Home » » ਬ੍ਰਿਸਬੇਨ ਦੀਆਂ ਸੜਕਾਂ ਤੇ ਮੈਨੂੰ 1984 ਯਾਦ ਆਇਆ

ਬ੍ਰਿਸਬੇਨ ਦੀਆਂ ਸੜਕਾਂ ਤੇ ਮੈਨੂੰ 1984 ਯਾਦ ਆਇਆ

 ਬ੍ਰਿਸਬੇਨ ਦੀਆਂ ਸੜਕਾਂ ਤੇ ਮੈਨੂੰ 1984 ਯਾਦ ਆਇਆ
(Yesterday I remembered 1984)

ਕਲ੍ਹ ਅਸਟ੍ਰੇਲਿਆ ਵਿਚ ਐਟੀ ਇਮੀਗ੍ਰੇਸ਼ਨ (ਪ੍ਰਦੇਸੀਆਂ ਦੇ ਵਿਸੇਬੇ ਦਾ ਵਿਰੋਧ) ਪ੍ਰਦਰਸ਼ਨ ਹੋਇਆ 

ਤੁਹਾਨੂੰ ਸਕੂਨ ਹੈ ਕਿ ਤੁਹਾਡੇ ਬੱਚੇ ਗੋਰਿਆਂ ਵਾਂਙ ਅੰਗਰੇਜੀ ਬੋਲਦੇ ਹਨ ਪਰ ਤੁਸੀ ਆਪਣੀ ਸਕਿਨ ਦਾ ਰੰਗ ਨਹੀ ਬਦਲ ਸਕਦੇ

ਬਾਹਰ ਜੁਗ ਜੁਗ ਤਰੱਕੀਆਂ ਕਰੋ ਪਰ ਪਿੱਛੇ ਆਪਣਾ ਕਿੱਲਾ ਮਜਬੂਤ ਰੱਖੋ

ਮਾਂ ਦੇ ਸਖਤ ਵਿਰੋਧ ਦੇ ਬਾਵਜੂਦ ਓਦੋ ਮੈਂ ਦਾਹੜੀ ਕੱਟਦਾ ਹੁੰਦਾ ਸੀ ਅਤੇ ਕਮਿਊਨਿਸਟ ਵਿਚਾਰਧਾਰਾ ਤੋਂ ਪ੍ਰਭਾਵਤ ਸੀ।

ਨਵੰਬਰ 1984 ਵੇਲੇ ਮੇਰੀ ਪੋਸਟਿੰਗ ਭੋਪਾਲ ਸ਼ਹਿਰ ਵਿਚ ਸੀ। 2-3 ਨਵੰਬਰ ਦਾ ਦਿਨ ਹੋਵੇਗਾ ਕਿ ਮੇਰੇ ਕਿਰਾਏ ਦੇ ਘਰ ਸਾਹਮਣੇ ਇਕ ਮੁੰਡਾ ਪਟਾਕਾ ਬੰਬ ਚਲਾ ਕੇ ਦੌੜ ਗਿਆ। ਮੈਂ ਤੁਰੰਤ ਬਾਹਰ ਨਿਕਲਿਆ ਤੇ ਮੁੰਡਾ ਪਛਾਣ ਲਿਆ। 16-17 ਵਰਿਆਂ ਦੇ ਮੁੰਡੇ ਦਾ ਘਰ ਸਾਥੋਂ ਕੋਈ 10-12 ਘਰ ਹਟਵਾਂ ਸੀ। ਗਲ ਜਿਆਦਾ ਨਾ ਵਧੇ ਇਸ ਕਰਕੇ ਸ਼ਾਮੀ ਮੈਂ ਮੁੰਡੇ ਦੇ ਘਰ ਹੀ ਚਲਾ ਗਿਆ। ਉਹਦਾ ਪਿਓ ਹਰਸ਼ ਵਰਧਨ ਸ਼ਰਮਾ ਇੰਡੀਅਨ ਆਇਲ ਵਿਚ ਅਫਸਰ ਸੀ। ਮੈਂ ਮੁਸਕਰਾਉਦੇ ਮੁਸਕਰਾਉਦੇ ਸ਼ਰਮੇ ਨੂੰ ਕਿਹਾ ਕਿ ਆਪਣੇ ਕਾਕੇ ਨੂੰ ਕਹੋ ਕਿ ਹੁਣ ਆਪਣਾ ਗੁੱਸਾ ਠੰਡਾ ਕਰ ਲਵੇ। ਪਰ ਮੈਂ ਵੇਖਿਆ ਸ਼ਰਮੇ ਦੇ ਤਾਂ ਤੇਵਰ ਹੀ ਬਦਲੇ ਹੋਏ ਸਨ। ਕਹਿੰਦਾ “ਲੋਗੋਂ ਮੇਂ ਗਿਲਾ ਹੈ ਕਿਉਕਿ ਰਖਸ਼ਕ ਹੀ ਭਖਸ਼ਕ ਬਣ ਗਏ ਹੈਂ” ਉਹ ਤਾਂ ਸਗੋਂ ਮੇਰੀ ਗਲ ਨਫਰਤ ਦੀ ਨਿਗਾਹ ਨਾਲ ਸੁਣ ਰਿਹਾ ਸੀ। ਮੈਂ ਤਰੀਕੇ ਨਾਲ ਮੌਕਾ ਸਾਂਭ ਕੇ ਉਹਨਾਂ ਦੇ ਘਰੋਂ ਖਿਸਕ ਆਇਆ।

ਕੋਹੇ ਫਿਜ਼ਾ ਵਾਲਾ ਮੇਰਾ ਘਰ ਕਲੈਟਰ (ਡੀ ਸੀ) ਦਫਤਰ ਦੇ ਬਹੁਤ ਨੇੜੇ ਸੀ। ਐਡੀਸ਼ਨਲ ਕਲੈਕਟਰ ਮੈਡਮ ਲਵਲੀਨ ਕੱਕੜ ਨੂੰ ਮੈਂ ਇਕ ਦੋ ਵਰਾਂ ਮਿਲ ਪਹਿਲਾਂ ਚੁੱਕਾ ਸੀ। ਮੈਂ ਉਹਨੂੰ ਜਾ ਮਿਲਿਆ। ਪਰ ਉਸ ਨੇ ਵੀ ਮੇਰੀ ਹਿਫਾਜਤ ਲਈ ਕੋਈ ਗੰਭੀਰਤਾ ਨਾ ਦਿਖਾਈ। ਬਸ ਏਨਾ ਕਿਹਾ ਕਿ ਦੋ ਤਿੰਨ ਦਿਨ ਤਕ ਦਫਤਰ ਨਹੀ ਜਾਣਾ। ਮੈਨੂੰ ਕੋਈ ਸਕਿਓਰਿਟੀ ਵਗੈਰਾ ਨਹੀ ਦਿੱਤੀ ਤੇ ਨਾ ਹੀ ਮੈਂ ਮੰਗੀ।



ਖੈਰ ਕਹਾਣੀਆਂ ਤਾਂ ਲੰਮੀਆਂ ਹਨ ਪਰ ਮੈਂ ਇਕ ਗਲ ਦੱਸਣ ਬਗੈਰ ਰਹਿ ਨਹੀ ਸਕਦਾ। ਉਹ ਇਸਤਰਾਂ ਕਿ ਮੇਰੇ ਘਰ ਡੰਡਾ ਵੀ ਨਹੀ ਸੀ। ਜੇ ਕਿਤੇ ਮੈਨੂੰ ਕੋਈ ਮਾਰਨ ਆਉਦਾ ਤਾਂ ਮੈਂ ਹੱਥ ਜੋੜਦਿਆਂ ਜੋੜਦਿਆਂ ਹੀ ਟਾਇਰ ਗਲ ਵਿਚ ਪਵਾ ਲੈਣਾ ਸੀ। ਓਦੋਂ ਮੈਂਨੂੰ ਅਹਿਸਾਸ ਹੋਇਆ ਕਿ ਘੱਟੋ ਘੱਟ ਇਕ ਦੋ ਨੂੰ ਤਾਂ ਨਾਲ ਲੈ ਕੇ ਜਾਵਾਂ। ਮੇਰੇ ਦਫਤਰ ਤੋਂ ਕੋਈ ਅੱਧਾ ਕਿਲੋਮੀਟਰ ਦੂਰ ਸਿਕਲੀਕਰ ਸਿੱਖਾਂ ਦਾ ਟਿਕਾਣਾ ਸੀ। ਲੰਚ ਟਾਇਮ ਵੇਲੇ ਮੈਂ ਉਹਨਾਂ ਦੀ ਝੌਪੜੀ ਗਿਆ ਤੇ ਬਾਈ ਨੂੰ ਕਿਹਾ ਕਿ ਮੈਨੂੰ ਇਕ ਛਵੀ (ਫਰਸਾ) ਬਣਾ ਦੇ।ਉਹਦੇ ਬੋਲ ਮੈਨੂੰ ਅੱਜ ਤਕ ਨਹੀ ਭੁੱਲਦੇ, “ਤੁਮ ਲੋਗ ਤੋਂ ਸਿਕਲੀਕਰਾਂ ਕੋ ਕਹਿਤੇ ਹੋ ਕਿ ਯਹ ਨਕਲੀ ਸਿੱਖ ਹੈਂ ਅਬ ਕਿਓ ਹਮਾਰੀ ਯਾਦ ਆਈ?” (ਮੇਰਾ ਕਹਿਣ ਤੋਂ ਮਤਲਬ ਕਿ ਅਸੀ ਗਰੀਬ ਸਿੱਖਾਂ ਨੂੰ ਵਿਸਾਰਿਆ ਹੋਇਆ ਸੀ। ਅੱਜ ਉਹ ਸਭ ਹਿੰਦੂ ਬਣ ਚੁੱਕੇ ਨੇ।)

1984 ਨੇ ਮੇਰਾ ਫਿਰ ਸਿੱਖੀ ਵਲ ਮੋੜਾ ਪਵਾ ਦਿੱਤਾ।

ਖੈਰ ਕਲ੍ਹ ਸਵੇਰੇ ਮੇਰੇ ਮੁੰਡੇ ਨੇ ਮੈਨੂੰ ਟੈਕਸੀ ਲੈ ਕੇ ਜਾਣ ਤੋਂ ਮਨਾ ਕਰ ਦਿੱਤਾ ਸੀ। ਪਰ ਮੈਂ ਕਦੋਂ ਬਾਜ ਆਉਣ ਵਾਲਾ ਆਂ। ਗੁਰਦੁਆਰਾ ਸਾਹਿਬ ਜਾਣ ਤੋਂ ਪਹਿਲਾਂ  ਅਤੇ ਸ਼ਾਮੀ ਬਾਦ ਵਿਚ ਵੀ ਮੈਂ ਪੰਜ ਛੇ ਚੱਕਰ ਸ਼ਹਿਰ ਦੇ ਮਾਰੇ। ਜਦੋਂ ਮੇਰੇ ਮੰਨ ਵਿਚ ਸਹਿਮ ਆਵੇ ਓਦੋਂ ਹੀ ਮੈਨੂੰ ਪੁਲਿਸ ਦੀ ਗੱਡੀ ਨਜ਼ਰ ਆ ਜਾਵੇ। ਮੈਨੂੰ ਇਨਾਂ ਪਤਾ ਹੈ ਕਿ ਇਥੋਂ ਦੀ ਪੁਲਿਸ ਦਾ ਮੁੱਖ ਨਿਸ਼ਾਨਾ ਹੁੰਦਾ ਹੈ ਕਿ ਕੋਈ ਵਾਰਦਾਤ ਨਾ ਹੋ ਪਾਏ। ਫਿਰ ਆਪਣੀ ਜਿੰਮੇਵਾਰੀ ਇਹ ਬਿਨਾਂ ਪੱਖਪਾਤ ਨਿਭਾਉਦੇ ਹਨ।ਉਹ ਦੰਗਈ ਨੂੰ ਹਰਗਿਜ਼ ਬਰਦਾਸ਼ਤ ਨਹੀ ਕਰਦੇ। ਜਦੋਂ ਕਿ ਭਾਰਤੀ ਪੁਲਿਸ ਕਈ ਵਾਰੀ ਦੰਗਈ ਦੇ ਜ਼ਜ਼ਬਾਤ ਦੇ ਨਾਲ ਹੀ ਵਹਿ ਤੁਰਦੀ ਹੈ। 1984 ਵੇਲੇ ਪੁਲਿਸ ਦੰਗਈਆਂ ਦਾ ਸਾਥ ਦਿੰਦੀ ਸੀ। 

ਸੋ ਬ੍ਰਿਸਬੇਨ ਵਿਚ ਫਿਰਦਿਆਂ ਮੈਨੂੰ ਇਨਾਂ ਕੁ ਡਰ ਸੀ ਕਿ ਕੋਈ ਮੇਰੀ ਨਵੀ ਕਾਰ ਨੂੰ ਪੱਥਰ ਮਾਰ ਸਕਦਾ ਹੈ ਜਾਂ ਮੈਨੂੰ ਗਾਲ ਮੰਦਾ ਬੋਲ ਸਕਦਾ ਹੈ। ਜਾਂ ਕਹਿ ਦੇਵੇਗਾ ‘ਡਰਟੀ ਇੰਡੀਅਨ ਲੀਵ ਅਸਟ੍ਰੇਲੀਆ’ (ਬਦਕਿਸਮਤੀ ਨਾਲ ਅਨਪੜ ਜਿਹੇ ਗੋਰੇ ਸਾਨੂੰ ਇੰਡੀਅਨ ਹੀ ਸਮਝਦੇ ਹਨ। ਹਾਲਾਂ ਪੜਿਆਂ ਲਿਖਿਆਂ ਨੂੰ ਤਾਂ ਪਤਾ ਹੈ ਕਿ ਸਿੱਖਾਂ ਨੂੰ ਤਾਂ ਖੁਦ ਇੰਡੀਆ ਵਿਚ ਕੁਟ ਪੈ ਰਹੀ ਹੈ। ਮੈਂ ਤਾਂ ਹੀ ਤਾਂ ਵੀਰਾਂ ਨੂੰ ਕਹਿੰਦਾ ਹਾਂ ਕਿ ਆਪਣੀਆਂ ਗੱਡੀਆਂ ਤੇ ਖਾਲਿਸਤਾਨੀ ਹੋਣ ਦਾ ਸਟਿੱਕਰ ਲਾਓ)

ਜਿੰਨਾਂ ਨੂੰ ਨਹੀ ਪਤਾ ਉਹਨਾਂ ਵਾਸਤੇ ਲਿਖ ਦੇਵਾਂ ਕਿ ਕਲ੍ਹ ਅਸਟ੍ਰੇਲੀਆ ਵਿਚ ਪ੍ਰਦੇਸੀਆਂ ਖਿਲਾਫ ਮੁਜਾਹਿਰਾ ਸੀ। ਮੁਜਾਹਿਰੇ ਦੇ ਵਿਚਾਰ ਨੂੰ ਜਦੋਂ ਸ਼ੁਰੂ ਕੀਤਾ ਗਿਆ ਸੀ ਤਾਂ ਓਦੋਂ ਨਾਹਰਾ ਇਹ ਸੀ ਕਿ ‘ਅਸਟ੍ਰੇਲੀਆ ਗੋਰਿਆਂ ਦਾ’। ਪਰ ਹੌਲੀ ਹੌਲੀ ਇਹ ਨਾਹਰਾ ਸੁਧਾਰ ਦਿੱਤਾ ਗਿਆ ਤੇ ਹੁਣ ਨਾਹਰਾ ਹੈ ਕਿ ‘ਹੋਰ ਲੋਕਾਂ ਨੂੰ ਇਥੇ ਵੱਸਣ ਨਾ ਦਿਓ’ NO MORE IMMIGRANTS IN AUSTRALIA





ਅਸਟ੍ਰੇਲੀਆ ਦੇ ਪ੍ਰਮੁੱਖ ਸ਼ਹਿਰਾਂ ਵਿਚੋਂ ਬ੍ਰਿਸਬੇਨ, ਅਤੇ ਇਸ ਦੇ ਇਸ ਪ੍ਰੋਟੈਸਟ ਵਿਚ ਸਿਰਫ 6-10000 ਗੋਰੇ ਹੀ ਸ਼ਾਮਲ ਹੋਏ। ਸੂਝਵਾਨ ਗੋਰਿਆਂ ਨੇ ਖੁੱਦ ਹੀ ਇਸ ਦੀ ਵਿਰੋਧਤਾ ਕੀਤੀ। ਪਰ ਮੈਂ ਤਾਂ ਖੁਦ ਅਗਲਿਆਂ ਦੇ ਜ਼ਜ਼ਬਾਤ ਸਮਝਣਾ ਚਾਹੁੰਦਾ ਸੀ। ਆਪਣੇ ਟੈਕਸੀ ਸਵਾਰਾਂ ਨਾਲ ਮੈਂ ਖੂਬ ਗਪ ਸ਼ਪ ਮਾਰਦਾ ਵਾਂ। ਪਰ ਕਲ੍ਹ ਮੈਂ ਵੇਖਿਆ ਕਿ ਸਵਾਰ ਥੋੜੇ ਗੰਭੀਰ ਸਨ। ਖੁੱਲ ਕੇ ਨਹੀ ਸਨ ਬੋਲ ਰਹੇ ਚਾਹੇ ਜਨਾਨੀ ਹੋਵੇ ਜਾਂ ਬੰਦਾ।

ਓਦੋਂ ਮੈਨੂੰ ਮਹਿਸੂਸ ਹੋ ਰਿਹਾ ਸੀ ਕਿ ਕੁਝ ਵੀ ਹੋਵੇ ਆਪਣਾ ਕਿੱਲਾ ਜਰੂਰ ਮਜਬੂਤ ਹੋਣਾਂ ਚਾਹੀਦੈ। ਪਰ ਬਦਕਿਸਮਤੀ ਨਾਲ ਸਾਡਾ ਪ੍ਰਦੇਸਾਂ ਵਿਚ ਆਇਆ ਜਵਾਨ ਇਸ ਪੱਖ ਨੂੰ ਪੂਰੀ ਤਰਾਂ ਵਿਸਾਰੇ ਹੋਏ ਹੈ। ਕਲ੍ਹ ਨੂੰ ਕੀ ਹੋਣਾਂ ਕੀ ਪਤਾ। ਅਸੀ ਲੱਖ ਗੋਰਿਆਂ ਵਾਂਙੂ ਅੰਗਰੇਜੀ ਬੋਲ ਲਈਏ ਸਾਡੀ ਸਕਿਨ ਦਾ ਰੰਗ ਤਾਂ ਬਰਾਊਨ ਹੀ ਰਹਿਣਾ ਹੈ। (ਗੋਰੇ ਸਾਨੂੰ ਬ੍ਰਾਊਨ ਕਹਿੰਦੇ ਹਨ) ਪਰ ਜਵਾਨ ਇਹ ਗਲ ਸਮਝਣ ਨੂੰ ਤਿਆਰ ਨਹੀ। ਸਾਡੇ ਜਵਾਨ ਦੀ ਏਸੇ ਬੇ-ਹੱਸੀ (ਇਨਡਿਫਰੈਂਸ) ਵਰਗੀ ਫਿਤਰਤ ਕਰਕੇ ਹੀ ਭਾਰਤ ਸਰਕਾਰ ਨੇ ਖਾਲਿਸਤਾਨ ਦੀ ਲਹਿਰ ਆਪਣੇ ਹੱਥਾਂ ਵਿਚ ਲੈ ਲਈ ਹੈ। ਕਿਉਕਿ ਸੂਝਵਾਨ ਸਿੱਖ ਇਹ ਸਭ ਦੇਖ ਕੇ ਚੁੱਪ ਰਹਿੰਦਾ ਹੈ। ਜਿਸਦਾ ਨਤੀਜਾ ਇਹ ਹੈ ਕਿ ਭਾਰਤੀ ਗੁਪਤ ਅਜੈਂਸੀ ਗਾਹੇ ਬਿਗਾਹੇ ਸਿੱਖਾਂ ਦੇ ਰਾਂਹੀ ਹੀ ਸਿੱਖਾਂ ਨੂੰ ਗੋਰਿਆਂ ਸਾਹਮਣੇ ਬਦਨਾਮ ਕਰਵਾਉਦੀ ਹੈ। ਮਿਸਾਲ ਦੇ ਤੌਰ ਤੇ ਭਾਰਤੀ ਅਜੈਂਸੀਆਂ ਦੋ ਟੀਮਾਂ ਬਣਾਕੇ ਸੜਕਾਂ ਤੇ ਸਿੱਖ ਹਿੰਦੂ ਦੇ ਨਾਂ ਤੇ ਦੰਗਾ ਕਰਵਾਉਦੀਆਂ ਹਨ। ਜਾਂ ਫਿਰ ਸਿੱਖਾਂ ਦੇ ਰਾਂਹੀ ਹਥਿਆਰਾਂ ਦਾ ਵਿਖਾਵਾ ਕਰਵਾ ਕੇ ਸਿੱਖਾਂ ਨੂੰ ਟੈਰੋਰਿਸਟ ਹੋਣ ਦਾ ਇੰਮਪ੍ਰੈਸ਼ਨ ਦਿਵਾਉਦੀਆਂ ਹਨ। ਪਰ ਸਾਡਾ ਜਵਾਨ ਘੁੱਗੂ ਬਣਿਆ ਸਿਰਫ ਕਰਿਜ ਸਕਦਾ ਹੈ। ਜੁਬਾਨ ਨਹੀ ਵਰਤਣੀ।

ਸੋ ਅੰਤ ਵਿਚ ਮੇਰੀ ਇਹੋ ਬੇਨਤੀ ਹੈ ਕਿ ਕਦੀ ਪੰਜਾਬ ਦਾ ਵੀ ਸੋਚਿਆ ਕਰੋ। ਆਪਣੀ ਕੌਮ ਲਈ ਆਪਣੀ ਜਿੰਮੇਵਾਰੀ ਸਮਝੋ। ਤੁਸੀ ਅੰਗਰੇਜ ਨਹੀ ਬਣ ਸਕਦੇ। ਜਦੋਂ ਸਾਡਾ ਆਪਣਾ ਘਰ ਹੋਵੇਗਾ ਤਾਂ ਅਸੀ ਬਾਹਰ ਵੀ ਮਹਿਫੂਜ ਹੋਵਾਂਗੇ। ਮਤ ਭੁੱਲੋ ਜਦੋਂ 1991 ‘ਚ ਅਯੋਧਿਆ ‘ਚ ਬਾਬਰੀ ਮਸਜਦ ਢਾਹੀ ਸੀ ਤਾਂ ਜਵਾਬ ਵਿਚ ਪਾਕਿਸਤਾਨ ਵਿਚ ਸੈਕੜੇ ਮੰਦਰ ਢਾਹ ਦਿਤੇ ਗਏ ਸਨ।

ਇਹ ਗਲ ਮੈਂ ਇਸ ਕਰਕੇ ਲਿਖ ਰਿਹਾ ਹਾਂ ਕਿਉਕਿ ਪਿਛਲੀ 15 ਅਗਸਤ ਨੂੰ ਜਦੋਂ ਭਾਰਤੀ ਰਾਅ ਅਜੈਂਸੀ ਮੰਦਰਾਂ ਦੀ ਬੇਅਦਬੀ ਮੌਕੇ ਨੰਗੀ ਹੋਈ ਸੀ ਤਾਂ ਅਸੀ ਭਾਰਤੀ ਕੌਸਲੇਟ ਅੱਗੇ ਮੁਜਾਹਿਰਾ ਰੱਖਿਆ ਸੀ ਤਾਂ 150 ਵੀਰਾਂ ਨੇ ਸ਼ਾਮਲ ਹੋਣ ਦਾ ਵਾਇਦਾ ਕੀਤਾ ਸੀ ਪਰ ਅੰਤ ਵਿਚ ਅਸੀ ਸਿਰਫ ਤਿੰਨ ਜਣੇ ਸੀ। ਫਿਰਕਾਪ੍ਰਸਤ ਭਾਰਤ ਸਰਕਾਰ ਕੋਲੋਂ ਏਨੇ ਵੀ ਨਾ ਡਰੋ। ਇਕ ਦਿਨ ਤਾਂ ਸਭ ਕੁਝ ਛੱਡ ਛਡਾ ਖਾਲੀ ਹੱਥ ਜਾਣਾ ਏ। ਗੁਰੂ ਦਾ ਸਿੱਖ ਤਾਂ ਦਲੇਰ ਗਿਣਿਆ ਗਿਆ ਸੀ। ਪਰ ਅੱਜ ਮੈਂ ਕੀ ਵੇਖ ਰਿਹਾ ਹਾਂ?-ਭਬੀਸ਼ਨ ਸਿੰਘ ਗੁਰਾਇਆ।


Share this article :

No comments:

Post a Comment

 

Punjab Monitor