Home » » SIKH SHRINES IN PAKISTAN (PART 5)

SIKH SHRINES IN PAKISTAN (PART 5)

SIKH SHRINES IN PAKISTAN 
PART 5
(101 -125)

 101. Gurdwara Kund Sahib, Rehsama, Near Chaprarh, Sialkot
ਗੁਰਦੁਆਰਾ ਕੁੰਡ ਸਾਹਿਬ, ਰਹਿਸਮਾ, ਨੇੜੇ ਚਪਰਾੜ, ਜਿਲਾ ਸਿਆਲਕੋਟ


 ਰਹਿਸਮਾ ਨਾਮੀ ਇਹ ਪਿੰਡ ਜਿਲਾ ਤੇ ਤਹਿਸੀਲ ਸਿਆਲਕੋਟ ਦਾ ਇਕ ਸਰਹੱਦੀ ਪਿੰਡ ਹੈ। ਇਸ ਪਿੰਡ ਵਿੱਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਤਿੰਨ ਗੁਰਦੁਆਰੇ ਹਨ ਜਿਹਨਾਂ ਦੇ ਨਾਮ ਕੁੰਡ ਸਾਹਿਬ, ਗੁਰੂ ਸਰ ਅਤੇ ਟਾਹਲੀ ਸਾਹਿਬ ਹਨ। ਹੁਣ ਇਸ ਪਿੰਡ ਦਾ ਨਾਮ ਸਾਲਿਹ ਪੁਰ ਹੈ। ਕਸਬਾ ਚਪਰਾੜ ਦੇ ਨਾਂਲ ਇਕ ਬੰਧ ਹੈ, ਇਸ ਬੰਧ ਨੂੰ ਪਾਰ ਕਰਕੇ ਇਸ ਪਿੰਡ ਵਿਚ ਜਾਇਆ ਜਾ ਸਕਦਾ ਹੈ। ਗੁਰਦੁਆਰਾ ਕੁੰਡ ਸਾਹਿਬ ਅਲੋਪ ਹੋ ਚੁੱਕਿਆ ਹੈ। ਕੁੰਡ ਸਾਹਿਬ ਦੇ ਕਿਨਾਰੇ ਦਾ ਇਕ ਤਪ ਅਸਥਾਨ ਅੱਜ ਵੀ ਖਲੋਤਾ ਹੈ।

102. Gurdwara Gurusar, Rehsama, Distt.  Sialkot
ਗੁਰਦੁਆਰਾ ਗੁਰੂ ਸਰ, ਰਹਿਸਮਾ, ਜਿਲਾ ਸਿਆਲਕੋਟ


ਜਿਲਾ ਸਿਆਲਕੋਟ ਦੇ ਪਿੰਡ ਰਹਿਸਮਾ ਅੰਦਰ ਗੁਰੂ ਹਰਿਗੋਬਿਦ ਸਿੰਘ ਜੀ ਦਾ ਅਸਥਾਨ ਗੁਰੂਸਰ ਹੈ। ਇਯ ਪਿੰਡ ਤੋਂ ਕੋਈ ਅੱਧਾ ਕਿਲੋਮੀਟਰ ਬਾਹਰ ਗੁਰੂ ਸਾਹਿਬ ਦਾ ਤਾਲ ਸੀ। ਜਦ ਗੁਰੂ ਸਾਹਿਬ ਇਥੇ ਪਧਾਰੇ ਤਦ ਇਹ ਸੁੱਕ ਚੁੱਕਾ ਸੀ, ਗੁਰੂ ਜੀ ਨੇ ਨੇਜਾ ਮਾਰ ਕੇ ਜਲ ਕੱਢਿਆ। ਇਸ ਵੇਲੇ ਇਹ ਪਾਵਨ ਸਰੋਵਰ ਪੂਰਿਆਂ ਜਾ ਚੁੱਕਾ ਹੈ। ਗੁਰਦੁਆਰਾ ਸਾਹਿਬ ਵਿਚ ਲੋਕ ਵਸੇ ਹੋਏ ਹਨ।

103. Chhevi Patshahi, Galotian Distt.  Sialkot
ਗੁਰਦੁਆਰਾ ਛੇਵੀਂ ਪਾਤਿਸ਼ਾਹੀ ਗਲੋਟੀਆ, ਜਿਲਾ ਸਿਆਲਕੋਟ


ਗਲੋਟੀਆਂ ਖੁਰਦ ਨਾਂਮੀਂ ਇਹ ਪਿੰਡ ਗੁਜਰਾਵਾਲਾ ਸਿਆਲਕੋਟ ਮੇਨ ਰੋਡ ਉਤੇ ਆਬਾਦ ਹੈ। ਇਸ ਪਿੰਡ ਦੇ ਬਿਲਕੁਲ ਵਿਚਾਲੇ ਸਭ ਤੋਂ ਉਚੀ ਥਾਂ ਉਤੇ ਛੇਵੇਂ ਪਾਤਿਸ਼ਾਹ ਜੀ ਦਾ ਪਾਵਨ ਅਸਥਾਨ ਹੈ। ਗੁਰੂ ਸਾਹਿਬ ਕਸ਼ਮੀਰ ਤੋਂ ਮੁੜਦੇ ਹੋਏ ਇਥੇ ਬਿਰਾਜੇ। ਇਥੇ ਹੀ ਗੁਰੂ ਹਰਿ ਰਾਏ ਜੀ ਨੇ ਇਕ ਪ੍ਰੇਮੀ ਦੀ ਅਰਾਧਨਾ ਤੇ ਅਚਨਚੇਤ ਦਰਸ਼ਨ ਦਿੱਤੇ।
ਗੁਰਦੁਆਰਾ ਸਾਹਿਬ ਦਾ ਸੁੰਦਰ ਗੁੰਬਦ ਦੂਰੋਂ ਹੀ ਨਜਰ ਆਉਂਦਾ ਹੈ। ਪਿੰਡ ਅੰਦਰ ਸਭ ਤੋਂ ਉਚੀ ਇਮਾਰਤ ਹੈ। ਪ੍ਰਕਾਸ਼ ਅਸਥਾਨ ਚਿੱਟੇ ਸੰਗਮਰਮਰ ਦਾ ਬਣਿਆ ਹੋਇਆ ਹੈ। ਇਸ ਵੇਲੇ ਪਿੰਡ ਦੇ ਲੋਕ ਇਸ ਇਮਾਰਤ ਨੂੰ ਜੰਝ ਘਰ ਵਜੋਂ ਵਰਤ ਰਹੇ ਹਨ। ਇਮਾਰਤ ਦੀ ਹਾਲਤ ਐਨੀ ਪਤਲੀ ਹੈ ਕਿ ਇਹ ਕਿਸੇ ਵੇਲੇ ਵੀ ਅਲੋਪ ਹੋ ਸਕਦੀ ਹੈ।

104. Gurdwara Chumala Sahib, Bhati Darwaja Lahore
ਗੁਰਦੁਆਰਾ ਚੌਮਾਲਾ ਸਾਹਿਬ, ਭਾਟੀ ਦਰਵਾਜਾ, ਲਾਹੌਰ


ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਇਹ ਪਾਵਨ ਅਸਥਾਨ ਮੁਹੱਲਾ ਚੌਮਾਲਾ, ਅੰਦਰੂਨ ਭਾਟੀ ਦਰਵਾਜੇ ਵਿਚ ਹੈ। ਇਥੇ ਸਤਿਗੁਰੂ ਜੀ ਨੇ ਭਾਈ ਜੀਵਨ ਦੇ ਘਰ ਨਿਵਾਸ ਕੀਤਾ। ਇਥੇ ਗੁਰੂ ਸਾਹਿਬ ਨੇ ਕਈ ਵਾਰ ਦੀਵਾਨ ਲਗਾਇਆ। ਭਾਈ ਬਿਧੀ ਚੰਦ ਜੀ ਜਦ ਗੁਰੂ ਜੀ ਦੇ ਘੋੜੇ ਲੈਣ ਲਾਹੌਰ ਆਏ ਤਾਂ ਉਹ ਵੀ ਇਥੇ ਹੀ ਠਹਿਰੇ। ਇਸ ਮਕਾਨ ਨੂੰ ਭਾਈ ਜੀਵਨ ਨੇ ਗੁਰਦੁਆਰਾ ਬਣਾ ਦਿੱਤਾ। ਇਸ ਦਾ ਪਹਿਲਾ ਪ੍ਰਬੰਧ ਮਹੰਤਾਂ ਪਾਸ ਸੀ। 1914 ਵਿੱਚ ਗੁਰਦੁਆਰਾ ਸਾਹਿਬ ਦੇ ਹਾਲ ਦਾ ਵਿਸਥਾਰ ਕੀਤਾ ਗਿਆ। ਇਸ ਵੇਲੇ ਗੁਰਦੁਆਰਾ ਸਾਹਿਬ ਦਾ ਨਾਂ ਨਿਸ਼ਾਨ ਮਿਟ ਚੁੱਕਿਆ ਹੈ। ਇਸ ਅਸਥਾਨ ਉਤੇ ਲੋਕਾਂ ਨੈ ਤਿੰਨ ਤਿੰਨ ਮੰਜਲੇ ਮਕਾਨ ਛੱਤ ਲਏ ਹਨ। ਇਤਿਹਾਸ ਦਾ ਇਕ ਪੰਨਾ ਮਨਮੁੱਖਾਂ ਨੇ ਚੱਟ ਲਿਆ ਹੈ।

105.Gurdwara Chhevi Patshahi, Rampur Kalan, Lahore
ਗੁਰਦੁਆਰਾ ਛੇਂਵੀਂ ਪਾਤਿਸ਼ਾਹੀ, ਰਾਮਪੁਰ ਕਲਾਂ, ਲਾਹੌਰ


ਰਾਮਪੁਰ ਕਲਾਂ ਨਾਮੀ ਇਹ ਪਿੰਡ ਲਾਹੌਰ ਅੰਮ੍ਰਿਤਸਰ ਰੋਡ ਉਤੇ ਆਬਾਦ ਹੈ। ਇਸ ਪਿੰਡ ਅੰਦਰ ਗੁਰੂ ਹਰਿਗੋਬਿੰਦ ਜੀ ਦਾ ਗੁਰਦੁਆਰਾ ਸੀ। ਗੁਰੂ ਸਾਹਿਬ ਖਰਕ ਜਾਂਦੇ ਹੋਏ ਇਸ ਥਾਂ ਬਿਰਾਜੇ। ਛੋਟਾ ਜਿਹਾ ਦਰਬਾਰ ਬਣਿਆ ਹੋਇਆ ਸੀ, ਹੁਣ ਅਲੋਪ ਹੋ ਚੁਕਿਆ ਹੈ। ਹੁਣ ਇਸ ਅੰਦਰ ਗੁੱਜਰਾਂ ਦੇ ਘਰ ਵਸੇ ਹੋਏ ਹਨ।

 106. Chhevi Patshahi, Mazang, Lahore
ਗੁਰਦੁਆਰਾ ਪਾਤਸ਼ਾਹੀ ਛੇਵੀਂ, ਮਜੰਗ, ਲਾਹੌਰ

ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ 1619 ਈ ਨੂੰ ਦੀਵਾਨ ਚੰਦੂ ਨੂੰ ਨਾਲ ਲੈ ਕੇ ਲਾਹੌਰ ਆਏ। ਇਥੋਂ ਹੀ ਆਪ ਨੇ ਗੁਰੂ ਘਰ ਦੀ ਪ੍ਰੇਮੀ ਬੀਬੀ ਕੌਲਾਂ ਨੂੰ ਆਪਣੇ ਘੋੜੇ ਤੇ ਸੁਆਰ ਕੀਤਾ। ਇਹ ਅਸਥਾਨ ਮਜੰਗ ਵਿੱਚ ਟੈਂਪਲ ਰੋਡ ਉਤੇ ਸਥਿਤ ਹੈ। ਇਸ ਦੀ ਪਹਿਲੀ ਇਮਾਰਤ ਮਹਾਰਾਜਾ ਰਣਜੀਤ ਸਿੰਘ ਨੇ ਬਣਵਾਈ। 1926 ਨੂੰ ਸਵਰਗੀ ਸਰਦਾਰ ਮਿਹਰ ਸਿੰਘ ਦੇ ਉਦਮ ਸਦਕਾ ਮੌਜੂਦਾ ਇਮਾਰਤ ਹੋਂਦ ਵਿਚ ਆਈ।
ਗੁਰਦੁਆਰਾ ਪਾਤਸ਼ਾਹੀ ਛੇਵੀਂ, ਮਜੰਗ, ਲਾਹੌਰ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ 1619 ਈ ਨੂੰ ਦੀਵਾਨ ਚੰਦੂ ਨੂੰ ਨਾਲ ਲੈ ਕੇ ਲਾਹੌਰ ਆਏ। ਇਥੋਂ ਹੀ ਆਪ ਨੇ ਗੁਰੂ ਘਰ ਦੀ ਪ੍ਰੇਮੀ ਬੀਬੀ ਕੌਲਾਂ ਨੂੰ ਆਪਣੇ ਘੋੜੇ ਤੇ ਸੁਆਰ ਕੀਤਾ। ਇਹ ਅਸਥਾਨ ਮਜੰਗ ਵਿੱਚ ਟੈਂਪਲ ਰੋਡ ਉਤੇ ਸਥਿਤ ਹੈ। ਇਸ ਦੀ ਪਹਿਲੀ ਇਮਾਰਤ ਮਹਾਰਾਜਾ ਰਣਜੀਤ ਸਿੰਘ ਨੇ ਬਣਵਾਈ। 1926 ਨੂੰ ਸਵਰਗੀ ਸਰਦਾਰ ਮਿਹਰ ਸਿੰਘ ਦੇ ਉਦਮ ਸਦਕਾ ਮੌਜੂਦਾ ਇਮਾਰਤ ਹੋਂਦ ਵਿਚ ਆਈ।

107. Gurdwara Shikar Ghat Sahib, Kachha Distt.  Lahore
 ਗੁਰਦੁਆਰਾ ਸ਼ਿਕਾਰਗੜ੍ਹ ਸਾਹਿਬ, ਕਾਛਾ ਜਿਲਾ ਲਾਹੌਰਸਤਿਗੁਰੂ ਸ੍ਰੀ ਗੁਰੂ ਹਰਿਗੋਬਿੰਦ ਜੀ ਦੀ ਲਾਹੌਰ ਫੇਰੀ ਨਾਲ ਸਬੰਧਤ ਇਹ ਪਾਵਨ ਅਸਥਾਨ ਲਾਹੌਰ ਤੋਂ ਕੋਈ 15 ਕਿਲੋਮੀਟਰ ਦੀ ਦੂਰੀ ਉਤੇ ਹੈ। ਫਿਰੋਜਪੁਰ ਰੋਡ ਉਤੇ ਪ੍ਰਸਿੱਧ ਬੱਸ ਸਟਾਪ ਕਾਹਨਾ ਤੋਂ ਕੋਈ ਚਾਰ ਕਿਲੋਮੀਟਰ ਪੱਛਮ ਵੱਲ ਹੈ। ਰੇਲਵੇ ਸਟੇਸ਼ਨ ਕਾਛਾ ਹੈ, ਜੋ ਪਿੰਡ ਤੋਂ ਤਿੰਨ ਕਿਲੋਮੀਟਰ ਦੂਰ ਹੈ।
ਇਸ ਪਿੰਡ ਵਿਚ ਇਕ ਟਿੱਬੇ ਉਤੇ ਇਹ ਪਾਵਨ ਅਸਥਾਨ ਹੈ। ਇਸ ਨੂੰ ਗੁਰੂ ਅਰਜਨ ਦੇਵ ਜੀ ਨਿਵਾਸ ਵੀ ਆਖਿਆ ਜਾਂਦਾ ਹੈ। ਛੇਵੇਂ ਪਾਤਿਸ਼ਾਹ ਜੀ ਨੇ ਇਥੇ ਸ਼ਿਕਾਰ ਖੇਡਿਆ। ਉਸ ਵੇਲੇ ਇਥੇ ਭਾਰੀ ਜੰਗਲ ਸੀ। ਇਸ ਪਿੰਡ ਤੋਂ ਬਾਹਰ ਗੁਰਦੁਆਰਾ ਸਾਹਿਬ ਵਾਲੀ ਗਲੀ ਸਾਹਮਣੇ ਦੀਵਾਨ ਲਖਪਤ ਦਾ ਬਣਵਾਇਆ ਹੋਇਆ ਇਕ ਵਿਸ਼ਾਲ ਤਾਲ ਹੈ। ਹੁਣ ਇਹ ਮੱਛੀਪਾਲ ਮਹਿਕਮੇ ਕੋਲ ਹੈ। ਇਸ ਪਾਵਨ ਅਸਥਾਨ ਉਤੇ ਭਾਈ ਮਲ ਜੀ ਨੇ ਅੰਗਰੇਜਾਂ ਦੇ ਰਾਜ ਵੇਲੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ। ਪਿੱਛੋਂ ਇਹ ਗੁਰਦੁਆਰਾ ਸਿੰਘ ਸਭਾ ਦੇ ਪ੍ਰਬੰਧ ਹੇਠ ਆ ਗਿਆ। ਕਮੇਟੀ ਨੇ ਏਥੇ ਬੱਚਿਆਂ ਦੀ ਉਚੀ ਵਿਦਿਆ ਲਈ ਇਕ ਕਾਲਜ ਬਣਾਉਣ ਦਾ ਪ੍ਰੋਗਰਾਮ ਬਣਾਇਆ ਜੋ ਅਧੂਰਾ ਰਹਿ ਗਿਆ।

108. Gurdwara Tahli Sahib, Rehsama Sialkot
ਗੁਰਦੁਆਰਾ ਟਾਹਲੀ ਸਾਹਿਬ, ਰਹਿਸਮਾ, ਸਿਆਲਕੋਟ

ਇਸ ਪਿੰਡ ਅੰਦਰ ਗੁਰੂ ਹਰਿਗੋਬਿੰਦ ਸਿੰਘ ਜੀ ਦਾ ਇਹ ਤੀਜਾ ਅਸਥਾਨ ਹੈ। ਜਦ ਗੁਰੂ ਸਾਹਿਬ ਇਥੇ ਤਸ਼ਰੀਫ ਲਿਆਏ, ਤਦ ਇਥੇ ਇਕ ਗੋਸਾਈ ਸਾਧੂ ਦੀ ਲੜਕੀ ਦਾ ਵਿਆਹ ਸੀ। ਉਸ ਦੀ ਬੇਨਤੀ ਕਰਨ ਉਤੇ ਗੁਰੂ ਸਾਹਿਬ ਨੇ ਉਸ ਦੇ ਘਰ ਵਿਚ ਚਰਨ ਪਾਏ। ਉਹਨਾਂ ਜਿਸ ਕੁੰਡ ਵਿਚ ਪੈਰ ਧੋਤੇ, ਉਹ ਪੂਜਾ ਅਸਥਾਨ ਬਣ ਗਿਆ। ਗੁਰੂ ਸਾਹਿਬ ਨੇ ਸਾਧੂ ਨੂੰ ਸੌ ਰੁਪਏ ਇਕ ਬਟੂਵੇ ਵਿੱਚ ਪਾ ਕੇ ਦਿੱਤੇ ਅਤੇ ਸੇਹਲੀ ਟੋਪੀ ਬਖਸ਼ੀ। ਕਦੇ ਇਹ ਤਿੰਨੇ ਵਸਤਾਂ ਇਥੇ ਯਾਦਗਾਰ ਸਨ। (ਅੱਜ ?) ਪਿੰਡ ਤੋਂ ਪੂਰਬ ਵੱਲ ਟਾਹਲੀ ਸਾਹਿਬ ਨਾਮੀ ਅਸਥਾਨ ਹੈ। ਗੁਰੂ ਸਾਹਿਬ ਕਸ਼ਮੀਰ ਜਾਂਦੇ ਹੋਏ ਇਥੇ ਬਿਰਾਜੇ, ਟਾਹਲੀ ਨਾਲ ਘੋੜਾ ਬੰਨ੍ਹਿਆ, ਇਸ ਕਰਕੇ ਇਸ ਦਾ ਨਾਮ ਟਾਹਲੀ ਸਾਹਿਬ ਪ੍ਰਸਿੱਧ ਹੋ ਗਿਆ। ਇਹ ਮਕਾਨ ਹੁਣ ਲੋਕਾਂ ਦੀ ਰਿਹਾਇਸ਼ ਹੈ। ਇਸ ਪਿੰਡ ਨੂੰ ਹੁਣ ਸਾਲਿਹਪੁਰ ਆਖਿਆ ਜਾਂਦਾ ਹੈ।

109. Gurdwara Chhevi Patshahi, Jhallian, Distt.  Lahore
 ਗੁਰਦੁਆਰਾ ਛੇਂਵੀ ਪਾਤਿਸ਼ਾਹੀ, ਝਲੀਆ, ਜਿਲਾ ਲਾਹੌਰ


ਝਲੀਆ ਨਾਮੀ ਪਿੰਡ ਤਹਿਸੀਲ ਲਾਹੌਰ ਥਾਣਾ ਬਰਕੀ ਵਿਚ ਹੈ। ਇਹ ਦੋ ਪਿੰਡ ਇਕ ਦੂਜੇ ਨਾਂਲ ਮਿਲੇ ਹੋਏ ਹਨ। ਇਸ ਵਾਸਤੇ ਇਹਨਾਂ ਨੂੰ ਢਿਲਵਾਂ ਝਲੀਆਂ ਵੀ ਆਖਿਆ ਜਾਂਦਾ ਹੈ। ਇਸ ਪਿੰਡ ਅੰਦਰ ਸਤਿਗੁਰੂ ਸ੍ਰੀ ਗੁਰੂ ਹਰਿਗੋਬਿੰਦ ਜੀ ਦਾ ਚਰਨ ਛੋਹ ਪਾਵਨ ਅਸਥਾਨ ਹੈ। ਗੁਰਦੁਆਰਾ ਸੁੰਦਰ, ਅੱਗੇ ਬਰਾਮਦੇ ਪਿੱਛੇ ਦੋ ਮਕਾਨ, ਕਿਸੇ ਸਰਕਾਰੀ ਬੰਗਲੇ ਵਾਂਗ ਬਣਿਆ ਹੋਇਆ ਹੈ। ਇਸ ਵੇਲੇ ਇਸ ਪਾਵਨ ਦਰਬਾਰ ਅੰਦਰ ਅੰਬਾਲੇ ਦਾ ਇਕ ਮੁਹਾਜਿਰ ਘਰਾਣਾ ਵਸਿਆ ਹੋਇਆ ਹੈ।

110. Gurdwara Chhevi Patshahi, Minhala Distt.  Lahore
ਗੁਰਦੁਆਰਾ ਛੇਂਵੀ ਪਾਤਿਸ਼ਾਹੀ, ਮਿਨਹਾਲਾ, ਜਿਲਾ ਲਾਹੌਰ


ਮਿਨਹਾਲਾ ਨਾਮੀ ਇਹ ਪਿੰਡ ਥਾਣਾ ਬਰਕੀ ਜਿਲਾ ਲਾਹੌਰ ਵਿਚ ਹੈ। ਇਸ ਪਿੰਡ ਨੂੰ ਜਾਣ ਵਾਸਤੇ ਜੱਲੋਂ ਮੋੜ ਤੋਂ ਇਕ ਸੜਕ ਨਿਕਲਦੀ ਹੈ। ਗੁਰੂ ਹਰਿਗੋਬਿੰਦ ਜੀ ਦਾ ਪਾਵਨ ਅਸਥਾਨ ਪਿੰਡ ਵਿੱਚ ਵੜਦਿਆਂ ਹੀ ਸੱਜੇ ਹੱਥ ਉਤੇ ਇਕ ਵਿਸ਼ਾਲ ਛੱਪੜ ਕਿਨਾਰੇ ਹੈ। ਇਹ ਛੱਪੜ ਕਦੇ ਗੁਰਦੁਆਰਾ ਸਾਹਿਬ ਦਾ ਸਰੋਵਰ ਸੀ। ਇਮਾਰਤ ਗਿਰ ਚੁਕੀ ਹੈ। ਕੇਵਲ ਇਕ ਬੁਰਜ ਹੀ ਖਲੋਤਾ ਹੈ। ਇਹ ਵੀ ਕਿਸੇ ਵੇਲੇ ਅਲੋਪ ਹੋ ਸਕਦਾ ਹੈ।


111. Gurdwara Chhevi Patshahi, Dhilwan Distt Lahore
 ਗੁਰਦੁਆਰਾ ਛੇਂਵੀ ਪਾਤਿਸ਼ਾਹੀ ਢਿਲਵਾਂ, ਜਿਲਾ ਲਾਹੌਰ


ਢਿਲਵਾਂ ਨਾਮੀ ਇਹ ਪਿੰਡ ਤਹਿਸੀਲ ਲਾਹੌਰ ਥਾਣਾ ਬਰਕੀ ਤੋਂ 4 ਕਿਲੋਮੀਟਰ 'ਤੇ ਹੈ। ਇਸ ਪਿੰਡ ਤੋਂ ਪੂਰਬ ਵੱਲ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਮੰਜੀ ਸਾਹਿਬ ਹੈ। ਗੁਰੂ ਸਾਹਿਬ ਅਨੇਕਾਂ ਪਿੰਡਾਂ ਦਾ ਉਧਾਰ ਕਰਦੇ ਹੋਏ ਝਲੀਆਂ ਤੋਂ ਚੱਲ ਕੇ ਇਥੇ ਪਧਾਰੇ ਸਨ। ਆਪ ਦੇ ਬੈਠਣ ਵਾਲੇ ਸਥਾਨ ਉਤੇ ਮੰਜੀ ਸਾਹਿਬ ਬਣਾ ਦਿੱਤਾ ਗਿਆ। ਹੁਣ ਇਸ ਦੇ ਨਾਲ ਪ੍ਰਾਇਮਰੀ ਸਕੂਲ ਦੀ ਇਮਾਰਤ ਬਣਾ ਦਿੱਤੀ ਗਈ ਹੈ।

112. Gurdwara Chhevi Patshahi, Padhana, Distt Lahore
ਗੁਰਦੁਆਰਾ ਛੇਵੀਂ ਪਾਤਸ਼ਾਹੀ, ਪਢਾਣਾਂ, ਜਿਲਾ ਲਾਹੌਰ


ਇਹ ਗੁਰਦੁਆਰਾ ਪਿੰਡ ਪਢਾਣਾਂ, ਜਿਲਾ ਲਾਹੌਰ, ਥਾਣਾ ਬਰਕੀ ਵਿਚ ਅੱਜ ਵੀ ਆਪਣੀਆਂ ਸ਼ਾਨਾਂ ਵਿਖਾ ਰਿਹਾ ਹੈ। ਛੇਵੇਂ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਜੀ ਪਿੰਡ ਢਿਲਵਾਂ ਤੋਂ ਚੱਲ ਕੇ ਪਿੰਡ ਵਾਸੀਆਂ ਦੇ ਪ੍ਰੇਮ ਕਰਕੇ ਇਥੇ ਆਏ ਸਨ। ਇਥੇ ਜੱਲਣ ਜੱਟ ਜੋ ਕਿ ਇਸ ਇਲਾਕੇ ਦਾ ਪ੍ਰਸਿੱਧ ਜਮੀਨਦਾਰ ਭਗਤ ਸੀ, ਨਾਲ ਸਤਿਗੁਰੂ ਜੀ ਦੀ ਵਿਚਾਰ ਚਰਚਾ ਹੋਈ। ਪਹਿਲਾਂ ਇਹ ਗੁਰਦੁਆਰਾ ਸਾਧਾਰਨ ਹਾਲਤ ਵਿਚ ਸੀ। ਇਥੋਂ ਦੇ ਸਰਦਾਰ ਅਤਰ ਸਿੰਘ ਪਢਾਣਾਂ ਜੀ ਨੇ ਗੁਰਦੁਆਰੇ ਦੀ ਸੇਵਾ ਅਰੰਭੀ ਅਤੇ ਪਿੰਡ ਦੀ ਸੰਗਤ ਨੇ ਉਦਮ ਕਰਕੇ ਸੁੰਦਰ ਦਰਬਾਰ ਬਣਾਇਆ। ਹੁਣ ਇਸ ਪਾਵਨ ਅਸਥਾਨ ਅੰਦਰ ਮੇਵਾਤ ਤੋਂ ਆਏ ਹੋਏ ਸ਼ਰਨਾਰਥੀ ਵਸਦੇ ਹਨ। ਇਮਾਰਤ ਚੰਗੀ ਤਰੜੀ ਹੈ।

113. Gurdwara Chhevi Patshahi, Rampura Khurd, Distt Lahore
ਗੁਰਦੁਆਰਾ ਛੇਂਵੀ ਪਾਤਿਸ਼ਾਹੀ, ਰਾਮਪੁਰਾ ਖੁਰਦ, ਜਿਲਾ ਲਾਹੌਰ


ਜਿਲਾ ਅਤੇ ਤਹਿਸੀਲ ਲਾਹੌਰ, ਥਾਣਾ ਬਰਕੀ ਦਾ ਇਹ ਪਿੰਡ ਜੋ ਲਾਹੌਰ ਬਰਕੀ ਰੋਡ ਉਤੇ ਸੜਕ ਤੋਂ ਤਿੰਨ ਕਿਲੋਮੀਟਰ ਪੂਰਬ ਵੱਲ ਆਬਾਦ ਹੈ। ਇਸ ਪਿੰਡ ਅੰਦਰ ਗੁਰੂ ਹਰਿਗੋਬਿੰਦ ਜੀ ਦਾ ਗੁਰਦੁਆਰਾ ਸਾਹਿਬ ਹੈ। ਇਮਾਰਤ ਸੁੰਦਰ ਤੇ ਗੁੰਬਦਦਾਰ ਬਣੀ ਹੋਈ ਹੈ। ਗੁਰੂ ਸਾਹਿਬ ਪਢਾਣੇ ਤੋਂ ਚੱਲ ਕੇ ਸੰਗਤਾਂ ਦਾ ਪ੍ਰੇਮ ਵੇਖ ਕੇ ਇਥੇ ਬਿਰਾਜੇ। ਇਸ ਵੇਲੇ ਡਿੱਗੇ ਹੋਏ ਦਰਬਾਰ ਅੰਦਰ ਮੇਵਾਤ ਦੇ ਸ਼ਰਨਾਰਥੀ ਵਸੇ ਹੋਏ ਹਨ।


114. Gurdwara Chhevi Patshahi, Hudiara, Distt.  Lahore
ਗੁਰਦੁਆਰਾ ਛੇਂਵੀ ਪਾਤਿਸ਼ਾਹੀ ਹੁਡਿਆਰਾ, ਜਿਲਾ ਲਾਹੌਰ


ਹੁਡਿਆਰਾ ਨਾਮੀ ਇਹ ਪਿੰਡ ਲਾਹੌਰ ਘਵਿੰਡੀ ਰੋਡ ਉਤੇ ਆਬਾਦ ਹੈ। ਹੁਡਿਆਰਾ ਪਿੰਡ ਅੰਦਰ ਸ੍ਰੀ ਗੁਰੂ ਹਰਿਗੋਬਿੰਦ ਜੀ ਦਾ ਪਾਵਨ ਅਸਥਾਨ ਹੈ। ਇਥੇ ਆਪ ਸੰਗਤ ਦਾ ਪ੍ਰੇਮ ਦੇਖ ਕੇ ਤਸ਼ਰੀਫ ਲਿਆਏ। ਇਸ ਪਿੰਡ ਅੰਦਰ ਇਹ ਇਮਾਰਤ ਸਭ ਤੋਂ ਉਚੀ ਹੈ, ਜੋ ਦੂਰੋਂ ਹੀ ਨਜਰ ਆਉਂਦੀ ਹੈ। ਇਸ ਵੇਲੇ ਇਸ ਇਮਾਰਤ ਅੰਦਰ ਅੰਮ੍ਰਿਤਸਰ ਦੇ ਸ਼ਰਨਾਰਥੀ ਵਸੇ ਹੋਏ ਹਨ। ਇਮਾਰਤ ਬਹੁਤ ਸੁੰਦਰ ਤੇ ਮਜਬੂਤ ਹੈ।

115. Gurdwara Beri Sahib Chhevi Patshahi, Kharak Lahore
ਗੁਰਦੁਆਰਾ ਬੇਰੀ ਸਾਹਿਬ, ਛੇਵੀਂ ਪਾਤਿਸ਼ਾਹੀ, ਖਰਕ, ਲਾਹੌਰ

------------SHRINE VANISHED-------------

ਜਿਲਾ ਤਹਿਸੀਲ ਲਾਹੌਰ ਥਾਣਾ ਬਰਕੀ ਦਾ ਇਹ ਪਿੰਡ ''ਖਰਕ'' ਤੋਂ ਪੂਰਬ ਵੱਲ ਕੋਈ ਅੱਧਾ ਕਿਲੋਮੀਟਰ ਦੂਰ ਗੁਰੂ ਹਰਿਗੋਬਿੰਦ ਜੀ ਦਾ ਗੁਰਦੁਆਰਾ ''ਬੇਰੀ ਸਾਹਿਬ'' ਹੈ। ਸਤਿਗੁਰੂ ਜੀ ਪਢਾਣੇ ਤੋਂ ਇਥੇ ਆਏ ਤੇ ਬੇਰੀ ਨਾਲ ਘੋੜਾ ਬੰਨਿਆਂ। ਇਸ ਬੇਰੀ ਤੋਂ 20 ਕੁ ਕਦਮ ਉਤੇ ਗੁਰੂ ਜੀ ਦੇ ਬੈਠਣ ਦੇ ਥਾਂ ਕੱਚਾ ਦਮਦਮਾ ਸਾਹਿਬ ਸੀ ਜੋ ਮਗਰੋਂ ਪੱਕਾ ਕਰ ਦਿੱਤਾ ਗਿਆ। ਉਹ ਖੂਹ ਵੀ ਪਾਸ ਹੀ ਹੈ ਜਿਥੇ ਸਤਿਗੁਰੂ ਜੀ ਨੇ ਜਲ ਛੱਕਿਆ। ਇਹ ਸਭ ਕੁਝ ਅਲੋਪ ਹੋ ਚੁਕਾ ਹੈ ਤੇ ਕੇਵਲ ਰੁੱਖਾਂ ਦਾ ਇਕ ਝੁੰਡ ਹੈ।

116. Gurdwara Chhevi Patshahi, Guru Mangat Lahore,
ਗੁਰਦੁਆਰਾ ਛੇਵੀਂ ਪਾਤਿਸ਼ਾਹੀ, ਗੁਰੂ ਮਾਂਗਟ, ਲਾਹੌਰ


ਇਹ ਪਾਵਨ ਅਸਥਾਨ ਲਾਹੌਰ ਛਾਉਣੀ ਰੇਲਵੇ ਸਟੇਸ਼ਨ ਦੇ ਬਹੁਤ ਨੇੜੇ ਹੈ। ਹੁਣ ਇਸ ਪਿੰਡ ਦੇ ਆਸੇ ਪਾਸੇ ਲਾਹੌਰ ਦੀ ਮਾਡਰਨ ਬਸਤੀ ਗੁਲਬਰਗ ਉਸਰ ਗਈ ਹੈ। ਸਤਿਗੁਰੂ ਸ੍ਰੀ ਗੁਰੂ ਹਰਿਗੋਬਿੰਦ ਜੀ ਮੁਜੰਗ ਤੋਂ ਉਠ ਕੇ ਇਥੇ ਬਿਰਾਜੇ ਸਨ। ਗੁਰਦੁਆਰਾ ਬਹੁਤ ਸੁੰਦਰ ਬਣਿਆ ਹੋਇਆ ਸੀ। ਇਸ ਪਾਵਨ ਅਸਥਾਨ ਨੂੰ 1947 ਵੇਲੇ ਬੜਾ ਨੁਕਸਾਨ ਪਹੁੰਚਿਆ। ਬਹੁਤ ਸਾਲ ਖੰਡਰ ਪਿਆ ਰਿਹਾ। ਇਸ ਪਾਵਨ ਅਸਥਾਨ ਦੀ ਪਵਿੱਤਰਤਾ ਨੂੰ ਭੰਗ ਹੋਣ ਤੋਂ ਬਚਾਉਣ ਲਈ ਇਥੇ ਸ਼ਾਨੇ ਇਸਲਾਮ ਨਾਂ ਦੀ ਆਲੀਸ਼ਾਨ ਮਸੀਤ ਬਣਾ ਦਿੱਤੀ ਗਈ ਹੈ। ਇਸ ਮਸੀਤ ਦੇ ਨਾਲ ਇਕ ਵਿਦਿਆਲਾ 'ਮਦਰਿਸਾ' ਹੈ ਜਿਥੇ ਕੁਰਾਨ ਦੀ ਸਿੱਖਿਆ ਦਿੱਤੀ ਜਾਂਦੀ ਹੈ। ਲੋਕ ਭਲਾਈ ਵਾਸਤੇ ਇਥੇ ਇਕ ਡਿਸਪੈਂਸਰੀ ਵੀ ਕੰਮ ਕਰ ਰਹੀ ਹੈ।

117. Gurdwara Chhevi Patshahi, Amar Saddhu, Lahore
ਗੁਰਦੁਆਰਾ ਛੇਵੀਂ ਪਾਤਿਸ਼ਾਹੀ ਅਮਰਸਧੂ, ਲਾਹੌਰ


ਇਹ ਪਿੰਡ ਲਾਹੌਰ ਫਿਰੋਜਪੁਰ ਰੋਡ ਉਤੇ ਅਬਾਦ ਹੈ। ਇਸ ਪਿੰਡ ਵਿੱਚ ਛੇਵੇਂ ਪਾਤਿਸ਼ਾਹ ਜੀ ਦਾ ਪਾਵਨ ਅਸਥਾਨ ਹੈ, ਜੋ ਸਤਿਗੁਰੂ ਜੀ ਬੀਬੀ ਕੌਲਾਂ ਜੀ ਦੇ ਨਾਲ ਮਜੰਗ ਤੋਂ ਇਥੇ ਆਏ ਸਨ, ਇਸ ਵਾਸਤੇ ਇਸ ਅਸਥਾਨ ਨੂੰ ''ਗੁਰਦੁਆਰਾ ਬੀਬੀ ਕੌਲਾਂ'' ਵੀ ਆਖਿਆ ਜਾਂਦਾ ਹੈ। ਪਹਿਲਾਂ ਇਸ ਅਸਥਾਨ ਉਤੇ ਸਾਧਾਰਨ ਗੁਰਦੁਆਰਾ ਸੀ। ਭਾਈ ਮੋਹਨ ਸਿੰਘ ਅਕਾਲੀ ਦੇ ਉਦਮ ਨਾਲ ਰਾਏ ਬਹਾਦਰ ਸਰ ਗੰਗਾ ਰਾਮ ਜੀ ਨੇ 1919 ਸੰਮਤ ਵਿਚ ਗੁਰਦੁਆਰੇ ਖੂਹ ਅਤੇ ਸਰੋਵਰ ਦੀ ਸੇਵਾ ਕਰਵਾਈ। ਇਸ ਵੇਲੇ ਗੁਰਦੁਆਰਾ ਸਾਹਿਬ ਦੀ ਇਮਾਰਤ ਸੁੰਦਰ ਅਤੇ ਵਧੀਆ ਹੈ। ਸਰੋਵਰ ਕਿਧਰੋਂ ਕਿਧਰੋਂ ਟੁੱਟਿਆਂ ਹੋਇਆ ਹੈ।

118. Gurdwara Tahli Sahib, Ghakka Kotli, Shakkargarh Distt Narowal
ਗੁਰਦੁਆਰਾ ਟਾਹਲੀ ਸਾਹਿਬ ਘੱਕਾ ਕੋਟਲੀ ਸ਼ੱਕਰਗੜ੍ਹ (ਜਿਲਾ ਨਾਰੋਵਾਲ)


ਘੱਕਾ ਅਤੇ ਕੋਟਲੀ ਦੋਵੇਂ ਜੁੜਵਾਂ ਪਿੰਡ ਹਨ ਜੋ ਥਾਣਾ ਸ਼ਾਹ ਗਰੀਬ ਤਹਿਸੀਲ ਸ਼ਕਰਗੜ੍ਹ ਵਿਚ ਅੱਜ ਵੀ ਆਬਾਦ ਹਨ। ਪਿੰਡ ''ਘੱਕਾ'' ਅੰਦਰ ਸਤਿਗੁਰੂ ਸ੍ਰੀ ਗੁਰੂ ਹਰਿਰਾਏ ਜੀ ਦਾ ਅਸਥਾਨ ਟਾਹਲੀ ਸਾਹਿਬ ਹੈ। ਇਹ ਇੱਕ ਵਿਸ਼ਾਲ ਅਤੇ ਸੁੰਦਰ ਗੁਰਦੁਆਰਾ ਹੈ ਜੋ ਹੁਣ ਢਹਿ ਰਿਹਾ ਹੈ। ਸਤਿਗੁਰੂ ਜੀ ਇਥੇ ਟਾਹਲੀ ਅਤੇ ਬੇਰੀ ਦੇ ਬਿਰਛ ਥੱਲੇ ਬਿਰਾਜੇ। ਟਾਹਲੀ ਸੁੱਕ ਚੁੱਕੀ ਹੈ ਜਦਕਿ ਬੇਰੀ ਹਰੀ ਭਰੀ ਹੈ। ਇਥੇ ਗੁਰੂ ਸਾਹਿਬ ਨੇ ਮੂਲੇ ਨਾਮਕ ਮਨੁੱਖ ਨੂੰ ਖਰਗੋਸ਼ ਦੀ ਜੂਨ ਤੋਂ ਮੁਕਤ ਕੀਤਾ ਸੀ। ਇਸ ਦੀ ਸਮਾਧ ਪਿੰਡ ਬੋਆ ਵਿਚ ਸਥਿਤ ਹੈ। ਭਾਈ ਫਤਹਿ ਚੰਦ ਪ੍ਰੇਮੀ ਸਿੱਖ ਦੀ ਪ੍ਰੀਤ ਕਰਕੇ ਗੁਰੂ ਸਾਹਿਬ ਕੁਝ ਦਿਨ ਇਸ ਟਾਹਲੀ ਅਤੇ ਬਿਰਛ ਹੇਠ ਠਹਿਰੇ। ਅਨਵਰ ਖਾਂ ਨਾਮੀ ਜਿਲ੍ਹਾ ਗੁਰਦਾਸਪੁਰ ਦਾ ਸ਼ਰਨਾਰਥੀ ਆਬਾਦ ਹੈ। ਇਮਾਰਤ ਖਸਤਾ ਹਾਲਤ ਵਿਚ ਹੈ।

119. Gurdwara Janam Asthan Mata Sahib Kaur, Rohtas, Distt.  Jehlam
ਜਨਮ ਅਸਥਾਨ ਮਾਤਾ ਸਾਹਿਬ ਕੌਰ ਰੋਹਤਾਸ, ਜਿਲਾ ਜੇਹਲਮ]ਰੋਹਤਾਸ ਕਿਲੇ ਅੰਦਰ ਇਸੇ ਨਾਂ ਤੋਂ ਵਸੇ ਪਿੰਡ ਵਿਚ ਹੀ ਮਾਤਾ ਸਾਹਿਬ ਕੌਰ ਜੀ ਦਾ ਜਨਮ ਭਾਈ ਰਾਮੋ ਬਸੀ ਦੇ ਘਰ ਹੋਇਆ। ਆਪ ਦਾ ਅਨੰਦ ਕਾਰਜ 18 ਵਿਸਾਖ ਸੰਮਤ 1757 ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਇਆ। ਕਲਗੀਧਰ ਪਾਤਸ਼ਾਹ ਨੇ ਇਹਨਾਂ ਦੀ ਗੋਦੀ ਪੰਥ ਖਾਲਸਾ ਪਾਇਆ, ਇਸੇ ਵਾਸਤੇ ਅੰਮ੍ਰਿਤ ਸੰਸਕਾਰ ਸਮੇਂ ਮਾਤਾ ਸਾਹਿਬ ਕੌਰ ਦੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਉਪਦੇਸ਼ ਕੀਤੇ ਜਾਂਦੇ ਹਨ। ਮਾਤਾ ਜੀ ਦਾ ਜਨਮ ਅਸਥਾਨ ਕਿਲੇ ਦੇ ਸਦਰ ਦਰਵਾਜੇ ਅੰਦਰ ਅਬਾਦੀ ਵਿਚ ਹੈ। ਅਬਾਦੀ ਵਿਚ ਵੜਦਿਆਂ ਹੀ ਕੋਈ 100 ਕਰਮਾਂ ਦੀ ਵਿੱਥ ਉਤੇ ਕੱਚੇ ਪੱਕੇ ਮਕਾਨਾਂ ਵਿਚ ਲੁਕਿਆ ਛੋਟਾ ਜਿਹਾ ਗੁੰਬਦ ਨਜਰ ਆਉਂਦਾ ਹੈ। ਇਹ ਆਪ ਜੀ ਦਾ ਹੀ ਜਨਮ ਅਸਥਾਨ ਹੈ। ਇਸ ਨੂੰ ਹਰ ਵੇਲੇ ਕੁੰਡਾ ਲੱਗਿਆ ਰਹਿੰਦਾ ਹੈ। ਮਹਾਰਾਜਾ ਰਣਜੀਤ ਸਿੰਘ ਸਮੇਂ ਇਸ ਦੀ ਸੇਵਾ ਕਰਵਾਈ ਗਈ। ਪੁਰਾਣਾ ਮਕਾਨ ਗਿਰਾ ਕੇ ਨਵਾਂ ਗੁੰਬਦਦਾਰ ਉਸਾਰਿਆ ਗਿਆ, ਜੋ ਹੁਣ ਮਿਟਦਾ ਜਾ ਰਿਹਾ ਹੈ।

120. Dargah Hazrat Baba Sheikh Farid Ganj Shakar, Pak Pattan
ਦਰਗਾਹ ਹਜ਼ਰਤ ਬਾਬਾ ਫਰੀਦ, ਗੰਜ ਸ਼ਕਰ ਪਾਕਪਤਨਹਜ਼ਰਤ ਬਾਬਾ ਫਰੀਦ ਗੰਜ ਸ਼ਕਰ ਜੀ ਨੂੰ ਪੰਜਾਬੀ ਜਬਾਨ ਦੇ ਪਹਿਲੇ ਕਵੀ ਵਜੋਂ ਮੰਨਿਆ ਜਾਂਦਾ ਹੈ। ਆਪ ਦੀ ਰਚਨਾ ਸਲੋਕ ਜੋ ਫਰੀਦ ਬਾਣੀ ਦੇ ਨਾਮ ਤੋਂ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹੈ। ਸਤਿਗੁਰੂ ਨਾਨਕ ਦੇਵ ਜੀ ਸਿੰਧ ਨੂੰ ਜਾਂਦੇ ਹੋਏ ਆਪ ਜੀ ਦੀ ਦਰਗਾਹ ਦੇ ਦਰਸ਼ਨਾਂ ਨੂੰ ਪਾਕਪਤਨ ਆਏ। ਜਿਸ ਥਾਂ ਆਪ ਨੇ ਚਰਨ ਪਾਏ ਉਸ ਥਾਂ ਨੂੰ ਟਿੱਬਾ ਨਾਨਕਸਰ ਆਖਿਆ ਜਾਂਦਾ ਹੈ।
ਬਾਬਾ ਫਰੀਦ ਜੀ ਨੇ 5 ਮੁਹੱਰਮ 679 ਹਿਜਰੀ, 7 ਮਈ 1280 ਮੰਗਲਵਾਰ ਨੂੰ ਇਸ ਦੁਨੀਆਂ ਤੋਂ ਪਰਦਾ ਕੀਤਾ। ਆਪ ਦਾ ਮਿਜ਼ਾਰ ਜੋ ਪਾਕਪਤਨ ਸ਼ਹਿਰ ਦੇ ਮੱਥੇ ਦਾ ਝੁੱਮਰ ਹੈ ਹਜਰਤ ਖਾਜਾ ਨਿਜਾਮਉਦੀਨ ਔਲਿਆ ਹੋਰਾ ਬਣਵਾਇਆ। ਇਸ ਦਾ ਬਹਿਸ਼ਤੀ ਦਰਵਾਜ਼ਾ ਚਾਂਦੀ ਦਾ ਬਣਿਆ ਹੋਇਆ ਹੈ, ਜਿਹਦੇ 'ਚ ਸੁਨਿਹਰੀ ਪੱਤਰੀ ਨਾਲ ਫੁਲਕਾਰੀ ਕੀਤੀ ਗਈ ਹੈ।

121. Tibba Baba Farid, Lahore
ਟਿੱਬਾ ਬਾਬਾ ਫਰੀਦ, ਲਾਹੌਰ

ਇਹ ਅਸਥਾਨ ਲਾਹੌਰ ਜਿਲਾ ਕਚਿਹਰੀ ਤੇ ਐਸ ਐਸ ਪੀ ਦਫਤਰ ਦੇ ਪਿਛਵਾੜੇ ਹੈ। ਇਸ ਨੂੰ ਟਿੱਬਾ ਬਾਬਾ ਫਰੀਦ ਆਖਿਆ ਜਾਂਦਾ ਹੈ। ਜਦ ਬਾਬਾ ਫਰੀਦੁਦੀਨ ਗੰਜ ਸ਼ਕਰ ਜੀ ਹੌਰ ਆਏ ਤਾਂ ਇਸ ਥਾਂ ਬਿਰਾਜੇ, ਮਗਰੋਂ ਸ਼ਰਧਾਲੂਆਂ ਇੱਥੇ ਥੜਾ ਸਾਹਿਬ ਬਣਾ ਲਿਆ। ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਇਸ ਉਤੇ ਚੌਖੰਡੀ ਉਸਾਰੀ ਗਈ ਜੋ ਦਸੰਬਰ 1996 ਤੱਕ ਕਾਇਮ ਸੀ, ਹੁਣ ਇਕ ਵਾਰ ਫਿਰ ਅਸਥਾਨ ਦੀ ਸੇਵਾ ਹੋ ਰਹੀ ਹੈ।

122. Khuh Baba Farid, chakk EB-317, Burewal, Distt.  Viharhi
ਖੂਹ ਬਾਬਾ ਫਰੀਦ ਚੱਕ ਓਭ - 317 ਬੂਰੇਵਾਲ, ਜਿਲਾ ਵਿਹਾੜੀਇਸ ਚਾਰਦੀਵਾਰੀ ਜੋ ਮਜਾਰ ਦੇ ਦਰਵਾਜੇ ਦੇ ਸਾਹਮਣੇ ਸਤਿਗੁਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੁੰਦਰ ਦਰਬਾਰ ਹੈ। ਇਸ ਖੂਹ ਨੂੰ ਬਾਬਾ ਫਰੀਦ ਜੀ ਦਾ ਖੂਹ ਆਖਿਆ ਜਾਂਦਾ ਹੈ। ਕਹਿੰਦੇ ਹਨ ਕਿ ਬਾਬਾ ਫਰੀਦ ਜੀ ਨੇ ਇਸ ਖੂਹ ਵਿੱਚ ਕੱਚੇ ਤੰਦ ਨਾਲ ਲਮਕ ਕੇ ਤਪੱਸਿਆ ਕੀਤੀ ਤੇ ਭਗਤੀ ਪਾਈ। ਇਹ ਖੂਹ ਅੱਜ ਵੀ ਚਾਲੂ ਹੈ। ਇਸ ਦਾ ਜਲ ਮਿੱਠਾ ਤੇ ਸ਼ੀਤਲ ਹੈ। ਲੋਕ ਅਨੇਕਾਂ ਸਰੀਰਕ ਤੇ ਮਾਨਸਿਕ ਰੋਗਾਂ ਤੋਂ ਮੁਕਤ ਹੋਣ ਲਈ ਇਸ ਖੂਹ ਦਾ ਜਲ ਛਕਦੇ ਹਨ। ਇਹ ਇਤਿਹਾਸਕ ਖੂਹ ਸਦੀਆਂ ਤੋਂ ਇੰਜ ਹੀ ਜਾਰੀ ਹੈ ਤੇ ਜਾਰੀ ਰਹੇਗਾ।

123. Chilgah and Grave of Hajrat Hamjha Ghaus, Sialkot
ਚਿਲਗਾਹ ਅਤੇ ਕਬਰ ਹਜਰਤ ਹਮਜਾ ਗੌਸ (ਸਿਆਲਕੋਟ) ਮੁਹੱਲਾ ਬਾਬੇ ਬੇਰ ਵਿਚ ਹੀ ਗੁਰਦੁਆਰਾ ਬੇਰ ਜੀ ਸਾਹਿਬ ਤੋਂ ਕੋਈ 400 ਮੀਟਰ ਦੀ ਵਿੱਥ ਉਤੇ ਅਬਾਦੀ ਵਿਚ ਇਕ ਨਿੱਕਾ ਜਿਹਾ ਕਬਰਸਤਾਨ ਵਿਚ ਇਕ ਉਚੇ ਥੜੇ ਤੇ ਦੋ ਕਬਰਾਂ ਹਨ। ਇਕ ਕਬਰ ਜਿਸ ਉਤੇ ਸਾਵਾ ਕੱਪੜਾ ਪਿਆ ਰਹਿੰਦਾ ਹੈ, ਉਹ ਪੀਰ ਹਜਰਤ ਹਮਜਾ ਗੌਸ ਜੀ ਦੀ ਕਬਰ ਹੈ ਜਦਕਿ ਦੂਜੀ ਕਬਰ ਉਹਨਾਂ ਦੇ ਮੁਰੀਦ (ਚੇਲੇ) ਦੀ ਹੈ। ਇਸ ਕਬਰਸਤਾਨ ਦੇ ਸੱਜੇ ਪਾਸੇ ਵਾਲੀ ਸਾਹਮਣੀ ਨੁੱਕਰ ਵਿਚ ਇਕ ਬਹੁਤ ਉਚੀ ਗੁੰਬਦਦਾਰ ਇਮਾਰਤ ਹੈ। ਇਹ ਉਹਨਾਂ ਦੀ ਚਿਲਾਗਾਹ ਹੈ। ਯਾਦ ਰਹੇ ਹਮਜਾ ਗੌਸ ਨੇ ਸਿਆਲਕੋਟ ਨੂੰ ਧਮਕੀ ਦਿੱਤੀ ਹੋਈ ਸੀ ਤੇ ਗੁਰੂ ਬਾਬੇ ਨੇ ਲੋਕਾਂ ਨੂੰ ਨਿਜਾਤ ਦੁਆਈ ਸੀ।

124. Tomb of Sai Mian Mir, Lahore
ਮਿਜਾਰ ਸਾਈਂ ਮੀਆਂ ਮੀਰ ਜੀਸਾਈਂ ਮੀਆਂ ਮੀਰ ਜੀ ਜਿਹਨਾਂ ਦਾ ਅਸਲ ਨਾਂ ਮੀਰ ਮੁਹੰਮਦ ਅਤੇ ਪ੍ਰਸਿੱਧ ਨਾਂ ਮੀਆਂ ਮੀਰ ਸੀ, ਆਪ ਦਾ ਜਨਮ 1531 ਈ: ਨੂੰ ਸਿਉਸਤਾਨ ਸਿੰਧ ਵਿਚ ਹੋਇਆ । ਆਪ ਨੇ ਉਮਰ ਦਾ ਚੌਖਾ ਹਿੱਸਾ ਲਾਹੌਰ ਵਿਚ ਬਿਤਾਇਆ। ਪਹਿਲੀ ਮਾਘ ਸੰਮਤ 1684, 3 ਜਨਵਰੀ 1588 ਨੂੰ ਪੰਚਮ ਪਾਤਿਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪ ਤੋਂ ਹਰਿਮੰਦਰ ਸਾਹਿਬ ਦਾ ਨੀਹ ਪੱਥਰ ਰਖਵਾਇਆ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੇ ਆਪ ਨੇ ਹਾਅ ਦਾ ਨਾਅਰਾ ਮਾਰਿਆ। ਦਾਰਾ ਸ਼ਿਕੋਹ ਨੇ ਆਪ ਦਾ ਬਹੁਤ ਹੀ ਸੁੰਦਰ ਮਜਾਰ ਬਣਾਵਾਇਆ, ਜੋ ਅੱਜ ਵੀ ਆਪਣੀਆਂ ਸ਼ਾਨਾਂ ਵਿਖਾ ਰਿਹਾ ਹੈ। ਮਜਾਰ ਦੀ ਉਸਾਰੀ ਜਾਰੀ ਸੀ ਕਿ ਔਰੰਗਜੇਬ ਤਖਤ ਉਤੇ ਆਣ ਬੈਠਾ। ਉਹਨੇ ਮਜਾਰ ਤੇ ਲੱਗਨ ਵਾਲਾ ਲਾਲ ਪੱਥਰ ਜੋ ਦਾਰਾ ਸ਼ਿਕੋਹ ਨੇ ਮੰਗਵਾਇਆ ਸੀ, ਚੱਕ ਕੇ ਲਾਹੌਰ ਦੀ ਬਾਦਸ਼ਾਹੀ ਮਸੀਤ ਉਤੇ ਲਵਾ ਲਿਆ। ਮਹਾਰਾਜਾ ਰਣਜੀਤ ਸਿੰਘ ਦੇ ਹੁਕਮ ਉਤੇ ਆਪ ਦੇ ਮਜਾਰ ਦੀ ਸਰਕਾਰੀ ਪੱਧਰ ਉਤੇ ਮੁਰੰਮਤ ਹੋਈ ਤੇ ਸ਼ਾਹੀ ਖਜਾਨੇ ਵੱਲੋਂ ਪੰਜ ਸੌ ਰੁਪਿਆ ਇਸ ਦਾ ਤਾਰਿਆ ਗਿਆ। ਮਹਾਰਾਜਾ ਹਰ ਸਾਲ ਮੇਲੇ ਵੇਲੇ ਮਿਜਾਰ ਉਤੇ ਆਪ ਆਉਂਦਾ ਅਤੇ ਦਿਲ ਖੋਲ ਕੇ ਸੇਵਾ ਕਰਦਾ।

 125. Tomb Rai Bular, Nankana Sahib
ਕਬਰ ਰਾਏ ਬੁਲਾਰ, ਨਨਕਾਣਾ ਸਾਹਿਬ, ਜਿਲਾ ਸ਼ੇਖੂਪੁਰਾਜਨਮ ਅਸਥਾਨ ਨਨਕਾਣਾ ਸਾਹਿਬ ਦੇ ਪਿਛਵਾੜੇ ਆਬਾਦੀ ਤੋਂ ਬਾਹਰ ਇਕ ਥੇਹ ਹੈ। ਇਸ ਥੇਹ ਨੂੰ ਧੌਲਰ ਥੇਹ ਕਰ ਕੇ ਯਾਦ ਕੀਤਾ ਜਾਂਦਾ ਹੈ। ਇਸ ਉਤੇ ਦੁਨੀਆਂ ਦੇ ਉਸ ਪਹਿਲੇ ਬੰਦੇ ਦੀ ਕਬਰ ਹੈ, ਜਿਹਨੇ ਸਤਿਗੁਰੂ ਨਾਨਕ ਦੇਵ ਜੀ ਨੂੰ ਅੱਲਾ ਦਾ ਪਿਆਰਾ ਬੰਦਾ ਕਰ ਕੇ ਪਛਾਣਿਆਂ। ਉਹਨਾਂ ਨੇ ਆਪਣੀ ਅੱਧੀ ਜਾਗੀਰ ਗੁਰਦੁਆਰਾ ਸਾਹਿਬ ਜੀ ਦੇ ਨਾ ਲਾ ਦਿੱਤੀ ਜੋ ਅੱਜ ਵੀ ਉਸਦੇ ਨਾਂ ਹੈ। ਇਹ ਕੱਚੀ ਕਬਰ ਤਾਰੀਖ ਦਾ ਇਕ ਬਹੁ ਵੱਡਾ ਨਿਸ਼ਾਨ ਹੈ। ਰਾਏ ਬੁਲਾਰ ਦੀ ਵੰਸ਼ ਵਿੱਚੋਂ ਬਹੁਤ ਨਾਮਵਰ ਅਤੇ ਪ੍ਰਸਿੱਧ ਸਿਆਸਤਦਾਨ ਰਹੇ ਹਨ। ਜਿਹਨਾਂ ਵਿਚੋਂ ਰਾਏ ਮਨਸਬ ਅਲੀ ਖਾਂ ਤਾਂ ਵਜੀਰ ਵੀ ਰਹੇ ਹਨ। ਇਸੇ ਤਰਾਂ ਰਾਏ ਮੁਹੰਮਦ ਬਸੀਰ ਭੱਟੀ ਪਾਕਿਸਤਾਨ ਦੀ ਨੈਸ਼ਨਲ ਅਸੰਬਲੀ ਦੇ ਮੈਂਬਰ ਰਹੇ। 
Share this article :

No comments:

Post a Comment

 

Punjab Monitor