Home » » SIKH SHRINES IN PAKISTAN PART 1

SIKH SHRINES IN PAKISTAN PART 1

ਅਸਾਂ ਫੋਟੋਆਂ ਥੋੜੀਆਂ ਭਾਰੀ ਦਿਤੀਆਂ ਹਨ। ਕਿਰਪਾ ਕਰਕੇ ਸਾਨੂੰ ਦਸਣਾ ਕਿ ਤੁਹਾਨੂੰ ਪੇਜ ਖੋਲਣ ‘ਚ ਦੇਰੀ ਤਾਂ ਨਹੀ ਲਗੀ । ਜੇ ਹੁਕਮ ਕਰੋਗੇ ਤਾਂ ਫੋਟੋ ਥੋੜੀਆਂ ਛੋਟੀਆਂ ਕਰਕੇ ਪਾ ਦਿਆਗੇ ਜੀ। ਤੁਹਾਡੇ ਵੀਚਾਰ ਦੇਣਾਂ ਵੀ ਸੇਵਾ ਤੁਲ ਹੀ ਹੋਵੇਗਾ। ਕਿਉਕਿ ਇਸ ਨਾਲ ਹੋਰ ਸੰਗਤਾਂ ਨੂੰ ਸੋਖ ਹੋ ਜਾਵੇਗੀ। ਸੋ ਕਿਰਪਾ ਕਰਕੇ ਬਿਨਾਂ ਝਿਜਕ ਆਪਣੇ ਵੀਚਾਰ ਥੱਲੇ ਦਿਤੀ ਜਗਾਹ ‘ਚ ਲਿਖ ਦੇਣੇ ਜੀ।  PLEASE LET ME KNOW IF U R COMFORTABLE WITH OPENING OF PAGE. IN CASE U FIND IT IS TOO SLOW I WILL GIVE SLIGHTLY LOW RESOLUTION PHOTOS. UR OPINION WILL HELP OTHERS SEE THIS PIOUS PAGE. - EDITORSIKH SHRINES IN PAKISTAN   (SATHON VICHHORHEY ASTHAN)

ਸਾਥੋਂ ਵਿਛੋੜੇ ਅਸਥਾਨ


 PART 1 (25 Shrines)

1. Talwandi Rai Bhoi di   ਰਾਏ ਭੋਇ ਦੀ ਤਲਵੰਡੀ

ਦਰਸ਼ਨੀ ਡਿਓੜੀ ਨਨਕਾਣਾ ਸਾਹਿਬ

ਰਾਵੀ ਅਤੇ ਝਨਾਂ ਦੇ ਵਿਚਕਾਰਲੇ ਇਲਾਕੇ ਨੂੰ ਸਾਂਦਲ ਬਾਰ ਆਖਿਆ ਜਾਂਦਾ ਹੈ। ਇਸ ਸਾਂਦਲ ਬਾਰ ਦਾ ਇੱਕ ਮਸ਼ਹੂਰ ਸ਼ਹਿਰ ਨਨਕਾਣਾ ਸਾਹਿਬ ਹੈ। ਇਸ ਸ਼ਹਿਰ ਦੇ ਦੱਖਣ ਵੱਲ ਇੱਕ ਥੇਹ ਹੈ। ਇਸ ਥੇਹ ਨੂੰ 'ਧੌਲਰ' ਕਰਕੇ ਜਾਣਿਆ ਜਾਂਦਾ ਹੈ। ਧੌਲਰ ਦਾ ਅਰਥ ਹੈ 'ਚਿੱਟੇ ਰਾਜ ਮੰਦਰ' ਜਿਵੇਂ ਕਿ ਗੁਰੂ ਗਰੰਥ ਸਾਹਿਬ ਅੰਦਰ ਸ਼ਸ਼ੋਭਿਤ ਹੈ:-

ਕਿਤਹੀ ਕਾਮਿ ਨ ਧਉਲਹਰ ਜਿਤੁ ਹਰਿ ਬਿਸਰਾਏ॥ (ਸੁਹੀ ਮ: ਪ)

ਇਸ ਥੇਹ ਤੋਂ ਮਿਲੇ ਕਈ ਪੱਥਰਾਂ ਤੋਂ ਪਤਾ ਚਲਦਾ ਹੈ ਕਿ ਕਈ ਸਦੀਆਂ ਪਹਿਲਾਂ ਇਥੇ ਇੱਕ ਰਾਜੇ ਦਾ ਮਹਿਲ ਸੀ। ਖਵਰੇ ਇਸੇ ਕਰਕੇ 'ਧੌਲਰ' ਪ੍ਰਸਿੱਧ ਹੈ। ਇਸ ਦੇ ਪੈਰਾਂ ਵਿੱਚ 'ਸੀਤਾਵਾਲਾ' ਨਾਮੀ ਖੂਹ ਹੈ। ਇਸ ਤੋਂ ਹੀ ਇਹ ਸਪੱਸ਼ਟ ਹੁੰਦਾ ਹੈ ਕਿ ਇਹ ਖੂਹ ਕਿਸੇ ਸੀਤਾ ਨਾਮੀ ਰਾਣੀ ਦੇ ਇਸ਼ਨਾਨ ਵਾਸਤੇ ਬਣਾਇਆ ਗਿਆ ਸੀ। ਉਹਨਾਂ ਸਮਿਆਂ ਵਿੱਚ ਜਦੋਂ ਪੱਥਰਾਂ ਵਿੱਚ ਉੱਕਰੀਆਂ ਹੋਈਆ ਮੂਰਤੀਆਂ ਨੂੰ ਬੜੀ ਮਹੱਤਤਾ ਪ੍ਰਾਪਤ ਸੀ, ਉਸ ਵੇਲੇ ਇਹ ਸ਼ਹਿਰ ਘੁੱਗ ਵਸਦਾ ਸੀ। ਫਿਰ ਪਤਾ ਨਹੀਂ ਕੀ ਵਾਪਰੀ ਕਿ ਇਹ ਮਿੱਟੀ ਦਾ ਢੇਰ ਹੋ ਗਿਆ।

'ਬਸਤੋ ਹੋਇ, ਹੋਇ ਸੋ ਉਜਰੁ ਉਜਰੁ ਹੋਇ ਸੁ ਬਸੈ॥'

ਪੰਦਰਵੀਂ ਸਦੀ ਈਸਵੀ ਵਿੱਚ ਇਸ ਥਾਂ ਰਾਏ ਭੋਇ ਦੀ ਤਲਵੰਡੀ ਨਾਮ ਦਾ ਇੱਕ ਛੋਟਾ ਜਿਹਾ ਨਗਰ ਸੀ। ਇਸ ਨੂੰ ਭੱਟੀ ਗੋਤ ਦੇ ਕਿਸੇ ਰਾਏ ਭੋਏ ਨਾਮੀ ਸੱਜਣ ਨੇ ਵਸਾਇਆ ਸੀ। ਇਸ ਦੇ ਪ੍ਰਵਾਰ ਵਿੱਚੋ ਰਾਏ ਬੁਲਾਰ ਉਸ ਵੇਲੇ ਉੱਥੋ ਦਾ ਹਾਕਿਮ ਸੀ। ਬੇਦੀ ਬੰਸ ਵਿਚੋਂ ਮਹਿਤਾ ਕਲਿਆਣ ਦਾਸ (ਕਾਲੂ) ਨਾਮ ਦਾ ਪੜ੍ਹਿਆ ਲਿਖਿਆ ਇੱਕ ਸੱਜਣ ਰਾਇ ਬੁਲਾਰ ਪਾਸ ਮੁਲਾਜਿਮ ਸੀ। ਇੱਥੇ ਹੀ ਇਸ ਮੁਲਾਜਿਮ ਦੇ ਘਰ ਵਿਸਾਖ ਸੁਦੀ ੩ (੨੦ ਵਿਸਾਖ) ਸੰਮਤ ੧੫੬੯) ਨੂੰ ਮਾਤਾ ਤ੍ਰਿਪਤਾ ਜੀ ਦੇ ਉਦਰ ਤੋਂ ਇਕ ਨੂਰ ਪ੍ਰਗਟਿਆ, ਜਿਸ ਨੇ ਸਾਰਾ ਜੱਗ ਰੁਸ਼ਨਾ ਦਿੱਤਾ।2. Gurdwara Janam Asthan Nankana Sahib

ਗੁਰਦੁਆਰਾ ਜਨਮ ਅਸਥਾਨ (ਨਨਕਾਣਾ ਸਾਹਿਬ)

ਇਸ ਥਾਂ ਸਤਿਗੁਰੂ ਨਾਨਕ ਦੇਵ ਜੀ ਦਾ ਜਨਮ ਸੁਦੀ 3 (20 ਵਿਸਾਖ) ਸੰਮਤ 1526 (15 ਅਪ੍ਰੈਲ 1469) ਨੂੰ ਹੋਇਆ। ਉਹ ਕੋਠਾ ਜਿਸ ਵਿੱਚ ਦਾਈ ਦੌਲਤਾਂ ਨੇ ਸਭ ਤੋਂ ਪਹਿਲਾ ਬਾਲ ਰੂਪ ਅੰਦਰ ਸਤਿਗੁਰੂ ਨਾਨਕ ਦਾ ਦੀਦਾਰ ਪਾਇਆ, ਉਹ ਇਹ ਥਾਂ ਸੀ। ਇਥੇ ਹੁਣ ਗੁਰਦੁਆਰਾ ਜਨਮ ਅਸਥਾਨ ਦੀ ਚੌਖੰਡੀ (ਪ੍ਰਕਾਸ਼ ਅਸਥਾਨ) ਹੈ। ਇਸ ਦੀ ਮੌਜੂਦਾ ਇਮਾਰਤ ਮਹਾਰਾਜਾ ਰਣਜੀਤ ਸਿੰਘ ਦੀ ਆਗਿਆ ਅਧੀਨ ਸੰਨ 1819-20 ਵਿੱਚ ਬਣੀ ਸੀ। ਚੋਖੰਡੀ ਦੇ ਬਾਹਰ ਸਾਹਮਣੇ ਖੁੱਲਾ ਬਰਾਂਡਾ ਹੈ ਜਿਸ ਨੂੰ ਬਾਰਾਂਦਰੀ ਦਾ ਨਾਮ ਦਿੱਤਾ ਗਿਆ ਹੈ, ਇਹ ਮਹੰਤ ਸਾਧੂ ਰਾਮ ਨੇ ਬਣਵਾਈ ਸੀ ਅਤੇ ਆਲੇ ਦੁਆਲੇ ਦਾ ਅਹਾਤਾ, ਦਰਸ਼ਨੀ ਡਿਉੜੀ ਦੇ ਉੱਪਰ ਦਾ ਹਿੱਸਾ ਅਤੇ ਬੁਰਜ ਗੁਰਦੁਆਰਾ ਕਮੇਟੀ ਨੇ ਬਣਵਾਏ। ਸਰੋਵਰ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਹੀ ਹੋਈ। ਨਨਕਾਣਾ ਸਾਹਿਬ ਅਸਟੇਟ ਦਾ ਕੁੱਲ ਰਕਬਾ 17975 ਏਕੜ ਹੈ। ਇਹਦੇ ਵਿੱਚ ਵਾਹੀਵਾਨਾਂ ਦੀਆਂ ਬਸਤੀਆਂ, ਸਰਕਾਰੀ ਇਮਾਰਤਾਂ, ਸੜਕਾਂ, ਰੇਲਵੇ ਲਾਇਨ ਅਤੇ ਨਹਿਰਾਂ ਆਦਿ ਹੇਠ 1749 ਏਕੜ ਰਕਬਾ ਹੈ ਜਦ ਕਿ ਖੇਤੀਬਾੜੀ ਯੋਗ ਰਕਬੇ ਦੀ ਨਪਾਈ 15926 ਏਕੜ ਹੈ।


ਗੁਰਦੁਆਰਾ ਜਨਮ ਅਸਥਾਨ ਦੀ ਵਲਗਣ ਵਿੱਚ ਕੁਝ ਹੋਰ ਇਤਿਹਾਸਕ ਅਸਥਾਨ


ਦਰਸ਼ਨੀ ਡਿਉੜੀ ਲੰਘਦਿਆਂ ਹੀ ਇੱਕ ਵੱਡਾ ਸਾਰਾ ਜੰਗਲਾ ਆਉਂਦਾ ਹੈ। ਇਸ ਜੰਗਲੇ ਅੰਦਰ ਖੂਹ ਹੈ, ਇਸ ਖੂਹ ਨੂੰ ਬੇਬੇ ਨਾਨਕੀ ਜੀ ਦਾ ਖੂਹ ਆਖਿਆ ਜਾਂਦਾ ਹੈ। ਇਹ ਖੂਹ ਪਹਿਲਾਂ ਮਹਿਤਾ ਕਾਲੂ ਦਾਸ ਦੇ ਘਰ ਦਾ ਖੂਹ ਸੀ। ਸਤਿਗੁਰ ਜੀ ਨੇ ਬਾਲ ਅਵਸਥਾ ਵਿੱਚ ਇਸੇ ਖੂਹ ਦਾ ਹੀ ਜਲ ਛਕਿਆ ਸੀ। ਹੁਣ ਇਸ ਪਾਵਨ ਖੂਹ ਦੁਆਲੇ ਜੰਗਲਾ ਲਾ ਦਿੱਤਾ ਗਿਆ ਹੈ ਅਤੇ ਇਹਦੇ ਵਿੱਚ ਟਿਊਬਵੈਲ ਲਗਾ ਦਿੱਤਾ ਗਿਆ ਹੈ। ਗੁਰਦੁਆਰਾ ਸਾਹਿਬ ਅੰਦਰ ਇਸੇ ਖੂਹ ਦਾ ਹੀ ਪਾਵਨ ਜਲ ਵਰਤਾਇਆ ਜਾਂਦਾ ਹੈ।3. Jand Sahib a Tree of Martyrdom, Nankana

ਜੰਡ ਸਾਹਿਬ

ਚੌਖੰਡੀ ਗੁਰਦੁਆਰਾ ਜਨਮ ਅਸਥਾਨ ਦੀ ਸੱਜੀ ਬਾਹੀ ਦੇ ਕੋਈ 12 ਮੀਟਰ ਦੀ ਵਿੱਥ ਤੇ ਇੱਕ ਜੰਡ ਦਾ ਰੁਖ ਹੈ। ਇਸ ਜੰਡ ਨਾਲ ਜਥੇਦਾਰ ਭਾਈ ਲਛਮਣ ਸਿੰਘ ਜੀ ਨੂੰ ਜਿਊਂਦਾ ਹੀ ਪੁੱਠਾ ਲਟਕਾ ਕੇ ਮਹੰਤ ਨਰਾਇਣ ਨੇ 20 ਫਰਵਰੀ 1921 ਨੂੰ ਸਾੜ ਦਿੱਤਾ ਸੀ।4. Gurdwara Bal Leela Nankana Sahib


ਗੁਰਦੁਆਰਾ ਬਾਲ ਲੀਲਾ ਨਨਕਾਣਾ ਸਾਹਿਬ

ਜਨਮ ਅਸਥਾਨ ਤੋਂ ਕੋਈ 225 ਮੀਟਰ ਦੀ ਵਿੱਥ ਉੱਤੇ ਪੂਰਬ ਦੱਖਣ ਦੇ ਰੁਖ ਨੂੰ ਸਤਿਗੁਰੂ ਨਾਨਕ ਦੇਵ ਜੀ ਦੇ ਬਾਲਪਣ ਦੀਆਂ ਖੇਡਾਂ ਖੇਡਣ ਦਾ ਅਸਥਾਨ ਹੈ। ਗੁਰਦੁਆਰੇ ਦੇ ਪੂਰਬ ਵੱਲ ਇੱਕ ਤਾਲ ਹੈ ਜੋ ਗੁਰੂ ਸਾਹਿਬ ਦੇ ਨਾਮ ਉੱਪਰ ਰਾਏ ਬੁਲਾਰ ਜੀ ਨੇ ਖੁਦਵਾਇਆ ਸੀ। ਇਸ ਦੀ ਪਹਿਲੀ ਇਮਾਰਤ ਅਤੇ ਨਾਲ ਲਗਦੇ ਕੱਚੇ ਸਰੋਵਰ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਆਗਿਆ ਨਾਲ ਬਾਬਾ ਗੁਰਬਖਸ਼ ਸਿੰਘ ਜੀ ਨੇ ਸੰਨ 1820-21 ਵਿੱਚ ਪੱਕਾ ਕਰਵਾਇਆ।

5. Gurdwara Patti Sahib Nankana


ਗੁਰਦੁਆਰਾ ਪੱਟੀ ਸਾਹਿਬ

ਗੁਰਦੁਆਰਾ ਬਾਲ ਲੀਲਾ ਦੇ ਪਾਸ ਹੀ ਇਹ ਪਾਵਨ ਅਸਥਾਨ ਹੈ। ਇਥੇ ਪਹਿਲੇ ਪਾਤਿਸ਼ਾਹ ਜੀ ਪਾਂਧੇ ਪੰਡਿਤ ਗੋਪਾਲ ਦਾਸ ਕੋਲ ਹਿੰਦੀ ਪੜ੍ਹਨ ਲਈ ਬਿਠਾਏ ਗਏ, ਫਿਰ ਪੰਡਿਤ ਬਰਿੱਜ ਲਾਲ ਪਾਸ ਸੰਸਕ੍ਰਿਤ ਅਤੇ 13 ਸਾਲ ਦੀ ਉਮਰ ਵਿੱਚ ਤਲਵੰਡੀ ਦੇ ਮੌਲਾਨਾ ਕੁਤਬੁਦੀਨ ਪਾਸ ਅਰਬੀ ਫਾਰਸੀ ਪੜ੍ਹਨ ਬਿਠਾਇਆ ਗਿਆ। ਸਤਿਗੁਰ ਜੀ ਦੀ ਤੀਖਣ ਬੁੱਧੀ, ਆਤਮਿਕ ਗਿਆਨ ਅਤੇ ਰੋਸ਼ਨ ਦਿਮਾਗ ਦੇ ਸਾਹਮਣੇ ਵਾਰੀ ਵਾਰੀ ਇਹਨਾਂ ਸੰਸਾਰਿਕ ਉਸਤਾਦਾਂ ਨੇ ਸੀਸ ਨਿਵਾਇਆ। ਗੁਰੂ ਜੀ ਨੇ ਇੱਥੇ ਹੀ ਆਸਾ ਰਾਗ ਵਿੱਚ ਪੱਟੀ ਨਾਮੀ ਬਾਣੀ ਉਚਾਰ ਕੇ ਪੰਡਿਤ ਦੇ ਸ਼ੰਕੇ ਨਵਿਰਤ ਕੀਤੇ।6. Gurdwara Sacha Sauda Chuhrkana


ਗੁਰਦੁਆਰਾ ਸੱਚਾ ਸੌਦਾ (ਚੂਹੜਕਾਣਾ)
ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਪਿਤਾ ਮਹਿਤਾ ਕਾਲੂ ਜੀ ਨੇ ਸੰਸਾਰਿਕ ਕਾਰ ਵਿਹਾਰ ਵਿੱਚ ਪਾਉਣ ਲਈ 20 ਰੁਪਏ ਦਿੱਤੇ ਅਤੇ ਵਿਉਪਾਰ ਕਰਨ ਨੂੰ ਕਿਹਾ। ਉਸ ਵੇਲੇ ਆਪ ਜੀ ਦੀ ਉਮਰ 18 ਵਰ੍ਹੇ ਸੀ। ਆਪ ਬਾਬਾ ਮਰਦਾਨਾ ਜੀ ਨਾਲ ਵਪਾਰ ਕਰਨ ਨਿਕਲੇ। ਮੰਡੀ ਚੂਹੜਕਾਣੇ ਤੋਂ ਬਾਹਰ ਉਹਨਾਂ ਦੇਖਿਆ ਕਿ ਜੰਗਲ ਵਿੱਚ ਕੁਝ ਸਾਧੂ ਭੁੱਖੇ ਭਾਣੇ ਬੈਠੇ ਹਨ। ਆਪ ਤੋਂ ਉਹਨਾਂ ਦੀ ਭੁੱਖ ਵੇਖੀ ਨਾ ਗਈ ਤਾਂ ਆਪ ਜੀ ਨੇ ਉਹਨਾਂ ਵੀਹਾਂ ਰੁਪਈਆਂ ਦਾ ਸਾਧੂਆਂ ਨੂੰ ਲੰਗਰ ਛਕਾ ਦਿੱਤਾ। ਜਦ ਆਪ ਜੀ ਦੇ ਪਿਤਾ ਜੀ ਨੂੰ ਇਹ ਪਤਾ ਲੱਗਾ ਤਾਂ ਉਹ ਕਾਫੀ ਨਰਾਜ ਹੋਏ ਤਾਂ ਆਪਨੇ ਫਰਮਾਇਆ ਕਿ ਮੈਂ ਸੱਚਾ ਸੌਦਾ ਕਰ ਕੇ ਆਇਆ ਹਾਂ।

ਜਿਸ ਥਾਂ ਆਪ ਜੀ ਨੇ ਸਾਧੂਆ ਨੂੰ ਲੰਗਰ ਛਕਾਇਆ ਸੀ, ਉਸ ਥਾਂ ਗੁਰਦੁਆਰਾ ਬਣਿਆ ਹੋਇਆ ਹੈ। ਇਹ ਕਿਲੇ ਵਰਗਾ ਸੁੰਦਰ ਤੇ ਵਿਸ਼ਾਲ ਗੁਰਦੁਆਰਾ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਵਿੱਚ ਸ਼ਾਹੀ ਹੁਕਮ ਤੇ ਬਣਿਆ। ਇੱਥੇ ਵਿਸਾਖੀ, ਮਾਘ ਸੁਦੀ 1 ਅਤੇ ਕੱਤਕ ਪੁੰਨਿਆ ਨੂੰ ਮੇਲਾ ਲਗਦਾ ਸੀ। 1947 ਤੋਂ ਮਗਰੋਂ ਇਹ ਗੁਰਦੁਆਰਾ ਬੰਦ ਪਿਆ ਰਿਹਾ। ਹੁਣ ਸੰਨ 1993 ਦੀ ਵਿਸਾਖੀ ਉੱਤੇ ਦੇਸ਼ ਵਿਦੇਸ਼ ਤੋਂ ਆਈਆਂ ਸੰਗਤਾਂ ਦੇ ਖੁੱਲੇ ਦਰਸ਼ਨ ਦੀਦਾਰ ਵਾਸਤੇ ਇਹਨੂੰ ਖੋਹਲ ਦਿੱਤਾ ਗਿਆ ਹੈ। ਪ੍ਰਕਾਸ਼ ਅਸਥਾਨ ਦੇ ਸੱਜੇ ਪਾਸੇ ਵਣ ਦਾ ਇੱਕ ਰੁੱਖ ਹੈ। ਸਤਿਗੁਰੂ ਜੀ ਨੇ ਦਾਤਨ ਕਰਕੇ ਇੱਥੇ ਦੱਬ ਦਿੱਤੀ ਤੇ ਉਸ ਤੋਂ ਹਰੀ ਭਰੀ ਹੋ ਕੇ ਅੱਜ ਤੱਕ ਸ਼ਰਧਾਰੂਆ ਨੂੰ ਛਾਂ ਦੇ ਰਹੀ ਹੈ।


7. Gurdwara Kiara Sahib

ਗੁਰਦੁਆਰਾ ਕਿਆਰਾ ਸਾਹਿਬ
ਨਨਕਾਣਾ ਸਾਹਿਬ ਵਿਖੇ ਇਹ ਉਹ ਪਾਵਨ ਅਸਥਾਨ ਹੈ, ਜਿਥੇ ਗੁਰੂਜੀ ਦੀਆਂ ਮੱਝਾਂ ਨੇ ਇੱਕ ਜੱਟ ਦੀ ਪੈਲੀ ਉਜਾੜੀ ਸੀ। ਜਨਮ ਸਾਖੀਆਂ ਅਨੁਸਾਰ ਜੱਟ ਨੇ ਸਮੇਂ ਦੇ ਹਾਕਿਮ ਅੱਗੇ ਸ਼ਿਕਾਇਤ ਕੀਤੀ। ਰਾਏ ਬੁਲਾਰ ਨੇ ਗੁਰੂ ਜੀ ਤੋਂ ਪੁੱਛਿਆ ਤਾਂ ਆਪ ਜੀ ਨੇ ਫਰਮਾਇਆ ਕਿ ਹੋ ਸਕਦਾ ਹੈ ਕਿ ਮੱਝਾਂ ਖੇਤ ਨੂੰ ਜਾ ਪਈਆਂ ਹੋਣ ਪਰ ਇਸ ਦਾ ਨੁਕਸਾਨ ਨਹੀਂ ਹੋਇਆ। ਜਾ ਕੇ ਵੇਖਿਆ ਤਾਂ ਉੱਜੜੀ ਖੇਤੀ ਹਰੀ ਭਰੀ ਸੀ। ਇਸ ਗੁਰਦੁਆਰੇ ਦੀ ਇਮਾਰਤ ਵੀ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਉਸਾਰੀ ਗਈ।


8. Gurdwara Maalji Sahib Nankana


 ਮਾਲ ਜੀ ਸਾਹਿਬ ਨਨਕਾਣਾ
ਸਤਿਗੁਰੂ ਨਾਨਕ ਦੇਵ ਜੀ ਦੇ ਵੇਲੇ ਇੱਥੇ ਵਣਾਂ ਦਾ ਘਣਾ ਜੰਗਲ ਹੁੰਦਾ ਸੀ। ਆਪ ਬਾਲ ਉਮਰੇ ਇੱਥੇ ਹੀ ਮੱਝਾਂ ਚਾਰਨ ਆਉਂਦੇ। ਇਕ ਵਾਰ ਆਪ ਜੀ ਇੱਕ ਵਣ ਦੀ ਠੰਡੀ ਛਾਵੇਂ ਸੌਂ ਗਏ, ਦਿਨ ਢਲ ਗਿਆ ਤਾਂ ਆਪ ਦੇ ਮੁੱਖ ਉੱਤੇ ਧੁੱਪ ਆ ਗਈ। ਇਕ ਕਾਲੇ ਨਾਗ ਨੇ ਆਪ ਦੇ ਮੁੱਖ ਉੱਤੇ ਆਪਣੀ ਛੱਜਲੀ ਖਲਾਰ ਕੇ ਛਾਂ ਕੀਤੀ ਰੱਖੀ। ਇਹ ਵਣ ਦਾ ਰੁੱਖ ਹੁਣ ਵੀ ਮੌਜੂਦ ਹੈ।


9. Gurdwara Tamboo the Tent Sahib Nankana


ਗੁਰਦੁਆਰਾ ਤੰਬੂ ਸਾਹਿਬਨਨਕਾਣਾ ਸਾਹਿਬ ਰੇਲਵੇ ਸਟੇਸ਼ਨ ਤੋਂ ਜਨਮ ਅਸਥਾਨ ਵੱਲ ਜਾਂਦਿਆਂ ਜਨਮ ਅਸਥਾਨ ਤੋਂ ਕੋਈ ਇੱਕ ਕਿਲੋਮੀਟਰ ਪਹਿਲਾਂ ਤੁਹਾਡੇ ਸੱਜੇ ਹੱਥ ਉਤੇ ਇਕ ਬਹੁਤ ਹੀ ਉੱਚੇ ਗੁੰਬਦ ਵਾਲਾ ਗੁਰਦੁਆਰਾ ਸਾਹਿਬ ਹੈ। ਇਹ ਗੁਰਦੁਆਰਾ ਤੰਬੂ ਸਾਹਿਬ ਹੈ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ, ਪਿਤਾ ਮਹਿਤਾ ਕਾਲੂ ਜੀ ਦੇ ਵੀਹ ਰੁਪਏ ਚੂਹੜਕਾਣਾ ਦੇ ਭੁੱਖੇ ਸਾਧੂਆਂ ਨੂੰ ਖੁਆ ਕੇ ਸੱਚਾ ਸੌਦਾ ਕਰਨ ਉਪਰੰਤ ਭਾਈ ਮਰਦਾਨਾ ਜੀ ਸਣੇ ਇਥੇ ਵਣ ਦੇ ਇੱਕ ਬ੍ਰਿਛ ਹੇਠ ਆਣ ਬਿਰਾਜੇ। ਇਹ ਬ੍ਰਿਛ ਅੱਜ ਵੀ ਮੌਜੂਦ ਹੈ ਅਤੇ ਤੰਬੂ ਵਾਂਗ ਤਣਿਆ ਹੋਇਆ ਹੈ।

10. Gurdwara Sachkhand Sahib   ਗੁਰਦੁਆਰਾ ਸਚਖੰਡ
ਇਹ ਪਾਵਨ ਅਸਥਾਨ ਗੁਰਦੁਆਰਾ ਸੱਚਾ ਸੌਦਾ ਤੋਂ ਕੇਵਲ ਇੱਕ ਕਿਲੋਮੀਟਰ ਉਸੇ ਸੜਕ ਉੱਤੇ ਰੇਲਵੇ ਲਾਈਨ ਤੋਂ ਪਾਰ ਖੇਤਾਂ ਵਿਚ ਉਦਾਸ ਖਲੌਤਾ ਹੈ। ਇਸ ਅਸਥਾਨ ਉੱਤੇ ਬਾਬੇ ਮਰਦਾਨੇ ਨੇ ਭੁੱਖ ਲੱਗਣ ਦੀ ਗੱਲ ਕੀਤੀ ਸੀ। ਨਾਲੋ ਜਾ ਰਹੇ ਖੋਤੇ ਜਿਨ੍ਹਾਂ ਵਿਚ ਖੰਡ ਲੱਦੀ ਹੋਈ ਸੀ ਵਪਾਰੀ ਕੋਲੋ ਪੁਛਿਆ ਤਾਂ ਉਸ ਕਿਹਾ ਕਿ ਜੀ ਮੈਂ ਰੇਤ ਲੈ ਕੇ ਜਾ ਰਿਹਾ ਹਾਂ। ਬਾਦ ਵਿਚ ਜੱਦ ਛੱਟ ਖੋਲੀ ਤਾਂ ਕਿ ਦੇਖਦਾ ਹੈ ਕਿ ਰੇਤ ਹੀ ਹੈ। ਫਿਰ ਗੁਰੂ ਵਲ ਦੌੜਦਾ ਤੇ ਭੁਲ ਬਖਸ਼ਾਉਂਦਾ ਹੈ।ਇਸ ਥਾਂ ਉੱਤੇ ਸੜਕ ਕਿਨਾਰੇ ਇੱਕ ਗੁੰਬਦ ਵਾਲਾ ਆਲੀਸ਼ਾਨ ਗੁਰਦੁਆਰਾ ਬਣਿਆ ਹੋਇਆ ਹੈ।ਇਸ ਦੀ ਹਾਲਤ ਮੰਦੀ ਹੈ। ਜੇ ਸੰਭਾਲ ਨਾਂ ਕੀਤੀ ਗਈ ਤਾਂ ਨਿਸ਼ਾਨ ਵੀ ਮਿਟ ਜਾਵੇਗਾ।

11. Gurdwara Rori Sahib


ਗੁਰਦੁਆਰਾ ਰੋੜੀ ਸਾਹਿਬ, ਐਮਨਾਆਬਾਦ, ਗੁਜਰਾਂਵਾਲਾ
ਐਮਨਾਆਬਾਦ ਤੋਂ ਕੋਈ ਡੇਢ ਕਿਲੋਮੀਟਰ ਬਾਹਰ ਪੱਕੀ ਸੜਕ ਕਿਨਾਰੇ ਪਹਿਲੇ ਪਾਤਿਸ਼ਾਹ ਦਾ ਗੁਰਦੁਆਰਾ ਰੋੜੀ ਸਾਹਿਬ ਹੈ। ਇਸ ਥਾਂ ਤੇ ਗੁਰੂ ਸਾਹਿਬ ਰੋੜਾਂ ਦੇ ਆਸਨ ਤੇ ਬਿਰਾਜੇ। ਇੱਥੋਂ ਹੀ ਬਾਬਰ ਦੀਆਂ ਫੌਜਾਂ ਨੇ ਸੰਮਤ 1578 ਵਿੱਚ ਆਪ ਨੂੰ ਗ੍ਰਿਫਤਾਰ ਕਰ ਲਿਆ। ਇਸੇ ਥਾਂ ਇਕ ਬਹੁਤ ਹੀ ਆਲੀਸ਼ਾਨ ਗੁਰਦੁਆਰਾ ਬਣਿਆ ਹੋਇਆ ਹੈ। ਵਿਸ਼ਾਲ ਸਰੋਵਰ ਤੇ ਸੁੰਦਰ ਇਮਾਰਤਾਂ ਇਸ ਦੀ ਸ਼ਾਨ ਵਿੱਚ ਹੋਰ ਵਾਧਾ ਕਰਦੇ ਹਨ।12. Gurdwara Chakki Sahib


ਗੁਰਦੁਆਰਾ ਚੱਕੀ ਸਾਹਿਬ ਐਮਨਾਆਬਾਦ, ਗੁੱਜਰਵਾਲਾਸ਼ਹਿਨਸ਼ਾਹ ਬਾਬਰ ਦੀਆਂ ਫੌਜਾਂ ਨੇ ਜਦ ਸੰਮਤ 1578 ਨੂੰ ਸੈਦਪੁਰ (ਐਮਨਾਆਬਾਦ) ਉਤੇ ਕਬਜਾ ਕੀਤਾ ਤਾਂ ਉਹਨਾਂ ਹੋਰ ਬਹੁਤ ਸਾਰੇ ਲੋਕਾਂ ਦੇ ਨਾਲ ਨਾਲ ਸਤਿਗੁਰ ਨਾਨਕ ਦੇਵ ਜੀ ਨੂੰ ਵੀ ਗ੍ਰਿਫਤਾਰ ਕਰ ਲਿਆ ਅਤੇ ਉਹਨਾਂ ਤੋਂ ਚੱਕੀ ਪੀਹਣ ਦੀ ਮੁਸ਼ੱਕਤ ਲਈ ਗਈ। ਸਰਕਾਰੀ ਅਹਿਲਕਾਰਾਂ ਨੇ ਵੇਖਿਆ ਕਿ ਬਾਬਾ ਜੀ ਦੀ ਚੱਕੀ ਆਪੇ ਚਲ ਰਹੀ ਹੈ। ਉਹਨਾਂ ਨੇ ਜਾ ਕੇ ਬਾਬਰ ਨੂੰ ਦੱਸਿਆ ਤੇ ਉਹਨੇ ਬਾਬਾ ਜੀ ਨੂੰ ਆਪਣੇ ਕੋਲ ਸੱਦ ਲਿਆ। ਉਥੇ ਉਹਨੇ ਬਾਬਾ ਜੀ ਨਾਲ ਗੱਲਬਾਤ ਕੀਤੀ। ਉਹ ਬਾਬਾ ਜੀ ਤੋਂ ਬਹੁਤ ਪ੍ਰਭਾਵਿਤ ਹੋਇਆ। ਉਹਨੇ ਬਾਬਾ ਜੀ ਨੂੰ ਰਿਹਾ ਕਰ ਦਿੱਤਾ ਤੇ ਬਾਬਾ ਜੀ ਨੇ ਦੂਜੇ ਕੈਦੀਆਂ ਨੂੰ ਵੀ ਰਿਆ ਕਰਨ ਦਾ ਹੁਕਮ ਦਿੱਤਾ, ਜਿਸ ਨੂੰ ਬਾਬਰ ਨੇ ਮੰਨ ਲਿਆ। ਇਉਂ ਬਾਬਾ ਜੀ ਕਾਰਨ ਹਜਾਰਾਂ ਕੈਦੀ ਰਿਆਹ ਹੋ ਗਏ।

ਇਸ ਅਸਥਾਨ ਉਤੇ ਜਿਥੇ ਆਪ ਕੈਦ ਹੋ ਕੇ ਚੱਕੀ ਚਲਾਉਂਦੇ ਰਹੇ, ਬਾਅਦ ਵਿੱਚ ਗੁਰਦੁਆਰਾ ਬਣਾ ਦਿੱਤਾ ਗਿਆ। ਅੱਜ ਵੀ ਉਹੀ ਬਾਬਰ ਵੇਲੇ ਦੇ ਦੋ ਕਮਰੇ ਹਨ। ਨਿਸ਼ਾਨ ਸਾਹਿਬ ਵਿਹੜੇ ਵਿੱਚ ਝੂਲ ਰਿਹਾ ਹੈ।


13. Gurdwara Well of Bhai Lalo ji


ਪਵਿਤਰ ਖੂਹੀ ਘਰ ਭਾਈ ਲਾਲੋ ਜੀ ਐਮਨਾਆਬਾਦ, ਗੁੱਜਰਵਾਲਾਭਾਈ ਲਾਲੋ ਸੈਦਪੁਰਐਮਨਾਆਬਾਦ ਨਿਵਾਸੀ ਘਟੌੜਾ ਜਾਤ ਦਾ ਇੱਕ ਤਰਖਾਣ ਸੀ। ਸਤਿਗੁਰ ਨਾਨਕ ਦੇਵ ਜੀ ਜਦ ਐਮਨਾਆਬਾਦ ਆਏ ਤਾਂ ਇਸ ਦੇ ਘਰ ਹੀ ਠਹਿਰੇ। ਇਥੇ ਹੀ ਮਹਾਰਾਜ ਨੇ ''ਜੈਸੀ ਮੈ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨੁ ਵੇ ਲਾਲੋ॥''ਤਿਲੰਗ ਰਾਗ ਵਿੱਚ ਸ਼ਬਦ ਉਚਾਰਿਆ।

ਮਲਿਕ ਭਾਗੋ ਨਾਮੀ ਇਕ ਬੰਦਾ ਜੋ ਐਮਨਾਆਬਾਦ ਦੇ ਹਾਕਿਮ ਦਾ ਅਹਿਲਕਾਰ ਸੀ, ਇਕ ਵਾਰ ਉਸਨੇ ਬ੍ਰਹਮਭੋਜ ਕੀਤਾ। ਉਸ ਨੇ ਗੁਰੂ ਜੀ ਨੂੰ ਵੀ ਬੁਲਾਇਆ ਤੇ ਗੁਰੂ ਜੀ ਨੇ ਇਨਕਾਰ ਕਰ ਦਿੱਤਾ। ਇਸ ਉਤੇ ਉਸ ਨੂੰ ਗੁੱਸਾ ਆ ਗਿਆ। ਉਸ ਨੇ ਹੁਕਮ ਨਾਲ ਗੁਰੂ ਜੀ ਨੂੰ ਤਲਬ ਕੀਤਾ। ਗੁਰੂ ਸਾਹਿਬ ਨੇ ਭਰੀ ਕਚਿਹਰੀ ਵਿੱਚ ਉਹਦੇ ਮਾਹਲ ਪੂੜਿਆਂ ਨੂੰ ਆਪਦੇ ਇਕ ਹੱਥ ਵਿੱਚ ਤੇ ਦੂਜੇ ਹੱਥ ਵਿੱਚ ਲਾਲੋ ਤਰਖਾਣ ਦੀ ਸੁੱਕੀ ਰੋਟੀ ਨੂੰ ਨਿਚੋੜਿਆ ਤਾਂ ਮਲਿਕ ਭਾਗੋ ਦੇ ਮਾਹਲ ਪੂੜਿਆਂ ਵਿਚੋਂ ਖੂਨ ਟਪਕਣ ਲੱਗ ਪਿਆ ਤੇ ਭਾਈ ਲਾਲੋ ਜੀ ਸੁੱਕੀ ਰੋਟੀ ਵਿੱਚੋਂ ਦੁੱਧ ਸਿੰਮਣ ਲੱਗ ਪਿਆ। ਆਪ ਜੀ ਨੇ ਫਰਮਾਇਆ ਤੇਰੀ ਕਮਾਈ ਅੰਦਰ ਗਰੀਬਾਂ ਦਾ ਚੂਸਿਆ ਹੋਇਆ ਖੂਨ ਹੈ ਜਦਕਿ ਇਸ ਤਰਖਾਣ ਦੀ ਰੋਟੀ ਵਿੱਚ ਇਸਦੀ ਹਲਾਲ ਦੀ ਮਿਹਨਤ ਦਾ ਦੁੱਧ ਹੈ। ਇਹ ਹੀ ਵਜ੍ਹਾ ਹੈ ਕਿ ਜੋ ਮੈ ਤੇਰੇ ਮਾਲ ਪੂੜਿਆਂ ਨੂੰ ਠੁਕਰਾ ਕੇ ਮਿਹਨਤ ਦੇ ਸੁੱਕੇ ਟੁੱਕਰ ਚੰਗੇ ਜਾਣੇ। ਭਾਈ ਲਾਲੋ ਦੇ ਘਰ ਜਿੱਥੇ ਗੁਰੂ ਸਾਹਿਬ ਠਹਿਰੇ, ਉਥੇ ਗੁਰਦੁਆਰਾ ਬਣਾ ਦਿੱਤਾ ਗਿਆ। ਇਸ ਨੂੰ ਗੁਰਦੁਆਰਾ ਭਾਈ ਲਾਲੋ ਜੀ ਖੂਹੀ ਆਖਿਆ ਜਾਂਦਾ ਹੈ। ਉਹ ਖੂਹ ਜਿਸ ਵਿੱਚੋਂ ਗੁਰੂ ਜੀ ਨੇ ਪਾਣੀ ਪੀਤਾ, ਉਹ ਅੱਜ ਵੀ ਮੋਜੂਦ ਹੈ।14. Gurdwara Chabucha Sahib Lahore


ਗੁਰਦੁਆਰਾ ਚੁਬੱਚਾ ਸਾਹਿਬ, ਧਰਮਪੁਰਾ, ਲਾਹੌਰ


ਲਾਹੌਰ ਸ਼ਹਿਰ ਵਿੱਚੋਂ ਲੰਘਣ ਵਾਲੀ ਨਹਿਰ ਦੇ ਕਿਨਾਰੇ ਮੁਗਲਪੁਰਾ ਅਤੇ ਧਰਮਪੁਰਾ ਵਿਚਾਲੇ ਚੁਬੱਚਾ ਸਾਹਿਬ ਨਾਮੀ ਬੱਸ ਸਟਾਪ ਹੈ। ਇਸ ਸਟਾਪ ਦੇ ਉਤਰ ਵਾਲੇ ਪਾਸੇ ਅਬਾਦੀ ਵਿਚ ਰਾਮ ਰਾਏ ਜੀ ਦਾ ਅਸਥਾਨ ਚੁਬੱਚਾ ਸਾਹਿਬ ਹੈ, ਇਹ ਇੱਕ ਵਿਸ਼ਾਲ ਇਮਾਰਤ ਹੈ। ਮੁੱਖ ਦਵਾਰ ਬਹੁਤ ਵੱਡਾ ਹੈ। ਇਸ ਵਿੱਚ ਵੜ ਕੇ ਕੋਈ 200 ਕਰਮਾ ਉਤੇ ਇੱਕ ਨਿੱਕਾ ਜਿਹਾ ਗੋਲ ਦਰਵਾਜਾ ਹੈ। ਇਹ ਗੁਰਦੁਆਰਾ ਸਾਹਿਬ ਦਾ ਦਰਵਾਜਾ ਹੈ। ਇਸ ਪ੍ਰਕਾਰ ਦੇ ਚਾਰ ਦਰਵਾਜੇ ਹਨ।ਇਹਨਾਂ ਦਰਵਾਜਿਆਂ ਦੇ ਅੰਦਰ ਚਕੋਰ ਇਮਾਰਤ ਹੈ, ਜਿਹਦੀਆਂ ਚੌਹਾਂ ਨੁੱਕਰਾਂ ਉਤੇ ਬੁਰਜ ਬਣੇ ਹੋਏ ਹਨ। ਇਹ ਹੀ ਪ੍ਰਕਾਸ਼ ਅਸਥਾਨ ਹੈ। ਇਥੇ ਬਾਬਾ ਰਾਮਰਾਏ ਅਤੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚਰਨ ਪਾਏ। ਗੁਰੂ ਨਾਨਕ ਦੇਵ ਜੀ ਨੇ ਜਿਸ ਛੱਪੜੀ ਤੋਂ ਚਰਨ ਧੋਤੇ, ਰਾਮਰਾਏ ਜੀ ਨੇ ਉਸ ਨੂੰ ਪੂਜਾ ਅਸਥਾਨ ਬਣਾ ਦਿੱਤਾ। ਇਸ ਵੇਲੇ ਇਸ ਪਾਵਨ ਅਸਥਾਨ ਅੰਦਰ ਬਹੁਤ ਸਾਰੇ ਯੂ ਪੀ ਤੇ ਸੀ ਪੀ ਦੇ ਮੁਹਾਜਿਰ ਘਰਾਨੇ ਵਸੇ ਹੋਏ ਹਨ। ਇਮਾਰਤ ਦੀ ਹਾਲਤ ਬਹੁਤ ਮੰਦੀ ਹੈ। ਤੁਸੀ ਦਰਸ਼ਨ ਕਰਨਾ ਚਾਹੋ ਤੇ ਨਹੀਂ ਕਰ ਸਕਦੇ।


15. Gurdwara Chuhta Mufti Bakar Lahore


ਗੁਰਦੁਆਰਾ ਪਹਿਲੀ ਪਾਤਿਸ਼ਾਹੀ, ਚੁਹਟਾ ਮੁਫਤੀ ਬਾਕਰ, ਜਿਲਾ ਲਾਹੌਰ


ਇਹ ਇਤਿਹਾਸਕ ਅਸਥਾਨ ਜੋ ਧਰਮਸ਼ਾਲਾ ਪਹਿਲੀ ਪਾਤਿਸ਼ਾਹੀ ਦੇ ਨਾਮ ਤੋਂ ਪ੍ਰਸਿੱਧ, ਲਾਹੌਰ ਦਿੱਲੀ ਦਰਵਾਜੇ ਤੋਂ ਅੰਦਰ ਚੌੋਹੱਟਾ ਮੁਫਤੀ ਬਾਕਰ ਵਿੱਚ ਮੋਜੂਦ ਹੈ। ਇਸ ਇਲਾਕੇ ਨੂੰ ਉਸ ਸਮੇਂ ਸਿਰੀਆਂ ਵਾਲਾ ਬਜਾਰ ਜਾਂ ਚੌਹੱਟਾ ਜਵਾਹਰ ਮੱਲ ਆਖਿਆ ਜਾਂਦਾ ਸੀ।( ਕਿਹਾ ਜਾਂਦਾ ਹੈ ਕਿ ਜਵਾਹਰ ਮਲ, ਕ੍ਰੋੜੀ ਮਲ ਕਲਾਨੌਰੀਏ ਦਾ ਦਾਦਾ ਸੀ ਜਿਸ ਨੇ ਕਰਤਾਰਪੁਰ ਵਾਸਤੇ 100 ਕਿਲਾ ਜਮੀਨ ਦਾਨ ਕੀਤੀ ਸੀ।-ਸੰਪਾਦਕ)

ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ 1567 ਬਿਕਰਮੀ 1570 ਈ ਨੂੰ ਆਪਣੇ ਇੱਕ ਪ੍ਰੇਮੀ ਦੁਨੀ ਚੰਦ ਦੇ ਘਰ ਬਿਰਾਜੇ। ਜਿਸ ਦਿਨ ਆਪ ਇੱਥੇ ਆਏ, ਦੁਨੀ ਚੰਦ ਆਪਣੇ ਪਿਤਾ ਦਾ ਸਰਾਧ ਕਰ ਰਿਹਾ ਸੀ। ਗੁਰੂ ਜੀ ਨੇ ਉਹਨੂੰ ਇਹਨਾਂ ਪਖੰਡਾਂ ਤੋਂ ਵਰਜਿਆ ਤੇ ਗੁਰਸਿੱਖੀ ਨਾਲ ਨਿਹਾਲ ਕੀਤਾ। ਗੁਰੂ ਜੀ ਦੀ ਚਰਨ ਛੋਹ ਪ੍ਰਾਪਤ ਹੋਣ ਕਰਕੇ ਇਸ ਘਰ ਨੂੰ ਗੁਰਦੁਆਰਾ ਸਾਹਿਬ ਦਾ ਮਾਣ ਪ੍ਰਾਪਤ ਹੋਇਆ।

16. Gurdwara Janam Asthan Bebe Nanki Dera Chahal Lahore


 ਗੁਰਦੁਆਰਾ ਜਨਮ ਅਸਥਾਨ ਬੇਬੇ ਨਾਨਕੀ, ਡੇਰਾ ਚਾਹਲ, ਲਾਹੌਰ
ਡੇਰਾ ਚਾਹਲ ਨਾਮੀ ਇਹ ਪਿੰਡ ਜੋ ਜਿਲਾ ਲਾਹੋਰ, ਥਾਣਾ ਬਰਕੀ ਵਿੱਚ ਹੈ, ਲਾਹੌਰ ਤੋਂ ਘਵਿੰਡੀ ਜਾਦਿਆਂ ਲਾਹੌਰ ਤੋਂ ਕੋਈ 35 ਕਿਲੋਮੀਟਰ ਦੂਰ ਹੈ। ਇਸ ਪਿੰਡ ਅੰਦਰ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਹੈ। ਇਸ ਗੁਰਦੁਆਰੇ ਨੂੰ ਜਨਮ ਅਸਥਾਨ ਬੇਬੇ ਨਾਨਕੀ ਵੀ ਆਖਿਆ ਜਾਂਦਾ ਹੈ।

ਇਸ ਪਿੰਡ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਈ ਵਾਰ ਚਰਨ ਪਾਏ, ਕਿਉਂਕਿ ਇਥੇ ਉਹਨਾਂ ਦੇ ਨਾਨਕੇ ਸਨ। ਇਥੇ ਹੀ ਸੰਮਤ 1521 ਵਿੱਚ ਬੇਬੇ ਨਾਨਕੀ ਜੀ ਦਾ ਜਨਮ ਹੋਇਆ, ਜੋ ਬਾਬਾ ਜੀ ਦੀ ਵੱਡੀ ਭੈਣ ਸੀ।

ਗੁਰਦੁਆਰਾ ਸਾਹਿਬ ਦੀ ਇਮਾਰਤ ਗੁੰਬਦਦਾਰ ਖੂਬਸੂਰਤ ਬਣੀ ਹੋਈ ਹੈ। ਪਾਵਨ ਦਰਬਾਰ ਦੇ ਸੱਜੇ ਪਾਸੇ ਸੁੰਦਰ ਸਰੋਵਰ ਸੀ ਜੋ ਕਿ ਹੁਣ ਅਲੋਪ ਹੋ ਚੁਕਾ ਹੈ। ਇਸ ਇਮਾਰਤ ਅੰਦਰ ਕੁੜੀਆਂ ਦਾ ਸਕੂਲ ਹੈ।

ਇਮਾਰਤ ਦੀ ਹਾਲਤ ਬਹੁਤ ਹੀ ਵਿਗੜ ਗਈ ਸੀ। ਪਾਕਿਸਤਾਨ ਦੇ ਪਿਛਲੇ ਪ੍ਰਧਾਨ ਮੰਤਰੀ ਮਲਿਕ ਮਿਰਾਜ ਖਾਲਿਦ ਹੋਰਾਂ ਪੰਜ ਲੱਖ ਸਰਕਾਰੀ ਖਜਾਨੇ ਵਿਚੋਂ ਖਰਚ ਕਰਕੇ 1996 ਵਿੱਚ ਇਸ ਦੀ ਮੁਰੰਮਤ ਕਰਵਾਈ।17. Gurdwara  Lahura Sahib Lahore


ਗੁਰਦੁਆਰਾ ਲਹੂੜਾ ਸਾਹਿਬ, ਜਿਲਾ ਲਾਹੌਰ
ਲਾਹੌਰ ਘਵਿੰਡੀ ਰੋਡ ਉਤੇ ਇਕ ਪਿੰਡ ਜਿਹਨੂੰ ਘਵਿੰਡ ਆਖਿਆ ਜਾਂਦਾ ਹੈ, ਇਹ ਪਿੰਡ ਘਵਿੰਡੀ ਤੋਂ ਕੋਈ ਦੋ ਕਿਲੋਮੀਟਰ ਦੂਰ ਹੈ। ਇਸ ਪਿੰਡ ਵਿੱਚ ਸਤਿਗੁਰੂ ਸ੍ਰੀ ਗਰੂ ਨਾਨਕ ''ਜਾਹਮਣਾ'' ਤੋਂ ਚੱਲ ਕੇ ਆਏ ਸਨ। ਉਸ ਵੇਲੇ ਇਥੇ ਲਹੂੜੇ ਦਾ ਰੁੱਖ ਸੀ, ਜਿਸ ਥੱਲੇ ਆਪ ਬਿਰਾਜੇ, ਇਸ ਵਾਸਤੇ ਇਸ ਦਾ ਨਾਮ ਲਹੂੜਾ ਸਾਹਿਬ ਹੋ ਗਿਆ। ਇਸ ਬ੍ਰਿਛ ਨੂੰ ਰਹੋੜਾ ਤੇ ਰਹੀੜਾ ਵੀ ਆਖਿਆ ਜਾਂਦਾ ਹੈ। ਇਸ ਨੂੰ ਬਸੰਤ ਰੁੱਤ ਵਿੱਚ ਕੇਸਰੀ ਫੁੱਲ ਲਗਦੇ ਹਨ। ਇਸ ਦੀ ਲੱਕੜੀ ਸਾਰੰਗੀ ਤੇ ਦੂਸਰੇ ਸਾਜ ਬਣਾਉਣ ਦੇ ਕੰਮ ਆਉਂਦੀ ਹੈ।

ਜਦ ਗੁਰੂ ਸਾਹਿਬ ਨੇ ਇਸ ਭਾਗਾਂ ਵਾਲੀ ਧਰਤੀ ਉਤੇ ਚਰਨ ਪਾਏ, ਉਸ ਵੇਲੇ ਇਥੇ ਵਣਜਾਰਿਆਂ ਦੀ ਇੱਕ ਬਸਤੀ ਸੀ। ਪਿੰਡ ਦੇ ਵਣਜਾਰੇ ਦੇ ਘਰ ਲੜਕਾ ਪੈਦਾ ਹੋਇਆ, ਜਿਸ ਉਤੇ ਸਭ ਖੁਸ਼ੀਆਂ ਕਰ ਰਹੇ ਸਨ। ਭਾਈ ਮਰਦਾਨੇ ਨੇ ਗੁਰੂ ਜੀ ਪਾਸ ਬੇਨਤੀ ਕੀਤੀ ਕਿ ਪਾਤਿਸ਼ਾਹ! ਮੈਂ ਦੋ ਦਿਨਾਂ ਤੋਂ ਭੁੱਖਾ ਹਾਂ, ਜੇ ਹੁਕਮ ਦਿਉ ਤਾਂ ਪਿੰਡ ਵਿਚੋਂ ਰੋਟੀ ਖਾ ਆਵਾਂ। ਗੁਰੂ ਸਾਹਿਬ ਨੇ ਫਰਮਾਇਆ ਕਿ ਮਰਦਾਨਿਆਂ ਚਲਾ ਭਾਂਵੇ ਜਾਹ ਪਰ ਮੂੰਹੋਂ ਮੰਗ ਕੇ ਰੋਟੀ ਨਾ ਖਾਵੀਂ। ਮਰਦਾਨਾ ਚਿਰ ਤੀਕਰ ਵਣਜਾਰਿਆਂ ਦੇ ਦਰ ਤੇ ਬੈਠਾ ਰਿਹਾ ਪਰ ਉਹ ਇਤਨੀ ਖੁਸ਼ੀ ਵਿੱਚ ਸਨ ਕਿ ਉਹਨਾਂ ਭਾਈ ਮਰਦਾਨੇ ਵੱਲ ਨਜਰ ਨਾ ਕੀਤੀ।

ਕਰਤਾਰ ਦਾ ਭਾਣਾ ਇੰਨਾਂ ਹੋਇਆ ਕਿ ਉਹ ਲੜਕਾ ਚਲਾਣਾ ਕਰ ਗਿਆ ਅਤੇ ਸਭ ਰੋਣ ਪਿੱਟਣ ਲੱਗ ਪਏ। ਸਤਿਗੁਰੂ ਜੀ ਨੇ ਉਹਨਾਂ ਨੂੰ ਭਾਣਾ ਮੰਨਣ ਦਾ ਫਰਮਾਨ ਦਿੱਤਾ ਅਤੇ ਸ੍ਰੀ ਰਾਗ ਵਿੱਚ ਸ਼ਬਦ ਉਚਾਰਨ ਕੀਤਾ, ਜਿਸਦਾ ਸਿਰਲੇਖ ''ਪਹਰੇ'' ਹੈ। ਅੱਜਕਲ ਇਸਦੇ ਅੰਦਰ ਯੂਨੀਅਨ ਕੌਸਲ ਦਾ ਦਫਤਰ ਹੈ। ਮੁੱਖ ਦਵਾਰ ਗਿਰ ਚੁੱਕਿਆ ਹੈ ਕੇਵਲ ਦੋ ਮਕਾਨ ਬਾਕੀ ਬਚੇ ਹਨ, ਜਿਹਨਾਂ ਵਿੱਚ ਦਫਤਰ ਦਾ ਕੰਮ ਹੁੰਦਾ ਹੈ।18. Gurdwara Roorhi Sahib, Jahman, Lahore


ਗੁਰਦੁਆਰਾ ਰੂੜੀ ਸਾਹਿਬ, ਜਾਹਮਣ ਲਾਹੌਰ


ਇਹ ਪਾਵਨ ਅਸਥਾਨ ਲਾਹੌਰ ਸ਼ਹਿਰ ਤੋਂ ਕੋਈ 25 ਕਿਲੋਮੀਟਰ ਦੂਰ ਹੈ। ਪਿੰਡ ਦੀ ਅਬਾਦੀ ਤੋਂ ਬਾਹਰ ਕੋਈ ਅੱਧਾ ਕਿਲੋਮੀਟਰ ਦੀ ਵਿੱਥ ਉਤੇ ਗੁਰੂ ਨਾਨਕ ਦਾ ਪਾਵਨ ਅਸਥਾਨ ਸਥਿਤ ਹੈ ਜਿਥੇ ਆਪ ਬਿਰਾਜੇ, ਉਸ ਅਸਥਾਨ ਨੂੰ ਰੂੜੀ ਸਾਹਿਬ ਕਿਹਾ ਜਾਂਦਾ ਹੈ। ਇਸ ਅਸਥਾਨ ਨੂੰ ਆਪ ਨੇ ਤਿੰਨ ਵਾਰ ਚਰਨ ਛੋਹ ਬਖਸ਼ਿਸ਼ ਕੀਤੀ। ਇਸ ਦਾ ਕਾਰਨ ਇਹ ਸੀ ਕਿ ਇਥੇ ਨੇੜੇ ਹੀ ਪਿੰਡ ਡੇਰਾ ਚਾਹਲ ਵਿੱਚ ਆਪ ਦੇ ਨਾਨਕੇ ਅਬਾਦ ਸਨ, ਜਿਥੇ ਆਪ ਬਿਰਾਜੇ। ਇਥੇ ਇਕ ਛੱਪੜੀ ਸੀ ਜਿਹਨੂੰ ਮਗਰੋਂ ਸਰੋਵਰ ਦਾ ਰੂਪ ਦੇ ਦਿੱਤਾ ਗਿਆ। ਆਪ ਦਾ ਪ੍ਰੇਮੀ ਸਿੱਖ ਨਰੀਆ ਇਸ ਪਿੰਡ ਦਾ ਵਸੀ ਸੀ, ਜਿਸ ਦੀ ਕਿਰਪਾ ਨਾਲ ਕਈ ਭਾਬੜੇ ਸੁਮਾਰਗ ਪਾਏ।

ਇਸ ਵੇਲੇ ਇਸ ਅਸਥਾਨ ਦਾ ਸਰੋਵਰ ਇਕ ਵਾਰ ਫਿਰ ਛੱਪੜੀ ਦਾ ਰੂਪ ਧਾਰਨ ਕਰ ਗਿਆ ਹੈ। ਅੰਬਰ ਛੂੰਹਦਾ ਗੁੰਬਦਦਾਰ ਰੂੜੀ ਸਾਹਿਬ ਮੁਰੰਮਤ ਚਾਹੁੰਦਾ ਹੈ। ਜੇ ਕੁਝ ਚਿਰ ਹੋਰ ਮੁਰੰਮਤ ਨਾ ਹੋਈ ਤਾਂ ਮਿੱਟੀ ਦਾ ਢੇਹ ਹੋ ਜਾਵੇਗਾ।

19. Gurdwara Chhota Nankiana, Manga, Lahore


ਗੁਰਦੁਆਰਾ ਛੋਟਾ ਨਾਨਕਿਆਣਾ, ਮਾਂਗਾ, ਲਾਹੌਰ
ਇਹ ਪਾਵਨ ਅਸਥਾਨ ਲਾਹੌਰ ਤੋਂ ਮੁਲਤਾਨ ਜਾਣ ਵਾਲੀ ਸੜਕ ਉਤੇ, ਕਸਬੇ ਮਾਂਗਾ ਦੇ ਸਟਾਪ ਤੋਂ ਕੋਈ ਡੇਢ ਕਿਲੋਮੀਟਰ ਪਹਿਲੋਂ ਆਉਂਦਾ ਹੈ। ਪੁਲਿਸ ਥਾਣਾ ਮਾਂਗਾ ਦੀ ਕੰਧ ਇਸ ਪਾਵਨ ਅਸਥਾਨ ਨਾਲ ਸਾਂਝੀ ਹੈ। ਸਤਿਗੁਰ ਨਾਨਕ ਦੇਵ ਜੀ ਮਾਂਗਾ ਨਿਵਾਸੀਆਂ ਨੂੰ ਗੁਰ ਸਿੱਖਿਆ ਦੇਣ ਲਈ ਇਥੇ ਪਧਾਰੇ, ਜਿਥੇ ਆਪ ਠਹਿਰੇ, ਸੰਗਤਾਂ ਨੇ ਉਸ ਥਾਂ ਇਕ ਆਲੀਸ਼ਾਨ ਗੁਰਦੁਆਰਾ ਬਣਵਾ ਦਿੱਤਾ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਸ ਪਾਵਨ ਅਸਥਾਨ ਦੇ ਦਰਸ਼ਨਾਂ ਨੂੰ ਮੀਰੀ ਪੀਰੀ ਦੇ ਪਾਤਿਸ਼ਾਹ ਵੀ ਆਏ ਸਨ। ਸਰੋਵਰ ਬਹੁਤ ਹੀ ਵਿਸ਼ਾਲ ਅਤੇ ਚੰਗੀ ਹਾਲਤ ਵਿੱਚ ਹੈ। ਵਿਸਾਖੀ ਦਾ ਮੇਲਾ ਬਹੁਤ ਭਰਵਾਂ ਲਗਦਾ ਹੁੰਦਾ ਸੀ।

1947 ਵੇਲੇ ਇਸ ਪਾਵਨ ਅਸਥਾਨ ਵਿਚ ਮੇਵਾਤ ਤੋਂ ਆਏ ਸ਼ਰਨਾਰਥੀਆਂ ਨੂੰ ਰੱਖਿਆ ਗਿਆ, ਉਹ ਕੁਝ ਮਹੀਨੇ ਇਥੇ ਰਹੇ। ਇਕ ਦਿਨ ਅਚਨਚੇਤ ਅੱਗ ਲੱਗ ਗਈ ਜਿਸ ਨਾਲ ਇਮਾਰਤ ਨੂੰ ਬਹੁਤ ਨੁਕਸਾਨ ਪਹੁੰਚਿਆ, ਹੁਣ ਇਮਾਰਤ ਉਸੇ ਹਾਲ ਵਿੱਚ ਹੈ। ਮੱਛੀ ਪਾਲ ਮਹਿਕਮੇ ਨੇ ਇਕੇ ਇਕ ਵੱਡਾ ਬਾਗ ਲਗਵਾਇਆ ਹੈ ਅਤੇ ਇਸ ਬਾਗ ਵਿੱਚ ਵੱਖੋ ਵੱਖ ਕੱਚੇ ਪੱਕੇ ਤਾਲ ਖੁਦਵਾ ਕੇ ਉਹਨਾਂ ਵਿੱਚ ਮੱਛੀ ਪਾਲ ਹੋਈ ਹੈ।

20. Gurdwara Pehli Patshahi, Manak, Lahore


ਗੁਰਦੁਆਰਾ ਪਹਿਲੀ ਪਾਤਿਸ਼ਾਹੀ, ਮਾਣਕ, ਲਾਹੌਰ
ਮਾਣਕ ਨਾਮੀ ਇਹ ਪਿੰਡ ਲਾਹੌਰ ਤੋਂ 45 ਕਿਲੋਮੀਟਰ ਦੂਰ ਰਾਏਵਿੰਡ ਰੋਡ ਉੱਤੇ ਹੈ। ਇਸ ਪਿੰਡ ਨੂੰ ਜਾਣ ਵਾਸਤੇ ਪਾਜੀਆਂ ਬੱਸ ਸਟਾਪ ਉਤੇ ਉਤਰਨਾ ਪੈਂਦਾ ਹੈ। ਪਿੰਡ ਮੇਨ ਰੋਡ ਤੋਂ ਕੋਈ ਚਾਰ ਕਿਲੋਮੀਟਰ ਹਟਵਾਂ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ ਮਾਂਗੇ ਤੋਂ ਪੈਦਲ ਚੱਲ ਕੇ ਪਿੰਡ ਪਾਜੀਆਂ ਵਿੱਚ ਆਏ। ਉਥੋਂ ਦੇ ਲੋਕਾਂ ਨੇ ਪਹਿਲੋਂ ਆਪ ਨਾਂਲ ਪ੍ਰੇਮ ਵਿਖਾਇਆ ਫਿਰ ਆਪ ਨਾਲ ਮਖੌਲ ਕੀਤੇ। ਗੁਰੂ ਸਾਹਿਬ ਪਿੰਡ ਤੋਂ ਬਾਹਰ ਇਸ ਥਾਂ ਤੇ ਆਣ ਬਿਰਾਜੇ। ਕਿਸੇ ਪ੍ਰੇਮੀ ਨੇ ਪੁਛਿਆ ਕਿ ਗੁਰੂ ਜੀ ਤੁਸੀਂ ਪਿੰਡੋਂ ਕਿਉਂ ਆ ਗਏ ਤਾਂ ਅਪ ਨੇ ਫਰਮਾਇਆ ਕਿ ਉਹ ''ਪਾਜੀ'' ਹਨ। ਇਸ ਉਤੇ ਉਸ ਪਿੰਡ ਦਾ ਨਾਮ ਪਾਜੀ ਪੈ ਗਿਆ ਜਦ ਕਿ ਇਸ ਟਿੱਬੇ ਦਾ ਨਾਮ ਮਾਣਕ ਹੋ ਗਿਆ, ਮਗਰੋਂ ਉਥੇ ਇੱਕ ਵੱਡਾ ਪਿੰਡ ਬਣ ਗਿਆ।

ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਤ ਸੁੰਦਰ ਅਤੇ ਬਹੁਤ ਵੱਡੀ ਤਿੰਨ ਮੰਜਲੀ ਬਣੀ ਹੋਈ ਸੀ। ਲੰਗਰ ਹਾਲ, ਪ੍ਰਕਾਸ਼ ਅਸਥਾਨ, ਸਰਾਂ, ਦਰਸ਼ਨੀ ਡਿਊੜੀ, ਦੀਵਾਨ ਹਾਲ ਜੋ ਬਾਰਾਂਦਰੀ ਦੀ ਸੂਰਤ ਦਾ ਸੀ, ਨਾਲ ਉਦਾਸੀ ਸਾਧੂਆਂ ਦੀਆਂ ਸਮਾਧਾਂ, ਸਰੋਵਰ ਜੋ ਹੁਣ ਛੱਪੜ ਹੋ ਚੁਕਿਆ ਹੈ, ਇਹ ਸਭ ਕੁਝ ਹੁਣ ਮਿੱਟੀ ਦਾ ਢੇਰ ਹੁੰਦਾ ਜਾ ਰਿਹਾ ਹੈ। ਕੇਂਦਰੀ ਇਮਾਰਤ ਪਿਛਲੇ ਦੋ ਸਾਲਾਂ ਵਿੱਚ ਡਿੱਗੀ ਹੈ।

ਗੁਰਦੁਆਰਾ ਸਾਹਿਬ ਦੇ ਨਾਮ 82 ਘੁਮਾਉ ਜਮੀਨ ਪਿੰਡ ਵੱਲੋਂ ਹੈ, ਵਿਸਾਖੀ ਉਤੇ ਮੇਲਾ ਜੁੜਦਾ ਸੀ। ਇਸ ਪਿੰਡ ਦੇ ਜੱਟ ਇੱਕੋ ਦਾਦੇ ਦੀ ਔਲਾਦ ਹਨ। ਉਹਨਾਂ ਵਿੱਚੋਂ ਕੁਝ ਹਿੰਦੂ ਰਹੇ, ਕੁਝ ਸਿੰਘ ਸਜ ਗਏ ਬਾਕੀ ਮੁਸਲਮਾਨ ਹੋ ਗਏ।

1947 ਤੋਂ ਬਾਅਦ ਇਸ ਗੁਰਦੁਆਰੇ ਅੰਦਰ ਬੱਚਿਆਂ ਦਾ ਸਕੂਲ ਬਣਾਇਆ ਗਿਆ, ਫਿਰ ਇਸ ਨੂੰ ਖਾਲੀ ਛੱਡ ਦਿੱਤਾ ਗਿਆ ਜਿਹਨੂੰ ਮੇਵਾਤ ਤੋਂ ਆਏ ਸ਼ਰਨਾਰਥੀਆਂ ਨੇ ਮੰਦੇ ਹੱਥੀ ਲਿਆ। ਪਹਿਲਾਂ ਕੰਧਾਂ ਤੇ ਹੋਇਆਂ ਫੁਲਕਾਰੀਆਂ ਮਿਟੀਆਂ, ਫਿਰ ਛੱਤਾਂ ਲੱਥੀਆਂ ਤੇ ਹੁਣ ਕੱਧਾਂ ਮੁੱਕ ਰਹੀਆਂ ਹਨ।

21. Gurdwara Pehli Patshahi, Bhailgram, Kasur

ਗੁਰਦੁਆਰਾ ਪਹਿਲੀ ਪਾਤਿਸ਼ਾਹੀ ਭੈਲਗਰਾਮ, ਕਸੂਰਭੀਲੇ ਰੋਸੇ ਨਾ ਦੇ ਦੋ ਪਿੰਡ ਮਾਂਗਾ ਕਸੂਰ ਰੋਡ ਉਤੇ ਪੱਕੀ ਸੜਕ ਤੋਂ ਕੋਈ ਚਾਰ ਕਿਲੋਮੀਟਰ ਪਿਛਾਹ ਹਟਵੇ ਹਨ। ਇਹਨਾਂ ਵਿਚੋਂ ਪਿੰਡ ਭੈਲ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੁੰਦਰ ਗੁਰਦੁਆਰਾ ਸੀ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਾਗੇ ਤੋਂ ਰਾਮ ਥੱਮਣ ਜਾਂਦੇ ਹੋਏ ਇਥੇ ਬਿਰਾਜੇ ਸਨ। ਇਸ ਗੁਰਦੁਆਰੇ ਦਾ ਹੁਣ ਕੇਵਲ ਮੁੱਖ ਦੁਆਰ ਬਚਿਆ ਹੈ। ਰਿਹਾਇਸ਼ੀ ਮਕਾਨਾਂ ਵਿੱਚ ਸ਼ਰਨਾਰਥੀ ਵਸੇ ਹੋਏ ਹਨ। ਪ੍ਰਕਾਸ਼ ਅਸਥਾਨ ਅਲੋਪ ਹੋ ਚੁਕਿਆ ਹੈ।

22. Gurdwara Baba Ram Thaman ji, Kalukhara, Kasur


ਗੁਰਦੁਆਰਾ ਬਾਬਾ ਰਾਮ ਥੰਮਣ ਜੀ ਕਾਲੂਖਾਰਾ, ਕਸੂਰ
ਇਹ ਪਾਵਨ ਅਸਥਾਨ ਤਹਿਸੀਲ ਤੇ ਜਿਲਾ ਕਸੂਰ ਪਿੰਡ ਕਾਲੂਖਾਰਾ ਵਿੱਚ ਹੈ। ਇਸ ਅਸਥਾਨ ਕਰਕੇ ਇਸ ਦਾ ਨਾਮ ਕਾਲੂਖਾਰਾ ਰਾਮ ਥੰਮਣ ਪੈ ਗਿਆ। ਬਾਬਾ ਰਾਮ ਥੰਮਣ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਸਰੇ ਸਨ। ਇਹ ਪ੍ਰਤਾਪੀ ਸਾਧੂ ਹਨ। ਸਤਿਗੁਰੂ ਸ੍ਰੀ ਨਾਨਕ ਦੇਵ ਜੀ ਨੇ ਇਥੇ ਕਈ ਵਾਰ ਦਰਸ਼ਨ ਦਿੱਤੇ। ਬਹੁਤ ਸੁੰਦਰ ਕਿੱਲੇ ਵਰਗਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਇਕ ਵਿਸ਼ਾਲ ਸਰੋਵਰ ਸੀ ਜੋ ਹੁਣ ਛੱਪੜ ਦਾ ਰੂਪ ਧਾਰਨ ਕਰ ਚੁਕਾ ਹੈ। ਇਸ ਸਰੋਵਰ ਦੇ ਮੁੱਖ ਦੁਆਰ ਤੇ ਸੁੰਦਰ ਮੰਦਰ ਬਣਿਆ ਹੋਇਆ ਹੈ। ਇਥੇ ਹਰ ਸਾਲ ਚੇਤਰ 14 ਤੋਂ ਵਿਸਾਖੀ ਤੱਕ ਮੇਲਾ ਹੁਣ ਵੀ ਲਗਦਾ ਹੈ। ਇਸ ਅਸਥਾਨ ਦੇ ਸਾਹਮਣੇ ਬਾਵੇ ਦੀ ਮਾਲ ਕਰਕੇ ਅਸਥਾਨ ਪ੍ਰਸਿੱਧ ਹੈ, ਜਿਥੇ ਸੁੰਦਰ ਇਮਾਰਤਾਂ ਬਣੀਆਂ ਹੋਈਆਂ ਹਨ।23. Gurdwara Holan Sahib, Bharnavan, Kasur  ਗੁਰਦੁਆਰਾ ਹੋਲਾਂ ਸਾਹਿਬ, ਭਰਨਾਵਾ, ਕਸੂਰ

NO IMAGE
ਇਸ ਪਾਵਨ ਅਸਥਾਨ ਉਤੇ ਸਤਿਗੁਰੂ ਨੂੰ ਸੁਲਤਾਨ ਨਾਮੀ ਇਕ ਖੇਤ ਦੇ ਰਾਖੇ ਨੇ ਹੋਲਾਂ ਭੁੰਨ ਕੇ ਅਰਪੀਆ ਸਨ ਅਤੇ ਸਿੱਖੀ ਧਾਰ ਕੇ ਗੁਰਮੁਖ ਪਦਵੀ ਨੂੰ ਪ੍ਰਾਪਤ ਹੋਇਆ ਸੀ। ਇਸ ਅਸਥਾਨ ਤੇ ਪਹਿਲੋ ਸੁਲਤਾਨ ਨੇ ਹੀ ਇਕ ਥੜਾ ਬਣਵਾਇਆ,ਫਿਰ ਮੰਜੀ ਸਾਹਿਬ ਉਸਰਿਆ। ਛੋਟਾ ਜਿਹਾ ਗੁਰਦੁਆਰਾ ਬਣਿਆ ਹੋਇਆ ਸੀ ਜੋ ਹੁਣੇ ਇਕ ਸਾਲ ਪਹਿਲਾਂ ਅਲੋਪ ਹੋ ਚੁਕਿਆ ਹੈ। ਇਹ ਪਿੰਡ ਜਿਲਾ ਕਸੂਰ ਦੇ ਪ੍ਰਸਿੱਧ ਨਗਰ ਭਾਈ ਫੇਰੂ ਤੋਂ ਲਾਹੌਰ ਵੱਲ ਨੂੰ ਕੋਈ ਦੋ ਕਿਲੋਮੀਟਰ ਦੀ ਵਿੱਥ ਉਤੇ ਮੁਲਤਾਨ ਰੋਡ ਉਤੇ ਹੀ ਹੈ। ਪਿੰਡ ਵਿੱਚ ਇਕ ਛੱਪੜ ਹੈ ਜੋ ਕਦੇ ਇਸ ਪਾਵਨ ਅਸਥਾਨ ਦਾ ਸਰੋਵਰ ਹੁੰਦਾ ਸੀ।

24. Gurdwara Chhota Nankiana, Nanak Jagir, Satghara, Distt.  Okara ਗੁਰਦੁਆਰਾ ਛੋਟਾ ਨਾਨਕਿਆਣਾ ਨਾਨਕ ਜਾਗੀਰ, ਸਤਘਰਾ, ਜਿਲਾ ਓਕਾੜਾ
ਗੁਰੂ ਨਾਨਕ ਨਾਲ ਸਬੰਧਿਤ ਜਿਲਾ ਓਕਾੜਾ ਦੇ ਕਸਬੇ ਸਤਘਰਾ ਤੋਂ ਉਝ ਤਾਂ ਚੋਖਾ ਦੂਰ ਹੈ, ਪਰ ਇਸ ਨਾਲ ਹੀ ਜੋੜਿਆ ਜਾਂਦਾ ਹੈ। ਇਸ ਥਾਂ ਅੱਪੜਨ ਵਾਸਤੇ ਪੱਤੋਕੀ ਤੋਂ ਹੰਜਰਾ ਰਾਹੀਂ ਪੱਕੀ ਸੜਕ ਪਿੰਡ ਮੇਘੇ ਵਿੱਚ ਜਾਂਦੀ ਹੈ। ਇਸ ਪਿੰਡ ਮੇਘੇ ਦੇ ਨੇੜੇ ਕੋਈ ਚਾਰ ਕਿਲੋਮੀਟਰ ਦੂਰ ਇਹ ਅਸਥਾਨ ਹੈ। ਇਕ ਸੜਕ ਜਿਹਨੂੰ ਹੱਲਾ ਚੂਚਕ ਰੋਡ ਵੀ ਆਖਿਆ ਜਾਂਦਾ ਹੈ, ਇਸ ਰਾਹੀਂ ਹੱਲੇ ਤੋਂ ਵੀ ਮੇਘੇ ਆਇਆ ਜਾ ਸਕਦਾ ਹੈ ਅਤੇ ਸਤਘਰੇ ਤੋਂ ਚੂਚਕ ਰਾਹੀਂ ਵੀ ਇਸੇ ਸੜਕ ਉਤੇ ਅੱਪੜਿਆ ਜਾ ਸਕਦਾ ਹੈ। ਇਥੇ ਸਤਿਗੁਰੂ ਨਾਨਕ ਦੇਵ ਜੀ ਅਲਪੇ ਤੋਂ ਚਲ ਕੇ ਆਏ ਸਨ। ਇਥੇ ਆਪ ਨੇ ਇਕ ਸ਼ਾਹੂਕਾਰ ਦਾ ਦੁੱਖ ਦੂਰ ਕੀਤਾ ਅਤੇ ਇਹ ਸ਼ਬਦ ਉਚਾਰਿਆ ''ਸਹੰਸਰ ਦਾਨ ਦੇ ਇੰਦ੍ਰ ਰੁਆਇਆ''


25. Gurdwara Pehli Patshahi, Alappa, Kasur  ਗੁਰਦੁਆਰਾ ਪਹਿਲੀ ਪਾਤਿਸ਼ਾਹੀ ਅਲਪਾ, ਕਸੂਰ
ਅਲਪਾ ਨਾਂ ਦਾ ਪਿੰਡ ਜਿਲਾ ਕਸੂਰ ਤਹਿਸੀਲ ਚੂਨੀਆਂ ਵਿਚ ਹੈ। ਪੱਤੋਕੀ ਤੋਂ ਇਕ ਸੜਕ# ਰਾਵੀ ਵਾਲੇ ਪਾਸੇ ਨਿਕਲਦੀ ਹੈ। ਇਸ ਸੜਕ ਉਤੇ ਪ੍ਰਸਿੱਧ ਨਗਰ ''ਹੱਲਾ'' ਹੈ। ਹੱਲੇ ਤੋਂ ਕੋਈ 12 ਕਿਲੋਮੀਟਰ ਦੂਰ ਰਾਵੀ ਦੇ ਬਿਲਕੁਲ ਕੱਢੇ ਉਤੇ ਇਹ ਪਿੰਡ ਵਸਿਆ ਹੋਇਆ ਹੈ। ਇਸ ਪਿੰਡ ਵਿੱਚ ਸਤਿਗੁਰੂ ਨਾਨਕ ਨਨਕਾਣੇ ਤੋਂ ਚਲ ਕੇ ਆਕੇ ਠਹਿਰੇ ਸਨ। ਹੁਣ ਕੇਵਲ ਤਿੰਨ ਕਮਰੇ ਰਹਿ ਗਏ ਹਨ। ਇਹਨਾਂ ਵਿੱਚ ਪਹਿਲਾਂ ਗੋਰਮਿੰਟ ਸਕੂਲ ਸੀ, ਹੁਣ ਖਾਲੀ ਪਏ ਹਨ। ਛੱਤਾਂ ਡਿੱਗ ਚੁਕੀਆਂ ਹਨ।


CLICK TO VIEW PART 2Share this article :

No comments:

Post a Comment

 

Punjab Monitor