ਮੰਗ ਕਰੋ। ਓਦੋਂ ਜਨਰਲ ਬਘੇਲ ਸਿੰਘ ਐਂਡ ਹਿਜ਼ ਟਾਈਮਜ਼ ਨਾਂ ਦਾ ਕਿਤਾਬਚਾ ਪੰਜਾਬ ਵਿਚ ਲੱਖਾਂ ਦੀ ਗਿਣਤੀ ਵਿਚ ਵੰਡਿਆ ਗਿਆ ਸੀ। ਓਦੋਂ ਟਾਊਟ ਕਹਿੰਦੇ ਸੀ ਕਿ ਤੁਸੀ ਇਹੋ ਜਿਹਾ ਖਾਲਿਸਤਾਨ ਮੰਗੋ ਤਾਂ ਅਸੀ ਵੀ ਤੁਹਾਡੇ ਨਾਲ ਖਲੋਂਦੇ ਹਾਂ
ਸੋ ਪੰਨੂ ਓਸੇ ਤਰਜ ਅਤੇ ਓਸੇ ਹੁਕਮ ਤਹਿਤ ਹੀ ਐਹੋ ਜਿਹੇ ਖਾਲਿਸਤਾਨ ਬਣਾਉਣ ਦੀ ਗਲ ਕਰ ਰਿਹਾ ਹੈ। ਮਤਲਬ ਕਿ ਗਲ ਨੂੰ ਭੰਬਲਭੂਸੇ ਵਿਚ ਪਾਉਣਾ।
ਸੋ ਵੱਡੀ ਜੱਦੋਜਹਿਦ ਮਗਰੋਂ ਜੋ ਸਿੱਖ ਟੈਰੀਟੋਰੀ ਪ੍ਰਭਾਸ਼ਤ ਹੋਈ ਹੈ ਉਸ ਸਿਧਾਂਤ ਨੂੰ ਮਿੱਟੀ ਵਿਚ ਮਿਲਾਉਣਾ। ਕਿਤੇ ਪੜੋ ਪੰਜਾਬੀ ਸੂਬਾ ਮੋਰਚੇ ਦਾ ਇਤਹਾਸ ਕਿੰਨੀਆਂ ਜਾਨਾਂ ਗਈਆਂ ਤੇ ਕਿਵੇ ਜੇਲਾਂ ਦੇ ਰਿਕਾਰਡ ਟੁੱਟੇ। ਕਿਵੇ ਬਾਹਰ ਦੇ ਸੂਬਿਆਂ ਦੀਆਂ ਜੇਲਾਂ ਵਿਚ ਪੰਜਾਬ ਸਰਕਾਰ ਨੇ ਅਕਾਲੀ ਕੈਦੀ ਭੇਜੇ ਸਨ।
ਸੋ ਕੀ ਪੰਨੂ ਵੀ ਭਾਰਤੀ ਟਾਊਟ ਹੈ?
ਇਸ ਵਿਚ ਕੋਈ ਸ਼ੱਕ ਨਹੀ ਕਿ ਪੰਨੂ ਦੀ ਰੈਫਰੈਂਡਮ ਮੁਹਿੰਮ ਕਰਕੇ ਖਾਲਿਸਤਾਨ ਦੀ ਲਹਿਰ ਨੂੰ ਵੱਡਾ ਹੁੰਗਾਰਾ ਮਿਲਿਆ ਹੈ। ਇਹਦੀ ਕਾਰਵਾਈ ਕਰਕੇ ਅੱਜ ਪੱਛਮੀ ਮੁਲਕਾਂ ਨੂੰ ਭਾਰਤ ਦੀ ਕਮਜੋਰੀ ਦਾ ਪਤਾ ਲਗ ਚੁੱਕਾ ਹੈ। ਸੋ ਭਾਗਾਂ ਵਾਲਾ ਹੈ ਗੁਰਪਤਵੰਤ ਸਿੰਘ ਪੰਨੂ। ਉਸ ਤੇ ਮਾਣ ਵੀ ਕੀਤਾ ਜਾ ਸਕਦਾ ਹੈ।
ਪਰ ਸੱਚ ਤਾਂ ਸੱਚ ਹੀ ਹੈ। ਪੰਨੂ ਵੀ ਓਨਾਂ ਹੀ ਖਾਲਿਸਤਾਨੀ ਹੈ ਜਿੰਨਾ ਸਿਮਰਨਜੀਤ ਸਿੰਘ ਮਾਨ।
ਕੀ ਤੁਹਾਨੂੰ ਪਤਾ ਹੈ ਕਿ ਪੰਨੂ ਨੇ ਰੈਫਰੈਂਡਮ ਦੀ ਮੁਹਿੰਮ ਤੋਂ ਪਹਿਲਾਂ ਕੁਝ ਹਸਤਾਖਰ ਮੁਹਿੰਮਾਂ ਵੀ ਚਲਾਈਆਂ ਸਨ? ਉਹਨਾਂ ਦੇ ਨਤੀਜੇ ਇਸ ਨੇ ਕਦੀ ਜਨਤਕ ਨਹੀ ਕੀਤੇ। ਮਿਸਾਲ ਦੇ ਤੌਰ ਤੇ ਪੰਜਾਬ ਦੇ ਦਰਿਆਈ ਪਾਣੀਆਂ ਦੀ ਲੁੱਟ ਖਿਲਾਫ ਇਸ ਨੇ ਦਸਤਖਤ ਮੁਹਿੰਮ ਚਲਾਈ ਜਿਸ ਵਿਚ ਸੰਗਤਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ ਤੇ ਜਦੋਂ ਮੁਹਿੰਮ ‘ਚ 13 ਲੱਖ ਲੋਕਾਂ ਨੇ ਦਸਤਖਤ ਕਰ ਦਿੱਤੇ ਤਾਂ ਇਸ ਮਸਲੇ ਨੂੰ ਯੂ ਐਨ ਓ ਤਕ ਲਿਜਾਣ ਦੇ ਬਿਜਾਏ ਇਹ ਚੁੱਪ ਹੋ ਗਿਆ।
ਗੁਰੂ ਪਾਤਸ਼ਾਹ ਦੇ ਹੁਕਮ ਮੁਤਾਬਿਕ ਸਿੱਖਾਂ ਦੇ ਨਿਸ਼ਾਨ ਸਾਹਿਬ (ਝੰਡੇ ) ਦਾ ਰੰਗ ਨੀਲਾ ਹੈ। ਸਿੱਖ ਰਾਜ ਵੇਲੇ ਕੁਝ ਇਕ ਰਜਮੱਟਾਂ ਦੇ ਰੰਗ ਬਸੰਤੀ ਵੀ ਹੋਇਆ ਕਰਦੇ ਸਨ। ਖੁਫੀਆ ਅਜੈਂਸੀਆਂ ਨੇ 1990 ਦੇ ਦਹਾਕੇ ਵਿਚ ਗੁਰਦੁਆਰਿਆਂ ਤੇ ਬਸੰਤੀ ਜਾਂ ਨੀਲੇ ਰੰਗ ਦੇ ਬਿਜਾਏ ਭਗਵਾ ਰੰਗ ਚੜਾਉਣ ਦੇ ਗੁਪਤ ਹੁਕਮ ਕਰ ਦਿਤੇ ਸਨ। ਪਰ ਹੁਣ ਦੋ ਤਿੰਨ ਸਾਲ ਪਹਿਲਾਂ ਸ਼੍ਰੋਮਣੀ ਕਮੇਟੀ ਨੇ ਆਪਣੀ ਗਲਤੀ ਦਰੁਸਤ ਕਰਦਿਆਂ ਰੰਗ ਬਸੰਤੀ ਚੜਾ ਦਿੱਤਾ ਹੈ ਕਿਉਕਿ ਕਮੇਟੀ ਦੀ ਖੁਦ ਦੀ ਰਹਿਤਮਰਿਆਦਾ ਮੁਤਾਬਿਕ ਰੰਗ ਬਸੰਤੀ ਜਾਂ ਨੀਲਾ ਸੁਰਮਈ ਹੈ।
ਪੰਨੂ ਸਾਬ ਨੇ ਵੀ ਅਜੈਂਸੀਆਂ ਦੇ ਹੁਕਮ ਦੀ ਪਾਲਣਾ ਕਰਦਿਆਂ ਖਾਲਿਸਤਾਨ ਦੇ ਝੰਡੇ ਦਾ ਰੰਗ ਭਗਵਾ ਹੀ ਰੱਖਿਆ ਬਾਵਜੂਦ ਸਿੱਖਾਂ ਦੇ ਵਿਰੋਧ ਦੇ। ਫਿਰ 2021 ਵਿਚ ਜਦੋਂ ਅਜੈਂਸੀਆਂ ਬਸੰਤੀ ਤੇ ਮੰਨੀਆਂ ਤਾਂ ਪੰਨੂ ਨੇ ਆਪ ਮੁਹਾਰੇ ਰੰਗ ਬਸੰਤੀ ਕਰ ਲਿਆ।
ਦੁਨੀਆ ਭਰ ਵਿਚ ਸਿੱਖ ਦੀ ਵੱਖਰੀ ਪਛਾਣ ਹੈ। ਦੂਸਰੀ ਸਭਿਅੱਤਾ ਦੇ ਹੁਕਮਰਾਨ ਜਾਂ ਵੀ ਆਈ ਪੀ ਜਦੋਂ ਵੀ ਕਿਸੇ ਸਿੱਖ ਸੰਸਥਾਨ ਤੇ ਆਉਦੇ ਹਨ ਤਾਂ ਪਹਿਲੀ ਗਲ ਤਾਂ ਪੱਗ ਬੰਨ ਕੇ ਆਉਦੇ ਹਨ ਜਾਂ ਫਿਰ ਸਿਰ ਢੱਕਦੇ ਹਨ। ਪਿੱਛੇ ਜਿਹੇ ਰਾਹੁਲ ਗਾਂਧੀ ਜਦੋਂ ਦਰਬਾਰ ਸਾਹਿਬ ਆਇਆ ਤਾਂ ਸਿਰ ਤੇ ਪੱਗ ਸੀ।ਕਨੇਡਾ ਦੇ ਪ੍ਰਧਾਨ ਮੰਤਰੀ ਨੇ ਵੀ ਸੋਹਣੀ ਪੱਗ ਬੰਨੀ ਸੀ। ਉਹਦੀ ਪਤਨੀ ਨੇ ਸਲਵਾਰ ਕਮੀਜ ਪਾਇਆ। ਏਸੇ ਤਰਾਂ ਅਨੇਕਾਂ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ। ਪਰ ਇਹ ਗੰਜੇ ਪੰਨੂ ਮਹਾਰਾਜ ਦਾ ਚਿਹਰਾ ਦੁਨੀਆ ਦੇ ਮੀਡੀਏ ਵਿਚ ਗਿਆ ਹੈ ਬਿਨਾਂ ਪੱਗ ਦੇ। ਸੋ ਪੰਨੂ ਵਾਸਤੇ ਪੱਗ ਬੰਨਣਾ ਕਿੰਨਾ ਜਰੂਰੀ ਹੈ ਉਹ ਲੋਕ ਸਮਝਦੇ ਹਨ ਜੋ ਕੌਮ ਦੇ ਮਜਮੂਨ ਤੇ ਕੰਮ ਕਰਦੇ ਹਨ।ਪਰ ਇਹ ਆਪਣੇ ਆਕਾ ਨੂੰ ਕਦੀ ਨਰਾਜ ਨਹੀ ਕਰਦਾ।
ਸੋ ਕਿਸੇ ਵੀ ਕੌਮ ਦੇ ਸੰਵਿਧਾਨ, ਨਿਸ਼ਾਨ ਅਤੇ ਮੂਲ ਇਲਾਕੇ ਨਾਲ ਰੱਦੋ ਬਦਲ ਕਰਨਾਂ ਕੌਮੀਅਤ ਦੀ ਪ੍ਰੀਭਾਸ਼ਾ ਗਵਾਉਣਾ ਹੁੰਦਾ ਹੈ।
ਮੂਰਖ ਤੇ ਡਰਪੋਕ ਬੰਦਾ ਹੈ ਪੰਨੂ- ਇਹ ਗਲ ਜੱਗ ਜ਼ਾਹਿਰ ਹੋ ਚੁੱਕੀ ਹੈ ਕਿ ਪੰਨੂ ਦਾ ਕਤਲ ਕਰਨ ਲਈ ਭਾਰਤੀ ਖੁਫੀਆ ਅਜੈਂਸੀ ਰਾਅ ਹੁਕਮ ਕਰ ਚੁੱਕੀ ਸੀ ਜੋ ਸਾਰੀ ਸਾਜਿਸ਼ ਨਿਖਿਲ ਗੁਪਤਾ ਦੇ ਗ੍ਰਿਫਤਾਰ ਹੋਣ ਨਾਲ ਨੰਗੀ ਹੋ ਗਈ।
ਇਹਨਾਂ ਹਾਲਾਤਾਂ ਵਿਚ ਪੰਨੂ ਨੂੰ ਚਾਹੀਦਾ ਸੀ ਕਿ ਅਜੈਂਸੀਆਂ ਤੋਂ ਆਪਣਾ ਖਹਿੜਾ ਛੁਡਵਾ ਲੈਂਦਾ, ਕਿਉਕਿ ਉਹਨੂੰ ਬਹਾਨਾ ਮਿਲ ਚੁੱਕਾ ਸੀ, ਉਹਨਾਂ ਤੋਂ ਬਗਾਵਤ ਕਰ ਦਿੰਦਾ, ਕਿਉਕਿ ਅਗਲੇ ਤਾਂ ਉਸ ਨੂੰ ਮਾਰਨ ਤਕ ਗਏ ਸਨ। ਪਰ ਇਹ ਡਰਪੋਕ ਮੁੜ ਝਿੜ ਕੇ ਫਿਰ ਉਹਨਾਂ ਦੀ ਗੋਦ ਵਿਚ ਹੀ ਜਾ ਬਹਿੰਦਾ ਹੈ। ਕਾਰਨ ਇਹ ਹੈ ਕਿ ਇਹਦੇ ਕਈ ਰਾਜ ਅਗਲਿਆਂ ਕੋਲ ਨੇ। ਇਹ ਬਲੈਕਮੇਲ ਹੋ ਗਿਆ।
ਪਰ ਅਜੈਂਸੀਆਂ ਆਪਣੇ ਹੀ ਬੰਦੇ ਨੂੰ ਕਿਓ ਮਰਵਾਉਣਗੀਆਂ- ਇਹ ਕੋਈ ਨਵੀ ਗਲ ਨਹੀ ਭਾਰਤੀ ਖੁਫੀਆ ਅਜੈਂਸੀਆਂ ਆਪਣੇ ਸੈਂਕੜੇ ਗੁਪਤ ਕਰਿੰਦੇ ਮਰਵਾ ਚੁੱਕੀਆਂ ਹਨ। ਕਿਉਕਿ ਅਜੈਂਸੀ ਨੇ ਆਪਣੇ ਆਕਾ ਭਾਵ ਪ੍ਰਧਾਨ ਮੰਤਰੀ ਨੂੰ ਵੀ ਖੁਸ਼ ਕਰਨਾ ਹੁੰਦਾ ਹੈ। ਹੁਣ ਜੇ ਪੰਨੂ ਦਾ ਕਤਲ ਕਰਨ ਵਿਚ ਅਗਲੇ ਕਾਮਯਾਬ ਹੋ ਜਾਂਦੇ ਤਾਂ ਉਹਦਾ ਫਾਇਦਾ ਭਾਜਪਾ ਸਰਕਾਰ ਨੇ ਲੈਂਣਾ ਸੀ, ਕਿਉਕਿ ਪੰਨੂ ਦਾ ਤਾ ਬਹੁਤ ਨਾਂ ਹੋ ਚੁੱਕਾ ਹੈ ਖਾਲਿਸਤਾਨੀ ਦੇ ਤੌਰ ਤੇ। ਪਰ ਆਮ ਭਾਰਤੀ ਬੰਦੇ ਨੂੰ ਅਸਲੀਅਤ ਦਾ ਪਤਾ ਨਹੀ।
ਯਾਦ ਰਹੇ ਪੰਜਾਬ ਦੇ ਖਾੜਕੂ ਸੰਘਰਸ਼ ਦੌਰਾਨ ਵੀ ਅਜੈਂਸੀ ਨੇ ਆਪਣੇ ਕਈ ਬੰਦੇ ਮਰਵਾ ਦਿੱਤੇ ਸਨ। ਹੋਰ ਤਾਂ ਛੱਡੋ ਜਿਹਨਾਂ ਨੂੰ ਅਜੈਂਸੀ ਨੇ ਕਨਿਸ਼ਕ ਜਹਾਜ ਵਿਚ ਬੰਬ ਫਿਟ ਕਰਵਾਉਣ ਲਈ ਵਰਤਿਆ ਸੀ ਉਹਨਾਂ ਨੂੰ ਵੀ ਮਰਵਾ ਚੁੱਕੀ ਹੈ:ਤਲਵਿੰਦਰ ਸਿੰਘ ਪ੍ਰਮਾਰ, ਰਿਪੂਦਮਨ ਸਿੰਘ ਮਲਿਕ ਵਗੈਰਾ। ਪਾਕਿਸਤਾਨ ਵਿਚ ਵੀ ਇਸਨੇ ਆਪਣੇ ਬੰਦੇ ਮਰਵਾਏ ਹਨ।
ਸੋ ਸਾਰੀ ਗਲ ਕਹਿਣ ਤੋਂ ਸਾਡਾ ਮਤਲਬ ਕਿ ਪੰਨੂ ਸਰਕਾਰੀ ਨੀਤੀ ਤਹਿਤ ਖਾਲਿਸਤਾਨ ਦੇ ਪ੍ਰਵਾਨਤ ਇਲਾਕੇ ਭਾਵ ਟੈਰੀਟੋਰੀ ਬਾਬਤ ਭੰਬਲਭੂਸਾ ਖੜਾ ਕਰਨ ਦੇ ਮਕਸਦ ਨਾਲ, ਬਾਹਰ ਦੇ ਸੂਬਿਆਂ ਨੂੰ ਵੀ ਖਾਲਿਸਤਾਨ ਵਿਚ ਸ਼ਾਮਲ ਕਰਨਾਂ ਚਾਹੁੰਦਾ ਹੈ।
ਯਾਦ ਰਹੇ ਸੱਚਾ ਖਾਲਿਸਤਾਨੀ ਦੂਸਰਿਆਂ ਤੇ ਰਾਜ ਕਰਨ ਦੀ ਹਰਗਿਜ਼ ਕਾਮਨਾ ਨਹੀ ਕਰਦਾ। ਉਹਦੀ ਸੋਚ ਹੈ ਕਿ ਅਸੀ ਖਾਲਿਸਤਾਨ ਵਿਚ ਇਹੋ ਜਿਹਾ ਰਾਜ ਦਿਆਗੇ ਜਿਸ ਦਾ ਅਸਰ ਆਂਢ ਗਵਾਂਢ ਵਿਚ ਵੀ ਪਏਗਾ। ਲੋਕ ਆਪ ਮੁਹਾਰੇ ਖਾਲਿਸਤਾਨ ਵਲ ਖਿੱਚੇ ਆਉਣਗੇ। ਮੈਨੂੰ ਯਾਦ ਹੈ ਇਕ ਵੇਰਾਂ ਇਕ ਉਘੇ ਖਾਲਿਸਤਾਨੀ ਨੇ ਕਿਹਾ ਸੀ ਕਿ ਸਾਨੂੰ ਇਕ ਤਹਿਸੀਲ ਹੀ ਦੇ ਦਿਓ ਖਾਲਿਸਤਾਨ ਬਣਾਉਣ ਲਈ। -ਭਬੀਸ਼ਨ ਸਿੰਘ ਗੁਰਾਇਆ।

























