SIKH SHRINES IN PAKISTAN PART 4
76. Gurdwara Dharamsala Bhai Harnam Singh, Bucheki, Distt. Sekhupura
ਧਰਮਸਾਲਾ ਭਾਈ ਹਰਨਾਮ ਸਿੰਘ, ਬੁੱਚੇਕੀ, ਜਿਲਾ ਸ਼ੇਖੂਪੁਰਾ
ਧਰਮਸਾਲਾ ਭਾਈ ਹਰਨਾਮ ਸਿੰਘ, ਬੁੱਚੇਕੀ, ਜਿਲਾ ਸ਼ੇਖੂਪੁਰਾ
ਬੁੱਚੇਕੀ ਨਾਮੀ ਕਸਬਾ ਲਾਹੌਰ ਜੜਾਵਾਲਾ ਰੋਡ ਉਤੇ ਬਹੁਤ ਮਸ਼ਹੂਰ ਹੈ। ਪੁਰਾਣਾ ਸ਼ਹਿਰ ਸੜਕ ਤੋਂ ਕੋਈ ਇਕ ਕਿਲੋਮੀਟਰ ਹਟ ਕੇ ਹੈ। ਪੁਰਾਣੇ ਸ਼ਹਿਰ ਦੇ ਮੁਹੱਲੇ ਧਰਮਸ਼ਾਲਾ ਵਿੱਚ ਭਾਈ ਹਰਨਾਮ ਸਿੰਘ ਜੀ ਦੀ ਧਰਮਸ਼ਾਲਾ ਹੈ। ਇਹ ਇਕ ਬਹੁਤ ਹੀ ਸੁੰਦਰ ਇਮਾਰਤ ਸੀ। ਹੁਣ ਇਸ ਵਿਚ ਬਹੁਤ ਸਾਰੇ ਸ਼ਰਨਾਰਥੀਆਂ ਦੇ ਘਰ ਵਸ ਗਏ ਹਨ। ਉਹਨਾਂ ਨੇ ਇਸ ਇਮਾਰਤ ਦਾ ਸਾਰਾ ਹੁਸਨ ਬਰਬਾਦ ਕਰ ਦਿੱਤਾ ਹੈ। ਹੁਣ ਤਾਂ ਇਸ ਥਾਂ ਨੂੰ ਪਛਾਣਨਾ ਵੀ ਔਖਾ ਹੈ। ਭਾਈ ਹਰਨਾਮ ਜੀ ਗੁਰੂ ਅਰਜਨ ਦੇਵ ਜੀ ਦੇ ਸਿੱਖ ਸਨ। ਉਹਨਾਂ ਦਾ ਪ੍ਰੇਮ ਵੇਖ ਗੁਰੂ ਸਾਹਿਬ ਨੇ ਨਨਕਾਣਾ ਸਾਹਿਬ ਤੋਂ ਇਥੇ ਚਰਨ ਪਾਏ। ਜਿਥੇ ਆਪ ਬਿਰਾਜੇ, ਉਹ ਪੂਜਾ ਅਸਥਾਨ ਬਣ ਗਿਆ।
ਇਸ ਪਿੰਡ ਤੋਂ ਬਾਹਰ ਦੀ ਆਬਾਦੀ ਭੋਰੇ ਵਿੱਚ ਵੀ ਗੁਰੂ ਜੀ ਦੇ ਬਿਰਾਜਣ ਦਾ ਅਸਥਾਣ ਦਾ ਅਸਥਾਨ ਹੈ, ਜਿਥੇ ਹੁਣ ਬੱਚਿਆਂ ਦਾ ਸਕੂਲ ਹੈ।
77. Gurdwara Panjavi Patshahi, Hanjra, Pattoki
ਗੁਰਦੁਆਰਾ ਪੰਜਵੀਂ ਪਾਤਸ਼ਾਹੀ, ਹੰਜਰਾ
ਹੰਜਰਾ ਨਾਮੀ ਪਿੰਡ ਲਾਹੌਰ ਮੁਲਤਾਨ ਰੋਡ ਉਤੇ ਪ੍ਰਸਿੱਧ ਕਸਬੇ ਪੱਤੋਕੀ ਤੋਂ ਕੋਈ 20 ਕਿਲੋਮੀਟਰ ਰਾਵੀ ਵਾਲੇ ਪਾਸੇ ਹੈ। ਪਿੰਡ ਦੀ ਪੂਰਬੀ ਬਾਹੀ ਵੱਲ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਗੁਰਦੁਆਰਾ ਹੈ। ਇੱਥੋਂ ਬੈਠ ਕੇ ਆਪ ਜੀ ਨੇ ਜਾਤਰੀ ਅਤੇ ਹੰਜਰਾ ਦੋ ਭਰਾਵਾਂ ਵਿਚਕਾਰ ਚੱਲਿਆ ਆ ਰਿਹਾ ਜਮੀਨ ਦੀ ਹਦਬੰਦੀ ਦਾ ਝਗੜਾ ਨਿਬੇੜਿਆ। ਦੋਹਾਂ ਪਿੰਡਾਂ ਵਿੱਚ ਹੱਦਬੰਦੀ ਕੀਤੀ ਗਈ ਅਤੇ ਦੋਹਾਂ ਪਿੰਡਾਂ ਵਿੱਚ ਆਪ ਜੀ ਨੇਚਰਨ ਪਾ ਕੇ ਨਿਹਾਲ ਕੀਤਾ। ਗੁਰਦੁਆਰਾ ਪਹਿਲਾਂ ਸਾਧਾਰਨ ਜਿਹਾ ਬਣਿਆ ਹੋਇਆ ਸੀ ਮਗਰੋਂ ਪਿੰਡ ਦੀ ਸੰਗਤ ਨੇ ਉਸ ਨੂੰ ਉਸਾਰਿਆ 1947 ਤੋਂ ਬਾਅਦ ਬੰਦ ਪਿਆ ਹੈ। ਸਰੋਵਰ ਛੱਪੜ ਦਾ ਰੂਪ ਧਾਰਨ ਕਰ ਗਿਆ ਹੈ।
78. Gurdwara Thamm Sahib, Jambar Kalan, Distt. Kasur
ਗੁਰਦੁਆਰਾ ਥੰਮ ਸਾਹਿਬ, ਜੰਬਰ ਕਲਾਂ, ਜਿਲਾ ਕਸੂਰ
ਜੰਬਰ ਕਲਾਂ ਜਿਲਾ ਕਸੂਰ ਦਾ ਇੱਕ ਪਿੰਡ ਹੈ ਜੋ ਲਾਹੌਰ ਮੁਲਤਾਨ ਰੋਡ ਉਤੇ ਫੇਰੂ ਤੋਂ ਅੱਗੇ ਛਾਂਗਾ ਮੋੜ ਉਤੇ ਆਬਾਦ ਹੈ। ਜੁੰਬਰ ਕਲਾ ਦੀ ਆਬਾਦੀ ਵਿੱਚ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪਾਵਨ ਅਸਥਾਨ ਥੰਮ ਸਾਹਿਬ ਹੈ। ਸਤਿਗੁਰੂ ਜੀ ਬਹਿੜਵਾਲ ਤੋਂ ਚਲ ਕੇ ਇਥੇ ਆਏ। ਇੱਥੇ ਉਹਨਾਂ ਨੇ ਕਿਦਾਰਾਂ, ਸਮੱਧੂ, ਮਖੰਡਾ, ਤੁਲਸਾ ਅਤੇ ਲਾਲੂ ਨਾਮੀ ਸਿੱਖਾਂ ਨੂੰ ਪਾਹੁਲ ਦੇ ਕੇ ਗੁਰਸਿੱਖ ਬਣਾਇਆ। ਇਮਾਰਤ ਸੁੰਦਰ, ਬੁਲੰਦ ਤੇ ਵਿਸ਼ਾਲ ਹੈ।
79.Gurdwara Panjavi Patshahi, Shekham, Kasur
ਗੁਰਦੁਆਰਾ ਪੰਜਵੀਂ ਪਾਤਿਸ਼ਾਹੀ, ਸ਼ੇਖਮ (ਕਸੂਰ)
ਸ਼ੇਖਮ ਨਾਮ ਦੇ ਜਿਲਾ ਕਸੂਰ ਅੰਦਰ ਦੋ ਪਿੰਡ ਹਨ। ਜਿਸ ਪਿੰਡ ਬਾਰੇ ਅਸੀਂ ਗੱਲ ਕਰ ਰਹੇ ਹਾਂ ਇਹ ਪਿੰਡ ਪੱਤੋਕੀ ਹੱਲਾ ਰੋਡ ਉਤੇ ਪੱਤੋਕੀ ਤੋਂ ਕੋਈ ਤਿੰਨ ਕਿਲੋਮੀਟਰ ਦੀ ਵਿੱਥ ਉਤੇ ਹੈ। ਪਿੰਡ ਦੀ ਆਬਾਦੀ ਹਜਾਰਾਂ ਵਿਚ ਹੈ, ਵਿਚਾਲੇ ਗੁਰੂ ਅਰਜਨ ਦੇਵ ਜੀ ਦਾ ਪਾਵਨ ਅਸਥਾਨ ਹੈ। ਆਪ ਬਹਿੜਵਾਲ ਤੋ ਚਲ ਕੇ ਇਥੇ ਆਏ। ਗੁਰਦੁਆਰਾ ਛੋਟਾ ਜਿਹਾ ਬਣਿਆ ਹੋਇਆ ਹੈ।
80. Gurdwara Panjavi Patshahi, Jatri, Sheikhupura
ਗੁਰਦੁਆਰਾ ਪੰਜਵੀ ਪਾਤਿਸ਼ਾਹੀ, ਜਾਤਰੀ, ਸ਼ੇਖੂਪੁਰਾ
;ਜਾਤਰੀ ਨਾਂ ਦਾ ਇਹ ਪਿੰਡ ਭਾਈ ਫੇਰੂ ਖੁੰਡਾ ਰੋਡ ਉਤੇ ਹੈਡ ਬੱਲੋਕੀ ਤੋਂ ਅੱਗੇ ਹੈ। ਇਸ ਪਿੰਡ ਦੀ ਆਬਾਦੀ ਅੰਦਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਗੁਰਦੁਆਰਾ ਸੀ ਜੋ ਹੁਣ ਅਲੋਪ ਹੋ ਚੁੱਕਿਆ ਹੈ। ਕੇਵਲ ਉਹਦੀ ਸਰਾਂ ਹੀ ਬਾਕੀ ਹੈ। ਇਥੇ ਸਤਿਗੁਰੂ ਜੀ ਆਪਣੇ ਪ੍ਰੇਮੀ ਸਿੱਖ ਭਾਈ ਜਾਤਰੀ ਦੇ ਪ੍ਰੇਮ ਨੂੰ ਵੇਖਦੇ ਹੋਏ ਬਿਰਾਜੇ। (ਵੇਖੋ ''ਹੰਜਰਾ'')ਭਾਈ ਜਾਤਰੀ ਦੀ ਸਮਾਧ ਅੱਜ ਵੀ ਪਿੰਡੋਂ ਬਾਹਰ ਰਾਵੀ ਵਾਲੇ ਪਾਸੇ ਰੁੱਖਾਂ ਵਾਲੇ ਪਾਸੇ ਰੁੱਖਾਂ ਦੇ ਇੱਕ ਝੁੰਡ ਵਿੱਚ ਖਲੋਤੀ ਹੈ।
81. Gurdwara Panjavi Patshahi, Chakk Ramdas, Gujranwala
ਗੁਰਦੁਆਰਾ ਪੰਚਮ ਪਾਤਿਸ਼ਾਹੀ, ਚੱਕ ਰਾਮਦਾਸ, ਗੁਜਰਾਂਵਾਲਾ
ਸੜਕ ਉਤੇ ਐਮਨਾਬਾਅਦ ਤੋਂ ਕੋਈ 20 ਕਿਲੋਮੀਟਰ ਪੂਰਬ ਵੱਲ ਇਹ ਪਿੰਡ ਆਬਾਦ ਹੈ। ਪੰਚਮ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਭਾਈ ਪਿਰਾਣੇ ਦੇ ਪ੍ਰੇਮ ਕਰ ਕੇ ਇਥੇ ਖਿੱਚੇ ਆਏ। ਗੁਰੂ ਸਾਹਿਬ ਦੇ ਨਿਵਾਸ ਦੇ ਅਸਥਾਨ ਉਤੇ ਸੁੰਦਰ ਗੁਰਦੁਆਰਾ ਬਣਿਆ ਹੋਇਆ ਸੀ ਜੋ ਹੁਣ ਅਲੋਪ ਹੋ ਚੁਕਿਆ ਹੈ। ਇਸ ਅਸਥਾਨ ਦੇ ਸਾਹਮਣੇ ਇਕ ਚੌਬਾਰਾ ਸੀ, ਜਿਹਨੂੰ ਹੁਣ ਲੋਕ ਗੁਰੂ ਦਾ ਮਹਿਲ ਕਰਕੇ ਜਾਣਦੇ ਹਨ। ਇਸ ਪਾਵਨ ਅਸਥਾਨ ਦੇ ਨਾਂ ਸਿੱਖ ਰਾਜ ਵੱਲੋਂ ਦਿੱਤੀ 40 ਘੁਮਾਉ ਜਮੀਨ ਮੁਆਫ ਹੈ। ਗੁਰਦੁਆਰਾ ਸਾਹਿਬ ਅਣਗੋਲੀ ਕਰ ਕੇ ਮਿੱਟ ਚੁਕਿਆ ਹੈ।
82. Gurdwara Budhu da Awa, Lahore
ਗੁਰਦੁਆਰਾ ਬੁੱਧੂ ਦਾ ਆਵਾ, ਲਾਹੌਰ
ਇਹ ਪਾਵਨ ਅਸਥਾਨ ਲਾਹੌਰ ਅੰਮ੍ਰਿਤਸਰ ਜੀ ਦੀ ਰੋਡ ਉਤੇ ਹੈ। ਮਹਾਨ ਕੋਸ਼ ਅਨੁਸਾਰ ਬੁੱਧੂ ਦਾ ਪੁੱਤਰ ਲਾਹੌਰ ਦਾ ਇਕ ਘੁਮਿਆਰ ਸੀ, ਉਹਨੇ ਇਕ ਵਾਰ ਬਹੁਤ ਵੱਡਾ ਆਵਾ ਤਿਆਰ ਕਰਕੇ ਗੁਰੂ ਅਰਜਨ ਦੇਵ ਜੀ ਦੇ ਹਜੂਰ ਅਰਦਾਸ ਕਰਵਾਈ ਕਿ ਆਵਾ ਪੱਕ ਨਿਕਲੇ। ਸੰਗਤ ਨੇ ਜੋ ਪ੍ਰਸ਼ਾਦ ਛੱਕ ਕੇ ਅਰਦਾਸ ਕੀਤੀ ਤਾਂ ਭਾਈ ਲਿਖੇ ਜੀ ਜੋ ਪ੍ਰਸ਼ਾਦਾਂ ਵਰਤਾਉਣ ਪਿੱਛੋਂ ਆਇਆ ਸੀ, ਆਖਿਆ ਆਵਾ ਪਿੱਲਾ ਹੋ ਗਿਆ ਹੈ। ਜਦ ਇੱਟਾਂ ਪਿੱਲੀਆਂ ਨਿਕਲੀਆਂ ਤਾਂ ਬੁੱਧੂ ਨੇ ਸਤਿਗੁਰੂ ਦੇ ਹਜੂਰ ਬੇਨਤੀ ਕੀਤੀ। ਸਤਿਗੁਰਾਂ ਫਰਮਾਇਆ ''ਪ੍ਰੇਮੀ ਸਿੱਖ ਦਾ ਬਚਨ ਅਟੱਲ ਹੈ। ਤੇਰੀਆਂ ਇੱਟਾਂ ਪੱਕੀਆਂ ਦੇ ਮੁੱਲ ਵਿਕਣਗੀਆਂ।'' ਲਾਹੌਰ ਵਿੱਚ ਭਾਰੀ ਬਰਸਾਤ ਸ਼ੁਰੂ ਹੋ ਗਈ ਤੇ ਪਿੱਲੀਆਂ ਇੱਟਾਂ ਪੱਕੀਆਂ ਦੇ ਮੁੱਲ ਵਿਕ ਗਈਆਂ। ਗੁਲਾਬੀ ਬਾਗ ਨੇੜੇ ਇੰਜੀਨਿਅਰਿੰਗ ਯੂਨੀਵਰਸਿਟੀ ਦੇ ਜੀਰੋ ਗੇਟ ਸਾਹਮਣੇ ਭਾਈ ਬੁੱਧੂ ਜੀ ਦਾ ਮਕਬਰਾ ਹੈ। ਇਸ ਤੋਂ ਪਿੱਛੋਂ ਗੁਰਦੁਆਰਾ ਸਾਹਿਬ ਸੀ, ਹੁਣ ਇਥੇ ਕਬਰਿਸਤਾਨ ਬਣ ਚੁਕਾ ਹੈ। ਇਹ ਗੁਰਦੁਆਰਾ ਬਹੁਤ ਸਮਾਂ ਗੁਰੂਸਰ ਸਤਲਾਈ ਦੇ ਮਹੰਤਾਂ ਅਧੀਨ ਰਿਹਾ। ਫਿਰ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਆ ਗਿਆ।
83. Gurdwara Baoli Sahib, Rang Mahal, Lahore
ਗੁਰਦੁਆਰਾ ਬਾਉਲੀ ਸਾਹਿਬ, ਰੰਗ ਮਹਿਲ, ਲਾਹੌਰ
ਪੰਜਵੇਂ ਪਾਤਿਸ਼ਾਹ ਜੀ ਦਾ ਇਹ ਪਾਵਨ ਅਸਥਾਨ ਲਾਹੌਰ ਸ਼ਹਿਰ ਦੇ ਰੰਗ ਮਹਿਲ ਬਾਜਾਰ ਦੇ ਚੌਕ ਅੰਦਰ ਹੈ। ਇਸ ਅਸਥਾਨ ਦੇ ਨਾਲ ਸੁਨਿਹਰੀ ਮਸੀਤ ਦਾ ਪਿਛਵਾੜਾ ਲਗਦਾ ਹੈ। ਗੁਰੂ ਸਾਹਿਬ ਦੇ ਲਾਹੌਰ ਜਾਣ ਸਮੇਂ ਇਕ ਵੱਡਾ ਝਗੜਾ ਹੋ ਰਿਹਾ ਸੀ। ਬੁਖਾਰੇ ਦਾ ਇਕ ਪਠਾਣ ਮੁਹਿੰਮ ਉਤੇ ਜਾਣ ਲੱਗਾ ਛੇਤੀ ਨਾਲ 142 ਮੋਹਰਾਂ ਦਾ ਬਟੂਆ ਛੱਜੂ ਭਗਤ ਪਾਸ ਅਮਾਨਤ ਰੱਖ ਗਿਆ ਸੀ। ਅਜੇ ਉਦੋਂ ਹੀ ਛੱਜੂ ਨੇ ਦੁਕਾਨ ਖੋਲੀ ਸੀ ਇਸ ਲਈ ਅਜੇ ਤੱਕ ਰੋਜਨਾਮਚਾ ਲਿਖਣ ਵਾਲਾ ਕੋਈ ਨਹੀਂ ਸੀ ਆਇਆ। ਛੱਜ#ੂ ਉਸ ਬਟੂਏ ਨੂੰ ਸੰਦੂਕ ਵਿੱਚ ਰੱਖ ਕੇ ਭੁੱਲ ਗਿਆ। ਕਈ ਮਹੀਨਿਆਂ ਪਿੱਛੋਂ ਆ ਕੇ ਪਠਾਣ ਨੇ ਰਕਮ ਮੰਗੀ। ਅਮਾਨਤ ਦੀ ਵਹੀ ਵਿੱਚ ਉਸਦਾ ਨਾਮ ਨਹੀਂ ਸੀ। ਛੱਜੂ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਮੁੱਕਦਮਾ ਲਾਹੌਰ ਦੇ ਹਾਕਿਮ ਕੋਲ ਗਿਆ ਤੇ ਪਠਾਣ ਹਾਰ ਗਿਆ। ਕੁਝ ਚਿਰ ਮਗਰੋਂ ਛੱਜੂ ਨੇ ਸਫਾਈ ਕੀਤੀ ਕਿ ਉਹ ਬਟੂਆ ਨਿਕਲ ਆਇਅ। ਛੱਜੂ ਇੱਕ ਦੋਸ਼ਾਲਾ ਲੈ ਕੇ ਪਠਾਣ ਕੋਲ ਗਿਆ ਤੇ ਮੁਆਫੀ ਮੰਗੀ। ਪਠਾਣ ਨੇ ਆਖਿਆ ਕਿ ਮੈਂ ਮੁਕੱਦਮਾ ਹਾਰ ਚੁਕਾ ਹਾਂ, ਇਸ ਵਾਸਤੇ ਇਸ ਉਤੇ ਮੇਰਾ ਕੋਈ ਹੱਕ ਨਹੀਂ। ਇਹ ਝਗੜਾ ਸ੍ਰੀ ਗੁਰੂ ਅਰਜਨ ਦੇਵ ਜੀ ਪਾਸ ਪੇਸ਼ ਹੋਇਆ। ਜਦ ਉਹਨਾਂ ਦੋਹਾਂ ਨੇ ਪੈਸੇ ਕਬੂਲ ਨਾ ਕੀਤੇ ਤਾਂ ਗੁਰੂ ਜੀ ਨੇ ਉਸ ਪੈਸੇ ਨਾਲ ਡੱਬੀ ਬਜਾਰ ਅੰਦਰ ਲੋਕਾਂ ਵਾਸਤੇ ਸੰਮਤ 1616 ਵਿੱਚ ਇੱਕ ਬਾਉਲੀ ਬਣਵਾਈ।
ਸੰਮਤ 1685 ਵਿੱਚ ਇਹ ਬਾਉਲੀ ਮਿੱਟੀ ਨਾਲ ਭਰਾ ਦਿੱਤੀ ਗਈ। ਮਹਾਰਾਜਾ ਰਣਜੀਤ ਸਿੰਘ ਸਮੇਂ ਸੰਮਤ 1891 ਵਿੱਚ ਇੱਕ ਫੁਲੇਰੇ ਦੇ ਪਤਾ ਦੇਣ ਤੇ ਇਹ ਬਾਉਲੀ ਪਰਗਟ ਕੀਤੀ ਗਈ। ਇਸ ਵੇਲੇ ਫਿਰ ਇਹ ਬਾਉਲੀ ਅਲੋਪ ਹੋ ਚੁਕੀ ਹੈ। ਇਸ ਵੇਲੇ ਕੇਵਲ ਇਕ ਨਿੱਕਾ ਜਿਹਾ ਬਾਗ ਹੈ, ਜਿਸ ਵਿਚ ਲੋਕ ਆਰਾਮ ਕਰਦੇ ਹਨ, ਆਸੇ ਪਾਸੇ ਦੁਕਾਨਾਂ ਹਨ।
84. Gurdwara Dehra Sahib, Lahore
ਗੁਰਦੁਆਰਾ ਡੇਹਰਾ ਸਾਹਿਬ ਲਾਹੌਰ
ਸਿੱਖ ਇਤਿਹਾਸ ਅਨੁਸਾਰ ਗੁਰੂ ਅਰਜਨ ਦੇਵ ਜੀ ਚੰਦੂ ਦੇ ਤਸੀਹੇ ਸਹਾਰਦੇ ਹੋਏ ਇਥੇ ਸ਼ਹੀਦ ਹੋਏ। ਉਹਨਾਂ ਨੂੰ ਤੱਤੀ ਤਵੀ ਤੇ ਬਿਠਾ ਕੇ ਇਥੇ ਰਾਵੀ ਦੇ ਠੰਡੇ ਪਾਣੀ ਵਿਚ ਸੁੱਟ ਦਿਤਾ ਗਿਆ। ਇਉਂ ਆਪ ਨੇ ਇਸ ਥਾਂ ਉਤੇ 30 ਮਈ 1606 ਨੂੰ ਸ਼ਹੀਦੀ ਪ੍ਰਾਪਤ ਕੀਤੀ। ਉਸ ਸਮੇਂ ਰਾਵੀ ਕਿਲੇ ਅਤੇ ਸ਼ਾਹੀ ਮਸੀਤ ਦੀਆਂ ਕੰਧਾਂ ਨਾਲ ਖਹਿ ਕੇ ਇਥੇ ਵਗਦੀ ਸੀ। ਸੰਨ 1619 ਨੂੰ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਜੀ ਗੁਰ ਅਸਥਾਨਾਂ ਦੇ ਦਰਸ਼ਨਾਂ ਨੂੰ ਆਏ ਤਾਂ ਆਪ ਨੇ ਇਸ ਸ਼ਹੀਦੀ ਅਸਥਾਨ ਉਤੇ ਥੜਾ ਸਾਹਿਬ ਤਿਆਰ ਕਰਵਾਇਆ। ਸਿੱਖ ਰਾਜ ਸਮੇਂ ਮਹਾਰਾਜਾ ਰਣਜੀਤ ਸਿੰਘ ਵੱਲੋਂ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਵਾਈ ਗਈ। ਸੰਗਮਰਮਰ ਦੀ ਮਨਮੋਹਣੀ ਇਮਾਰਤ ਗੁਬੰਦਦਾਰ ਜਿਹਦੇ ਚੁਫੇਰੇ ਬਰਾਮਦਾ ਬਣਵਾਇਆ ਗਿਆ।
85. Gurdwara Lal Khuh, Mochi Darwaja, Lahore
ਗੁਰਦੁਆਰਾ ਲਾਲ ਖੂਹ, ਮੋਚੀ ਦਰਵਾਜਾ, ਲਾਹੌਰ
ਇਹ ਇਤਿਹਾਸਕ ਖੂਹ ਮੋਚੀ ਦਰਵਾਜੇ ਦੇ ਅੰਦਰ ਬਜਾਰ ਵਿਚ ਹੈ। ਇਹ ਖੂਹ ਕਦੇ ਚੰਦੂ ਦੀ ਹਵੇਲੀ ਵਿਚ ਸੀ। ਇਸ ਦੇ ਪਾਸ ਹੀ ਇਕ ਛੋਟੀ ਜਿਹੀ ਕੋਠੜੀ ਸੀ ਜਿਥੇ ਚੰਦੂ ਨੇ 1606 ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗ੍ਰਿਫਤਾਰ ਕਰਕੇ ਕੈਦ ਕੀਤਾ ਸੀ। ਗੁਰੂ ਜੀ ਕੈਦ ਸਮੇਂ ਇਸ ਖੂਹ ਤੋਂ ਜਦ ਛਕਦੇ ਅਤੇ ਇਸ਼ਨਾਨ ਕਰਦੇ ਸਨ। ਇਥੇ ਹੀ ਗੁਰੂ ਜੀ ਨੂੰ ਅਨੇਕਾਂ ਤਸੀਹੇ ਦਿੱਤੇ ਗਏ। ਜਦ 1619 ਵਿੱਚ ਛੇਵੇਂ ਪਾਤਿਸ਼ਾਹ ਲਾਹੌਰ ਤਸ਼ਰੀਫ ਲਿਆਏ ਤਦ ਇਥੇ ਹੀ ਗੁਰਸਿੱਖਾਂ ਨੇ ਚੰਦੂ ਦੇ ਨੱਕ ਵਿਚ ਨਕੇਲ ਪਾ ਕੇ ਫੇਰਿਆ ਅਤੇ ਇਥੇ ਹੀ ਭੜਭੁੰਜੇ ਨੇ ਆਪਣਾ ਕੜਛਾ ਮਾਰ ਕੇ ਚੰਦੂ ਨੂੰ ਗੱਡੀ ਚਾੜਿਆ।
86. Gurdwara Chhevi Patshahi, Mansehra
ਗੁਰਦੁਆਰਾ ਛੇਵੀਂ ਪਾਤਸ਼ਾਹੀ, ਮਾਨਸਹਿਰਾ
ਸਾਹਿਬ ਗੁਰੂ ਹਰਗੋਬਿੰਦ ਜੀ ਦਾ ਇਹ ਪਾਵਨ ਅਸਥਾਨ ਮਾਨਸਹਿਰਾ ਕਸ਼ਮੀਰ ਰੋਡ ਉਤੇ ਹੈ। ਇਸ ਅਸਥਾਨ ਉਤੇ ਆਪ ਜੀ ਕਸ਼ਮੀਰ ਤੋਂ ਮੁੜਦੇ ਹੋਏ ਵਿਰਾਜੈ। ਜਿਥੇ ਆਪ ਨੇ ਚਰਨ ਪਾਏ ਅਤੇ ਪ੍ਰੇਮੀ ਸੰਗਤ ਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ, ਗੁਰ ਸਿੱਖਾਂ ਨੇ ਉਥੇ ਗੁਰਦੁਆਰਾ ਉਸਾਰ ਲਿਆ। ਇਹ ਗੁਰਦੁਆਰਾ ਤਿੰਨ ਮੰਜਲਾ ਹੈ। ਫਰਸ਼ ਅਤੇ ਕੰਧਾਂ ਉਤੇ ਵੱਖ ਵੱਖ ਸੇਵਾਕਾਰਾਂ ਦੇ ਨਾਵਾਂ ਦੀਆਂ ਇੱਟਾਂ ਲੱਗੀਆਂ ਹੋਈਆਂ ਹਨ। ਹੁਣ ਇਹ ਇਕ ਸੱਖਣੀ ਇਮਾਰਤ ਹੈ।
87. Gurdwara Chitti Gatti, Mansehra Distt. Hazara
ਗੁਰਦੁਆਰਾ ਛੇਵੀਂ ਪਾਤਿਸ਼ਾਹੀ, ਚਿੱਟੀ ਗੱਟੀ, ਮਾਨਸਹਿਰਾ, ਜਿਲਾ ਹਜਾਰਾ
ਮਾਨਸਹਿਰਾ ਤੋਂ ਕੋਈ 8 ਕਿਲੋਮੀਟਰ ਦੂਰ ਸੜਕ ਕਿਨਾਰੇ ਲੱਗੇ ਇਕ ਬਾਗ ਅੰਦਰ ਗੁੰਬਦਦਾਰ ਇਹ ਅਸਥਾਨ ਨਜਰ ਆਉਂਦਾ ਹੈ। ਛੇਵੇਂ ਪਾਤਿਸ਼ਾਹ ਧਰਮ ਪ੍ਰਚਾਰ ਕਰਦੇ ਹੋਏ ਇਸ ਥਾਂ ਤੇ ਬਿਰਾਜੇ ਸਨ। ਗੁਰਦੁਆਰਾ ਸੁੰਦਰ ਬਣਿਆ ਹੋਇਆ ਹੈ। ਗੁੰਬਦ ਅੰਦਰ ਉਤੇ ਸ਼ਿਵਲਿੰਗ ਦੀ ਪੂਜਾ ਕੀਤੀ ਜਾਂਦੀ ਸੀ, ਜਦਕਿ ਥੱਲੇ ਗੁਰੂ ਗਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਸੀ। ਅੱਜ ਵੀ ਪੱਥਰ ਦਾ ਬਣਿਆ ਹੋਇਆ ਸ਼ਿਵਲਿੰਗ ਉਥੇ ਸਥਾਪਤ ਹੈ। ਪੁਜਾਰੀ ਹਿੰਦੂ ਸੀ, ਇਸ ਵਾਸਤੇ ਉਸ ਨੇ ਗੁਰੂ ਗੰ੍ਰਥ ਸਾਹਿਬ ਦਾ ਪ੍ਰਕਾਸ਼ ਥੱਲੇ ਕੀਤਾ ਹੋਇਆ ਹੈ।
88. Gurdwara Chhevi Patsahi, Dhamial, Rawalpindi
ਗੁਰਦੁਆਰਾ ਛੇਵੀਂ ਪਾਤਿਸ਼ਾਹੀ ਧਮਿਆਲ, ਰਾਵਲਪਿੰਡੀ
ਧਮਿਆਲ ਨਾਂ ਦਾ ਪਿੰਡ ਰਾਵਲਪਿੰਡੀ ਸ਼ਹਿਰ ਤੋਂ ਕੋਈ ਬਾਰਾਂ ਕਿਲੋਮੀਟਰ ਦੂਰ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਅਤੇ ਮਾਤਾ ਸਾਹਿਬ ਕਰ ਨੇ ਇੱਥੋਂ ਦੇ ਵਸਨੀਕ ਰੋਚਾ ਮੱਲ ਅਤੇ ਅਨਾਰ ਸਿੰਘ ਪ੍ਰੇਮੀਆਂ ਨੂੰ ਅਨੰਦਪੁਰ ਵਿੱਚ ਸੰਗਤ ਦੀ ਪ੍ਰੇਮ ਭਾਵ ਨਾਲ ਸੇਵਾ ਕਰਦੇ ਵੇਖ ਕੇ ਆਪਣੇ ਜੋੜੇ ਬਖਸ਼ੇ ਜਿਹਨਾਂ ਦਾ ਇੱਕ ਇੱਕ ਪੈਰ ਉਹਨਾਂ ਦੀ ਸੰਤਾਨ ਨਰਾਇਣ ਸਿੰਘ ਪਾਸ ਹੈ। ਗੁਰੂ ਸਾਹਿਬ ਦਾ ਜੋੜਾ ਸਾਦਾ 11 ਇੰਚ ਲੰਮਾ, ਪੱਬ ਪਾਸੋਂ ਤਿੰਨ ਇੰਚ ਹੈ, ਮਾਤਾ ਜੀ ਦਾ ਜੋੜਾ 9 ਇੰਚ ਹੈ ਅਤੇ ਤਿੰਨ ਇੰਚ ਤਿੱਲੇ ਦਾਰ ਹੈ। ਇਹ ਜੋੜੇ ਪਿੰਡ ਦੇ ਇਸ ਗੁਰਦੁਆਰਾ ਸਾਹਿਬ ਅੰਦਰ ਬਿਰਾਜਮਾਨ ਸਨ, ਜਿਹਨਾਂ ਦਾ ਦਰਸ਼ਨ ਕਰਕੇ ਲੋਕ ਨਿਹਾਲ ਹੁੰਦੇ ਸਨ। ਹੁਣ ਗੁਰਦੁਆਰਾ ਸਾਹਿਬ ਦੀ ਇਮਾਰਤ ਅੰਦਰ ਸਕੂਲ ਹੈ। ਜਿਥੇ ਬੱਚੇ ਵਿਦਿਆ ਲੈਂਦੇ ਹਨ।(ਕੀ ਕੋਈ ਗੁਰਸਿੱਖ ਇਤਲਾਹ ਦੇਵੇਗਾ ਕਿ ਉਹ ਜੋੜਾ ਅੱਜ ਕਿਥੇ ਹੈ ਤਾਂ ਕਿਸ ਸੰਗਤਾਂ ਨੂੰ ਦਸਿਆ ਜਾ ਸਕੇ -ਸੰਪਾਦਕ)
89.Gurdwara Chhevi Patshahi, Narhali, Distt. Rawalpindi
ਗੁਰਦੁਆਰਾ ਛੇਵੀਂ ਪਾਤਿਸ਼ਾਹੀ, ਨੜਾਲੀ, ਜਿਲਾ ਰਾਵਲਪਿੰਡੀ
ਜਿਲਾ ਰਾਵਲਪਿੰਡੀ ਤਹਿਸੀਲ ਗੁੱਜਰਖਾਨ ਥਾਣਾ ਜਾਤਰੀ ਦਾ ਇਕ ਪਿੰਡ ਜੋ ਰੇਲਵੇ ਸਟੇਸ਼ਨ ਦੌਲਤਾਲਾ ਤੋਂ ਛੇ ਮੀਲ ਦੱਖਣ ਪੱਛਮ ਵੱਲ ਹੈ, ਇਸ ਪਿੰਡ ਵਿੱਚ ਸ੍ਰੀ ਗੁਰੂ ਹਰਿਗੋਬਿੰਦ ਜੀ ਦਾ ਗੁਰਦੁਆਰਾ ਹੈ। ਇਥੇ ਭਾਈ ਹਰਬੰਸ ਜੀ ਤਪਾ ਗੁਰੂ ਜੀ ਦੇ ਸਿੱਖ ਸਨ। ਉਹਨਾਂ ਦਾ ਪ੍ਰੇਮ ਵੇਖ ਕੇ ਮਾਨਸਹਿਰੇ ਤੋਂ ਆਉਂਦੇ ਹੋਏ ਸਤਿਗੁਰੂ ਜੀ ਇਥੇ ਬਿਰਾਜੇ। ਇਹ ਗੁਰਦੁਆਰਾ ਪਹਿਲਾ ਤਪਾ ਹਰਬੰਸ ਜੀ ਦੇ ਨਾਂ ਤੋਂ ਪ੍ਰਸਿੱਧ ਸੀ, ਫਿਰ ਛੇਵੇਂ ਪਾਤਿਸ਼ਾਹ ਦਾ ਗੁਰਦੁਆਰਾ ਮਸ਼ਹੂਰ ਹੋਇਆ, ਇਸ ਦਾ ਦਲਾਨ ਬਹੁਤ ਹੀ ਸੁੰਦਰ ਹੈ ਤੇ ਅੱਗੇ ਵਿਸ਼ਾਲ ਸਰੋਵਰ ਹੈ। ਸਰੋਵਰ ਦੀ ਪੂਰਬੀ ਨੁੱਕਰ ਉਤੇ ਇਕ ਬਹੁਤ ਵੱਡਾ ਬੋਹੜ ਦਾ ਬ੍ਰਿਛ ਹੈ ਜੋ ਉਹਨਾਂ ਸਮਿਆਂ ਦਾ ਹੈ। ਬੋਹੜ ਦੇ ਰੁੱਖ ਥੱਲੇ ਹੀ ਭਾਈ ਹਰਬੰਸ ਸਿੰਘ ਜੀ ਦੀ ਸਮਾਧ ਮੰਦਰ ਵਾਗ ਬਣੀ ਹੈ। ਹੁਣ ਸਰੋਵਰ ਸੁੱਕਾ ਹੋਇਆ ਹੈ। ਦਲਾਨ ਵਾਲੇ ਮਕਾਨਾਂ ਵਿਚ ਪ੍ਰਚੂਨ ਦੀਆਂ ਹੱਟੀਆਂ ਹਨ ਅਤੇ ਗੁਰਦੁਆਰਾ ਸਾਹਿਬ ਅੰਦਰ ਕਸ਼ਮੀਰੀ ਪਰਿਵਾਰ ਰਹਿੰਦਾ ਹੈ।
90. Gurdwara Chhevi Patshahi, Bajurgwal, Distt. Gujrat
ਗੁਰਦੁਆਰਾ ਛੇਵੀਂ ਪਾਤਿਸ਼ਾਹੀ, ਬਜੁਰਗਵਾਲ, ਗੁਜਰਾਤ
ਗੁਜਰਾਤ ਤੋਂ ਇਸ ਪਿੰਡ ਦੀ ਵਾਟ 24 ਕਿਲੋਮੀਟਰ ਹੈ। ਇਸ ਪਿੰਡ ਅੰਦਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦੁਆਰਾ ਸਾਹਿਬ ਹੈ। ਆਪ ਕਸ਼ਮੀਰ ਤੋਂ ਗੁਜਰਾਤ ਆਉਂਦੇ ਹੋਏ ਇਥੇ ਬਿਰਾਜੇ ਸਨ। ਇਸ ਪਿੰਡ ਅੰਦਰ ਤਿੰਨ ਗੁਰਦੁਆਰੇ ਸਨ, ਹੁਣ ਕੋਈ ਇੱਕ ਵੀ ਸਬੂਤਾ ਨਹੀਂ ਹੈ। ਬਾਕੀ ਦੋਆਂ ਦੇ ਨਾਮ ਨਿਸ਼ਾਨ ਤਾਂ ਉਕਾ ਹੀ ਮਿਟ ਚੁਕੇ ਹਨ ਜਦਕਿ ਇਸ ਇਤਿਹਾਸਕ ਅਸਥਾਨ ਦੇ ਕੁਝ ਨਿਸ਼ਾਨ ਬਾਕੀ ਹਨ।
91. Gurdwara Chhevi Patshahi, Gujrat
ਗੁਰਦੁਆਰਾ ਛੇਵੀਂ ਪਾਤਸ਼ਾਹੀ, ਗੁਜਰਾਤ
92. Gurdwara Chhevi Patshahi, Rasul Nagar (Ram Nagar) Gujranwala
ਗੁਰਦੁਆਰਾ ਛੇਵੀਂ ਪਾਤਿਸ਼ਾਹੀ ਰਸੂਲ ਨਗਰ (ਰਾਮ ਨਗਰ) ਗੁਜਰਾਂਵਾਲਾ
ਚਨਾਂ ਦੇ ਕੰਢੇ, ਤਹਿ. ਵਜੀਰਾਬਾਦ ਜਿਲਾ ਗੁਜਰਾਂਵਾਲਾ ਅੰਦਰ ਰਾਮ ਨਗਰ ਨਾਮੀ ਬਹੁਤ ਹੀ ਇਤਿਹਾਸਕ ਕਸਬਾ ਹੈ। ਇਸ ਕਸਬੇ ਅੰਦਰ ਸਤਿਗੁਰੂ ਸ੍ਰੀ ਗੁਰੂ ਹਰਿਗੋਬਿੰਦ ਜੀ ਦਾ ਗੁਰਦੁਆਰਾ ਸ਼ਾਨਾ ਵਿਖਾ ਰਿਹਾ ਹੈ। ਛੋਟਾ ਜਿਹਾ ਦਰਬਾਰ ਬਣਿਆ ਹੋਇਆ ਹੈ ਜਿਸ ਉਪਰ ਸੁੰਦਰ ਗੁੰਬਦ ਅਤੇ ਸੰਗਮਰਮਰ ਦਾ ਫਰਸ਼ ਹੈ। ਕੰਧਾਂ ਉਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕ ਉਕਰੇ ਹੋਏ ਹਨ। ਗੁਰਦੁਆਰੇ ਦੇ ਸੱਜੇ ਪਾਸੇ ਵਾਲਾ ਬੂਹਾ ਇਕ ਵਿਸ਼ਾਲ ਬਾਗ ਵੱਲ ਖੁਲਦਾ ਹੈ। ਜੋ ਇਸ ਦਰਬਾਰ ਦਾ ਹਿੱਸਾ ਹੈ। ਸਤਿਗੁਰੂ ਸ੍ਰੀ ਗੁਰੂ ਹਰਿਗੋਬਿੰਦ ਜੀ ਵਜੀਰਾਬਾਦ ਤੋਂ ਚਲ ਕੇ ਇਥੇ ਆਏ ਸਨ ਤੇ ਇਥੋਂ ਉਠ ਕੇ ਹਾਫਿਜਾਬਾਦ ਨੂੰ ਆਪਣੇ ਚਰਨਾਂ ਦੀ ਛੋਹ ਬਖਸ਼ੀ।
93. Gurdwara Guru Kotha Chhevi Patshahi, Vajirabad, Gujranwala
ਗੁਰੂ ਕੋਠਾ ਵਜੀਰਾਬਾਦ, ਜਿਲਾ ਗੁੱਜਰਾਂਵਾਲਾ
ਇਸ ਸ਼ਹਿਰ ਵਿੱਚ ਸ੍ਰੀ ਗੁਰੂ ਹਰਿਗੋਬਿੰਦ ਜੀ ਦਾ ਪਾਵਨ ਅਸਥਾਨ ''ਗੁਰੂ ਕੋਠਾ'' ਕਰਕੇ ਮਸ਼ਹੂਰ ਹੈ। ਆਪ ਕਸ਼ਮੀਰ ਤੋਂ ਮੁੜਦੇ ਹੋਏ, ਆਪਣੇ ਇਕ ਪ੍ਰੇਮੀ ਭਾਈ ਖੇਮ ਚੰਦ ਜੀ ਦੇ ਘਰ ਠਹਿਰੇ, ਜਿਥੇ ਬਾਅਦ ਵਿੱਚ ਗੁਰਦੁਆਰਾ ਉਸਾਰਿਆ ਗਿਆ। ਇਹ ਇਕ ਬਹੁਤ ਹੀ ਸੁੰਦਰ ਇਮਾਰਤ ਸੀ। ਹੁਣ ਚੌਖਾ ਹਿੱਸਾ ਢਹਿ ਚੁਕਾ ਹੈ। ਗੁਰਦੁਆਰਾ ਸਾਹਿਬ ਅੰਦਰ ਸ਼ਰਨਾਰਥੀਆਂ ਦੇ ਘਰ ਅਬਾਦ ਹਨ। ਇਕ ਸੁੰਦਰ ਤੇ ਵਿਸ਼ਾਲ ਤਲਾਬ ਇਸ ਦੀ ਸੁੰਦਰਤਾ ਵਿਚ ਵਾਧਾ ਕਰਦਾ ਹੈ। ਮੁਸਲਮਾਨ ਵਸਨੀਕ ਅੱਜ ਵੀ ਇਕ ਨਿੱਕਾ ਜਿਹਾ ਮੇਲਾ ਵਸਾਖੀ ਵਾਲੇ ਦਿਨ ਕਰਦੇ ਹਨ।
94. Gurdwara Chhevi Patshahi, Hafizabad
ਗੁਰਦੁਆਰਾ ਛੇਵੀਂ ਪਾਤਸ਼ਾਹੀ, ਹਾਫਿਜਾਆਬਾਦ ਸ਼ਹਿਰ
ਇਹ ਅਸਥਾਨ ਜਿਨੂੰ ਰੂੜੀ ਸਾਹਿਬ ਜਾਂ ਕਿਲਾ ਸਾਹਿਬ ਕਰਕੇ ਵੀ ਜਾਣਿਆ ਜਾਂਦਾ ਹੈ ਸ਼ਹਿਰ ਅੰਦਰ ਮੁਹੱਲਾ ਗੁਰੂ ਨਾਨਕ ਪੁਰੇ ਵਿਚ ਸਥਿਤ ਹੈ। ਇਸ ਅਸਥਾਨ ਨੂੰ ਇਹ ਮਾਣ ਪ੍ਰਾਪਤ ਹੈ ਕਿ ਮੀਰੀ ਪੀਰੀ ਦੇ ਪਾਤਿਸ਼ਾਹ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਜੀ ਕਸ਼ਮੀਰ ਤੋਂ ਮੁੜਦੇ ਹੋਏ ਰਸੂਲ ਨਗਰ ਤੋਂ ਚਲ ਕੇ ਇਕੇ ਬਿਰਾਜੇ। ਜਿਸ ਥਾਂ ਆਪ ਜੀ ਨੇ ਘੋੜਾ ਬੰਨ੍ਹਿਆ, ਉਸ ਨੂੰ ਕਿਲਾ ਸਾਹਿਬ ਅਤੇ ਜਿਥੇ ਆਪ ਜੀ ਨੇ ਆਰਾਮ ਫਰਮਾਇਆ, ਉਸ ਨੂੰ ਰੂੜੀ ਸਾਹਿਬ ਕਿਹਾ ਜਾਣ ਲੱਗਾ। ਹੁਣ ਕੁਝ ਸਾਲਾਂ ਤੋਂ ਦਰਬਾਰ ਅੰਦਰ ਇਕ ਕਬਰ ਬਣਾ ਦਿਤੀ ਗਈ ਹੈ, ਇਸ ਅੰਦਰ ਕੋਈ ਵੀ ਮਨੁੱਖ ਦਫਨ ਨਹੀਂ ਹੈ, ਇਹ ਖਾਲੀ ਕਬਰ ਹੈ, ਇਸ ਨੂੰ ਲਾਲਾਂ ਵਾਲੀ ਸਰਕਾਰ ਕਰਕੇ ਜਾਣਿਆ ਜਾਂਦਾ ਹੈ।
95. Gurdwara Village, Bache, Hafizabad
ਗੁਰਦੁਆਰਾ ਪਿੰਡ ਬੱਚੇ
ਬੱਚੇ ਨਾਂ ਦਾ ਇਹ ਬਹੁਤ ਹੀ ਨਿੱਕਾ ਜਿਹਾ ਪਿੰਡ ਜਿਲਾ ਤਹਿਸੀਲ ਥਾਣਾ ਹਾਫਿਜਾਬਾਦ ਵਿਚ ਰੇਲਵੇ ਸਟੇਸ਼ਨ ਕਾਲੇ ਕੇ ਤੋਂ 10 ਕਿਲੋਮੀਟਰ ਪੂਰਬ ਵੱਲ ਹੈ। ਇਸ ਪਿੰਡ ਵਿਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਦੁਆਰਾ ਹੈ, ਗੁਰੂ ਜੀ ਵਿੱਨੀ ਤੋਂ ਚੱਲ ਕੇ ਇਥੇ ਆ ਕੇ ਥੋੜਾ ਸਮਾਂ ਬਿਰਾਜੇ ਤੇ ਧਰਮ ਉਪਦੇਸ਼ ਦਿੱਤਾ। ਛੋਟਾ ਜਿਹਾ ਗੁਰਦੁਆਰਾ ਬਣਿਆ ਹੋਇਆ ਸੀ ਜੋ ਕਿ ਹੁਣ ਅਲੋਪ ਹੋ ਚੁਕਾ ਹੈ। ਗੁਰਦੁਆਰੇ ਦੇ ਨਾਲ ਲਗਦੀ ਮਹੰਤ ਭਾਰਤੀ ਦਾਸ ਦੀ ਸਮਾਧ ਅੱਜ ਵੀ ਖਲੋਤੀ ਹੈ। ਭਾਰਤੀ ਦਾਸ ਇਕ ਵਾਰ ਦਸਮ ਪਾਤਿਸ਼ਾਹ ਪਾਸ ਇਕ ਸੁੰਦਰ ਘੋੜਾ ਲੈ ਕੇ ਹਾਜਿਰ ਹੋਇਆ ਸੀ। ਗੁਰੂ ਜੀ ਨੇ ਪ੍ਰਸੰਨ ਹੋ ਕੇ ਉਸ ਨੂੰ ਇਕ ਦਸਤਾਰ ਤੇ ਗੁਰੂ ਗ੍ਰੰਥ ਸਾਹਿਬ ਜੀ ਬਖਸ਼ੇ ਜੋ 1947 ਤੱਕ ਇਥੇ ਬਿਰਾਜਮਾਨ ਰਹੇ। ਸ਼ਰਧਾਲੂ ਦੂਰ ਦੂਰ ਤੋਂ ਉਹਨਾਂ ਦੇ ਦਰਸ਼ਨਾਂ ਨੂੰ ਆਉਂਦੇ ਸਨ। (ਕੀ ਕੋਈ ਸੱਜਣ ਜਾਣਕਾਰੀ ਦੇਵੇਗਾ ਕਿ ਅੱਜ ਕਿੱਥੇ ਨੇ ਇਹ ਨਿਸ਼ਾਨੀਆਂ - ਸੰਪਾਦਕ)
96. Gurdwara Guru Amardas, Dhunni, Hafizabad
ਗੁਰਦੁਆਰਾ ਗੁਰੂ ਅਮਰਦਾਸ ਜੀ, ਧੁੱਨੀ (ਜਿਲਾ ਆਫਿਜਾਆਬਾਦ)
ਜਿਲਾ ਤਹਿਸੀਲ ਹਾਫਿਜਾਆਬਾਦ ਦਾ ਪਿੰਡ ਜੋ ਧੁੱਨੀ ਕਰਕੇ ਮਸ਼ਹੂਰ ਹੈ, ਇਸ ਪਿੰਡ ਨੂੰ ਆਫਿਜਾਆਬਾਦ ਤੋਂ ਪੱਕੀ ਸੜਕ ਜਾਂਦੀ ਹੈ, ਇਸ ਤੋਂ ਪਹਿਲੋਂ ਪਿੰਡ ਵਿੱਨੀ ਆਉਂਦਾ ਹੈ। ਇਸ ਵਿੱਚ ਵੀ ਗੁਰਦੁਆਰਾ ਸਾਹਿਬ ਹੈ।
ਧੁੱਨੀ ਵਾਲੇ ਗੁਰਦੁਆਰਾ ਸਾਹਿਬ ਵਿਚ ਗੁਰੂ ਅਮਰਦਾਸ ਜੀ ਦੇ ਜੋੜੇ ਦਾ ਇੱਕ ਪੈਰ ਸੀ ਜੋ 11 ਇੰਚ ਲੰਮਾਂ ਤੇ ਸਾਢੇ ਤਿੰਨ ਇੰਚ ਚੌੜਾ ਸੀ। ਭਾਈ ਚੈਨਾ ਮੱਲ (ਧੀਰੋ ਮੱਲ) ਤੀਜੇ ਗੁਰੂ ਦਾ ਪ੍ਰੇਮੀ ਸਿੱਖ ਸੀ। ਸਤਿਗੁਰੂ ਜੀ ਨੇ ਇਸ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਉਸ ਨੂੰ ਆਪਣਾ ਜੋੜਾ ਬਖਸ਼ਿਆ, ਜਿਸ ਦਾ ਇੱਕ ਪੈਰ ਇਥੇ ਅਤੇ ਇਕ ਪਿੰਡ ਮਦਰ, ਤਹਿਸੀਲ ਨਨਕਾਣਾ ਸਾਹਿਬ ਜਿਲਾ ਸ਼ੇਖੂਪੁਰਾ ਵਿੱਚ ਹੈ। ਹਜੀਰਾ ਦੇ ਰੋਗੀ ਇਹਨਾਂ ਥਾਵਾਂ ਵਿਚ ਜਾਂਦੇ ਤੇ ਜੋੜੇ ਨੂੰ ਗਲ ਨਾਲ ਛੁਹਾ ਕੇ ਅਰੋਗ ਹੁੰਦੇ।(ਕੀ ਕੋਈ ਸੱਜਣ ਜਾਣਕਾਰੀ ਦੇਵੇਗਾ ਕਿ ਉਹ ਜੋੜਾ ਅੱਜ ਕਿਥੇ ਹੈ- ਸੰਪਾਦਕ) ਇਸ ਵੇਲੇ ਗੁਰਦੁਆਰਾ ਸਾਹਿਬ ਪਿੰਡ ਦੇ ਵਿਚਾਲੇ ਹੈ। ਹਾਲ ਕਮਰਾ ਹੈ, ਜਿਸ ਦੇ ਚਾਰ ਬੂਹੇ ਹਨ, ਇਸ ਵਿੱਚ ਹੁਣ ਅੰਬਾਲੇ ਤੋਂ ਆਏ ਹੋਏ ਸ਼ਰਨਾਰਥੀ ਵਸੇ ਹੋਏ ਹਨ।
97. Gurdwara Ichha Purak, Vinni, Hafizabad
ਗੁਰਦੁਆਰਾ ਇੱਛਾ ਪੂਰਕ, ਵਿੱਨੀ, ਹਾਫਿਜਾਆਬਾਦ
ਵਿੱਨੀ ਜਿਲਾ ਤਹਿਸੀਲ ਤੇ ਥਾਣਾ ਹਾਫਿਜਾਆਬਾਦ ਦਾ ਇਕ ਪਿੰਡ ਹੈ। ਇਸ ਪਿੰਡ ਵਿਚ ਸਤਿਗੁਰੂ ਸ੍ਰੀ ਗੁਰੂ ਹਰਿਗੋਬਿੰਦ ਜੀ ਦਾ ਗੁਰਦੁਆਰਾ ''ਇੱਛਾ ਪੂਰਕ'' ਹੈ। ਸਤਿਗੁਰੂ ਜੀ ਪਿੰਡ ਵਾਸੀਆਂ ਦੇ ਪ੍ਰੇਮ ਨੂੰ ਵੇਖਦੇ ਹੋਏ ਆਫਿਜਾਆਬਾਦ ਤੋਂ ਚੱਲ ਕੇ ਇਥੇ ਠਹਿਰੇ ਸਨ।
98. Gurdwara Chhevi Patshahi, Kotli Bhag, Gujranwala
ਗੁਰਦੁਆਰਾ ਛੇਵੀਂ ਪਾਤਿਸ਼ਾਹੀ, ਕੋਟਲੀ ਭਾਗ, ਗੁਜਰਾਂਵਾਲਾ
ਕੋਟਲੀ ਭਾਗ ਨਾਂ ਦਾ ਇਹ ਪਿੰਡ ਐਮਨਆਬਾਦ ਤੋਂ ਮੀਆਂ ਵਾਲੀ ਬੰਗਲੇ ਨੂੰ ਜਾਣ ਵਾਲੀ ਸੜਕ ਉਤੇ ਹੈ। ਇਥੇ ਸਤਿਗੁਰੂ ਸ੍ਰੀ ਗੁਰੂ ਹਰਿਗੋਬਿੰਦ ਜੀ ਦਾ ਗੁਰਦੁਆਰਾ ਛੋਟਾ ਜਿਹਾ ਬਣਿਆ ਹੋਇਆ ਹੈ। ਆਪ ਜਿਸ ਪਿੱਪਲ ਦੇ ਰੁੱਖ ਹੇਠ ਬਿਰਾਜੇ, ਉਹ ਅੱਜ ਤੱਕ ਮੌਜੂਦ ਹੈ। ਕੋਲ ਹੀ ਉਹ ਨਿੱਕਾ ਜਿਹਾ ਮੰਜੀ ਸਾਹਿਬ ਅਤੇ ਥੜ੍ਹਾ ਸਾਹਿਬ ਹੈ। ਹੁਣ ਇਥੇ ਲੋਕ ਵਸ ਗਏ ਹਨ।
99. Gurdwara Panjvi/ Chhevi Patshai, Nankana Sahib
ਗੁਰਦੁਆਰਾ ਪੰਜਵੀਂ ਛੇਵੀਂ ਪਾਤਿਸ਼ਾਹੀ, ਨਨਕਾਣਾ ਸਾਹਿਬ
ਇਹ ਦੋਵੇਂ ਇਤਿਹਾਸਕ ਅਸਥਾਨ ਗੁਰਦੁਆਰਾ ਸਾਹਿਬ ਤੰਬੂ ਸਾਹਿਬ ਤੋਂ ਜਨਮ ਅਸਥਾਨ ਨੂੰ ਜਾਣ ਵਾਲੀ ਸੜਕ ਉਤੇ ਸਥਿਤ ਹਨ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਅਸਥਾਨ ਗੁੰਬਦ ਤੋਂ ਬਿਨਾਂ ਤੇ ਮੀਰੀ ਪੀਰੀ ਦੇ ਮਾਲਿਕ ਸਤਿਗੁਰੂ ਸ੍ਰੀ ਗੁਰੂ ਹਰਿਗੋਬਿੰਦ ਜੀ ਦਾ ਸਥਾਨ ਗੁੰਬਦ ਵਾਲਾ ਬਣਿਆ ਹੋਇਆ ਹੈ। ਇਹ ਦੋਵੇਂ ਗੁਰਦੁਆਰੇ ਇੱਕੋ ਚਾਰਦੀਵਾਰੀ ਵਿਚ ਹਨ। ਛੇਵੇਂ ਪਾਤਿਸ਼ਾਹ ਕਸ਼ਮੀਰ ਤੋਂ ਮੁੜਦੇ ਹੋਏ ਨਨਕਾਣਾ ਸਾਹਿਬ ਜੀ ਦੇ ਦਰਸ਼ਨਾਂ ਨੂੰ ਹਾੜ ਮਹੀਨੇ ਸੰਮਤ 1670 ਮੁਤਾਬਿਕ 1613 ਨੂੰ ਪਧਾਰੇ। ਆਪ ਜਿਥੇ ਵਿਰਾਜੇ ਸਨ, ਗੁਰਸਿੱਖਾਂ ਸਦਾ ਲਈ ਇਹ ਗੁਰਮੇਲਾ ਕਾਇਮ ਕਰ ਲਿਆ। ਜਿਸ ਵਣ ਦੇ ਬ੍ਰਿਛ ਹੇਠ ਸਤਿਗੁਰੂ ਬਿਰਾਜੇ, ਹੁਣ ਉਹ ਅਲੋਪ ਹੋ ਚੁਕਿਆ ਹੈ। ਉਸ ਬਿਰਛ ਦਾ ਤਣਾਂ ਸ਼ੀਸ਼ੇ ਦੀ ਇਕ ਪੇਟੀ ਵਿਚ ਸੰਭਾਲ ਕੇ ਗੁਰਦੁਆਰਾ ਛੇਵੀਂ ਪਾਤਿਸ਼ਾਹੀ ਦੇ ਉਤੇ ਗੁੰਬਦ ਵਿਚ ਆਉਦੀਆਂ ਸੰਗਤਾਂ ਦੇ ਦਰਸ਼ਨਾਂ ਵਾਸਤੇ ਰੱਖਿਆ ਹੋਇਆ ਹੈ।
100. Gurdwara Khara Sahib, Bhai ke Mattu, Distt, Gujranwala
ਗੁਰਦੁਆਰਾ ਖਾਰਾ ਸਾਹਿਬ, ਭਾਈ ਕੇ ਮੱਟੂ, ਜਿਲਾ ਗੁੱਜਰਵਾਲਾ
ਭਾਈ ਕੇ ਮੱਟੂ ਨਾਮੀ ਪਿੰਡ ਜਿਲਾ ਤੇ ਤਹਿਸੀਲ ਗੁਜਰਾਵਾਲਾ ਥਾਣਾ ਨੌਸ਼ਿਹਰਾ ਵਿਰਕਾ ਤੋਂ ਨੇੜੇ ਕੋਈ ਦੋ ਕਿਲੋਮੀਟਰ ਦੱਖਣ ਪੂਰਬ ਵੱਲ ਹੈ। ਪਿੰਡ 'ਚ ਵੜਨ ਤੋਂ ਪਹਿਲਾਂ ਹੀ ਗੁਰਦੁਆਰਾ ਖਾਰਾ ਸਾਹਿਬ ਹੈ। ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਜੀ ਜਦ ਇਸ ਥਾਂ ਤੇ ਬਿਰਾਜੇ ਤਾਂ ਇਕ ਆਦਮੀ ਮੱਥਾ ਟੇਕ ਕੇ ਆਪ ਦੇ ਪਾਸ ਬਹਿ ਗਿਆ। ਉਸ ਦੀਆਂ ਮੁੱਛਾਂ ਤੰਮਾਕੂ ਪੀ ਪੀ ਕੇ ਪੀਲੀਆਂ ਹੋ ਗਈਆਂ ਸਨ। ਗੁਰੂ ਜੀ ਨੇ ਉਸ ਤੋਂ ਉਹਦਾ ਨਾਂ ਪੁਛਿਆ ਤਾਂ ਉਸ ਨੇ ਉਤਰ ਦਿਤਾ ਕਿ ਮੇਰਾ ਨਾਮ ਹਰਿਗੋਬਿੰਦ ਹੈ। ਸਤਿਗੁਰੂ ਜੀ ਨੇ ਆਖਿਆ ਕਿ ਭਾਈ ਇਹ ਨਾਮ ਰੱਖ ਕੇ ਫਿਰ ਤੰਮਾਕੂ ਪੀਣ ਦਾ ਕੁਕਰਮ ਕਿਉਂ ? ਤਾਂ ਉਸ ਨੇ ਅੱਗੇ ਤੋਂ ਤੰਮਾਕੂ ਪੀਣਾ ਛੱਡ ਦਿੱਤਾ। ਪਿੱਛਲੀ ਭੁੱਲ ਕੇ ਮੁਆਫੀ ਮੰਗ ਕੇ ਉਹ ਗੁਰੂ ਜੀ ਦਾ ਸਿੱਖ ਹੋਇਆ।ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਤ ਸੁੰਦਰ ਬਣੀ ਹੋਈ ਹੈ। ਅੰਦਰ ਬਾਹਿਰ ਸੋਹਣੀ ਫੁਲਕਾਰੀ ਹੋਈ ਹੈ। ਛੱਤ ਉਤੇ ਵੇਲ ਬੂਟੇ ਬਣੇ ਹੋਏ ਹਨ। ਕੰਧਾਂ ਉਤੇ ਸੇਵਾ ਕਰਨ ਵਾਲਿਆਂ ਦੀਆਂ ਅਨੇਕਾਂ ਇੱਟਾਂ ਲੱਗੀਆਂ ਹੋਈਆਂ ਹਨ।ਇਹ ਇਮਾਰਤ ਸੰਮਤ 1990 ਵਿੱਚ ਬਣੀ। ਸਤ ਸਾਉਣ ਨੂੰ ਮੇਲਾ ਹੁੰਦਾ ਸੀ।
No comments:
Post a Comment