ਅਸਾਂ ਫੋਟੋਆਂ ਥੋੜੀਆਂ ਭਾਰੀ ਦਿਤੀਆਂ ਹਨ। ਕਿਰਪਾ ਕਰਕੇ ਸਾਨੂੰ ਦਸਣਾ ਕਿ ਤੁਹਾਨੂੰ ਪੇਜ ਖੋਲਣ ‘ਚ ਦੇਰੀ ਤਾਂ ਨਹੀ ਲਗੀ । ਜੇ ਹੁਕਮ ਕਰੋਗੇ ਤਾਂ ਫੋਟੋ ਥੋੜੀਆਂ ਛੋਟੀਆਂ ਕਰਕੇ ਪਾ ਦਿਆਗੇ ਜੀ। ਤੁਹਾਡੇ ਵੀਚਾਰ ਦੇਣਾਂ ਵੀ ਸੇਵਾ ਤੁਲ ਹੀ ਹੋਵੇਗਾ। ਕਿਉਕਿ ਇਸ ਨਾਲ ਹੋਰ ਸੰਗਤਾਂ ਨੂੰ ਸੋਖ ਹੋ ਜਾਵੇਗੀ। ਸੋ ਕਿਰਪਾ ਕਰਕੇ ਬਿਨਾਂ ਝਿਜਕ ਆਪਣੇ ਵੀਚਾਰ ਥੱਲੇ ਦਿਤੀ ਜਗਾਹ ‘ਚ ਲਿਖ ਦੇਣੇ ਜੀ। PLEASE LET ME KNOW IF U R COMFORTABLE WITH OPENING OF PAGE. IN CASE U FIND IT IS TOO SLOW I WILL GIVE SLIGHTLY LOW RESOLUTION PHOTOS. UR OPINION WILL HELP OTHERS SEE THIS PIOUS PAGE. - EDITOR
SIKH SHRINES IN PAKISTAN (SATHON VICHHORHEY ASTHAN)
ਸਾਥੋਂ ਵਿਛੋੜੇ ਅਸਥਾਨ
PART 2 (25 Shrines)
SIKH SHRINES IN PAKISTAN PART 2
26. Gurdwara Manji Sahib, Manak Deke, Distt. Kasur
ਗੁਰਦੁਆਰਾ ਮੰਜੀ ਸਾਹਿਬ, ਮਾਣਕ ਦੇਕੇ, ਜਿਲਾ ਕਸੂਰ
ਇਹ ਪਿੰਡ ਰੇਲਵੇ ਸਟੇਸ਼ਨ ਕੰਗਣਪੁਰ ਤੋਂ ਕੋਈ ਦੋ ਕਿਲੋਮੀਟਰ ਦੀ ਵਿੱਥ ਉਤੇ ਹੈ। ਤਹਿਸੀਲ ਤੇ ਜਿਲਾ ਕਸੂਰ ਹੈ। ਇਥੋਂ ਦੇ ਲੋਕਾਂ ਨੂੰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਜੜ ਜਾਣ ਦੀ ਦੁਆ ਦਿੱਤੀ। ਇਹ ਪਿੰਡ ਅੱਜ ਵੀ ਉਜੜਿਆ ਨਜਰ ਆਉਂਦਾ ਹੈ। ਪੂਰਾ ਪਿੰਡ ਕੱਚਾ ਹੈ। ਲੋਕ ਦੂਜੇ ਸ਼ਹਿਰਾਂ ਵਿੱਚ ਨੌਕਰੀਆਂ ਤੇ ਕੰਮਕਾਜ ਕਰਦੇ ਹਨ। ਇਸੇ ਪਿੰਡ ਤੋਂ ਬਾਹਰ ਹੀ ਗੌਰਮਿੰਟ ਪ੍ਰਾਇਮਰੀ ਸਕੂਲ ਦੇ ਸਾਹਮਣੇ ਵਾਲੀ ਗਲੀ ਵਿੱਚ ਹੀ ਮੰਜੀ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪੱਕਾ ਬਣਿਆ ਹੋਇਆ ਹੈ। ਇਸ ਅੰਦਰ ਹੁਣ ਮੇਵਾਤ ਤੋਂ ਆਏ ਸ਼ਰਨਾਰਥੀ ਆਬਾਦ ਹਨ। ਨਗਰ ਵਾਸੀ ਅੱਜ ਵੀ ਪ੍ਰੇਮੀ ਹਨ।
27. Gurdwara Maalji Sahib, Kanganpur, Distt. Kasur
ਗੁਰਦੁਆਰਾ ਮਾਲ ਜੀ ਸਾਹਿਬ, ਕੰਗਣਪੁਰ, ਜਿਲ੍ਹਾ ਕਸੂਰ
ਗੁਰਦੁਆਰਾ ਮਾਲ ਜੀ ਸਾਹਿਬ, ਕੰਗਣਪੁਰ, ਜਿਲ੍ਹਾ ਕਸੂਰ
ਜਦ ਇਸ ੰਿਪੰਡ ਨੂੰ ਵਸਾਉਣ ਆਏ ਤਾਂ ਇਥੋਂ ਦੇ ਵਸਨੀਕਾਂ ਉਹਨਾਂ ਨੂੰ ਇਥੇ ਵਸਣ ਨਾ ਦਿੱਤਾ ਅਤੇ ਵੱਟੇ ਮਾਰੇ। ਇਸ ਉਤੇ ਸਤਿਗੁਰਾਂ ਇਹਨਾਂ ਲੋਕਾਂ ਨੂੰ ''ਵਸਦੇ ਰਹੋ'' ਕਹਿ ਕੇ ਕੂਚ ਕੀਤਾ। ਜਿਸ ਵਣ ਦੇ ਰੁੱਖ ਹੇਠ ਆਪ ਨੇ ਨਿਵਾਸ ਕੀਤਾ, ਉਹ ਮਾਲ ਸਾਹਿਬ ਕਰਕੇ ਪ੍ਰਸਿੱਧ ਸੀ। ਇਸ ਤੋਂ ਉਠ ਕੇ ਆਪ ਨੇ ਕੋਈ ਦੋ ਕਿਲੋਮੀਟਰ ਦੀ ਵਿੱਥ ਉਤੇ ਇਕ ਹੋਰ ਪਿੰਡ ਮਾਣਕ ਦੇਕੇ ਵਿੱਚ ਜਦ ਚਰਨ ਪਾਏ ਤਾਂ ਉਹਨਾਂ ਲੋਕਾਂ ਨੇ ਆਪ ਦਾ ਬਹੁਤ ਸਤਿਕਾਰ ਕੀਤਾ ਤੇ ਆਪ ਨੇ ਉਹਨਾਂ ਨੂੰ ਉਜੜ ਜਾਣ ਦੀ ਅਸੀਸ ਦੇ ਦਿੱਤੀ। ਇਸ ਉਤੇ ਭਾਈ ਮਰਦਾਨਾ ਜੀ ਹੈਰਾਨ ਹੋ ਕੇ ਪੁਛਿਆ ਕਿ ਜਿਹਨਾਂ ਨੇ ਆਪ ਨੂੰ ਦੁੱਖ ਦਿੱਤਾ, ਉਹਨਾਂ ਨੂੰ ਆਪ ਉਹਨਾਂ ਨੇ ਵਸਦੇ ਰਹਿਣ ਦੀ ਅਸੀਸ ਦਿੱਤੀ ਅਤੇ ਜਿਹਨਾ ਨੇ ਆਪ ਦਾ ਸਤਿਕਾਰ ਕੀਤਾ ਉਹਨਾਂ ਨੂੰ ਉਜੜ ਜਾਣ ਦੀ ਅਸੀਸ ਕੀਤੀ। ਆਪ ਨੇ ਫਰਮਾਇਆ ਕਿ ਇਹ ਉਜੜ ਕੇ ਜਿਥੇ ਵੀ ਜਾਣਗੇ, ਨੇਕੀ ਤੇ ਭਲਾਈ ਹੀ ਵਰਤਾਉਣਗੇ ਤੇ ਉਹ ਜਿਥੇ ਵੀ ਜਾਣਗੇ, ਭੈੜ ਹੀ ਖਲਾਰਨਗੇ। ਇਸ ਵਾਸਤੇ ਉਹਨਾਂ ਨੂੰ ਵੱਸਣ ਤੇ ਇਹਨਾਂ ਨੂੰ ਉਜੜਨ ਦਾ ਹੁਕਮ ਦਿੱਤਾ ਹੈ।
ਕੰਗਣ ਪੁਰ ਅੱਜ ਵੀ ਵਸ ਰਿਹਾ ਹੈ। ਇਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਇਸ ਦੇ ਪੁਜਾਰੀ ਨਾਮਧਾਰੀ ਸਿੰਘ ਸਨ। ਇਥੋਂ ਦੇ ਲੋਕਾਂ ਵਿੱਚ ਮਸ਼ਹੂਰ ਹੈ ਕਿ ਉਹ ਲੋਕ ਜਿਹਨਾਂ ਨੇ ਬਾਬੇ ਨੂੰ ਰੋੜੇ ਮਾਰੇ, ਉਹਨਾਂ ਦੀ ਵੰਸ਼ ਦੇ ਲੋਕਾਂ ਨੂੰ ਗਿੱਲੜ ਦੀ ਬੀਮਾਰੀ ਹੋ ਜਾਂਦੀ ਹੈ। ਪੂਰੇ ਪੰਜਾਬ ਵਿੱਚ ਇਹ ਹੀ ਇਕ ਇਲਾਕਾ ਹੈ ਜਿਥੇ ਲੋਕਾਂ ਨੂੰ ਇਹ ਬੀਮਾਰੀ ਹੁੰਦੀ ਹੈ।
28. Gurdwara Chhota Nankiana, Hujra Shah Mukeem, Okara
ਗੁਰਦੁਆਰਾ ਛੋਟਾ ਨਾਨਕਿਆਣਾ, ਹੁਜਰਾ ਸ਼ਾਹ ਮੁਕੀਮ, ਓਕਾੜਾ
ਇਹ ਪਾਵਨ ਅਸਥਾਨ ਹੁਜਰਾ ਸ਼ਾਹ ਮੁਕੀਮ ਸ਼ਹਿਰ ਤੋਂ ਇਕ ਕਿਲੋਮੀਟਰ ਦੀ ਵਿੱਥ ਤੇ ਬੋਘਾ ਅਵਾਨ ਜਾਣ ਵਾਲੀ ਸੜਕ ਉਤੇ ਹੈ। ਗੁਰੂ ਨਾਨਕ ਮਾਣਕ ਦੇਕੇ ਤੋਂ ਚਲ ਕੇ ਇਥੇ ਬਿਰਾਜੇ। ਕਦੇ ਇਥੇ ਬਹੁਤ ਖੂਬਸੂਰਤ ਗੁਰ ਅਸਥਾਨ ਸੀ, ਹੁਣ ਇਸ ਥਾਂ ਕੇਵਲ ਖੇਤ ਹਨ। ਲੋਕ ਅੱਜ ਵੀ ਇਸ ਥਾਂ ਨੂੰ ਛੋਟਾ ਨਾਨਕਿਆਣਾ ਕਰਕੇ ਜਾਣਦੇ ਹਨ। ਹੁਣ ਯਾਦਗਾਰ ਵਿੱਚੋਂ ਇਕ ਬੋਹੜ ਅਤੇ ਇਕ ਖੂਹ ਹੈ।
29. Gurdwara Nanaksar, Pak Patan,
ਗੁਰਦੁਆਰਾ ਨਾਨਕਸਰ, ਪਾਕਪਤਨ ਸ਼ਹਿਰ
ਸਤਿਗੁਰੂ ਨਾਨਕ ਜੀ ਨਾਲ ਸਬੰਧਤ ਇਹ ਪਾਵਨ ਅਸਥਾਨ ਪੁਰਾਣੇ ਸ਼ਹਿਰ ਪਾਕਪਤਨ ਤੋਂ ਬਾਹਰ ਦੀ ਅਬਾਦੀ ਵਿੱਚ ਹੈ। ਇਸ ਅਬਾਦੀ ਨੂੰ ਸਮਾਧੀਆਂ ਕਰਕੇ ਯਾਦ ਕੀਤਾ ਜਾਂਦਾ ਸੀ। ਇਥੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਬਿਰਾਜਣ ਅਸਥਾਨ ਸੀ, ਜਿਹਦੇ ਪੁਜਾਰੀ ਉਦਾਸੀ ਸਾਧੂ ਸਨ। ਇਸ ਅਸਥਾਨ ਦੇ ਆਸ ਪਾਸ ਸਾਧੂਆਂ ਦੀਆਂ ਅਣਗਿਣਤ ਸਮਾਧਾਂ ਸਨ, ਇਸ ਕਰਕੇ ਇਹ ਅਸਥਾਨ ਸਮਾਧਾਂ ਕਰਕੇ ਪ੍ਰਸਿੱਧ ਹੋ ਗਿਆ। ਗੁਰਦੁਆਰਾ ਸਾਹਿਬ ਤੇ ਸਮਾਧਾਂ ਅਲੋਪ ਹੋ ਚੁਕੀਆਂ ਹਨ। ਇਸ ਥਾਂ ਹੁਣ ਬਾਬਾ ਫਰੀਦ ਗੰਜ ਸ਼ੱਕਰ ਕਾਲਜ ਹੈ। ਇਸ ਕਾਲਜ ਦੀ ਅਜੋਕੀ ਇਮਾਰਤ ਬਨਣ ਤੋਂ ਪਹਿਲਾਂ ਇਹ ਕਾਲਜ ਗੁਰਦੁਆਰਾ ਸਾਹਿਬ ਦੀ ਇਮਾਰਤ ਅੰਦਰ ਸੀ ਇਸ ਇਮਾਰਤ ਨੂੰ ਡੇਗ ਕੇ ਹੁਣ ਕਾਲਜ ਦੀ ਨਵੀਂ ਇਮਾਰਤ ਉਸਾਰੀ ਗਈ ਹੈ। ਗੁਰਦੁਆਰਾ ਸਾਹਿਬ ਦਾ ਸਰੋਵਰ ਯਾਦਗਾਰ ਵਜੋਂ ਸੰਭਾਲ ਲਿਆ ਗਿਆ ਹੈ।
30. Gurdwara Chhota Nankiana, Dipalpur, Distt Okara
ਗੁਰਦੁਆਰਾ ਛੋਟਾ ਨਾਨਕਿਆਣਾ ਦੀਪਾਲਪੁਰ, ਜਿਲਾ ਉਕਾੜਾ
ਦੀਪਾਲਪੁਰ ਇਕ ਬਹੁਤ ਹੀ ਇਤਿਹਾਸਕ ਨਗਰ ਹੈ। ਇਹ ਕਦੇ ਪੰਜਾਬ ਦੀ ਰਾਜਧਾਨੀ ਰਿਹਾ ਹੈ। ਸ਼ਹਿਰ ਤੋਂ ਦੱਖਣ-ਪੂਰਬ ਨੂੰ ਬਾਹਰਵਾਰ ਸਤਿਗੁਰੂ ਨਾਨਕ ਦੇਵ ਜੀ ਦਾ ਪਾਵਨ ਅਸਥਾਨ ਛੋਟਾ ਨਾਨਕਿਆਣਾ ਆਪਣੀਆਂ ਸ਼ਾਨਾ ਵਿਖਾ ਰਿਹਾ ਹੈ। ਸਤਿਗੁਰੂ ਜੀ ਨੇ ਇਥੇ ਆ ਕੇ ਇਕ ਸੁੱਕੇ ਪਿੱਪਲ ਹੇਠ ਡੇਰਾ ਕੀਤਾ ਜੋ ਕਿ ਹਰਾ ਹੋ ਗਿਆ। ਇਹ ਪਿੱਪਲ ਅੱਜ ਵੀ ਮੌਜੂਦ ਹੈ। ਇਥੇ ਹੀ ਆਪ ਜੀ ਨੇ ਇਕ ਨੂਰੀ (ਨੌਰੰਗਾ) ਨਾਮੀ ਕੋਹੜੀ ਨੂੰ ਆਰੋਗ ਕੀਤਾ। ਉਹਦੀ ਕਬਰ ਗੁਰਦੁਆਰਾ ਸਾਹਿਬ ਦੇ ਪਿਛਵਾੜੇ ਹੈ। ਪੁਜਾਰੀ ਬੇਦੀ ਸਿੰਘ ਹੁੰਦੇ ਹਨ। ਇਸੇ ਹੀ ਸ਼ਹਿਰ ਅੰਦਰ ਭਾਈ ਨੱਥੂ ਰਾਮ ਦੀ ਸੰਤਾਨ ਵਿੱਚੋਂ ਭਾਈ ਹਜੂਰੀ ਸਿੰਘ ਸਹਿਜਧਾਰੀ ਦੇ ਘਰ ਗੁਰੂ ਹਰਿਰਾਏ ਜੀ ਦੀ ਬਖਸ਼ਿਸ਼ ਕੀਤੀ ਗਈ ਮੰਜੀ ਸੀ ਜੋ ਪੌਣੇ ਛੇ ਫੁੱਟ ਲੰਮੀ ਅਤੇ ਤਿੰਨ ਫੁੱਟ ਚੋੜੀ ਤੇ ਸਵਾ ਫੁੱਟ ਉਚੀ ਹੈ। ਚਿੱਟੇ ਤੇ ਲਾਲ ਸੂਤਰ ਨਾਲ ਇਹ ਬੁਣੀ ਹੋਈ ਸੀ। ਇਸ ਦੇ ਰੰਗੀਨ ਪਾਵੇ ਤੇ ਲੱਕੜੀ ਕਾਲੀ ਸੀ। ਇਕ ਵੇਲਦਾਰ ਚਿਤਰੀ ਹੋਈ ਲੱਕੜ ਦੀ ਅਲਮਾਰੀ ਸੀ। ਇਸ ਅਲਮਾਰੀ ਬਾਰੇ ਆਖਿਆ ਜਾਂਦਾ ਸੀ ਕਿ ਇਹ ਅਲਮਾਰੀ ਦਸਮ ਪਿਤਾ ਜੀ ਨੇ ਗੁਰੂ ਗਰੰਥ ਸਾਹਿਬ ਜੀ ਸਣੇ ਭਾਈ ਨੱਥੂ ਜੀ ਨੂੰ ਬਖਸ਼ੀ ਸੀ। ਹੁਣ ਇਹ ਸਭ ਕੁਝ ਯਾਦਾਂ ਤੇ ਪੁਸਤਕਾਂ ਦੇ ਪੰਨਿਆਂ ਉਤੇ ਹੀ ਰਹਿ ਗਿਆ ਹੈ।
31. Gurdwara Tibba Nanaksar, Pak Patan
ਗੁਰਦੁਆਰਾ ਟਿੱਬਾ ਨਾਨਕਸਰ, ਪਾਕਪਤਨ
ਨਾਨਕਸਰ ਨਾਮੀ ਇਹ ਪਾਵਨ ਅਸਥਾਨ ਪਾਕਪਤਲ ਸ਼ਹਿਰ ਤੋਂ ਕੋਈ ਛੇ ਕਿਲੋਮੀਟਰ ਦੂਰ ਰੇਲਵੇ ਲਾਈਨ ਦੇ ਨੇੜੇ ਹੀ ਹੈ। ਇਹ ਉਹ ਅਸਥਾਨ ਹੈ ਜਿਥੋਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹਜਰਤ ਬਾਬਾ ਇਬਰਾਹਿਮ ਫਰੀਦ ਸਾਨੀ ਤੋਂ ਬਾਬਾ ਫਰੀਦ ਜੀ ਦੇ ਸਲੋਕ ਇਕੱਤਰ ਕੀਤੇ ਜਿਹਨਾ ਨੂੰ ਬਾਅਦ ਵਿੱਚ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰੂ ਗਰੰਥ ਸਾਹਿਬ ਵਿਚ ਦਰਜ ਕੀਤਾ।
ਇਹ ਅਸਥਾਨ ਇਕ ਟਿੱਬੀ ਉਤੇ ਹੈ। ਦੋ ਮੰਜਲਾ ਗੁੰਬਦਦਾਰ ਸੁੰਦਰ ਇਮਾਰਤ ਬਣੀ ਹੋਈ ਹੈ। ਇਸ ਦੇ ਅਹਾਤੇ ਵਿੱਚ ਹੀ ਬਾਬਾ ਫਰੀਦ ਜੀ ਦੀ ਵੰਸ਼ ਵਿਚੋਂ ਇਕ ਦਰਵੇਸ਼ ਬਾਬਾ ਫਤਿਹਉੱਲਾ ਸ਼ਾਹ ਨੂਰੀ ਚਿਸ਼ਤੀ ਦਾ ਮਜਾਰ ਅਤੇ ਉਹਨਾ ਦੀ ਮਸੀਤ ਹੈ। ਸੇਵਾਦਾਰ ਮੁਸਲਮਾਨ ਹਨ। ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਹਾਲਤ ਕਾਫੀ ਮੰਦੀ ਹੈ। ਮੁਰੰਮਤ ਦੀ ਸਖਤ ਲੋੜ ਹੈ। ਪੰਜਾਬੀ ਸਾਹਿਤ ਦੇ ਇਤਿਹਾਸ ਅੰਦਰ ਇਸ ਥਾਂ ਦੀ ਬਹੁਤ ਮਹੱਤਤਾ ਹੈ, ਇਸ ਵਾਸਤੇ ਇਸ ਨੂੰ ਸੰਭਾਲਣਾ ਬਹੁਤ ਜਰੂਰੀ ਹੈ।
32. Gurdwara Nanaksar, Tibba Abhor, Pak Patan
ਗੁਰਦੁਆਰਾ ਨਾਨਕਸਰ, ਟਿੱਬਾ ਅਭੋਰ, ਪਾਕਪਤਨ
ਸਤਿਗੁਰੂ ਨਾਨਕ ਜੀ ਦਾ ਇਹ ਪਾਵਨ ਅਸਥਾਨ ਪਾਕਪਤਨ - ਆਰਿਫਵਾਲਾ ਰੋਡ ਉਤੇ ਟਿੱਬਾ ਅਭੋਰ ਉਤੇ ਹੈ। ਇਸ ਪਿੰਡ ਨੂੰ ਜਾਣ ਵਾਸਤੇ ਪਾਕਪਤਨ ਤੋਂ ਕੋਈ 30 ਕਿਲੋਮੀਟਰ ਦੀ ਵਿੱਧ ਉਤੇ ਰੰਗ ਸ਼ਾਹ ਨਾਮੀ ਸਟਾਪ ਤੇ ਉਤਰ ਕੇ ਟਾਗੇ ਤੇ ਬਹਿ ਕੇ ਜਾਇਆ ਜਾ ਸਕਦਾ ਹੈ। ਇਸ ਪਿੰਡ ਦਾ ਪੂਰਾ ਨਾਮ ਵਨ ਓਭ ਟਿੱਬਾ ਅਭੋਰ ਹੈ। ਇਹ ਪਾਵਨ ਅਸਥਾਨ ਬਹੁਤ ਹੀ ਸੁੰਦਰ ਤੇ ਵਿਸ਼ਾਲ ਬਣਿਆ ਹੋਇਆ ਹੈ। ਗੁਰਦੁਆਰਾ ਸਾਹਿਬ ਤੋਂ ਬਾਹਰ ਇਕ ਸੁੰਦਰ ਸਰੋਵਰ ਕੋਲ ਬਹੁਤ ਸਾਰੇ ਕਮਰੇ, ਲੰਗਰ ਹਾਲ, ਖੂਹ ਟਿੰਡਾ ਵਾਲਾ, ਇਕ ਬਾਉਲੀ, ਇਹ ਸਭ ਸ਼ੈਆ ਇਸ ਪਾਵਨ ਅਸਥਾਨ ਦੀ ਇਮਾਰਤੀ ਸ਼ਾਨ ਵਿੱਚ ਵਾਧਾ ਕਰਦੀਆਂ ਹਨ। ਇਸ ਵੇਲੇ ਇਸ ਗੁਰਦੁਆਰੇ ਦੇ ਰਿਹਾਇਸੀ ਕਮਰਿਆਂ ਵਿੱਚ ਬਹੁਤ ਸਾਰੇ ਸ਼ਰਨਾਰਥੀ ਪਰਿਵਾਰ ਅਬਾਦ ਹਨ।
33. Gurdwara Nanaksar, Harappa
ਗੁਰਦੁਆਰਾ ਨਾਨਕਸਰ ਹੜੱਪਾ
ਹੜੱਪਾ ਜਿਲਾ ਸਾਹੀਵਾਲ (ਮਿੰਟਗੁਮਰੀ) ਸ਼ਹਿਰ ਹਜਰਤ ਈਸਾ ਤੋਂ ਵੀ ਕਈ ਹਜਾਰ ਸਾਲ ਪਹਿਲਾ ਅਬਾਦ ਸੀ। ਫਿਰ ਕਿਸੇ ਰੱਬੀ ਆਫਤ ਜਾ ਬਾਹਰੀ ਹੱਲਿਆ ਕਾਰਨ ਥੇਹ ਹੋ ਗਿਆ। ਇਥੋ ਸੋਨੇ ਚਾਂਦੀ ਦੀਆਂ ਅਨੇਕ ਵਸਤਾਂ ਤੋਂ ਇਲਾਵਾ ਲਿਖਤੀ ਮੁਹਰਾਂ ਵੀ ਮਿਲੀਆਂ ਹਨ, ਜੋ ਪੜ੍ਹੀਆਂ ਨਹੀਂ ਜਾ ਸਕੀਆਂ। ਇਹਨਾਂ ਤੋਂ ਸਿੱਧ ਹੁੰਦਾ ਹੈ ਕਿ ਹਜਾਰ ਵਰ੍ਹੇ ਪਹਿਲਾਂ ਵੀ ਇਸ ਧਰਤੀ ਦੇ ਵਸਨੀਕ ਲਿਖਣਾ ਪੜ੍ਹਨਾ ਜਾਣਦੇ ਸਨ। ਇਸ ਥੇਹ ਤੋਂ ਦੱਖਣ ਵੱਲ ਕੋਈ ਸਵਾ ਕਿਲੋਮੀਟਰ ਦੀ ਵਿੱਥ ਉਤੇ# ਰੁੱਖਾਂ ਦੇ ਸੰਘਣੇ ਝੁੰਡ ਅੰਦਰ ਸਤਿਗੁਰੂ ਨਾਨਕ ਦੇਵ ਜੀ ਦਾ ਪਵਿੱਤਰ ਅਸਥਾਨ ''ਨਾਨਕਸਰ'' ਆਪਣੀਆਂ ਸ਼ਾਨਾ ਵਿਖਾ ਰਿਹਾ ਹੈ। ਇਮਾਰਤ ਬਹੁਤ ਸੁੰਦਰ ਅਤੇ ਆਲੀਸ਼ਾਨ ਹੈ। ਪ੍ਰਕਾਸ਼ ਅਸਥਾਨ ਦੇ ਨੇੜੇ ਹੀ ਇਕ ਵਿਸ਼ਾਲ ਸਰੋਵਰ ਹੈ। ਇਸ ਵੇਲੇ ਇਹ ਪਾਵਨ ਅਸਥਾਨ ਗੌਰਮਿੰਟ ਕਾਲਜ ਹੜੱਪਾ ਦੀ ਇਮਾਰਤ ਕਰਕੇ ਜਾਣਿਆ ਜਾਂਦਾ ਹੈ।
34. Gurdwara Makhdoompur Pahora, (Sajjan Thug wala)
ਗੁਰਦੁਆਰਾ ਮਖਦੂਮਪੁਰ ਪਹੋੜਾ (ਸਜਣ ਠੱਗ ਵਾਲਾ)
ਇਹ ਪਾਵਨ ਅਸਥਾਨ ਕਬੀਰਵਾਲਾ ਅਤੇ ਖਾਨੇਵਾਲ ਵਿਚਾਲੇ ਹੈ। ਮਖਦੂਮਪੁਰ ਪਹੋੜਾ ਮੁਲਤਾਨ ਤੋਂ ਦਿੱਲੀ ਜਾਣ ਵਾਲੀ ਸ਼ੇਰ ਸ਼ਾਹ ਸੂਰੀ ਦੀ ਬਣਾਈ ਸੜਕ ਉਤੇ ਆਬਾਦ ਇਕ ਬਹੁਤ ਪ੍ਰਸਿੱਧ ਕਸਬਾ ਹੈ। ਇਸ ਕਸਬੇ ਤੋਂ ਥੋੜਾ ਦੂਰ ਤੁਲੰਬਾ ਹੈ।
ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਪਾਕਪਤਨ ਤੋਂ ਉਠ ਤੁਲੰਬੇ ਨੇੜੇ ਇਸ ਥਾਂ ਪੁੱਜੇ, ਜਿੱਥੇ ਪਾਧੀਆਂ ਦੇ ਠਹਿਰਣ ਵਾਸਤੇ ਸੱਜਣ ਅਤੇ ਕੱਜਣ ਦੋ ਚਾਚੇ ਭਤੀਜੇ ਨੇ ਸਰਾਂ ਦੇ ਨਾਂ ਉਤੇ ਮੱਕਾਰੀ ਦਾ ਜਾਲ ਖਲਾਰਿਆ ਹੋਇਆ ਸੀ। ਉਹ ਮੁਸਾਫਰਾਂ ਦਾ ਧਨ ਉਹਨਾਂ ਦੇ ਪ੍ਰਾਣਾ ਸਮੇਤ ਲੈਂਦਾ। ਉਸ ਨੇ ਸਤਿਗੁਰੂ ਨਾਨਕ ਦੇਵ ਜੀ ਨੂੰ ਵੀ ਫਸਾਉਣ ਦਾ ਚਾਰਾ ਕੀਤਾ ਪਰ ਅਸਫਲ ਰਿਹਾ। ਇਥੇ ਸਤਿਗੁਰੂ ਨਾਨਕ ਦੇਵ ਜੀ ਨੇ ਜੋ ਸ਼ਬਦ ਉਚਾਰਿਆ, ਉਹ ਇਹ ਸੀ:
ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸ॥ਧੋਤਿਆ ਜੂਠਿ ਨ ਉਤਰੈ ਜੇ ਸਉ ਘੋਵਾ ਤਿਸ॥ (ਸੂਹੀ ਮ: 1, ਪੰਨਾ 729)
ਇਹ ਸ਼ਬਦ ਸੁਣ ਕੇ ਸੱਜਣ ਠੱਗ ਤੋਂ ਗੁਰ ਸੱਜਣ ਹੋ ਨਿੱਬੜਿਆ। ਇਸ ਘਟਨਾ ਦੀ ਯਾਦ ਵਿੱਚ ਸੱਜਣ ਦੀ ਸਰ੍ਹਾਂ ਨੂੰ ਗੁਰਦੁਆਰੇ ਦਾ ਰੂਪ ਦੇ ਦਿੱਤਾ ਗਿਆ। ਇਹ ਅਸਥਾਨ ਬਹੁਤ ਸੁੰਦਰ ਬਣਿਆ ਹੋਇਆ ਹੈ। ਕੋਈ ਦੋ ਘੁਮਾ ਵਿੱਚ ਇਸ ਦੀ ਚਾਰ ਦੀਵਾਰੀ ਹੈ। ਇਸ ਦੇ ਪੱਛਮ ਵੱਲ ਵਿਸ਼ਾਲ ਸਰੋਵਰ ਸੀ, ਜੋ ਹੁਣ ਪੂਰ ਦਿੱਤਾ ਗਿਆ ਹੈ। ਸੰਗਤ ਦੇ ਠਹਿਰਨ ਵਾਸਤੇ ਚਾਰ ਦੀਵਾਰੀ ਦੇ ਨਾਲ ਨਾਲ ਕਮਰੇ ਬਣੇ # ਹੋਏ ਹਨ। ਹਰ ਪਾਸੇ ਹਰੇ ਭਰੇ ਰੁੱਖ, ਫੁਲਦਾਰ ਵੇਲਾ, ਗੁਲਾਬ, ਚੰਬੇਲੀ, ਰਵੇਲ ਤੇ ਹੋਰ ਅਨੇਕਾਂ ਪ੍ਰਕਾਰ ਦੇ ਫੁੱਲ ਆਪਣੀ ਬਹਾਰ ਦਿਖਾਉਂਦੇ ਹਨ। ਇਸ ਸਮੇਂ ਇਸ ਇਮਾਰਤ ਅੰਦਰ ਗੌਰਮਿੰਟ ਹਾਇਰ ਸੈਕੰਡਰੀ ਸਕੂਲ ਹੈ ਜੋ ਬੇਨੂਰਿਆ ਨੂੰ ਨੂਰ ਵਰਤਾ ਰਿਹਾ ਹੈ।
ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦਾ ਸਿੱਖ ਭਾਈ ਜੋਧ ਵੀ ਇਸੇ ਪਿੰਡ ਦਾ ਵਾਸੀ ਸੀ।
35. Gurdwara Pehli Patshahi Chawali Masaikh, Burewala
ਗੁਰਦੁਆਰਾ ਪਹਿਲੀ ਪਾਤਸ਼ਾਹੀ ਚਾਵਲੀ ਮਸਾਇਖ, ਬੂਰੇਵਾਲਾ
ਇਹ ਪਾਵਨ ਅਸਥਾਨ ਜਿਲਾ ਵਿਹਾੜੀ ਦੀ ਤਹਿਸੀਲ ਬੂਰੇਵਾਲਾ ਤੋ ਸਾਹੋਕੀ ਜਾਣ ਵਾਲੀ ਸੜਕ ਉਤੇ ਚੱਕ ਨੰ ਓਭ-317, ਜਿਹਨੂੰ ਚੱਕ ਦੀਵਾਨ ਸਾਹਿਬ ਚਾਵਲੀ ਮਸ਼ਾਇਖ ਜਾ ਚੱਕ ਹਾਜੀ ਸ਼ੇਰ ਵੀ ਆਖਿਆ ਜਾਂਦਾ ਹੈ, ਵਿੱਚ ਹੈ। ਇਸ ਥਾਂ ਦੀਵਾਨ ਹਾਜੀ ਸ਼ੇਰ ਮੁਹੰਮਦ ਜੀ ਹੋਰਾਂ ਦਾ ਮਜਾਰ ਹੈ। ਇਹਨਾਂ ਦਾ ਨਾਂ ਪਹਿਲਾਂ 'ਮਹਾਂ ਚਾਵਰ' ਸੀ ਤੇ ਇਹ ਚੂਣੀਆਂ ਦੇ ਰਾਜੇ ਮਹੀਪਾਲ ਤੇ ਰਾਣੀ ਚੂਣੀਆਂ ਦੇ ਪੁੱਤਰ ਸਨ। ਇਹਨਾਂ ਦੀ ਭੈਣ ਦਾ ਨਾਂ ''ਕੰਗਣ ਬਰਸ'' ਸੀ, ਜਿਹਦੇ ਨਾ ਉਤੇ ਜਿਲਾ ਕਸੂਰ ਅੰਦਰ ਪ੍ਰਸਿੱਧ ਕਸਬਾ ਕੰਗਣ ਪੁਰ ਅੱਜ ਵੀ ਆਬਾਦ ਹੈ। 730 ਈ ਦੇ ਨੇੜੇ ਤੇੜੇ ਇਹਨਾਂ ਇਸ ਦੁਨਿਆਂ ਤੋਂ ਪਰਦਾ ਕੀਤਾ। ਇਹਨਾਂ ਦੇ ਮਿਜਾਰ ਤੋਂ ਕੋਈ ਅੱਧਾ ਕਿਲੋਮੀਟਰ ਅੱਗੇ ਆਬਾਦੀ ਵਿੱਚ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਿਰਾਜਣ ਅਸਥਾਨ ਉਤੇ ਸੁੰਦਰ ਦਰਬਾਰ ਬਣਿਆ ਹੋਇਆ ਹੈ। ਇਸ ਅਸਥਾਨ ਨੂੰ ਸਾਧਾਰਨ ਲੋਕ ਅੱਜ ਵੀ 'ਤਪ ਅਸਥਾਨ ਗੁਰੂ ਨਾਨਕ' ਕਹਿ ਕੇ ਯਾਦ ਕਰਦੇ ਹਨ।
36. Gurdwara Thara Sahib, Uch Sharif, Distt. Bahawalpur
ਗੁਰਦੁਆਰਾ ਥੜਾ ਸਾਹਿਬ, ਉਚ ਸ਼ਰੀਫ, ਜਿਲਾ ਬਹਾਵਲਪੁਰ
ਉੱਚ ਸ਼ਰੀਫ ਇਕ ਬਹੁਤ ਮਸ਼ਹੂਰ ਸ਼ਹਿਰ ਹੈ। ਇਸ ਦਾ ਜਿਲਾ ਬਹਾਵਲਪੁਰ ਤੋਂ ਤਹਿਸੀਲ ਅਹਿਮਦਪੁਰ ਸ਼ਰਕੀਆ ਹੈ। ਇਸ ਸ਼ਹਿਰ ਤੋਂ ਬਾਹਰ ਪੱਛਮ ਦੀ ਬਾਹੀ ਕੋਈ ਇੱਕ ਕਿਲੋਮੀਟਰ ਦੀ ਵਿੱਥ, ਹਜਰਤ ਪੀਰ ਜਲਾਲੁਦੀਨ ਬੁਖਾਰੀ ਜੀ ਦਾ ਮਜਾਰ ਹੈ। ਇਹ ਮਿਜਾਰ ਇੱਕ ਟਿੱਬੇ ਉੱਤੇ ਹੈ। ਜਨੂਬ ਉੱਤਰ ਵਾਲੀ ਬਾਹੀ ਤੇ ਖੇਤਾਂ ਵਿਚ ਇੱਕ ਖੂਹ ਹੈ। ਜਿਸ ਨੂੰ ਸਤਿਗੁਰ ਨਾਨਕ ਦੇਵ ਜੀ ਦਾ ਖੂਹ ਜਾਂ ਆਮ ਕਰਕੇ ਕਰਾੜੀ ਦਾ ਖੂਹ ਕਿਹਾ ਜਾਂਦਾ ਹੈ।ਇੱਥੇ ਸਤਿਗੁਰੂ ਨਾਨਕ ਦੇਵ ਜੀ ਦੀਆਂ ਪੰਜ ਯਾਦਗਾਰਾਂ ਪੀਰਾਂ ਦੀ ਸੰਤਾਨ ਪਾਸ ਦੱਸੀਆ ਜਾਂਦੀਆਂ ਹਨ।(1) ਇੱਕ ਜੋੜਾ ਮਹਾਰਾਜ ਦੀਆਂ ਖੜਾਵਾਂ, (2) ਇੱਕ ਬੇਰਾਗਣ, ਜਿਸ ਉੱਤੇ ਹੱਥ ਰੱਖ ਕੇ ਆਰਾਮ ਕਰੀਦਾ ਹੈ,(3) ਪੱਥਰ ਦਾ ਇੱਕ ਗੁਰਜ, (4) ਦੋ ਪੱਥਰ ਦੇ ਕੜੇ, (5) ਇੱਕ ਬੇੜੀ ਜੋ ਡੇਢ ਫੁੱਟ ਲੰਬੀ ਤੇ ਇੱਕ ਫੁੱਟ ਚੌੜੀ ਹੈ। ਇੱਥੇ ਹੀ ਆਪ ਜੀ ਨੇ ਪੀਰਾਂ ਨਾਲ ਗੋਸ਼ਟੀ ਕੀਤੀ ਅਤੇ ਇੱਥੇ ਇਹ ਸ਼ਬਦ ਉਚਾਰਿਆ : ਦੁਨੀਆ ਕੈਸ ਮੁਕਾਮੈ (ਮ: 1 ਪੰਨਾ 64)
37. Gurdwara Thara Sahib, Multan
ਗੁਰਦੁਆਰਾ ਥੜਾ ਸਾਹਿਬ, ਮੁਲਤਾਨ
ਇਹ ਪਾਵਨ ਅਸਥਾਨ ਸ਼ਾਹ ਸ਼ਮਸ ਰੋਡ ਉੱਤੇ ਹਜਰਤ ਸ਼ਾਹ ਸ਼ਮਸ ਸਬਜਵਾਰੀ ਹੋਰਾਂ ਦੇ ਮਜਾਰ ਦੇ ਬਰਾਮਦੇ ਵਿੱਚ ਹੈ। ਸਤਿਗੁਰੂ ਜਦੋਂ ਮੁਲਤਾਨ ਆਏ ਤਾਂ ਸ਼ਹਿਰ ਤੋਂ ਬਾਹਰ ਹੀ ਆਪ ਜੀ ਨੇ ਮੁਕਾਮ ਕੀਤਾ। ਇੱਥੇ ਹੀ ਸ਼ਾਹ ਰੁਕਨੇ ਆਲਮ ਹੋਰਾਂ ਆਪ ਦੀ ਸੇਵਾ ਵਿੱਚ ਦੁੱਧ ਦਾ ਭਰਿਆ ਇੱਕ ਗਿਲਾਸ ਭੇਜਿਆ ਜਿਹਦਾ ਮਤਲਬ ਸੀ ਕਿ ਇੱਥੇ ਤਾਂ ਪਹਿਲੇ ਹੀ ਬੜੀ ਭੀੜ ਹੈ। ਸਤਿਗੁਰਾਂ ਨੇ ਉਸ ਦੁੱਧ ਦੇ ਪਿਆਲੇ ਵਿਚ ਫੁੱਲ ਦੀ ਇਕ ਪੱਤੀ ਰੱਖ ਕੇ ਮੋੜ ਦਿੱਤਾ, ਜਿਹਦਾ ਮਤਲਬ ਸੀ ਕਿ ਜਿਵੇਂ ਇਹ ਫੁੱਲ ਭਰੇ ਗਿਲਾਸ ਵਿਚ ਸਮਾ ਗਿਆ ਹੈ, ਬੱਸ ਇਸ ਤਰਾਂ ਅਸੀਂ ਵੀ ਥਾਂ ਬਣਾ ਲਵਾਂਗੇ। ਇੱਥੇ ਹੀ ਆਪ ਜੀ ਨੇ ਮੁਲਤਾਨ ਦੇ ਉਸ ਵੇਲੇ ਦੇ ਅਨੇਕਾਂ ਪੀਰਾਂ ਨਾਲ ਗੋਸ਼ਟੀ ਕੀਤੀ।
ਇਸ ਥਾਂ ਅੱਜ ਤੱਕ ਕੋਈ ਗੁਰਦੁਆਰਾ ਸਾਹਿਬ ਦੀ ਵੱਖਰੀ ਇਮਾਰਤ ਨਹੀਂ, ਇਸ ਮਜਾਰ ਦੇ ਬਰਾਂਡੇ ਵਿੱਚ ਹੀ ਥੜਾ ਸਾਹਿਬ ਹੈ। ਮਹਾਰਾਜਾ ਰਣਜੀਤ ਸਿੰਘ ਵੇਲੇ ਇਸ ਬਰਾਮਦੇ ਵਿਚ ਹੀ ਪ੍ਰਕਾਸ਼ ਹੁੰਦਾ ਰਿਹਾ। 1850 ਨੂੰ ਅੰਗਰੇਜਾਂ ਨੇ ਇਹ ਪ੍ਰਕਾਸ਼ ਬੰਦ ਕਰਵਾ ਦਿੱਤਾ। ਇਹ ਬਰਾਮਦਾ ਅੱਜ ਵੀ ਜਗਤ ਗੁਰੂ ਜੀ ਦੇ ਮੁਲਤਾਨ ਆਉਣ ਦੀ ਯਾਦਗਾਰ ਵਜੋਂ ਕਾਇਮ ਹੈ।
38. Gurdwara Pehli Patshahi, Shikarpur, Distt Sakhar
ਗੁਰਦੁਆਰਾ ਪਹਿਲੀ ਪਾਤਸ਼ਾਹੀ, ਸ਼ਿਕਾਰਪੁਰ, ਜਿਲਾ ਸੱਖਰ
ਸ਼ਿਕਾਰਪੁਰ ਜਿਲਾ ਸੱਖਰ ਦਾ ਇੱਕ ਬਹੁਤ ਵੱਡਾ ਨਗਰ ਹੈ। ਇਸ ਅੰਦਰ ਸਤਿਗੁਰੂ ਨਾਨਕ ਦੇਵ ਜੀ ਦਾ ਪਾਵਨ ਅਸਥਾਨ ਹੈ। ਇਸ ਅਸਥਾਨ ਨੂੰ ਸਿੰਧੀ ਵਿੱਚ 'ਪੂਜ ਉਦਾਸੀਅਨ ਸਮਾਧਾਂ ਆਸਰਮ' ਆਖਿਆ ਜਾਂਦਾ ਹੈ।
ਇਹ ਬਹੁਤ ਹੀ ਵੱਡਾ ਅਸਥਾਨ ਹੈ ਇਸ ਦੇ ਅੰਦਰ ਬੋਹੜ ਦਾ ਉਹ ਬ੍ਰਿਛ ਅੱਜ ਤੱਕ ਮੌਜੂਦ ਹੈ, ਜਿਸ ਥੱਲੇ ਜਗਤ ਗੁਰੂ ਨਾਨਕ ਦੇਵ ਜੀ ਬਿਰਾਜੇ। ਅਸਥਾਨ ਦੇ ਨਾਲ ਉਦਾਸੀਆਂ ਦੀਆਂ ਸਮਾਧੀਆਂ ਹਨ।
39. Gurdwara Pehli Patshahi, Jindpeer, Sakhar
ਗੁਰਦੁਆਰਾ ਪਹਿਲੀ ਪਾਤਿਸ਼ਾਹੀ, ਜਿੰਦ ਪੀਰ ਸੱਖਰ ਸੱਖਰ ਸਿੰਧ ਪ੍ਰਾਂਤ ਦਾ ਪ੍ਰਸਿੱਧ ਨਗਰ ਹੈ।
ਰੋਹੜੀ ਅਤੇ ਸੱਖਰ ਨੂੰ ਮਿਲਾਉਣ ਵਾਲਾ ਸਿੰਧ ਦਰਿਆ ਦਾ ਪੁਲ ਪਾਰ ਕਰਦਿਆਂ ਸੱਜੇ ਹੱਥ ਇਕ ਸੜਕ ਥੱਲੇ ਉਤਰਦੀ ਹੈ। ਇਹ ਸੜਕ ਦਰਿਆ ਅਤੇ ਪੁਲ ਦੇ ਨਾਲ ਨਾਲ ਘੁੰਮਦੀ ਹੋਈ ਗੁਰਦੁਆਰਾ ਜਿੰਦ ਪੀਰ ਤੇ ਅੱਪੜ ਜਾਂਦੀ ਹੈ। ਇਹ ਇਕ ਬਹੁਤ ਹੀ ਸੁੰਦਰ ਗੁਰਦੁਆਰਾ ਹੈ। ਇਥੇ ਗੁਰੂ ਨਾਨਕ ਦੇਵ ਜੀ ਆਪਣੀ ਤੀਸਰੀ ਉਦਾਸੀ ਸਮੇਂ ਬਿਰਾਜੇ ਸਨ। ਇੱਥੋਂ ਉੱਠ ਕੇ ਹੀ ਆਪ ਸਿੰਧ ਦਰਿਆ ਦੇ ਟਾਪੂ ਅੰਦਰ ਸਾਧੂਆਂ ਦੇ ਬੇਲੇ ਪੁੱਜੇ। ਝੂਲੇ ਲਾਲ ਨਾਮੀ ਉਦਾਸੀ ਸਾਧੂ ਇੱਥੋਂ ਦਾ ਪਹਿਲਾ ਪੁਜਾਰੀ ਸੀ। ਇਸ ਵੇਲੇ ਇਹ ਅਸਥਾਨ ਨਾਨਕ ਪੰਥੀ ਹਿੰਦੂਆਂ ਪਾਸ ਹੈ।
40. Gurdwara Sadhu Bela, Sakhar, Sind
ਗੁਰਦੁਆਰਾ ਸਾਧੂ ਬੇਲਾ (ਸੱਖਰ, ਸਿੰਧ)
ਇਹ ਪਾਵਨ ਅਸਥਾਨ ਰੇਹੜੀ ਅਤੇ ਸੱਖਰ ਸ਼ਹਿਰਾਂ ਵਿਚਾਲੇ ਵਗਣ ਵਾਲੇ ਸਿੰਧ ਦਰਿਆ ਦੇ ਟਾਪੂ ਵਿਚ ਹੈ। ਇਸ ਤੀਕ ਅਪੜਣ ਵਾਸਤੇ ਤੁਹਾਨੂੰ ਬੇੜੀ ਰਾਹੀਂ ਜਾਣਾ ਪੈਂਦਾ ਹੈ। ਬੇੜੀ ਇਸ ਅਸਥਾਨ ਦੇ ਮੁਖ ਦੁਆਰ ਜਾ ਲਗਦੀ ਹੈ। ਦਰਸ਼ਨੀ ਡਿਉੜੀ ਵਿਚ ਵੜਦਿਆਂ ਖੱਬੇ ਹੱਥ ਉੱਤੇ ਸੰਗ ਮਰਮਰ ਦੀ ਇਕ ਸੁੰਦਰ ਇਮਾਰਤ ਹੈ। ਇਹ ਹੀ ਉਹ ਪਾਵਨ ਅਸਥਾਨ ਹੈ ਜਿਥੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਵਿਰਾਜੇ ਸਨ। ਇਥੇ ਹੀ ਆਪ ਨੇ ਸਾਧਾਂ ਨੂੰ ਜਿੰਦਗੀ ਜੀਵਣ ਦਾ ਰਾਹ ਦਰਸਾਇਆ ਹੈ।
ਇਹ ਇਕ ਵਿਸ਼ਾਲ ਟਾਪੂ ਹੈ। ਇਸ ਅੰਦਰ ਸੰਗ ਮਰਮਰ ਦੀ ਇਹ ਮਨ ਮੋਹਣੀ ਇਮਾਰਤ ਜਿਹਨੂੰ ਧਰਮ ਮੰਦਰ ਆਖਿਆ ਜਾਂਦਾ ਹੈ, ਤੋਂ ਵੱਖ ਹੋਰ ਬਹੁਤ ਸਾਰੇ ਮੰਦਰ ਅਤੇ ਉਦਾਸੀ ਸਾਧੁਆਂ ਦੀਆਂ ਸਮਾਧਾਂ ਹਨ। ਗੁਰਦੁਆਰਾ ਸਾਹਿਬ ਤੋਂ ਕੋਈ ਅਧਾ ਕਿਲੋਮੀਟਰ ਅੱਗੇ ਇਹ ਲਾਇਬਰੇਰੀ ਹੈ। ਪਾਵਨ ਅਸਥਾਨ ਦੇ ਮੱਥੇ ਉੱਤੇ ਸ੍ਰੀ ਰਾਗ (ਮਹੱਲਾ ਪਹਿਲਾ ਘਰ ਪਹਿਲਾ) ਵਿੱਚ ਉਚਾਰਨ ਕੀਤਾ ਇਹ ਸ਼ਬਦ: ਮੋਤੀ ਤ ਮੰਦਰ ਊਸਰਹਿ ਰਤਨੀ ਤ ਹੋਹਿ ਜੜਾਉ ॥ ਕਸਤੂਰਿ ਕੁੰਗੂ ਅਗਰਿ ਚੰਦਨਿ ਲੀਪਿ ਆਵੈ ਚਾਉ ॥ ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥ (ਪੰਨਾ 14 ਗੁਰੂ ਗ੍ਰੰਥ ਸਾਹਿਬ) ਕ ਇਹ ਸ਼ਬਦ ਇਥੇ ਉਚਾਰਿਆ ਗਿਆ।
41. Gurdwara Pehli Patshahi, Karachi ਗੁਰਦੁਆਰਾ ਪਹਿਲੀ ਪਾਤਿਸ਼ਾਹੀ, ਕਰਾਚੀ
ਸ੍ਰੀ ਗੁਰੂ ਨਾਨਕ ਦੇਵ ਜੀ ਜਦ ਕਰਾਚੀ ਤਸ਼ਰੀਫ ਲਿਆਏ ਤਦ ਸਭ ਤੋਂ ਪਹਿਲਾਂ ਇੱਥੇ ਹੀ ਬਿਰਾਜੇ। ਇੱਥੋਂ ਉਠ ਕੇ ਹੀ ਗੁਰੂ ਸਾਹਿਬ ਸਮੁੰਦਰ ਦੀ ਦੇਵੀ ਦੀ ਗੁਫਾ ਵਿੱਚ ਗਏ ਜਿਥੋਂ ਜੋਤ ਲੈ ਕੇ ਲੋਕਾਂ ਨੇ ਸ਼ਹਿਰ ਅੰਦਰ ਗੁਰਮੰਦਿਰ ਬਣਵਾਇਆ। ਹੁਣ ਕਰਾਚੀ ਅੰਦਰ ਗੁਰਮੰਦਿਰ ਇੱਕ ਬਹੁਤ ਵੱਡੇ ਇਲਾਕੇ ਦਾ ਨਾਂ ਵੀ ਹੈ।
42. Gurdwara Pehli Patshahi, Mirpur Khas
ਗੁਰਦੁਆਰਾ ਪਹਿਲੀ ਪਾਤਿਸ਼ਾਹੀ, ਮੀਰਪੁਰ ਖਾਸ
ਮੀਰਪੁਰ ਖਾਸ, ਸਿੰਧ ਪ੍ਰਾਂਤ ਦਾ ਮਸ਼ਹੂਰ ਸ਼ਹਿਰ ਹੈ ਇਨੂੰ ਵੀ ਗੁਰੂ ਨਾਨਕ ਜੀ ਨੇ ਆਪਣੇ ਪਾਵਨ ਚਰਨਾ ਦੀ ਛੋਹ ਬਖਸ਼ੀ।
43. Gurdwara Pehli Patshahi, Cliffton,Karachi
ਗੁਰਦੁਆਰਾ ਪਹਿਲੀ ਪਾਤਿਸ਼ਾਹੀ, ਕਲਿਫਟਨ, ਕਰਾਚੀ
ਇਹ ਪਾਵਨ ਅਸਥਾਨ ਸਮੁੰਦਰ ਕਿਨਾਰੇ ਬਣੀ ਸੈਰਗਾਹ ਕਲਿਫਟਨ ਤੇ ਹੈ। ਜਗਤ ਗੁਰੂ ਨਾਨਕ ਦੇਵ ਜੀ ਦੇ ਚਰਨ ਪਾਉਣ ਤੋਂ ਪਹਿਲਾਂ ਇੱਥੇ ਸਮੁੰਦਰ ਦੀ ਦੇਵੀ ਦਾ ਮੰਦਰ ਸੀ। ਸਮੁੰਦਰੀ ਜਹਾਜ ਭੇਟਾਂ ਕਰਕੇ ਲੰਘਦੇ ਸਨ।
ਇਕ ਦੀਵਾ ਜਗਦਾ ਰਹਿੰਦਾ ਹੈ ਜਿਹਨੂੰ ਗੁਰ ਜੋਤੀ ਆਖਿਆ ਜਾਂਦਾ ਹੈ। ਗੁਰਦੁਆਰੇ ਦੀ ਇਮਾਰਤ ਖੂਬਸੂਰਤ ਸੰਗਮਰਮਰ ਦੀ ਬਣੀ ਹੋਈ ਹੈ। 14 ਪੋੜੀਆਂ ਉਤਰਨ ਮਗਰੋਂ ਇੱਕ ਵੇਹੜਾ ਆਉਂਦਾ ਹੈ। ਇਸ ਵਿਹੜੇ ਤੋਂ ਥੱਲੇ ਫਿਰ 6 ਪੌੜੀਆਂ ਉਤਰਦੀਆਂ ਹਨ। ਇਸ ਤੋਂ ਅੱਗੇ ਇਕ ਹਾਲ ਕਮਰਾ ਹੈ। ਇਸ ਹਾਲ ਕਮਰੇ ਦੇ ਅਖੀਰ ਵਿੱਚ ਗੁਫਾ ਦਾ ਉਹ ਭਾਗ ਹੈ, ਜਿਥੇ ਸਤਿਗੁਰੂ ਜੀ ਨੇ ਬੈਠ ਕੇ ਤਪ ਕੀਤਾ ਸੀ।
ਪੁਜਾਰੀ ਨਾਨਕ ਪੰਥੀ ਹਿੰਦੂ ਹਨ।
44. Gurdwara Pehli Patshahi Kalat
ਗੁਰਦੁਆਰਾ ਪਹਿਲੀ ਪਾਤਿਸ਼ਾਹੀ, ਕਲਾਤ
ਕਲਾਤ ਕੋਇਟਾ ਤੋਂ ਕਰਾਚੀ ਜਾਣ ਵਾਲੀ ਸੜਕ ਉਤੇ ਕੋਇਟਾ ਤੋਂ 124 ਕਿਲੋਮੀਟਰ ਹੈ। ਇਸ ਦੇ ਪੁਰਾਣੇ ਨਗਰ ਅੰਦਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਾਵਨ ਅਸਥਾਨ ਹੈ। ਰਿਆਸਤ ਟੁੱਟਣ ਤੇ ਸ਼ਹਿਰ ਦੇ ਉਜੜਨ ਮਗਰੋਂ ਨਵਾਂ ਸ਼ਹਿਰ ਵਸਿਆ। ਇਸ ਨਵੇਂ ਸ਼ਹਿਰ ਦੇ ਹਿੰਦੂ ਮੁਹੱਲੇ ਅੰਦਰ ''ਗੁਰੂ ਨਾਨਕ ਦਰਬਾਰ'' ਗੁਰਦੁਆਰਾ ਹੈ, ਜਿੱਥੇ ਹਰ ਰੋਜ ਪ੍ਰਕਾਸ਼ ਹੁੰਦਾ ਹੈ। ਦਿਨ ਵਿੱਚ ਦੋ ਵਾਰ ਸੰਗਤ ਜੁੜਦੀ ਹੈ। ਨਵਾਂ ਗੁਰਦੁਆਰਾ ਘਰ ਵਾਂਗ ਬਣਿਆ ਹੋਇਆ ਹੈ। ਪੁਰਾਣਾ ਅਸਥਾਨ ਨਾਨਕ ਮੰਦਰ ਅਖਵਾਉਂਦਾ ਹੈ ਜੋ ਨਵੇਂ ਸ਼ਹਿਰ ਤੋਂ ਕੋਈ ਤਿੰਨ ਕਿਲੋਮੀਟਰ ਬਾਹਰ ਹੈ। ਇਸ ਪੁਰਾਣੇ ਦਰਬਾਰ ਦੀ ਸੇਵਾ ਖਾਨ ਕਲਾਤ ਨੇ ਕਰਵਾਈ ਸੀ। ਇਸ ਦਾ ਪਹਿਲਾ ਪੁਜਾਰੀ ਉਦਾਸੀ ਬਾਬਾ ਸੰਤ ਅਣਖੰਡੀ ਦਾਸ ਸੀ।
45. Gurdwara Pehli Patshahi, Tilganji Sahib, Quetta
ਗੁਰਦੁਆਰਾ ਪਹਿਲੀ ਪਾਤਿਸ਼ਾਹੀ, ਤਿਲਗੰਜੀ ਸਾਹਿਬ, ਕੋਇਟਾ
ਕੋਇਟਾ ਬਲੋਚਿਸਤਾਨ ਸ਼ਹਿਰ ਦੇ ਮਸਜਿਦ ਰੋਡ ਉਤੇ ਸ੍ਰੀ ਗੁਰੂ ਨਾਨਕ ਜੀ ਦਾ ਗੁਰਦੁਆਰਾ ਤਿਲਗੰਜੀ ਸਾਹਿਬ ਸਥਿਤ ਹੈ। ਸਤਿਗੁਰੂ ਜੀ ਨੇ ਇੱਥੇ ਆਪਣੀ ਤੀਜੀ ਉਦਾਸੀ ਸਮੇਂ ਚਰਨ ਪਾਏ। ਗੁਰੂ ਸਾਹਿਬ ਜਦ ਇਸ ਥਾਂ ਤੇ ਬਿਰਾਜੇ ਤਾਂ ਸ਼ਰਧਾਲੂ ਆਪ ਜੀ ਦੇ ਦਰਸ਼ਨਾਂ ਨੂੰ ਆਏ। ਆਪ ਜੀ ਨੇ ਆਈਆਂ ਸੰਗਤਾਂ ਨੂੰ ਇਕ ਤਿਲ ਦਾ ਪ੍ਰਸ਼ਾਦਾ ਛਕਾ ਕੇ ਪ੍ਰਸੰਨ ਕੀਤਾ। ਇਸ ਕਰਕੇ ਇਸ ਪਾਵਨ ਅਸਥਾਨ ਦਾ ਨਾਮ ''ਤਿਲਗੰਜੀ'' ਹੋ ਗਿਆ। ਭਾਵ ''ਤਿਲਾਂ ਦਾ ਖਜਾਨਾ''।
ਇਸ ਵੇਲੇ ਇਸ ਪਾਵਨ ਅਸਥਾਨ ਦੇ ਅੰਦਰ ਗੋਰਮਿੰਟ ਸੰਡੇਮਨ ਹਾਈ ਸਕੂਲ ਕੰਮ ਰਿਹਾ ਹੈ। ਗੁਰਦੁਆਰਾ ਸਾਹਿਬ ਦੀ ਖਾਲੀ ਜਮੀਨ ਉਤੇ ਸਕੂਲ ਦੀ ਨਵੀਂ ਇਮਾਰਤ ਬਣਾ ਦਿੱਤੀ ਗਈ ਹੈ। ਗੁਰਦੁਆਰਾ ਸਾਹਿਬ ਖਾਲੀ ਪਿਆ ਹੈ। ਗੁਰਦੁਆਰੇ ਦਾ ਮੇਨ ਗੇਟ ਮਸੀਤ ਵਰਗਾ ਹੈ ਜਦ ਕਿ ਅੰਦਰ ਸੋਹਣੀ ਤੇ ਵਿਸ਼ਾਲ ਗੁੰਬਦਦਾਰ ਇਮਾਰਤ ਹੈ। ਕੋਇਟਾ ਦੀ ਸੰਗਤ ਨੇ ਇਸ ਦਾ ਕਬਜਾ ਲੈਣ ਲਈ ਮੁਕੱਦਮਾ ਕੀਤੀ ਹੋਇਆ ਹੈ।
46. Gurdwara Pehli Patshahi, Bulani, Distt. Larkana
ਗੁਰਦੁਆਰਾ ਪਹਿਲੀ ਪਾਤਿਸ਼ਾਹੀ, ਬੁਲਾਣੀ, ਜਿਲਾ ਲਾੜਕਾਣਾ, ਸਿੰਧ
ਬੁਲਾਣੀ ਸਿੰਧ ਪ੍ਰਾਂਤ ਦਾ ਇਕ ਪ੍ਰਸਿੱਧ ਨਗਰ ਹੈ। ਇਥੇ ਹੀ ਨੂਰ ਨੁਸਰਤ ਨਾਮੀ ਇਕ ਆਜੜੀ ਨੇ ਬਾਬਾ ਜੀ ਦੀ ਸੇਵਾ ਕੀਤੀ ;ਤੇ ਬਰਕਤ ਵਾਸਤੇ ਦੁਆ ਪੁੱਛੀ। ਆਪ ਨੇ ਫਰਮਾਇਆ ਸਭ ਬਰਕਤਾਂ ਨੇਕੀ, ਦਇਆ ਅਤੇ ਧਰਮ ਦਾ ਪੱਲਾ ਨਾਂਹ ਛੱਡਣ ਵਿੱਚ ਹਨ। ਇੱਥੇ ਹੀ ਦਾਊਦ ਨਾਮੀ ਇਕ ਜੁਲਾਹੇ ਨੇ ਆਪ ਨੂੰ ਇਕ ਅਣਮੁੱਲਾ ਗਲੀਚਾ ਪੇਸ਼ ਕੀਤਾ ਤਾਂ ਆਪ ਨੇ ਉਹ ਗਲੀਚਾ ਇਕ ਕੁਤੀ ਦੇ ਬੱਚਿਆਂ ਹੇਠ ਵਿਛਾ ਦਿਤਾ ਜੋ ਠੰਢ ਵਿਚ ਠਰ ਰਹੇ ਸਨ ਅਤੇ ਫਰਮਾਇਆ ਮੇਰਾ ਗਲੀਚਾ ਤਾਂ ਇਹ ਹਰਿਆ ਭਰਿਆ ਘਾਹ ਹੈ। ਆਪ ਜੀ ਸਮਝਾਉਣੀ ਸੀ ਕਿ ਸਾਡੀਆਂ ਖੁਸ਼ੀਆਂ ਸਭ ਵਿਅਰਥ ਹਨ ਜੇ ਕੋਲ ਬੈਠਾ ਕੋਈ ਜੀਵ ਦੁਖੀ ਹੋਵੇ।
47. Gurdwara Nanakwarha, Kandhkot, Distt. Jacobabad, Sindh
ਗੁਰਦੁਆਰਾ ਨਾਨਕਵਾੜਾ, ਕੰਧਕੋਟ, ਜਿਲਾ ਜੈਕਬਆਬਾਦ (ਸਿੰਧ)
ਇਹ ਪਾਵਨ ਅਸਥਾਨ ਜਿਲਾ ਜੈਕਬਆਬਾਦ ਦੀ ਤਹਿਸੀਲ ਕੰਧਕੋਟ, ਸੁਨਿਆਰ ਬਾਜਾਰ ਅੰਦਰ ਸਥਿੱਤ ਹੈ। ਇਸ ਮੁਹੱਲੇ ਨੂੰ ਨਾਨਕਵਾੜਾ ਵੀ ਆਖਿਆ ਜਾਂਦਾ ਹੈ। ਇਸ ਅਸਥਾਨ ਨੂੰ ਨਾਨਕ ਦਰਬਾਰ ਕਰਕੇ ਯਾਦ ਕੀਤਾ ਜਾਂਦਾ ਹੈ। ਪੁਜਾਰੀ ਧੰਨਾ ਸਿੰਘ ਜੀ ਹਨ। ਦਰਬਾਰ ਦੇ ਨਾਲ ਕਾਲੀ ਮਾਤਾ ਦਾ ਮੰਦਰ, ਸ੍ਰੀ ਰਾਮ ਜੀ ਦਾ ਮੰਦਰ ਤੇ ਹਨੂਮਾਨ ਦਾ ਮੰਦਰ ਵੀ ਹੈ। ਗੁਰੂ ਗਰੰਥਸਾਹਿਬ ਦਾ ਪ੍ਰਕਾਸ਼ ਹੈ।
48. Gurdwara Thara Sahib, Sakhi Sarvar, Dera Gazi Khan ਗੁਰਦੁਆਰਾ ਥੜਾ ਸਾਹਿਬ, ਸਖੀ ਸਰਵਰ, ਡੇਰਾ ਗਾਜੀ ਖਾਨ
ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਡੇਰਾ ਇਸਮਾਈਲ ਖਾਂ ਤੋਂ ਚੱਲ ਕੇ ਇਥੇ ਆਏ। ਆਪ ਦੇ ਬਿਰਾਜਣ ਵਾਲੇ ਅਸਥਾਨ ਨੂੰ ਥੜਾ ਸਾਹਿਬ ਆਖਿਆ ਜਾਂਦਾ ਹੈ। ਸਖੀ ਸਰਵਰ ਲਾਹੌਰ ਤੋਂ ਕੋਈ ਚਾਰ ਸੌ ਕਿਲੋਮੀਟਰ ਦੂਰ ਹੈ। ਰੇਲਵੇ ਸਟੇਸ਼ਨ ਡੇਰਾ ਗਾਜੀ ਖਾਂ ਹੈ। ਸ਼ਹਿਰ ਅੰਦਰ ਪੱਕੀ ਸੜਕ ਜਾਂਦੀ ਹੈ। ਇਸ ਸ਼ਹਿਰ ਨੂੰ ਉਹਨਾਂ ਵੇਲਿਆਂ ਅੰਦਰ ''ਨਿਗਾਹਾ'' ਆਖਿਆ ਜਾਂਦਾ ਹੈ।੍ਹ੍ਹ੍ਹ੍ਹ੍ਹਹਜਰਤ ਸਖੀ ਸਰਵਰ ਹੋਰਾਂ ਦੇ ਮਜਾਰ ਦੇ ਅਹਾਤੇ ਅੰਦਰ ਹੀ ਜਗਤ ਗੁਰੂ ਜੀ ਦਾ ਬਿਰਾਜਣ ਅਸਥਾਨ ਹੈ। ਇਸ ਬਾਰੇ ਮੁਨਸ਼ੀ ਹੁਕਮ ਚੰਦ ਲਿਖਦਾ ਹੈ, ''ਦਖਸ਼ਿਨ ਪੂਰਬ ਕੀ ਬਾਹੀ ਅਸਥਾਨ ਬਾਬਾ ਗੁਰੂ ਨਾਨਕ ਦੇ ਨਾਂ ਤੋਂ ਪ੍ਰਸਿੱਧ ਹੈ ਅਤੇ ਪੂਰਬ ਵੱਲ ਦੂਜੀਆਂ ਕੋਠਰੀਆਂ ਹਨ।'' ਇਹ ਇੱਕ ਮਕਾਨ ਹੈ ਜਿਸ ਨੂੰ ਹਰ ਵੇਲੇ ਜਿੰਦਰਾ ਲੱਗਾ ਰਹਿੰਦਾ ਹੈ।
49. Gurdwara Dharamsala Guru Nanak, Dera Ismail Khan
ਧਰਮਸਾਲਾ ਗੁਰੂ ਨਾਨਕ ਦੇਵ ਜੀ, ਡੇਰਾ ਇਸਮਾਈਲ ਖਾਂ
ਇਹ ਪਾਵਨ ਅਸਥਾਨ ਛੋਟਾ ਬਜਾਰ ਵਿੱਚ ਡੇਰਾ ਇਸਮਾਈਲ ਖਾਂ ਸ਼ਹਿਰ ਅੰਦਰ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਚੌਥੀ ਉਦਾਸੀ ਸਮੇਂ ਇੱਥੇ ਪਧਾਰੇ। ਜਿਸ ਥਾਂ ਆਪ ਬਿਰਾਜੇ, ਉਸ ਥਾਂ ਉਤੇ ਸ਼ਰਧਾਲੂਆਂ ਨੇ ਧਰਮਸ਼ਾਲਾ ਉਸਾਰ ਦਿੱਤੀ। ਇਹ ਇੱਕ ਬਹੁਤ ਹੀ ਖੂਬਸੂਰਤ ਤੇ ਵਿਸ਼ਾਲ ਇਮਾਰਤ ਹੈ। ਇਸ ਦਰਵਾਜੇ ਦੇ ਅੰਦਰ ਇਕ ਦੋ ਮੰਜਲਾਂ ਚੌਕੋਰ ਤੇ ਬਹੁਤ ਹੀ ਸੁੰਦਰ ਇਮਾਰਤ ਹੈ। ਇਸ ਦਰਬਾਰ ਦੇ ਵਿਚਾਲੇ ਥੜਾ ਸਾਹਿਬ ਹੈ, ਇਥੇ ਹੀ ਗੁਰੂ ਸਾਹਿਬ ਬਿਰਾਜੇ ਸਨ।
ਇਸ ਵੇਲੇ ਇਸ ਇਮਾਰਤ ਅੰਦਰ ਗੌਰਮਿੰਟ ਹਾਇਰ ਸਕੂਲ ਨੰ: 3 ਹੈ। ਇਮਾਰਤ ਦੀ ਹਾਲਤ ਬਹੁਤ ਚੰਗੀ ਹੈ। ਚਹੁੰਆਂ ਦਰਵਾਜਿਆ ਉਤੇ ਸੰਗਮਰਮਰ ਦੀਆਂ ਸਰਦਲਾਂ ਲੱਗੀਆਂ ਹੋਈਆਂ ਹਨ।
50. Gurdwara Kali Devi Gurdwara, Inside Topanwala Chowk, D. I. Khan
ਗੁਰਦੁਆਰਾ ਕਾਲੀ ਦੇਵੀ, ਬੇਰੂਨ ਤੋਪਾਂ ਵਾਲਾ ਚੌਂਕ, ਡੀ ਆਈ ਖਾਨ
ਇਹ ਅਸਥਾਨ ਤੋਪਾਂ ਵਾਲੇ ਚੌਕ ਤੋਂ ਬਾਹਰ ਮੇਨ ਰੋਡ ਉਤੇ ਹੀ ਹੈ। ਕਿਹਾ ਜਾਂਦਾ ਹੈ ਕਿ ਜਦ ਗੁਰੂ ਸਾਹਿਬ ਆਪਣੀ ਚੌਥੀ ਉਦਾਸੀ ਸਮੇ ਇਸ ਸ਼ਹਿਰ ਅੰਦਰ ਆਏ ਤਾਂ ਉਸ ਵੇਲੇ ਇਥੇ ਕਾਲੀ ਦੇਵੀ ਦੀ ਪੂਜਾ ਹੁੰਦੀ ਸੀ। ਗੁਰੂ ਸਾਹਿਬ ਨੇ ਇਸ ਅਸਥਾਨ ਤੋਂ ਕੁਝ ਵਿੱਥ ਉਤੇ (ਜਿਥੇ ਹੁਣ ਧਰਮਸ਼ਾਲਾ ਹੈ) ਬਿਰਾਜੇ। ਆਪ ਦੇ ਸ਼ਹਿਰ ਵਿੱਚ ਵੜਦਿਆਂ ਹੀ ਕਾਲੀ ਦੇਵੀ ਦੀ ਮੂਰਤੀ ਜਮੀਨ ਉਤੇ ਆਣ ਡਿੱਗੀ। ਪੁਜਾਰੀਆਂ ਚੱਕ ਕੇ ਖੜੀ ਕੀਤੀ ਤਾਂ ਉਹ ਫਿਰ ਡਿੱਗ ਪਈ।
ਕਿਸੇ ਨੇ ਦੱਸਿਆ ਕਿ ਇਕ ਬਜੁਰਗ ਨੇ ਇਥੇ ਡੇਰੇ ਕੀਤੇ ਹਨ, ਹੋ ਸਕਦਾ ਹੈ ਕਿ ਇਹ ਸਭ ਕੁਝ ਉਹਨਾਂ ਦੇ ਆਉਣ ਕਾਰਨ ਹੋਇਆ ਹੋਵੇ। ਪੁਜਾਰੀ ਆਪ ਜੀ ਪਾਸ ਗਏ ਤਾਂ ਆਪ ਨੇ ਉਹਨਾਂ ਨੁੰ ੴ ਦਾ ਮਤਲਬ ਸਮਝਾਇਆ ਅਤੇ ਉਸੇ ਦੀ ਭਗਤੀ ਕਰਨ ਲਈ ਕਿਹਾ। ਇਸ ਪਿੱਛੋਂ ਇਸ ਅਸਥਾਨ ਅੰਦਰ ਦੇਵੀ ਪੂਜਾ ਨੂੰ ਛੱਡ ਕੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਣ ਲੱਗਾ। ਹੌਲੀ ਹੌਲੀ ਪੁਜਾਰੀਆਂ ਨਾਲ ਦੇਵੀ ਦੀ ਮੂਰਤੀ ਵੀ ਰੱਖ ਲਈ। ਇਹ ਘਟਨਾ ਦੀ ਯਾਦ ਵਿੱਚ ਇਸ ਦਿਨ ਤੋਂ ਮੰਦਰ ਨੂੰ ਗੁਰਦੁਆਰਾ ਕਾਲੀ ਦੇਵੀ ਆਖਿਆ ਜਾਣ ਲੱਗਾ। ਹੁਣ ਇਸ ਅੰਦਰ ਸਕੂਲ ਹੈ।
No comments:
Post a Comment