SIKH SHRINES IN PAKISTAN PART 6

Thursday, 6 June 2013

SIKH SHRINES IN PAKISTAN PART 6

(126 T0 150)

 


 126. Gurdwara Bhumman Shah, Dipal pur Distt.  Okara
ਭੁੰਮਣ ਸ਼ਾਹ

ਭੁੰਮਣ ਸ਼ਾਹ ਨਾਮੀ ਪਿੰਡ ਤਹਿਸੀਲ ਥਾਣਾ ਦੀਪਾਲਪੁਰ, ਜਿਲਾ ਔਕਾੜਾ ਉੱਤੇ ਸਥਿਤ ਹੈ। ਭਾਈ ਕਾਹਨ ਸਿੰਘ ਜੀ ਅਨੁਸਾਰ ਭਾਈ ਭੁੰਮਣ ਸ਼ਾਹ ਜੀ ਨੂੰ ਦਸ਼ਮੇਸ਼ ਜੀ ਨੇ ਵਰ ਬਖਸ਼ਿਆ ਸੀ ਕਿ ਤੇਰਾ ਲੰਗਰ ਚੱਲੇਗਾ।
ਇਹ ਪਾਵਨ ਅਸਥਾਨ ਇੱਕ ਬਹੁਤ ਹੀ ਵੱਡੇ ਕਿਲੇ ਦੇ ਰੂਪ ਵਿੱਚ ਹੈ। ਇਸ ਕਿਲੇ ਵਰਗੀ ਇਮਾਰਤ ਅੰਦਰ ਬਾਬਾ ਸ੍ਰੀ ਚੰਦ ਜੀ ਦਾ ਗੁਰਦੁਆਰਾ, ਬਾਬਾ ਭੁੰਮਣ ਸ਼ਾਹ ਦਾ ਡੇਰਾ, ਅਨੇਕਾਂ ਮਹੰਤਾਂ ਦੀਆਂ ਸਮਾਧਾਂ, ਯਾਤਰੂਆਂ ਦੇ ਰਹਿਣ ਵਾਸਤੇ ਸੈਕੜੇ ਕਮਰੇ, ਲੰਗਰਖਾਨਾਂ, ਸਰੋਵਰ ਅਤੇ ਅਨੇਕਾਂ ਪ੍ਰਕਾਰ ਦੀਆਂ ਗੁਫਾਵਾਂ ਬਣੀਆਂ ਹੋਈਆਂ ਹਨ। ਕੰਧਾਂ ਉਤੇ ਰੰਗਲੀਆਂ ਮੂਰਤਾਂ ਤੇ ਵਾਕ ਉਕਰੇ ਹੋਏ ਹਨ। ਇਮਾਰਤ ਦੀ ਹਾਲਤ ਬਹੁਤ ਹੀ ਮੰਦੀ ਹੈ। ਛੱਤਾਂ ਡਿੱਗ ਚੁੱਕੀਆਂ ਹਨ ਕੰਧਾਂ ਨੂੰ ਕੇਰਾ ਲੱਗ ਚੁੱਕਿਆ ਹੈ। ਆਉਣ ਵਾਲੇ ਵੇਲਿਆਂ ਵਿੱਚ ਜੋ ਇਹ ਇਮਾਰਤ ਢਹਿ ਗਈ ਤਾਂ ਕਲਾ ਦੀ ਇੱਕ ਅਣਮੁੱਲੀ ਵੰਨਗੀ ਮੁੱਕ ਜਾਵੇਗੀ।

128. Durbar Baba Sri Chand, Bhumman Shah Distt.  Okara
ਦਰਬਾਰ ਬਾਬਾ ਸਿਰੀ ਚੰਦ, ਭੁਮਣ ਸ਼ਾਹ (ਜਿਲਾ ਓਕਾੜਾ)


ਡੇਰਾ ਬਾਬਾ ਭੁਮਣ ਸ਼ਾਹ ਜੀ ਦੇ ਕੰਪਲੈਕਸ ਦੇ ਅੰਦਰ ਹੀ ਦਰਬਾਰ ਬਾਬਾ ਸਿਰੀ ਚੰਦ ਜੀ ਆਪਣੀਆਂ ਸ਼ਾਨਾ ਵਿਖਾ ਰਿਹਾ ਹੈ। ਇਹ ਦਰਬਾਰ ਦੋ ਮੰਜਲਾ ਹੈ। ਕੰਧਾਂ ਉਤੇ ਕਈ ਪ੍ਰਕਾਰ ਦੇ ਫੁੱਲ ਬਣੇ ਹੋਏ ਹਨ। ਕੰਧਾਂ ਉਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕ ਥਾਉ ਥਾਈ ਉਕਰੇ ਹੋਏ ਹਨ। ਇਹ ਦਰਬਾਰ ਮਹੰਤ ਹਰਭਜਨ ਦਾਸ ਜੀ ਨੇ 1910 ਈ: ਸੰਮਤ 1967 ਵਿਚ ਬਣਵਾਇਆ, ਇਸ ਦੀ ਸਿੱਲ ਉਤੇ ਲਿਖਿਆ ਹੈ:
ੴ ਦਰਬਾਰ ਬਾਬਾ ਸ੍ਰੀ ਚੰਦਰ ਜੀ ਆਲੀਕਦਰ ਜਨਾਮ ਮਹੰਤ ਹਰਭਜਨ ਦਾਸ ਸਾਹਿਬ ਕੀ ਤਜਵੀਜ ਸੇ ਬਨਾ । ਸੰ: 1967) ਦਰਬਾਰ ਬਾਵਾ ਸਿਰੀ ਚੰਦਰ ਸਾਹਿਬ, ਬਾਨੀ ਫਿਰਕਾ ਉਦਾਸੀਆਂ ਅਜ ਤਜਵੀਜ ਆਲੀ ਕਾਦਰ ਜਾਨਬ ਮਹੰਤ ਹਰਭਜਨ ਦਾਸ ਸਾਹਿਬ ਜੇਬ ਇਖਤਤਾਮ ਯਾਫਤ 1910 ਈ:। ਡੇਰੇ ਦੇ ਆਸ ਪਾਸ ਬਹੁਤ ਸਾਰੀਆਂ ਉਦਾਸੀ ਸਾਧੂਆਂ ਦੀ ਸਮਾਧਾਂ ਹਨ। ਇਹਨਾਂ ਸਮਾਧਾਂ ਦੇ ਸਾਹਮਣੇ ਗੁਰੂ ਗੋਬਿੰਦ ਸਿੰਘ ਜੀ ਦਾ ਦਰਬਾਰ ਹੈ, ਜਿਥੇ ਦਸਮ ਗ੍ਰੰਥ ਜੀ ਦਾ ਪ੍ਰਕਾਸ਼ ਹੁੰਦਾ ਸੀ। ਇਸ ਅਸਥਾਨ ਦਾ ਮੁੱਖ ਦੁਆਰ ਸਮਾਧਾਂ ਵਲ ਹੈ ਜਦਕਿ ਇਕ ਦਰਵਾਜਾ ਸਰਾਂ ਵਲ ਖੁਲਦਾ ਹੈ। ਵੇਲੇ ਦੇ ਨਾਲ ਨਾਲ ਇਹ ਸਭ ਕੁਝ ਮਿਟੀ ਦਾ ਢੇਹ ਹੁੰਦਾ ਜਾ ਰਿਹਾ ਹੈ। ਉਹ ਸਮਾਂ ਦੂਰ ਨਹੀਂ ਜਦ ਇਹ ਸਭ ਕੁਝ ਕੇਵਲ ਕਿਤਾਬਾਂ ਦੇ ਪੰਨਿਆਂ ਉਤੇ ਹੀ ਰਹਿ ਜਾਵੇਗਾ।



127. Tahli Sahib Baba Sri Chand, Lahore
ਗੁਰਦੁਆਰਾ ਟਾਹਲੀ ਸਾਹਿਬ, ਬਾਬਾ ਸਿਰੀ ਚੰਦ, ਲਾਹੌਰ

ਬਾਬਾ ਸਿਰੀ ਚੰਦ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਸਨ। ਇਹਨਾਂ ਦਾ ਜਨਮ ਭਾਦੋਂ ਸੁਦੀ 9 ਸੰਮਤ 1551 ਨੂੰ ਮਾਤਾ ਸੁਲੱਖਣੀ ਜੀ ਦੀ ਕੁੱਖੋਂ ਸੁਲਤਾਨਪੁਰ ਹੋਇਆ। ਇਹਨਾਂ ਉਦਾਸੀ ਮੱਤ ਚਲਾਇਆ। ਦਿਹਾਂਤ 15 ਅਸੂ ਸੰਮਤ 1699 ਨੂੰ ਲਾਹੌਰ ਵਿਖੇ । ਆਪ ਦਾ ਡੇਰਾ ਲਾਹੌਰ ਰੇ ਸਟੇਸ਼ਨ ਕੋਲ ਟਾਹਲੀ ਸਾਹਿਬ ਦੇ ਨਾਂ ਨਾਲ ਪ੍ਰਸਿੱਧ ਸੀ ਜੋ ਹੁਣ ਅਲੋਪ ਹੋ ਚੁਕਾ ਹੈ।


129. Tomb Hazrat Shah Daula, Gujrat
ਮਜਾਰ ਹਜਰਤ ਸ਼ਾਹ ਦੌਲਾ, ਗੁਜਰਾਤ

ਗੁਜਰਾਤ ਸ਼ਹਿਰ ਅੰਦਰ ਹਜਰਤ ਸ਼ਾਹ ਦੌਲਾ ਜੀ ਦਾ ਮਜਾਰ ਮੁਸਲਮਾਨਾਂ ਦੀ ਇਕ ਵੱਡੀ ਜਿਆਰਤਗਾਹ ਹੈ। ਇਹ ਦਰਗਾਹ ਪੁਰਾਣੇ ਸ਼ਹਿਰ ਤੋਂ ਬਾਹਰ ਹੈ। ਆਪ ਇਬਰਾਹੀਮ ਲੋਧੀ ਦੀ ਔਲਾਦ ਵਿਚੋਂ ਸਨ। ਆਪ ਨੇ ਇਥੇ ਗੁਜਰਾਤ ਸ਼ਹਿਰ ਅੰਦਰ ਹੀ ਸਤਿਗੁਰੂ ਸ੍ਰੀ ਗੁਰੂ ਹਰਿਗੋਬਿੰਦ ਜੀ ਦੇ ਦਰਸ਼ਨ ਕੀਤੇ ਸਨ। ਇਹਨਾਂ ਦਸ਼ਮੇਸ਼ ਪਿਤਾ ਜੀ ਨੂੰ 100 ਤੋਲੇ ਸੋਨਾ ਭੇਂਟ ਭੇਜਿਆ। ਸ਼ਾਹ ਦੌਲਾ ਜੀ ਦੀ ਵਜਾ ਤੋਂ ਗੁਜਰਾਤ ਦਾ ਨਾਂ ਸ਼ਾਹ ਦੌਲਾ ਕੀ ਗੁਜਰਾਤ ਹੋਇਆ।

130. Gurdwara Kot Bhai Than Singh, Attak
ਗੁਰਦੁਆਰਾ ਕੋਟ ਭਾਈ ਥਾਨ ਸਿੰਘ ਅਟਕ



ਬਾਬਾ ਥਾਨ ਸਿੰਘ ਜੀ ਇੱਕ ਬਹੁਤ ਹੀ ਪ੍ਰਸਿੱਧ ਸੰਤ ਹੋਏ ਹਨ ਜੋ ਪਿੰਡ ਫਤਿਹ ਖਾਂ ਜਿਲਾ ਅਟਕਵਿੱਚ ਆਣ ਵਸੇ। ਇਸ ਪਿੰਡ ਦਾ ਮਾਲਿਕ ਮਲਿਕ ਫਤਿਹ ਖਾਂ ਆਪ ਜੀ ਦੀ ਭਗਤੀ ਵੇਖ ਕੇ ਆਪ ਦਾ ਸ਼ਰਧਾਲੂ ਹੋ ਗਿਆ। ਉਹਨੇ ਆਪ ਨੂੰ ਰਹਿਣ ਵਾਸਤੇ ਥਾਂ ਅਤੇ ਲੰਗਰ ਦੀ ਸੇਵਾ ਵੀ ਕੀਤੀ। ਜਿੱਥੇ ਆਪ ਬਿਰਾਜੇ, ਉਸ ਇਲਾਕੇ ਦਾ ਨਾਮ ਕੋਟ ਥਾਨ ਸਿੰਘ ਪ੍ਰਸਿੱਧ ਹੋ ਗਿਆ। ਮਹਾਰਾਜਾ ਰਣਜੀਤ ਸਿੰਘ ਸਮੇਂ ਭਾਈ ਥਾਨ ਸਿੰਘ ਜੀ ਦੀ ਸਮਾਧ ਤੇ ਗੁਰਦੁਆਰਾ

131. Gurdwara Bhai Joga Singh Peshawar
ਗੁਰਦੁਆਰਾ ਭਾਈ ਜੋਗਾ ਸਿੰਘ, ਪੇਸ਼ਾਵਰ



ਜੋਗਾ ਪੇਸ਼ਾਵਰ ਨਿਵਾਸੀ ਭਾਈ ਗੁਰਮੁਖ ਸਿੰਘ ਦਾ ਪੁੱਤਰ ਸੀ। ਜੋ ਕਲਗੀਧਰ ਪਾਤਿਸ਼ਾਹ ਤੋਂ ਅੰਮ੍ਰਿਤ ਛੱਕ ਕੇ ਸਿੰਘ ਸਜਿਆ। ਸਤਿਗੁਰ ਭਾਈ ਜੋਗਾ ਸਿੰਘ ਨੂੰ ਸਪੁੱਤਰ ਜਾਣ ਕੇ ਹਰ ਵੇਲੇ ਆਪਣੀ ਹਜੂਰੀ ਵਿੱਚ ਰੱਖਦੇ। ਭਾਈ ਗੁਰਮੁਖ ਸਿੰਘ ਦੀ ਬੇਨਤੀ ਉੱਤੇ ਸਤਿਗੁਰੂ ਜੀ ਭਾਈ ਜੋਗਾ ਸਿੰਘ ਨੂੰ ਵਿਆਹ ਕਰਵਾਉਣ ਵਾਸਤੇ ਵਾਪਸ ਭੇਜ ਦਿੱਤਾ ਅਤੇ ਇੱਕ ਹੋਰ ਸਿੰਘ ਨੂੰ ਹੁਕਮਨਾਮਾ ਦੇ ਕੇ ਪਿੱਛੇ ਘੱਲ ਦਿੱਤਾ ਕਿ ਜਦ ਜੋਗਾ ਸਿੰਘ ਤਿੰਨ ਲਾਵਾਂ ਲੈ ਚੱਕੇ ਤਦ ਇਹ ਹੁਕਮਨਾਮਾਂ ਉਸ ਨੂੰ ਦੇ ਦੇਣਾ। ਉਸਨੇ ਇੰਝ ਹੀ ਕੀਤਾ। ਹੁਕਮ ਸੀ ਕਿ 'ਇਸ ਨੂੰ ਵੇਖਦਿਆਂ ਅਨੰਦਪੁਰ ਵੱਲ ਤੁਰ ਪਵੋ'। ਸੋ ਜੋਗਾ ਸਿੰਘ ਚੌਥੀ ਲਾਂਵ ਵਿੱਚੋ ਛੱਡ ਕੇ ਘਰੋਂ ਤੁਰ ਪਿਆ। ਬਾਕੀ ਦੀਆਂ ਲਾਵਾਂ ਉਸ ਦੇ ਕਮਰ ਬੰਦ ਨਾਲ ਦੇ ਕੇ ਵਿਆਹ ਦੀਆਂ ਰਸਮਾਂ ਪੂਰੀਆਂ ਕੀਤੀਆਂ ਗਈਆਂ।
ਰਸਤੇ ਵਿੱਚ ਭਾਈ ਜੋਗਾ ਸਿੰਘ ਦੇ ਮਨ ਵਿੱਚ ਆਇਆ ਕਿ ਸਤਿਗੁਰੂ ਦੀ ਆਗਿਆ ਮੰਨਣ ਵਾਲਾ ਮੇਰੇ ਜਿਹਾ ਕੋਈ ਵਿਰਲਾ ਹੀ ਹੋਵੇਗਾ। ਜਦ ਹੁਸ਼ਿਆਰਪੁਰ ਪੁੱਜਾ ਤਾਂ ਇੱਕ ਵੇਸਵਾ ਦੇ ਸੁੰਦਰ ਰੂਪ ਨੂੰ ਦੇਖ ਕੇ ਕਾਮ ਨਾਲ ਵਿਆਕੁਲ ਹੋ ਗਿਆ ਅਤੇ ਵੇਸਵਾ ਦੇ ਕੋਠੇ ਜਾ ਪੁੱਜਿਆ। ਕਲਗੀਧਰ ਪਾਤਿਸ਼ਾਹ ਨੇ ਆਪਣੇ ਅਨਿੰਨ ਸਿੰਘ ਨੂੰ ਨਰਕ ਕੁੰਡ ਤੋਂ ਬਚਾਉਣ ਲਈ ਚੋਬਦਾਰ ਦਾ ਰੂਪ ਧਾਰ ਕੇ ਰਾਤ ਵੇਸਵਾ ਦੇ ਮਕਾਨ ਤੇ ਪਹਿਰਾ ਦਿੱਤਾ। ਜੋਗਾ ਸਿੰਘ ਨੇ ਰਾਤ ਚਾਰ ਵਾਰ ਉਸ ਮਕਾਨ ਤੇ ਜਾਣ ਦਾ ਚਾਰਾ ਕੀਤਾ ਤੇ ਹਰ ਵਾਰ ਚੋਬਦਾਰ ਨੂੰ ਖੜੋਤਿਆਂ ਦੇਖ ਕੇ ਪਿਛਾਂਹ ਮੁੜ ਆਇਆ। ਸਵੇਰੇ ਅਨੰਦਪੁਰ ਦੀ ਰਾਹ ਪਿਆ। ਸਤਿਗੁਰ ਦੇ ਦਰਬਾਰ ਵਿੱਚ ਪਹੁੰਚ ਕੇ ਆਪਣੀ ਭੁੱਲ ਬਖਸ਼ਾਈ।
ਜੋਗਾ ਸਿੰਘ ਲਖੀ ਸਤਿ ਸੋਇ॥ਮਮਹਿਤ ਚੋਬਦਾਰ ਗੁਰ ਹੋਏ। (ਗੁ ਪ੍ਰ ਸੂ) ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਤ ਹੀ ਸੁੰਦਰ ਤੇ ਤਿੰਨ ਮੰਜਲਾਂ ਬਣੀ ਹੋਈ ਹੈ। ਗੁਰਦੁਆਰਾ ਸਾਹਿਬ ਦੇ ਨਾਲ ਸਿੱਖ ਬੱਚਿਆ ਵਾਸਤੇ ਪੰਜਾਬੀ ਸਕੂਲ ਹੈ ਜੋ ਧਾਰਮਿਕ ਵਿਦਿਆ ਦੇ ਨਾਲ ਨਾਲ ਬਾਲਕਾਂ ਨੂੰ ਦੁਨੀਆਦਾਰੀ ਦੀ ਵਿਦਿਆ ਵੀ ਦਾਨ ਕਰਦਾ ਹੈ।


132. Gurdwara Nirankarian, Rawalpindi
ਗੁਰਦੁਆਰਾ ਨਿਰੰਕਾਰੀ, ਰਾਵਲਪਿੰਡੀ



ਇਹ ਇਤਿਹਾਸਕ ਗੁਰਦੁਆਰਾ ਰਾਵਲਪਿੰਡੀ ਸ਼ਹਿਰ ਅੰਦਰ ਨਿਰੰਕਾਰੀ ਬਜਾਰ ਅੰਦਰ ਹੈ। ਅਸਲੀ ਨਿਰੰਕਾਰੀਆਂ ਦਾ ਜਨਮ ਇਸ ਅਸਥਾਨ ਤੋਂ ਹੋਇਆ। ਇਸ ਫਿਰਕੇ ਦੇ ਮੋਢੀ ਭਾਈ ਦਿਆਲ ਸਿੰਘ ਜੀ ਸਨ, ਜਿਹਨਾਂ ਦਾ ਜਨਮ ਦਸ਼ਮੇਸ਼ ਜੀ ਦੇ ਖਜਾਂਨਚੀ ਭਾਈ ਵਸਾਖਾ ਸਿੰਘ ਦੀ ਸਪੁੱਤਰੀ ਬੀਬੀ ਲਾਡਕੀ ਦੇ ਉਦਰ ਤੋਂ ਹੋਇਆ। ਦਿਆਲ ਜੀ ਹਰ ਵੇਲੇ 'ਨਿਰੰਕਾਰ' ਦਾ ਜਾਪ ਕਰਦੇ ਅਤੇ ਮੂਰਤੀ ਪੂਜਾ ਦੀ ਵਿਰੋਧਤਾ ਕਰਦੇ। ਇਸ ਕਰਕੇ ਉਹਨਾਂ ਦੀ 'ਨਿਰੰਕਾਰੀ' ਸੰਗਿਆ ਹੋਈ ਅਤੇ ਇਹਨਾਂ ਦੇ ਸੰਪ੍ਰਦਾਏ ਦੀ 'ਨਿਰੰਕਾਰੀ' ਅੱਲ ਪਈ।
ਇਹ ਗੁਰਦੁਆਰਾ ਨਿਰੰਕਾਰੀਆਂ ਦਾ ਕੇਂਦਰ ਬਣਿਆ। ਭਾਈ ਦਿਆਲ ਜੀ ਦਾ ਚਲਾਣਾ ਸੰਮਤ 1911 ਨੂੰ ਹੋਇਆ। ਦਰਬਾਰ ਸਾਹਿਬ ਦੇ ਖੱਬੇ ਹੱਥ ਉੱਤੇ ਬਾਬਾ ਜੀ ਦੀ ਸਮਾਧ ਹੈ। ਸੰਗਤਾਂ ਦੇ ਠਹਿਰਣ ਵਾਸਤੇ ਅਨੇਕਾਂ ਕਮਰੇ ਹਨ। ਪੂਰੀ ਇਮਾਰਤ ਤਿੰਨ ਮੰਜਿਲਾ ਹੈ।
ਸਿੱਖੀ ਮਾਨ ਮਰਿਆਦਾ ਅਨੁਸਾਰ ਸਭ ਤੋਂ ਪਹਿਲਾਂ ਅਨੰਦ ਕਾਰਜ ਇਸੇ ਹੀ ਗੁਰਦੁਆਰੇ ਅੰਦਰ ਭੋਲਾ ਸਿੰਘ ਅਤੇ ਨਿਹਾਲ ਕੌਰ ਦਾ 1855 ਨੂੰ ਹੋਇਆ।
ਇਸ ਦਰਬਾਰ ਅੰਦਰ ਬੂਟਾ ਸਿੰਘ ਨਾਂਮੀ ਇੱਕ ਸਿੱਖ ਕੀਰਤਨ ਕਰਦਾ ਹੁੰਦਾ ਸੀ। ਇੱਕ ਦਿਨ ਉਹ ਸ਼ਰਾਬ ਪੀ ਕੇ ਕੀਰਤਨ ਕਰਨ ਲੱਗ ਪਿਆ, ਜਿਹਨੂੰ ਬਾਬਾ ਦਿਆਲ ਜੀ ਹੋਰਾਂ ਨੇ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਉਸ ਨੇ ਮਰੀ ਜਾ ਕੇ ਇੱਕ ਨਵਾਂ ਦਰਬਾਰ ਬਣਾ ਲਿਆ। ਇਥੋਂ ਹੀ ਨਕਲੀ ਨਿਰੰਕਾਰੀਆਂ ਦੀ ਲਹਿਰ ਚੱਲੀ ।ਬੂਟਾ ਸਿੰਘ ਅਟਕ ਦਾ ਰਹਿਣ ਵਾਲਾ ਸੀ। ਉਹ ਮਰੀ ਵਿੱਚ ਕੋਹੜ ਦੀ ਬਿਮਾਰੀ ਨਾਲ ਮਰਿਆ। ਅਵਤਾਰ ਸਿੰਘ ਪਿਸ਼ਾਵਰ ਵਾਲਾ ਉਹਦਾ ਚੇਲਾ ਹੋਇਆ। ਇਹ ਪਿਸ਼ਾਵਰ ਅੰਦਰ ਡਬਲ ਰੋਟੀਆਂ ਵੇਚਿਆ ਕਰਦਾ ਸੀ।


13 ਅਪ੍ਰੈਲ 1978 ਦੀ ਵਿਸਾਖੀ ਉੱਤੇ ਅੰਮ੍ਰਿਤਸਰ ਵਿਖੇ ਨਕਲੀ ਨਿਰੰਕਾਰੀਆਂ ਅਤੇ ਗੁਰਸਿੱਖਾਂ ਵਿਚਾਲੇ ਭਾਰੀ ਯੁਧ ਹੋਇਆ, ਜਿਹਦੇ ਅੰਦਰ 13 ਸਿੰਘ ਸ਼ਹੀਦ ਹੋਏ। ਇਹਨਾਂ ਸ਼ਹੀਦਾਂ ਦੇ ਲਹੂ ਵਿੱਚੋਂ ਹੀ ਖਾਲਿਸਤਾਨ ਦੀ ਧੁਖਦੀ ਲਹਿਰ  ਨੂੰ  ਪਲੀਤਾ ਲੱਗਾ। ਸਿੱਖ ਜੱਦੋ ਜਹਿਦ ਦੀ ਅਗਵਾਈ ਸੰਤ ਜਰਨੈਲ ਸਿੰਘ ਭਿੰਡਰਾਵਾਲਿਆ ਨੇ ਕੀਤੀ । ਇਸੇ ਹੀ ਲੜਾਈ ਅੰਦਰ ਹਰਿਮੰਦਰ ਸਾਹਿਬ ਉੱਤੇ ਭਾਰਤੀ ਫੌਜਾਂ ਨੇ ਟੇਂਕਾ, ਤੋਪਾਂ ਨਾਲ ਹਮਲਾ ਕੀਤਾ। ਇਸੇ ਹੀ ਹੱਲੇ ਦੇ ਜੁਆਬ ਵਿੱਚ ਸ੍ਰੀ ਮਤੀ ਇੰਦਰਾ ਗਾਂਧੀ ਕਤਲ ਹੋਈ।
ਇਸ ਵੇਲੇ ਇਸ ਗੁਰਦੁਆਰਾ ਸਾਹਿਬ ਅੰਦਰ ਮੁੰਡਿਆ ਦਾ ਸਕੂਲ ਹੈ। ਇਮਾਰਤ ਦੀ ਹਾਲਤ ਬਹੁਤ ਹੀ ਮੰਦੀ ਹੈ। ਕਿਸੇ ਵੇਲੇ ਵੀ ਮਿੱਟੀ ਦਾ ਢੇਰ ਹੋ ਸਕਦੀ ਹੈ।


133. Gurdwara Singh Sabha Rawalpindi
ਗੁਰਦੁਆਰਾ ਸਿੰਘ ਸਭਾ ਰਾਵਲਪਿੰਡੀ

ਰਾਵਲਪਿੰਡੀ ਦੇ ਮਸ਼ਹੂਰ ਰਾਜਾ ਬਜਾਰ ਵਿਚ ਸਥਿਤ ਹੈ। ਇਹ ਅਕਾਲੀ ਸਿੰਘਾ ਦਾ ਕੇਂਦਰ ਸੀ। ਦੋ ਮੰਜਲਾ ਜਿਸ ਵਿਚ ਸਰਾਵਾਂ, ਲੰਗਰ ਤੇ ਪ੍ਰਕਾਸ਼ ਅਸਥਾਨ ਬਹੁਤ ਹੀ ਸੁੰਦਰ ਇਮਾਰਤ ਹੈ। ਇਸ ਵੇਲੇ ਇਸ ਥਾਂ ਗੌਰਮਿੰਟ ਹਾਈ ਸਕੂਲ ਚਲਦਾ ਹੈ।


134. Gurdwara Dharamsala Uttam Singh Dharma Khel, Bannu
ਧਰਮਸਾਲਾ ਉੱਤਮ ਸਿੰਘ, ਧਰਮਾ ਖੇਲ, ਬੰਨੂ

ਬੰਨੂ ਸ਼ਹਿਰ ਦੇ ਬਿਲਕੁਲ ਨੇੜੇ ਹੀ ਹੈ। ਪੁਰਾਣੀ ਇਮਾਰਤ ਢਾਹ ਕੇ ਨਵੀ ਉਸਾਰ ਲਈ ਹੈ। ਅਜਕਲ ਇਥੇ ਪ੍ਰਾਇਮਰੀ ਸਕੂਲ ਚਲਦਾ ਹੈ।

135. Gurdwara Bhai Mani Singh Rawalpindi
ਗੁਰਦੁਆਰਾ ਭਾਈ ਮਨੀ ਸਿੰਘ, ਰਾਵਲਪਿੰਡੀ

ਭਾਈ ਮਨੀ ਸਿੰਘ ਜੀ ਦੀ ਯਾਦ ਵਿੱਚ ਉਸਾਰਿਆ ਇਹ ਪਾਵਨ ਅਸਥਾਨ ਦੋ ਮੰਜਲਾ ਸਰਾਫਾ ਬਜਾਰ ਰਾਵਲਪਿੰਡੀ ਵਿੱਚ ਹੈ। ਇਮਾਰਤ ਖੂਬਸੂਰਤ ਤੇ ਮਜਬੂਤ ਹੈ। ਪ੍ਰਕਾਸ਼ ਅਸਥਾਨ ਦੇ ਨਾਲ ਲੰਗਰ ਹਾਲ ਤੇ ਰਿਹਾਇਸ਼ੀ ਕਮਰੇ ਵੀ ਹਨ। ਇਸ ਵੇਲੇ ਇਸ ਇਮਾਰਤ ਅੰਦਰ ਗੌਰਮਿੰਟ ਸਕੂਲ ਕੰਮ ਕਰ ਰਿਹਾ ਹੈ।

136. Gurdwara Sri Dyalsar, Topi, NWFP
ਗੁਰਦੁਆਰਾ ਸਿਰੀ ਦਿਆਲਸਰ, ਟੋਪੀ

ਇਹ ਪਾਵਨ ਅਸਥਾਨ ਸੂਬਾ ਸਰਹੱਦ ਦੇ ਇਲਾਕੇ ਰੱਖ ਟੋਪੀ ਅੰਦਰ ਹੈ। ਜਿਸ ਥਾਂ ਉੱਤੇ ਇਹ ਪਾਵਨ ਅਸਥਾਨ ਸਥਿੱਤ ਹੈ, ਇਹ ਇੱਕ ਬਹੁਤ ਹੀ ਸੁੰਦਰ ਅਤੇ ਮਨਖਿੱਚਵੀ ਥਾਂ ਹੈ। ਇਸ ਅਸਥਾਨ ਦੀ ਕਾਰ ਸੇਵਾ ਭਾਈ ਗੁਰਬਖਸ਼ ਸਿੰਘ ਜੀ ਨਿਰੰਕਾਰੀ ਹੋਰਾਂ ਅਰੰਭੀ। ਇਹ ਪਾਵਨ ਅਸਥਾਨ ਇਲਾਕੇ ਦੇ ਨਿਰੰਕਾਰੀਆਂ ਦਾ ਵੱਡਾ ਕੇਂਦਰ ਸੀ

(ਕੁਝ ਸਥਾਨਾਂ ਬਾਰੇ ਵਿਸਥਾਰ ਪੰਜਾਬ ਮੋਨੀਟਰ ਵਿਚ ਨਹੀ ਸੀ ਛੱਪ ਸਕਿਆ ਹਾਲਾਂਕਿ ਕੈਸਰ ਸਾਹਿਬ ਦੀ ਕਿਤਾਬ ਵਿਚ ਵਰਨਣ ਬਕਾਇਦਾ ਮੌਜੂਦ ਹੈ।)

137. Gurdwara Jogiwarha, Sher Nath, Vill.  Bazar, Ahmed Khan Bannu
ਗੁਰਦੁਆਰਾ ਜੋਗੀਵਾੜਾ ਸ਼ੇਰਨਾਥ, ਪਿੰਡ ਬਜ਼ਾਰ, ਅਹਿਮਦ ਖਾਨ, ਬੰਨੂ

ਸ਼ੇਰ ਨਾਥ ਜੋਗੀ ਜੋ ਬਾਦ ਵਿਚ ਕਰਨੀ ਵਾਲਾ ਸਿੱਖ ਹੋ ਨਿਬੜਿਆ ਦੇ ਸਥਾਨ ਦੇ ਖੰਡਰ।

138. Gurdwara Bhai Bannu, Mangat, Distt.  Mandi Bahauddin
ਗੁਰਦੁਆਰਾ ਭਾਈ ਬੰਨੂ ਮਾਗਟ, ਜਿਲਾ ਮੰਡੀ ਬਹਾਉਦੀਨ

ਜਿਲਾ ਮੰਡੀ ਬਹਾਉਦੀਨ, ਤਹਿਸੀਲ ਫਾਲੀਆ ਦਾ ਇੱਕ ਕਸਬਾ ਜੋ ਮਾਂਗਟ ਕਰਕੇ ਪ੍ਰਸਿੱਧ ਹੈ। ਇੱਥੇ ਗੁਰੂ ਅਰਜਨ ਦੇਵ ਜੀ ਦੇ ਪ੍ਰੇਮੀ ਸਿੱਖ ਭਾਈ ਬੰਨੂ ਦਾ ਨਿਵਾਸ ਸੀ।

ਭਾਈ ਬੰਨੂ ਵਾਲੀ ਗੁਰੂ ਗਰੰਥ ਸਾਹਿਬ ਜੀ ਦੀ ਬੀੜ ਇਥੇ ਸੀ (ਅਜ ਕਲ ਇਹ ਬੀੜ ਕਾਨਪੁਰ - ਯੂ.ਪੀ ਵਿਚ ਹੈ)।ਯਾਦ ਰਹੇ ਜਦੋਂ ਪੰਚਮ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਕੀਤੀ ਜੋ ਕਰਤਾਰਪੁਰ(ਦੁਆਬਾ) ਵਿਖੇ ਸੋਢੀ ਪ੍ਰਵਾਰ ਕੋਲ ਮੌਜੂਦ ਹੈ ਓਸੇ ਸਮੇ ਹੀ ਭਾਈ ਬੰਨੂ ਨੇ ਉਸ ਬੀੜ ਦਾ ਉਤਾਰਾ ਕਰ ਲਿਆ ਸੀ ਜਦੋਂ ਬੰਨੂ ਨੂ ਜਿਲਦ ਬਣਾਉਣ ਵਾਸਤੇ ਲਹੌਰ ਭੇਜਿਆ ਸੀ। ਸਿੱਖ ਰਾਜ ਸਮੇ ਮਹਾਰਾਜਾ ਰਣਜੀਤ ਸਿੰਘ ਦੇ ਹੁਕਮ ਉੱਤੇ ਇੱਥੇ ਇੱਕ ਖੁਬਸੂਰਤ ਗੁਰਦੁਆਰਾ ਤਲਾਬ ਦੇ ਕਿਨਾਰੇ ਬਣਵਾਇਆ ਗਿਆ। ਇਸ ਤੋਂ ਬਾਹਰ ਵਾਲਾ ਤਾਲਾਬ ਹੁਣ ਮਿੱਟੀ ਨਾਲ ਭਰਿਆ ਜਾ ਰਿਹਾ ਹੈ। ਗੁਰਦੁਆਰੇ ਤੋਂ ਬਾਹਰ ਸਬਜੀ ਮੰਡੀ ਲਗਦੀ ਹੈ।

139. Gurdwara Ajnianwala Distt. Sheikhupura
ਗੁਰਦੁਆਰਾ ਅੰਜਨੀਆਂਵਾਲਾ, ਜਿਲਾ ਸ਼ੇਖੂਪੁਰਾ

140. Gurdwara Dam Dama Sahib, Gujranwala
ਗੁਰਦੁਆਰਾ ਦਮਦਮਾ ਸਾਹਿਬ ਗੁਜਰਾਂਵਾਲਾ

ਰੇਲਵੇ ਸਟੇਸ਼ਨ ਦੇ ਬਿਲਕੁਲ ਨਾਲ ਲਗਦੀ ਇਕ ਬਹੁਤ ਹੀ ਵੱਡੀ ਇਮਾਰਤ ਜੋ ਬਾਬਾ ਸਾਹਿਬ ਸਿੰਘ ਬੇਦੀ ਦੀ ਯਾਦ ਦਿਵਾਉਦੀ ਹੈ। ਇਨਾਂ ਦਾ ਦਿਹਾਂਤ ਊਨਾਂ 'ਚ 13 ਹਾੜ 1891  ਨੂੰ  ਹੋਇਆ ਸੀ।

141.Gurdwara Bhai laluji, Tatliani, Gujranwala
ਗੁਰਦੁਆਰਾ ਭਾਈ ਲਾਲੂ ਜੀ ਤਤਲਿਆਣੀ, ਗੁਜਰਾਵਾਲਾ

142. Gurdwara Shahid Ganj Bhai Mani Singh, Lahore
ਸ਼ਹੀਦ ਗੰਜ ਭਾਈ ਮਨੀ ਸਿੰਘ ਜੀ

 ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਅਸਥਾਨ ਲਾਹੌਰ ਮਸਤੀ ਦਰਵਾਜੇ ਦੇ ਅੰਦਰ ਹੈ। ਭਾਈ ਜੀ ਦਾ ਜਨਮ ਗੁਰੂ ਘਰ ਦੇ ਪ੍ਰੀਤਵਾਨ ਗੁਰਮੁਖ ਪਰਵਾਰ ਵਿੱਚ ਹੋਇਆ ਤੇ ਆਪ ਨੂੰ ਦਸ਼ਮੇਸ਼ ਪਿਤਾ ਦੇ ਬਾਲ ਸਖਾਈ ਮਿਤਰ ਹੋਣ ਦਾ ਮਾਣ ਪ੍ਰਾਪਤ ਹੈ। ਆਪ ਨੇ ਦਸ਼ਮੇਸ਼ ਜੀ ਦੇ ਸਨਮੁੱਖ ਗੁਰੂ ਗਰੰਥ ਸਾਹਿੁਬ ਜੀ ਦਾ ਸਰੂਪ ਤਿਆਰ ਕੀਤਾ। 1721 ਈ: ਨੂੰ ਮਾਤਾ ਸੁੰਦਰੀ ਜੀ ਨੇ ਆਪ ਨੂੁੰ ਹਰਿਮੰਦਰ ਸਾਹਿਬ ਦਾ ਗਰੰਥੀ ਥਾਪਿਆ। ਦੀਵਾਲੀ ਦੇ ਸਮੇਂ ਸਰਕਾਰ ਤੋਂ ਆਗਿਆ ਲੈ ਕੇ ਆਪ ਨੇ ਹਰਿਮੰਦਰ ਸਾਹਿਬ ਅੰਦਰ ਸਿੱਖਾਂ ਦਾ ਇਕੱਠ ਬੁਲਾਇਆ। ਜਦ ਆਪ ਜੀ ਨੂੰ ਪਤਾ ਲੱਗਾ ਕਿ ਹਕੂਮਤ ਇਕੱਤਰ ਹੋਏ ਗੁਰਸਿੱਖਾਂ ਨੂੰ ਕਤਲ ਕਰ ਦੇਵੇਗੀ ਤਾਂ ਆਪ ਜੀ ਨੇ ਸੰਗਤਾਂ ਨੂੰ ਰੋਕ ਦਿੱਤਾ। ਇਸ ਦੋਸ਼ ਵਿੱਚ ਹੀ ਭਾਈ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਕਈ ਪ੍ਰਕਾਰ ਦੇ ਲਾਲਚ, ਡਰਾਵੇ ਅਤੇ ਧਮਕੀਆਂ ਆਪ ਜੀ ਨੂੰ ਸਿੱਖੀ ਸਿਦਕ ਤੋਂ ਨਾਂ ਹਟਾ ਸਕੀਆਂ। ਆਖਰਕਾਰ 1724 ਈ: ਨੂੰ ਇਸ ਅਸਥਾਨ ਉੱਤੇ ਭਾਈ ਸਾਹਿਬ ਜੀ ਨੂੰ ਬੰਦ ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਗਿਆ। ਇਸ ਵੇਲੇ ਇਸ ਸਮਾਧ ਅੰਦਰ ਇੱਕ ਖਰਾਦੀਏ ਨੇ ਖਰਾਦ ਲਾਏ ਹੋਏ ਹਨ।

143. Gurdwara Shaheed Bhai Taru Singh, Naulakha Bazar, Lahore
ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ ਜੀ, ਨੌਲੱਖਾ ਬਾਜਾਰ ਲਾਹੌਰ

ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਅਸਥਾਨ ਨੌਲੱਖਾ ਬਜਾਰ ਵਿੱਚ ਹੈ। ਲੰਡਾ ਬਜਾਰ ਵੱਲੋਂ ਨੌਲੱਖਾ ਵਿੱਚ ਵੜਦਿਆਂ ਹੀ ਤੁਹਾਡੇ ਖੱਬੇ ਹੱਥ ਉੱਤੇ ਦੁਕਾਨਾਂ ਵਿਚਾਲੇ ਇੱਕ ਨਿੱਕਾ ਜਿਹਾ ਦਰਵਾਜਾ ਹੈ, ਜਿਹਦੇ ਮੱਥੇ ਉੱਤੇ ਲਿਖਿਆ ਹੈ, 'ਗੁਰਦੁਆਰਾ ਭਾਈ ਤਾਰੂ ਜੀ'
ਭਾਈ ਤਾਰੂ ਸਿੰਘ ਜੀ ਤਹਿਸੀਲ ਕਸੂਰ ਦੇ ਪਿਡ ਪੂਹਲਾ ਦੇ ਰਹਿਣ ਵਾਲੇ ਸਨ। ਦਸਾਂ ਨੌਹਾਂ ਦੀ ਕਿਰਤ ਕਰਕੇ ਪ੍ਰਵਾਰ ਦਾ ਪੇਟ ਪਾਲਦੇ ਸਨ। ਗੁਰਸਿੱਖਾਂ ਦੀ ਸੇਵਾ ਕਰਦੇ। ਨਿਰੰਜਣੀ ਮਹੰਤ ਨੇ ਆਪ ਦੀ ਸ਼ਿਕਾਇਤ ਕੀਤੀ ਕਿ ਆਪ ਡਾਕੂਆਂ ਨੂੰ ਪਨਾਹ ਦਿੰਦੇ ਹਨ। ਇਸ ਉੱਤੇ ਆਪ ਨੂੰ ਗ੍ਰਿਫਤਾਰ ਕਰ ਲਿਆ। ਹਜਾਰਾਂ ਪ੍ਰਕਾਰ ਦੇ ਤਸੀਹੇ ਦਿੱਤੇ ਗਏ। ਆਖਰ ਆਪ ਦੀ ਖੋਪੜੀ ਲਾਹੁਣ ਦਾ ਹੁਕਮ ਦਿੱਤਾ। ਭਾਈ ਸਾਹਿਬ ਸ਼ਾਂਤ ਚਿੱਤ ਜਪੁਜੀ ਸਾਹਿਬ ਦਾ ਪਾਠ ਕਰਕੇ ਰਹੇ। 23 ਅੱਸੂ ਸਮੰਤ 1802 (1745 ਈ) ਨੂੰ ਆਪ ਨੇ ਸ਼ਹੀਦੀ ਪ੍ਰਾਪਤ ਕੀਤੀ। ਗੁਰੂ ਘਰ ਦੇ ਪ੍ਰੀਤਵਾਨ ਸਿੱਖਾਂ ਨੇ ਆਪ ਜੀ ਦਾ ਸ਼ਹੀਦ ਗੰਜ ਤਿਆਰ ਕੀਤਾ।

144. Gurdwara Shaheed Ganj Singh Singhian, Naulakha Bazar Lahore
ਸ਼ਹੀਦ ਗੰਜ ਸਿੰਘ ਸਿੰਘਣੀਆਂ, ਨੌਲੱਖਾ ਬਜਾਰ, ਲਾਹੌਰ


ਇਹ ਇਤਹਾਸਕ ਅਸਥਾਨ ਨੌਲੱਖਾ ਬਜਾਰ ਅੰਦਰ ਭਾਈ ਤਾਰੂ ਸਿੰਘ ਜੀ ਦੇ ਸ਼ਹੀਦ ਗੰਜ ਦੇ ਸਾਹਮਣੇ ਹੈ। ਸਿੱਖ ਇਤਿਹਾਸਕਾਰਾਂ ਅਨੁਸਾਰ ਲਾਹੌਰ ਦੇ ਸੂਬੇ ਮੀਰ ਮੰਨੂ ਹੱਥੋਂ ਏਥੇ ਘੱਟੋਂ ਘੱਟ ਢਾਈ ਲੱਖ ਸਿੰਘਾਂ ਸਿੰਘਣੀਆਂ ਨੇ ਸ਼ਹੀਦੀ ਪ੍ਰਾਪਤ ਕੀਤੀ। 1764 ਵਿੱਚ ਮੀਰ ਮੰਨੂ ਪੰਜਾਬ ਦਾ ਸੂਬੇਦਾਰ ਬਣਿਆ ਤਾਂ ਉਸ ਨੇ ਕਸਮ ਖਾਧੀ ਸੀ ਕਿ ਮੈਂ ਕੋਈ ਸਿੱਖ ਜਿੰਦਾ ਨਹੀਂ ਛੱਡਾਂਗਾ। ਉਸਦੇ ਹੁਕਮ ਉੱਤੇ ਸਿੰਘਾਂ
ਸਿੰਘਣੀਆਂ ਨੂੰ ਗ੍ਰਿਫਤਾਰ ਕਰਕੇ ਲਿਆਂਦਾ ਜਾਂਦਾ ਤੇ ਇੱਥੇ ਕਤਲ ਕਰ ਦਿੱਤਾ ਜਾਂਦਾ।
ਜੱਦ ਦੀਵਾਨ ਕੌੜਾ ਮੱਲ ਦੇ ਕਹਿਣ ਉੱਤੇ ਸਿੰਘਾ ਮੀਰ ਮੰਨੂ ਦੀ ਮੁਲਤਾਨ ਦੀ ਲੜਾਈ ਵੇਲੇ ਮਦਦ ਕੀਤੀ ਤਾਂ ਉਸ ਨੇ ਇਹ ਅਸਥਾਨ ਸਿੰਘਾਂ ਨੂੰ ਦੇ ਦਿੱਤਾ। ਉਹਨਾਂ ਇੱਥੇ ਪੂਜਾ ਅਸਥਾਨ ਬਣਾ ਲਿਆ। ਮੀਰ ਮੰਨੂ ਦੇ ਬਾਰੇ ਸਿੱਖਾਂ ਵਿੱਚ ਇਹ ਅਖਾਣ ਮਸ਼ਹੂਰ ਸੀ ਕਿ: ਮੰਨੂ ਅਸਾਡੀ ਦਾਤਰੀ। ਅਸੀ ਮੰਨੂ ਦੇ ਸੋਏ।ਜਿਉ ਜਿਉ ਸਾਨੂੰ ਵੱਡਦਾ। ਅਸੀਂ ਦੂਣ ਸਵਾਏ ਹੋਏ।

ਇਸ ਸ਼ਹੀਦ ਗੰਜ ਦਾ ਝਗੜਾ ਸੰਨ 1910 ਵਿੱਚ ਉਸ ਵੇਲੇ ਉਠ ਖਲੋਤਾ ਜਦੋਂ ਮੁਸਲਮਾਨਾਂ ਇਸਦਾ ਕਬਜਾ ਲੈਣ ਦੀ ਕੋਸ਼ਿਸ਼ ਕੀਤੀ। 1936 ਵਿਚ ਇਹ ਝਗੜਾ ਐਨਾ ਵਧ ਗਿਆ ਕਿ ਇੱਥੇ ਪੁਲਿਸ ਨੂੰ ਗੋਲੀ ਚਲਾਉਣੀ ਪਈ। ਅਖੀਰੀ ਮੁਕੱਦਮਾਂ 6 ਮਈ 1936 ਨੂੰ ਅਦਾਲਤ ਵੱਲੋਂ ਸਿੱਖਾਂ ਦੇ ਪੱਖ ਵਿਚ ਹੋਇਆ। ਇੰਜ ਇਹ ਗੁਰਦੁਆਰਾ ਅੱਜ ਵੀ ਗੁਰਦੁਆਰਾ ਹੀ ਹੈ।ਸਿੱਖ ਅੱਜ ਵੀ ਆਪਣੀਆਂ ਸਵੇਰੇ ਸ਼ਾਮ ਦੀ ਅਰਦਾਸਾਂ ਮੌਕੇ ਇਨ੍ਹਾਂ ਸਿੰਘ ਸਿੰਘਣੀਆਂ ਦੀਆਂ ਸਹੀਦੀਆਂ  ਨੂੰ  ਯਾਦ ਕਰਦੇ ਹਨ।ਕਿਹਾ ਜਾਂਦਾ ਹੈ ਕਿ ਸ਼ਹੀਦੀ ਮੌਕੇ ਇਨ੍ਹਾਂ ਸਿੰਘਾਂ ਸਿੰਘਣੀੌਆਂ ਦਾ ਸਿਦਕ ਦੇਖ ਕੇ ਜਾਲਮ ਹਕੂਮਤ ਕੰਬ ਉਠੀ ਸੀ


145. Gurdwara Bhai Pheru Distt.  Kasur
ਗੁਰਦੁਆਰਾ ਭਾਈ ਫੇਰੂ, ਜਿਲਾ ਕਸੂਰ

ਭਾਈ ਫੇਰੂ ਨਾਮੀ ਇਹ ਕਸਬਾ ਲਾਹੌਰ ਤੋਂ 60 ਕਿਲੋਮੀਟਰ ਦੀ ਵਿੱਥ ਤੇ ਮੁਲਤਾਨ ਸੜਕ ਉਤੇ ਆਬਾਦ ਹੈ। ਭਾਈ ਫੇਰੂ ਜੀ ਦਾ ਅਸਲ ਨਾਂ ਸੰਗਤੀਆ ਸੀ। ਇਹ ਇਕ ਵਾਰ ਕਰਤਾਰਪੁਰ ਵਿਖੇ ਘਿਉ ਦੀਆਂ ਭਰੀਆਂ ਮਸ਼ਕਾਂ ਲਿਜਾ ਰਿਹਾ ਸੀ ਤਾਂ ਗੁਰੂ ਹਰਿ ਰਾਏ ਜੀ ਦੇ ਇਕ ਸਿੱਖ ਨੇ ਉਹ ਘਿਉ ਖਰੀਦ ਲਿਆ ਅਤੇ ਪੈਸੇ ਅਗਲੇ ਦਿਨ ਲਿਜਾਣ ਦਾ ਆਖਿਆ। ਸੰਗਤੀਆ ਜੀ ਨੇ ਉਹ ਮਸ਼ਕਾਂ ਵਿਹਲੀਆਂ ਕਰ ਦਿੱਤੀਆਂ। ਅਗਲੇ ਦਿਨ ਉਸਨੇ ਵੇਖਿਆ ਤਾਂ ਮਸ਼ਕਾਂ ਉਸੇ ਤਰਾਂ ਭਰੀਆਂ ਹੋਈਆਂ ਸਨ। ਇਹ ਚਮਤਕਾਰ ਵੇਖ ਕੇ ਉਹ ਗੁਰੂ ਹਰਿਰਾਏ ਜੀ ਦੀ ਸ਼ਰਨ ਆਇਆ। ਗੁਰੂ ਜੀ ਦੀ ਪਾਹੁਲ ਲੈ ਕੇ ਸਿੱਖ ਹੋਇਆ। ਗੁਰੂ ਜੀ ਨੇ ਉਸ ਨੂੰ ਸੰਗਤੀਆ ਤੋਂ ਭਾਈ ਫੇਰੂ ਦਾ ਨਾਮ ਦਿੱਤਾ, ਜੋ ਪ੍ਰਸਿੱਧ ਹੋ ਗਿਆ। ਆਪ ਨੇ ਉਹਨੂੱ ਨੱਕਾ ਇਲਾਕੇ ਵਿਚ ਮਸੰਦ ਥਾਪਿਆ। ਮਸੰਦਾਂ ਦੀਆਂ ਹੇਰਾ ਫੇਰੀਆਂ ਨੂੰ ਵੇਖਦਿਆਂ ਜਦ ਹਿਸਾਬ ਕਿਤਾਬ ਮੰਗਿਆ ਗਿਆ ਤਾਂ ਕੇਵਲ ਭਾਈ ਫੇਰੂ ਜੀ ਦਾ ਹਿਸਾਬ ਹੀ ਠੀਕ ਨਿਕਲਿਆ, ਜਿਸ ਉਤੇ ਗੁਰੂ ਜੀ ਨੇ ਉਹਦਾ ਲੰਗਰ ਚੱਲਦੇ ਰਹਿਣ ਦੀ ਥਾਪਣਾ ਕੀਤੀ। ਇਸ ਨੱਕੇ ਦੇ ਇਲਾਕੇ ਵਿੱਚ ਹੀ ਭਾਈ ਫੇਰੂ ਦੀ ਸਮਾਧ ਬਣੀ। ਉਥੇ ਹੀ ਮਗਰੋਂ ਇਕ ਸ਼ਹਿਰ ਵਸ ਗਿਆ, ਜਿਹਦਾ ਨਾਂ ਭਾਈ ਫੇਰੂ ਪ੍ਰਸਿੱਧ ਹੋਇਆ। ਗੁਰਦੁਆਰਾ ਸਾਹਿਬ ਦੀ ਅਜੋਕੀ ਇਮਾਰਤ ਮਹੰਤਾਂ ਨੇ ਸੰਗਤ ਨਾਲ ਰਲ ਕੇ 1910 ਵਿੱਚ ਬਣਵਾਈ।

146. Gurdwara Kanganpur, Distt. Kasur
ਗੁਰਦੁਆਰਾ ਕੰਙਣ ਪੁਰ ਜਿਲਾ ਕਸੂਰ,

147. Gurdwara Amir Shah Singh, Jhanda Ram Street D.I Khan
ਗੁਰਦੁਆਰਾ ਅਮੀਰ ਸ਼ਾਹ ਸਿੰਘ, ਝੰਡਾ ਰਾਮ ਸਟਰੀਟ, ਡੀ ਆਈ ਖਾਨ,

148. Gurdwara Bhai Hema Ji, Maghiana, Jhang
ਗੁਰਦੁਆਰਾ ਭਾਈ ਹੇਮਾ ਜੀ ਮਘਿਆਣਾ, ਝੰਗ

149. Dharmsala Bhai Hemaji, Maghiana Jhang
ਧਰਮਸਾਲਾ ਭਾਈ ਹੇਮਾ ਜੀ ਮਘਿਆਣਾ ਝੰਗ,

150. Gurdwara Bhai Khan Chandji, Maghiana, Jhang
ਗੁਰਦੁਆਰਾ ਭਾਈ ਖਾਨ ਚੰਦ ਜੀ ਮਘਿਆਣਾ ਝੰਗ

Continue Reading | comments

SIKH SHRINES IN PAKISTAN (PART 5)

SIKH SHRINES IN PAKISTAN 
PART 5
(101 -125)

 101. Gurdwara Kund Sahib, Rehsama, Near Chaprarh, Sialkot
ਗੁਰਦੁਆਰਾ ਕੁੰਡ ਸਾਹਿਬ, ਰਹਿਸਮਾ, ਨੇੜੇ ਚਪਰਾੜ, ਜਿਲਾ ਸਿਆਲਕੋਟ


 ਰਹਿਸਮਾ ਨਾਮੀ ਇਹ ਪਿੰਡ ਜਿਲਾ ਤੇ ਤਹਿਸੀਲ ਸਿਆਲਕੋਟ ਦਾ ਇਕ ਸਰਹੱਦੀ ਪਿੰਡ ਹੈ। ਇਸ ਪਿੰਡ ਵਿੱਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਤਿੰਨ ਗੁਰਦੁਆਰੇ ਹਨ ਜਿਹਨਾਂ ਦੇ ਨਾਮ ਕੁੰਡ ਸਾਹਿਬ, ਗੁਰੂ ਸਰ ਅਤੇ ਟਾਹਲੀ ਸਾਹਿਬ ਹਨ। ਹੁਣ ਇਸ ਪਿੰਡ ਦਾ ਨਾਮ ਸਾਲਿਹ ਪੁਰ ਹੈ। ਕਸਬਾ ਚਪਰਾੜ ਦੇ ਨਾਂਲ ਇਕ ਬੰਧ ਹੈ, ਇਸ ਬੰਧ ਨੂੰ ਪਾਰ ਕਰਕੇ ਇਸ ਪਿੰਡ ਵਿਚ ਜਾਇਆ ਜਾ ਸਕਦਾ ਹੈ। ਗੁਰਦੁਆਰਾ ਕੁੰਡ ਸਾਹਿਬ ਅਲੋਪ ਹੋ ਚੁੱਕਿਆ ਹੈ। ਕੁੰਡ ਸਾਹਿਬ ਦੇ ਕਿਨਾਰੇ ਦਾ ਇਕ ਤਪ ਅਸਥਾਨ ਅੱਜ ਵੀ ਖਲੋਤਾ ਹੈ।

102. Gurdwara Gurusar, Rehsama, Distt.  Sialkot
ਗੁਰਦੁਆਰਾ ਗੁਰੂ ਸਰ, ਰਹਿਸਮਾ, ਜਿਲਾ ਸਿਆਲਕੋਟ


ਜਿਲਾ ਸਿਆਲਕੋਟ ਦੇ ਪਿੰਡ ਰਹਿਸਮਾ ਅੰਦਰ ਗੁਰੂ ਹਰਿਗੋਬਿਦ ਸਿੰਘ ਜੀ ਦਾ ਅਸਥਾਨ ਗੁਰੂਸਰ ਹੈ। ਇਯ ਪਿੰਡ ਤੋਂ ਕੋਈ ਅੱਧਾ ਕਿਲੋਮੀਟਰ ਬਾਹਰ ਗੁਰੂ ਸਾਹਿਬ ਦਾ ਤਾਲ ਸੀ। ਜਦ ਗੁਰੂ ਸਾਹਿਬ ਇਥੇ ਪਧਾਰੇ ਤਦ ਇਹ ਸੁੱਕ ਚੁੱਕਾ ਸੀ, ਗੁਰੂ ਜੀ ਨੇ ਨੇਜਾ ਮਾਰ ਕੇ ਜਲ ਕੱਢਿਆ। ਇਸ ਵੇਲੇ ਇਹ ਪਾਵਨ ਸਰੋਵਰ ਪੂਰਿਆਂ ਜਾ ਚੁੱਕਾ ਹੈ। ਗੁਰਦੁਆਰਾ ਸਾਹਿਬ ਵਿਚ ਲੋਕ ਵਸੇ ਹੋਏ ਹਨ।

103. Chhevi Patshahi, Galotian Distt.  Sialkot
ਗੁਰਦੁਆਰਾ ਛੇਵੀਂ ਪਾਤਿਸ਼ਾਹੀ ਗਲੋਟੀਆ, ਜਿਲਾ ਸਿਆਲਕੋਟ


ਗਲੋਟੀਆਂ ਖੁਰਦ ਨਾਂਮੀਂ ਇਹ ਪਿੰਡ ਗੁਜਰਾਵਾਲਾ ਸਿਆਲਕੋਟ ਮੇਨ ਰੋਡ ਉਤੇ ਆਬਾਦ ਹੈ। ਇਸ ਪਿੰਡ ਦੇ ਬਿਲਕੁਲ ਵਿਚਾਲੇ ਸਭ ਤੋਂ ਉਚੀ ਥਾਂ ਉਤੇ ਛੇਵੇਂ ਪਾਤਿਸ਼ਾਹ ਜੀ ਦਾ ਪਾਵਨ ਅਸਥਾਨ ਹੈ। ਗੁਰੂ ਸਾਹਿਬ ਕਸ਼ਮੀਰ ਤੋਂ ਮੁੜਦੇ ਹੋਏ ਇਥੇ ਬਿਰਾਜੇ। ਇਥੇ ਹੀ ਗੁਰੂ ਹਰਿ ਰਾਏ ਜੀ ਨੇ ਇਕ ਪ੍ਰੇਮੀ ਦੀ ਅਰਾਧਨਾ ਤੇ ਅਚਨਚੇਤ ਦਰਸ਼ਨ ਦਿੱਤੇ।
ਗੁਰਦੁਆਰਾ ਸਾਹਿਬ ਦਾ ਸੁੰਦਰ ਗੁੰਬਦ ਦੂਰੋਂ ਹੀ ਨਜਰ ਆਉਂਦਾ ਹੈ। ਪਿੰਡ ਅੰਦਰ ਸਭ ਤੋਂ ਉਚੀ ਇਮਾਰਤ ਹੈ। ਪ੍ਰਕਾਸ਼ ਅਸਥਾਨ ਚਿੱਟੇ ਸੰਗਮਰਮਰ ਦਾ ਬਣਿਆ ਹੋਇਆ ਹੈ। ਇਸ ਵੇਲੇ ਪਿੰਡ ਦੇ ਲੋਕ ਇਸ ਇਮਾਰਤ ਨੂੰ ਜੰਝ ਘਰ ਵਜੋਂ ਵਰਤ ਰਹੇ ਹਨ। ਇਮਾਰਤ ਦੀ ਹਾਲਤ ਐਨੀ ਪਤਲੀ ਹੈ ਕਿ ਇਹ ਕਿਸੇ ਵੇਲੇ ਵੀ ਅਲੋਪ ਹੋ ਸਕਦੀ ਹੈ।

104. Gurdwara Chumala Sahib, Bhati Darwaja Lahore
ਗੁਰਦੁਆਰਾ ਚੌਮਾਲਾ ਸਾਹਿਬ, ਭਾਟੀ ਦਰਵਾਜਾ, ਲਾਹੌਰ


ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਇਹ ਪਾਵਨ ਅਸਥਾਨ ਮੁਹੱਲਾ ਚੌਮਾਲਾ, ਅੰਦਰੂਨ ਭਾਟੀ ਦਰਵਾਜੇ ਵਿਚ ਹੈ। ਇਥੇ ਸਤਿਗੁਰੂ ਜੀ ਨੇ ਭਾਈ ਜੀਵਨ ਦੇ ਘਰ ਨਿਵਾਸ ਕੀਤਾ। ਇਥੇ ਗੁਰੂ ਸਾਹਿਬ ਨੇ ਕਈ ਵਾਰ ਦੀਵਾਨ ਲਗਾਇਆ। ਭਾਈ ਬਿਧੀ ਚੰਦ ਜੀ ਜਦ ਗੁਰੂ ਜੀ ਦੇ ਘੋੜੇ ਲੈਣ ਲਾਹੌਰ ਆਏ ਤਾਂ ਉਹ ਵੀ ਇਥੇ ਹੀ ਠਹਿਰੇ। ਇਸ ਮਕਾਨ ਨੂੰ ਭਾਈ ਜੀਵਨ ਨੇ ਗੁਰਦੁਆਰਾ ਬਣਾ ਦਿੱਤਾ। ਇਸ ਦਾ ਪਹਿਲਾ ਪ੍ਰਬੰਧ ਮਹੰਤਾਂ ਪਾਸ ਸੀ। 1914 ਵਿੱਚ ਗੁਰਦੁਆਰਾ ਸਾਹਿਬ ਦੇ ਹਾਲ ਦਾ ਵਿਸਥਾਰ ਕੀਤਾ ਗਿਆ। ਇਸ ਵੇਲੇ ਗੁਰਦੁਆਰਾ ਸਾਹਿਬ ਦਾ ਨਾਂ ਨਿਸ਼ਾਨ ਮਿਟ ਚੁੱਕਿਆ ਹੈ। ਇਸ ਅਸਥਾਨ ਉਤੇ ਲੋਕਾਂ ਨੈ ਤਿੰਨ ਤਿੰਨ ਮੰਜਲੇ ਮਕਾਨ ਛੱਤ ਲਏ ਹਨ। ਇਤਿਹਾਸ ਦਾ ਇਕ ਪੰਨਾ ਮਨਮੁੱਖਾਂ ਨੇ ਚੱਟ ਲਿਆ ਹੈ।

105.Gurdwara Chhevi Patshahi, Rampur Kalan, Lahore
ਗੁਰਦੁਆਰਾ ਛੇਂਵੀਂ ਪਾਤਿਸ਼ਾਹੀ, ਰਾਮਪੁਰ ਕਲਾਂ, ਲਾਹੌਰ


ਰਾਮਪੁਰ ਕਲਾਂ ਨਾਮੀ ਇਹ ਪਿੰਡ ਲਾਹੌਰ ਅੰਮ੍ਰਿਤਸਰ ਰੋਡ ਉਤੇ ਆਬਾਦ ਹੈ। ਇਸ ਪਿੰਡ ਅੰਦਰ ਗੁਰੂ ਹਰਿਗੋਬਿੰਦ ਜੀ ਦਾ ਗੁਰਦੁਆਰਾ ਸੀ। ਗੁਰੂ ਸਾਹਿਬ ਖਰਕ ਜਾਂਦੇ ਹੋਏ ਇਸ ਥਾਂ ਬਿਰਾਜੇ। ਛੋਟਾ ਜਿਹਾ ਦਰਬਾਰ ਬਣਿਆ ਹੋਇਆ ਸੀ, ਹੁਣ ਅਲੋਪ ਹੋ ਚੁਕਿਆ ਹੈ। ਹੁਣ ਇਸ ਅੰਦਰ ਗੁੱਜਰਾਂ ਦੇ ਘਰ ਵਸੇ ਹੋਏ ਹਨ।

 106. Chhevi Patshahi, Mazang, Lahore
ਗੁਰਦੁਆਰਾ ਪਾਤਸ਼ਾਹੀ ਛੇਵੀਂ, ਮਜੰਗ, ਲਾਹੌਰ

ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ 1619 ਈ ਨੂੰ ਦੀਵਾਨ ਚੰਦੂ ਨੂੰ ਨਾਲ ਲੈ ਕੇ ਲਾਹੌਰ ਆਏ। ਇਥੋਂ ਹੀ ਆਪ ਨੇ ਗੁਰੂ ਘਰ ਦੀ ਪ੍ਰੇਮੀ ਬੀਬੀ ਕੌਲਾਂ ਨੂੰ ਆਪਣੇ ਘੋੜੇ ਤੇ ਸੁਆਰ ਕੀਤਾ। ਇਹ ਅਸਥਾਨ ਮਜੰਗ ਵਿੱਚ ਟੈਂਪਲ ਰੋਡ ਉਤੇ ਸਥਿਤ ਹੈ। ਇਸ ਦੀ ਪਹਿਲੀ ਇਮਾਰਤ ਮਹਾਰਾਜਾ ਰਣਜੀਤ ਸਿੰਘ ਨੇ ਬਣਵਾਈ। 1926 ਨੂੰ ਸਵਰਗੀ ਸਰਦਾਰ ਮਿਹਰ ਸਿੰਘ ਦੇ ਉਦਮ ਸਦਕਾ ਮੌਜੂਦਾ ਇਮਾਰਤ ਹੋਂਦ ਵਿਚ ਆਈ।
ਗੁਰਦੁਆਰਾ ਪਾਤਸ਼ਾਹੀ ਛੇਵੀਂ, ਮਜੰਗ, ਲਾਹੌਰ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ 1619 ਈ ਨੂੰ ਦੀਵਾਨ ਚੰਦੂ ਨੂੰ ਨਾਲ ਲੈ ਕੇ ਲਾਹੌਰ ਆਏ। ਇਥੋਂ ਹੀ ਆਪ ਨੇ ਗੁਰੂ ਘਰ ਦੀ ਪ੍ਰੇਮੀ ਬੀਬੀ ਕੌਲਾਂ ਨੂੰ ਆਪਣੇ ਘੋੜੇ ਤੇ ਸੁਆਰ ਕੀਤਾ। ਇਹ ਅਸਥਾਨ ਮਜੰਗ ਵਿੱਚ ਟੈਂਪਲ ਰੋਡ ਉਤੇ ਸਥਿਤ ਹੈ। ਇਸ ਦੀ ਪਹਿਲੀ ਇਮਾਰਤ ਮਹਾਰਾਜਾ ਰਣਜੀਤ ਸਿੰਘ ਨੇ ਬਣਵਾਈ। 1926 ਨੂੰ ਸਵਰਗੀ ਸਰਦਾਰ ਮਿਹਰ ਸਿੰਘ ਦੇ ਉਦਮ ਸਦਕਾ ਮੌਜੂਦਾ ਇਮਾਰਤ ਹੋਂਦ ਵਿਚ ਆਈ।

107. Gurdwara Shikar Ghat Sahib, Kachha Distt.  Lahore
 ਗੁਰਦੁਆਰਾ ਸ਼ਿਕਾਰਗੜ੍ਹ ਸਾਹਿਬ, ਕਾਛਾ ਜਿਲਾ ਲਾਹੌਰ



ਸਤਿਗੁਰੂ ਸ੍ਰੀ ਗੁਰੂ ਹਰਿਗੋਬਿੰਦ ਜੀ ਦੀ ਲਾਹੌਰ ਫੇਰੀ ਨਾਲ ਸਬੰਧਤ ਇਹ ਪਾਵਨ ਅਸਥਾਨ ਲਾਹੌਰ ਤੋਂ ਕੋਈ 15 ਕਿਲੋਮੀਟਰ ਦੀ ਦੂਰੀ ਉਤੇ ਹੈ। ਫਿਰੋਜਪੁਰ ਰੋਡ ਉਤੇ ਪ੍ਰਸਿੱਧ ਬੱਸ ਸਟਾਪ ਕਾਹਨਾ ਤੋਂ ਕੋਈ ਚਾਰ ਕਿਲੋਮੀਟਰ ਪੱਛਮ ਵੱਲ ਹੈ। ਰੇਲਵੇ ਸਟੇਸ਼ਨ ਕਾਛਾ ਹੈ, ਜੋ ਪਿੰਡ ਤੋਂ ਤਿੰਨ ਕਿਲੋਮੀਟਰ ਦੂਰ ਹੈ।
ਇਸ ਪਿੰਡ ਵਿਚ ਇਕ ਟਿੱਬੇ ਉਤੇ ਇਹ ਪਾਵਨ ਅਸਥਾਨ ਹੈ। ਇਸ ਨੂੰ ਗੁਰੂ ਅਰਜਨ ਦੇਵ ਜੀ ਨਿਵਾਸ ਵੀ ਆਖਿਆ ਜਾਂਦਾ ਹੈ। ਛੇਵੇਂ ਪਾਤਿਸ਼ਾਹ ਜੀ ਨੇ ਇਥੇ ਸ਼ਿਕਾਰ ਖੇਡਿਆ। ਉਸ ਵੇਲੇ ਇਥੇ ਭਾਰੀ ਜੰਗਲ ਸੀ। ਇਸ ਪਿੰਡ ਤੋਂ ਬਾਹਰ ਗੁਰਦੁਆਰਾ ਸਾਹਿਬ ਵਾਲੀ ਗਲੀ ਸਾਹਮਣੇ ਦੀਵਾਨ ਲਖਪਤ ਦਾ ਬਣਵਾਇਆ ਹੋਇਆ ਇਕ ਵਿਸ਼ਾਲ ਤਾਲ ਹੈ। ਹੁਣ ਇਹ ਮੱਛੀਪਾਲ ਮਹਿਕਮੇ ਕੋਲ ਹੈ। ਇਸ ਪਾਵਨ ਅਸਥਾਨ ਉਤੇ ਭਾਈ ਮਲ ਜੀ ਨੇ ਅੰਗਰੇਜਾਂ ਦੇ ਰਾਜ ਵੇਲੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ। ਪਿੱਛੋਂ ਇਹ ਗੁਰਦੁਆਰਾ ਸਿੰਘ ਸਭਾ ਦੇ ਪ੍ਰਬੰਧ ਹੇਠ ਆ ਗਿਆ। ਕਮੇਟੀ ਨੇ ਏਥੇ ਬੱਚਿਆਂ ਦੀ ਉਚੀ ਵਿਦਿਆ ਲਈ ਇਕ ਕਾਲਜ ਬਣਾਉਣ ਦਾ ਪ੍ਰੋਗਰਾਮ ਬਣਾਇਆ ਜੋ ਅਧੂਰਾ ਰਹਿ ਗਿਆ।

108. Gurdwara Tahli Sahib, Rehsama Sialkot
ਗੁਰਦੁਆਰਾ ਟਾਹਲੀ ਸਾਹਿਬ, ਰਹਿਸਮਾ, ਸਿਆਲਕੋਟ

ਇਸ ਪਿੰਡ ਅੰਦਰ ਗੁਰੂ ਹਰਿਗੋਬਿੰਦ ਸਿੰਘ ਜੀ ਦਾ ਇਹ ਤੀਜਾ ਅਸਥਾਨ ਹੈ। ਜਦ ਗੁਰੂ ਸਾਹਿਬ ਇਥੇ ਤਸ਼ਰੀਫ ਲਿਆਏ, ਤਦ ਇਥੇ ਇਕ ਗੋਸਾਈ ਸਾਧੂ ਦੀ ਲੜਕੀ ਦਾ ਵਿਆਹ ਸੀ। ਉਸ ਦੀ ਬੇਨਤੀ ਕਰਨ ਉਤੇ ਗੁਰੂ ਸਾਹਿਬ ਨੇ ਉਸ ਦੇ ਘਰ ਵਿਚ ਚਰਨ ਪਾਏ। ਉਹਨਾਂ ਜਿਸ ਕੁੰਡ ਵਿਚ ਪੈਰ ਧੋਤੇ, ਉਹ ਪੂਜਾ ਅਸਥਾਨ ਬਣ ਗਿਆ। ਗੁਰੂ ਸਾਹਿਬ ਨੇ ਸਾਧੂ ਨੂੰ ਸੌ ਰੁਪਏ ਇਕ ਬਟੂਵੇ ਵਿੱਚ ਪਾ ਕੇ ਦਿੱਤੇ ਅਤੇ ਸੇਹਲੀ ਟੋਪੀ ਬਖਸ਼ੀ। ਕਦੇ ਇਹ ਤਿੰਨੇ ਵਸਤਾਂ ਇਥੇ ਯਾਦਗਾਰ ਸਨ। (ਅੱਜ ?) ਪਿੰਡ ਤੋਂ ਪੂਰਬ ਵੱਲ ਟਾਹਲੀ ਸਾਹਿਬ ਨਾਮੀ ਅਸਥਾਨ ਹੈ। ਗੁਰੂ ਸਾਹਿਬ ਕਸ਼ਮੀਰ ਜਾਂਦੇ ਹੋਏ ਇਥੇ ਬਿਰਾਜੇ, ਟਾਹਲੀ ਨਾਲ ਘੋੜਾ ਬੰਨ੍ਹਿਆ, ਇਸ ਕਰਕੇ ਇਸ ਦਾ ਨਾਮ ਟਾਹਲੀ ਸਾਹਿਬ ਪ੍ਰਸਿੱਧ ਹੋ ਗਿਆ। ਇਹ ਮਕਾਨ ਹੁਣ ਲੋਕਾਂ ਦੀ ਰਿਹਾਇਸ਼ ਹੈ। ਇਸ ਪਿੰਡ ਨੂੰ ਹੁਣ ਸਾਲਿਹਪੁਰ ਆਖਿਆ ਜਾਂਦਾ ਹੈ।

109. Gurdwara Chhevi Patshahi, Jhallian, Distt.  Lahore
 ਗੁਰਦੁਆਰਾ ਛੇਂਵੀ ਪਾਤਿਸ਼ਾਹੀ, ਝਲੀਆ, ਜਿਲਾ ਲਾਹੌਰ


ਝਲੀਆ ਨਾਮੀ ਪਿੰਡ ਤਹਿਸੀਲ ਲਾਹੌਰ ਥਾਣਾ ਬਰਕੀ ਵਿਚ ਹੈ। ਇਹ ਦੋ ਪਿੰਡ ਇਕ ਦੂਜੇ ਨਾਂਲ ਮਿਲੇ ਹੋਏ ਹਨ। ਇਸ ਵਾਸਤੇ ਇਹਨਾਂ ਨੂੰ ਢਿਲਵਾਂ ਝਲੀਆਂ ਵੀ ਆਖਿਆ ਜਾਂਦਾ ਹੈ। ਇਸ ਪਿੰਡ ਅੰਦਰ ਸਤਿਗੁਰੂ ਸ੍ਰੀ ਗੁਰੂ ਹਰਿਗੋਬਿੰਦ ਜੀ ਦਾ ਚਰਨ ਛੋਹ ਪਾਵਨ ਅਸਥਾਨ ਹੈ। ਗੁਰਦੁਆਰਾ ਸੁੰਦਰ, ਅੱਗੇ ਬਰਾਮਦੇ ਪਿੱਛੇ ਦੋ ਮਕਾਨ, ਕਿਸੇ ਸਰਕਾਰੀ ਬੰਗਲੇ ਵਾਂਗ ਬਣਿਆ ਹੋਇਆ ਹੈ। ਇਸ ਵੇਲੇ ਇਸ ਪਾਵਨ ਦਰਬਾਰ ਅੰਦਰ ਅੰਬਾਲੇ ਦਾ ਇਕ ਮੁਹਾਜਿਰ ਘਰਾਣਾ ਵਸਿਆ ਹੋਇਆ ਹੈ।

110. Gurdwara Chhevi Patshahi, Minhala Distt.  Lahore
ਗੁਰਦੁਆਰਾ ਛੇਂਵੀ ਪਾਤਿਸ਼ਾਹੀ, ਮਿਨਹਾਲਾ, ਜਿਲਾ ਲਾਹੌਰ


ਮਿਨਹਾਲਾ ਨਾਮੀ ਇਹ ਪਿੰਡ ਥਾਣਾ ਬਰਕੀ ਜਿਲਾ ਲਾਹੌਰ ਵਿਚ ਹੈ। ਇਸ ਪਿੰਡ ਨੂੰ ਜਾਣ ਵਾਸਤੇ ਜੱਲੋਂ ਮੋੜ ਤੋਂ ਇਕ ਸੜਕ ਨਿਕਲਦੀ ਹੈ। ਗੁਰੂ ਹਰਿਗੋਬਿੰਦ ਜੀ ਦਾ ਪਾਵਨ ਅਸਥਾਨ ਪਿੰਡ ਵਿੱਚ ਵੜਦਿਆਂ ਹੀ ਸੱਜੇ ਹੱਥ ਉਤੇ ਇਕ ਵਿਸ਼ਾਲ ਛੱਪੜ ਕਿਨਾਰੇ ਹੈ। ਇਹ ਛੱਪੜ ਕਦੇ ਗੁਰਦੁਆਰਾ ਸਾਹਿਬ ਦਾ ਸਰੋਵਰ ਸੀ। ਇਮਾਰਤ ਗਿਰ ਚੁਕੀ ਹੈ। ਕੇਵਲ ਇਕ ਬੁਰਜ ਹੀ ਖਲੋਤਾ ਹੈ। ਇਹ ਵੀ ਕਿਸੇ ਵੇਲੇ ਅਲੋਪ ਹੋ ਸਕਦਾ ਹੈ।


111. Gurdwara Chhevi Patshahi, Dhilwan Distt Lahore
 ਗੁਰਦੁਆਰਾ ਛੇਂਵੀ ਪਾਤਿਸ਼ਾਹੀ ਢਿਲਵਾਂ, ਜਿਲਾ ਲਾਹੌਰ


ਢਿਲਵਾਂ ਨਾਮੀ ਇਹ ਪਿੰਡ ਤਹਿਸੀਲ ਲਾਹੌਰ ਥਾਣਾ ਬਰਕੀ ਤੋਂ 4 ਕਿਲੋਮੀਟਰ 'ਤੇ ਹੈ। ਇਸ ਪਿੰਡ ਤੋਂ ਪੂਰਬ ਵੱਲ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਮੰਜੀ ਸਾਹਿਬ ਹੈ। ਗੁਰੂ ਸਾਹਿਬ ਅਨੇਕਾਂ ਪਿੰਡਾਂ ਦਾ ਉਧਾਰ ਕਰਦੇ ਹੋਏ ਝਲੀਆਂ ਤੋਂ ਚੱਲ ਕੇ ਇਥੇ ਪਧਾਰੇ ਸਨ। ਆਪ ਦੇ ਬੈਠਣ ਵਾਲੇ ਸਥਾਨ ਉਤੇ ਮੰਜੀ ਸਾਹਿਬ ਬਣਾ ਦਿੱਤਾ ਗਿਆ। ਹੁਣ ਇਸ ਦੇ ਨਾਲ ਪ੍ਰਾਇਮਰੀ ਸਕੂਲ ਦੀ ਇਮਾਰਤ ਬਣਾ ਦਿੱਤੀ ਗਈ ਹੈ।

112. Gurdwara Chhevi Patshahi, Padhana, Distt Lahore
ਗੁਰਦੁਆਰਾ ਛੇਵੀਂ ਪਾਤਸ਼ਾਹੀ, ਪਢਾਣਾਂ, ਜਿਲਾ ਲਾਹੌਰ


ਇਹ ਗੁਰਦੁਆਰਾ ਪਿੰਡ ਪਢਾਣਾਂ, ਜਿਲਾ ਲਾਹੌਰ, ਥਾਣਾ ਬਰਕੀ ਵਿਚ ਅੱਜ ਵੀ ਆਪਣੀਆਂ ਸ਼ਾਨਾਂ ਵਿਖਾ ਰਿਹਾ ਹੈ। ਛੇਵੇਂ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਜੀ ਪਿੰਡ ਢਿਲਵਾਂ ਤੋਂ ਚੱਲ ਕੇ ਪਿੰਡ ਵਾਸੀਆਂ ਦੇ ਪ੍ਰੇਮ ਕਰਕੇ ਇਥੇ ਆਏ ਸਨ। ਇਥੇ ਜੱਲਣ ਜੱਟ ਜੋ ਕਿ ਇਸ ਇਲਾਕੇ ਦਾ ਪ੍ਰਸਿੱਧ ਜਮੀਨਦਾਰ ਭਗਤ ਸੀ, ਨਾਲ ਸਤਿਗੁਰੂ ਜੀ ਦੀ ਵਿਚਾਰ ਚਰਚਾ ਹੋਈ। ਪਹਿਲਾਂ ਇਹ ਗੁਰਦੁਆਰਾ ਸਾਧਾਰਨ ਹਾਲਤ ਵਿਚ ਸੀ। ਇਥੋਂ ਦੇ ਸਰਦਾਰ ਅਤਰ ਸਿੰਘ ਪਢਾਣਾਂ ਜੀ ਨੇ ਗੁਰਦੁਆਰੇ ਦੀ ਸੇਵਾ ਅਰੰਭੀ ਅਤੇ ਪਿੰਡ ਦੀ ਸੰਗਤ ਨੇ ਉਦਮ ਕਰਕੇ ਸੁੰਦਰ ਦਰਬਾਰ ਬਣਾਇਆ। ਹੁਣ ਇਸ ਪਾਵਨ ਅਸਥਾਨ ਅੰਦਰ ਮੇਵਾਤ ਤੋਂ ਆਏ ਹੋਏ ਸ਼ਰਨਾਰਥੀ ਵਸਦੇ ਹਨ। ਇਮਾਰਤ ਚੰਗੀ ਤਰੜੀ ਹੈ।

113. Gurdwara Chhevi Patshahi, Rampura Khurd, Distt Lahore
ਗੁਰਦੁਆਰਾ ਛੇਂਵੀ ਪਾਤਿਸ਼ਾਹੀ, ਰਾਮਪੁਰਾ ਖੁਰਦ, ਜਿਲਾ ਲਾਹੌਰ


ਜਿਲਾ ਅਤੇ ਤਹਿਸੀਲ ਲਾਹੌਰ, ਥਾਣਾ ਬਰਕੀ ਦਾ ਇਹ ਪਿੰਡ ਜੋ ਲਾਹੌਰ ਬਰਕੀ ਰੋਡ ਉਤੇ ਸੜਕ ਤੋਂ ਤਿੰਨ ਕਿਲੋਮੀਟਰ ਪੂਰਬ ਵੱਲ ਆਬਾਦ ਹੈ। ਇਸ ਪਿੰਡ ਅੰਦਰ ਗੁਰੂ ਹਰਿਗੋਬਿੰਦ ਜੀ ਦਾ ਗੁਰਦੁਆਰਾ ਸਾਹਿਬ ਹੈ। ਇਮਾਰਤ ਸੁੰਦਰ ਤੇ ਗੁੰਬਦਦਾਰ ਬਣੀ ਹੋਈ ਹੈ। ਗੁਰੂ ਸਾਹਿਬ ਪਢਾਣੇ ਤੋਂ ਚੱਲ ਕੇ ਸੰਗਤਾਂ ਦਾ ਪ੍ਰੇਮ ਵੇਖ ਕੇ ਇਥੇ ਬਿਰਾਜੇ। ਇਸ ਵੇਲੇ ਡਿੱਗੇ ਹੋਏ ਦਰਬਾਰ ਅੰਦਰ ਮੇਵਾਤ ਦੇ ਸ਼ਰਨਾਰਥੀ ਵਸੇ ਹੋਏ ਹਨ।


114. Gurdwara Chhevi Patshahi, Hudiara, Distt.  Lahore
ਗੁਰਦੁਆਰਾ ਛੇਂਵੀ ਪਾਤਿਸ਼ਾਹੀ ਹੁਡਿਆਰਾ, ਜਿਲਾ ਲਾਹੌਰ


ਹੁਡਿਆਰਾ ਨਾਮੀ ਇਹ ਪਿੰਡ ਲਾਹੌਰ ਘਵਿੰਡੀ ਰੋਡ ਉਤੇ ਆਬਾਦ ਹੈ। ਹੁਡਿਆਰਾ ਪਿੰਡ ਅੰਦਰ ਸ੍ਰੀ ਗੁਰੂ ਹਰਿਗੋਬਿੰਦ ਜੀ ਦਾ ਪਾਵਨ ਅਸਥਾਨ ਹੈ। ਇਥੇ ਆਪ ਸੰਗਤ ਦਾ ਪ੍ਰੇਮ ਦੇਖ ਕੇ ਤਸ਼ਰੀਫ ਲਿਆਏ। ਇਸ ਪਿੰਡ ਅੰਦਰ ਇਹ ਇਮਾਰਤ ਸਭ ਤੋਂ ਉਚੀ ਹੈ, ਜੋ ਦੂਰੋਂ ਹੀ ਨਜਰ ਆਉਂਦੀ ਹੈ। ਇਸ ਵੇਲੇ ਇਸ ਇਮਾਰਤ ਅੰਦਰ ਅੰਮ੍ਰਿਤਸਰ ਦੇ ਸ਼ਰਨਾਰਥੀ ਵਸੇ ਹੋਏ ਹਨ। ਇਮਾਰਤ ਬਹੁਤ ਸੁੰਦਰ ਤੇ ਮਜਬੂਤ ਹੈ।

115. Gurdwara Beri Sahib Chhevi Patshahi, Kharak Lahore
ਗੁਰਦੁਆਰਾ ਬੇਰੀ ਸਾਹਿਬ, ਛੇਵੀਂ ਪਾਤਿਸ਼ਾਹੀ, ਖਰਕ, ਲਾਹੌਰ

------------SHRINE VANISHED-------------

ਜਿਲਾ ਤਹਿਸੀਲ ਲਾਹੌਰ ਥਾਣਾ ਬਰਕੀ ਦਾ ਇਹ ਪਿੰਡ ''ਖਰਕ'' ਤੋਂ ਪੂਰਬ ਵੱਲ ਕੋਈ ਅੱਧਾ ਕਿਲੋਮੀਟਰ ਦੂਰ ਗੁਰੂ ਹਰਿਗੋਬਿੰਦ ਜੀ ਦਾ ਗੁਰਦੁਆਰਾ ''ਬੇਰੀ ਸਾਹਿਬ'' ਹੈ। ਸਤਿਗੁਰੂ ਜੀ ਪਢਾਣੇ ਤੋਂ ਇਥੇ ਆਏ ਤੇ ਬੇਰੀ ਨਾਲ ਘੋੜਾ ਬੰਨਿਆਂ। ਇਸ ਬੇਰੀ ਤੋਂ 20 ਕੁ ਕਦਮ ਉਤੇ ਗੁਰੂ ਜੀ ਦੇ ਬੈਠਣ ਦੇ ਥਾਂ ਕੱਚਾ ਦਮਦਮਾ ਸਾਹਿਬ ਸੀ ਜੋ ਮਗਰੋਂ ਪੱਕਾ ਕਰ ਦਿੱਤਾ ਗਿਆ। ਉਹ ਖੂਹ ਵੀ ਪਾਸ ਹੀ ਹੈ ਜਿਥੇ ਸਤਿਗੁਰੂ ਜੀ ਨੇ ਜਲ ਛੱਕਿਆ। ਇਹ ਸਭ ਕੁਝ ਅਲੋਪ ਹੋ ਚੁਕਾ ਹੈ ਤੇ ਕੇਵਲ ਰੁੱਖਾਂ ਦਾ ਇਕ ਝੁੰਡ ਹੈ।

116. Gurdwara Chhevi Patshahi, Guru Mangat Lahore,
ਗੁਰਦੁਆਰਾ ਛੇਵੀਂ ਪਾਤਿਸ਼ਾਹੀ, ਗੁਰੂ ਮਾਂਗਟ, ਲਾਹੌਰ


ਇਹ ਪਾਵਨ ਅਸਥਾਨ ਲਾਹੌਰ ਛਾਉਣੀ ਰੇਲਵੇ ਸਟੇਸ਼ਨ ਦੇ ਬਹੁਤ ਨੇੜੇ ਹੈ। ਹੁਣ ਇਸ ਪਿੰਡ ਦੇ ਆਸੇ ਪਾਸੇ ਲਾਹੌਰ ਦੀ ਮਾਡਰਨ ਬਸਤੀ ਗੁਲਬਰਗ ਉਸਰ ਗਈ ਹੈ। ਸਤਿਗੁਰੂ ਸ੍ਰੀ ਗੁਰੂ ਹਰਿਗੋਬਿੰਦ ਜੀ ਮੁਜੰਗ ਤੋਂ ਉਠ ਕੇ ਇਥੇ ਬਿਰਾਜੇ ਸਨ। ਗੁਰਦੁਆਰਾ ਬਹੁਤ ਸੁੰਦਰ ਬਣਿਆ ਹੋਇਆ ਸੀ। ਇਸ ਪਾਵਨ ਅਸਥਾਨ ਨੂੰ 1947 ਵੇਲੇ ਬੜਾ ਨੁਕਸਾਨ ਪਹੁੰਚਿਆ। ਬਹੁਤ ਸਾਲ ਖੰਡਰ ਪਿਆ ਰਿਹਾ। ਇਸ ਪਾਵਨ ਅਸਥਾਨ ਦੀ ਪਵਿੱਤਰਤਾ ਨੂੰ ਭੰਗ ਹੋਣ ਤੋਂ ਬਚਾਉਣ ਲਈ ਇਥੇ ਸ਼ਾਨੇ ਇਸਲਾਮ ਨਾਂ ਦੀ ਆਲੀਸ਼ਾਨ ਮਸੀਤ ਬਣਾ ਦਿੱਤੀ ਗਈ ਹੈ। ਇਸ ਮਸੀਤ ਦੇ ਨਾਲ ਇਕ ਵਿਦਿਆਲਾ 'ਮਦਰਿਸਾ' ਹੈ ਜਿਥੇ ਕੁਰਾਨ ਦੀ ਸਿੱਖਿਆ ਦਿੱਤੀ ਜਾਂਦੀ ਹੈ। ਲੋਕ ਭਲਾਈ ਵਾਸਤੇ ਇਥੇ ਇਕ ਡਿਸਪੈਂਸਰੀ ਵੀ ਕੰਮ ਕਰ ਰਹੀ ਹੈ।

117. Gurdwara Chhevi Patshahi, Amar Saddhu, Lahore
ਗੁਰਦੁਆਰਾ ਛੇਵੀਂ ਪਾਤਿਸ਼ਾਹੀ ਅਮਰਸਧੂ, ਲਾਹੌਰ


ਇਹ ਪਿੰਡ ਲਾਹੌਰ ਫਿਰੋਜਪੁਰ ਰੋਡ ਉਤੇ ਅਬਾਦ ਹੈ। ਇਸ ਪਿੰਡ ਵਿੱਚ ਛੇਵੇਂ ਪਾਤਿਸ਼ਾਹ ਜੀ ਦਾ ਪਾਵਨ ਅਸਥਾਨ ਹੈ, ਜੋ ਸਤਿਗੁਰੂ ਜੀ ਬੀਬੀ ਕੌਲਾਂ ਜੀ ਦੇ ਨਾਲ ਮਜੰਗ ਤੋਂ ਇਥੇ ਆਏ ਸਨ, ਇਸ ਵਾਸਤੇ ਇਸ ਅਸਥਾਨ ਨੂੰ ''ਗੁਰਦੁਆਰਾ ਬੀਬੀ ਕੌਲਾਂ'' ਵੀ ਆਖਿਆ ਜਾਂਦਾ ਹੈ। ਪਹਿਲਾਂ ਇਸ ਅਸਥਾਨ ਉਤੇ ਸਾਧਾਰਨ ਗੁਰਦੁਆਰਾ ਸੀ। ਭਾਈ ਮੋਹਨ ਸਿੰਘ ਅਕਾਲੀ ਦੇ ਉਦਮ ਨਾਲ ਰਾਏ ਬਹਾਦਰ ਸਰ ਗੰਗਾ ਰਾਮ ਜੀ ਨੇ 1919 ਸੰਮਤ ਵਿਚ ਗੁਰਦੁਆਰੇ ਖੂਹ ਅਤੇ ਸਰੋਵਰ ਦੀ ਸੇਵਾ ਕਰਵਾਈ। ਇਸ ਵੇਲੇ ਗੁਰਦੁਆਰਾ ਸਾਹਿਬ ਦੀ ਇਮਾਰਤ ਸੁੰਦਰ ਅਤੇ ਵਧੀਆ ਹੈ। ਸਰੋਵਰ ਕਿਧਰੋਂ ਕਿਧਰੋਂ ਟੁੱਟਿਆਂ ਹੋਇਆ ਹੈ।

118. Gurdwara Tahli Sahib, Ghakka Kotli, Shakkargarh Distt Narowal
ਗੁਰਦੁਆਰਾ ਟਾਹਲੀ ਸਾਹਿਬ ਘੱਕਾ ਕੋਟਲੀ ਸ਼ੱਕਰਗੜ੍ਹ (ਜਿਲਾ ਨਾਰੋਵਾਲ)


ਘੱਕਾ ਅਤੇ ਕੋਟਲੀ ਦੋਵੇਂ ਜੁੜਵਾਂ ਪਿੰਡ ਹਨ ਜੋ ਥਾਣਾ ਸ਼ਾਹ ਗਰੀਬ ਤਹਿਸੀਲ ਸ਼ਕਰਗੜ੍ਹ ਵਿਚ ਅੱਜ ਵੀ ਆਬਾਦ ਹਨ। ਪਿੰਡ ''ਘੱਕਾ'' ਅੰਦਰ ਸਤਿਗੁਰੂ ਸ੍ਰੀ ਗੁਰੂ ਹਰਿਰਾਏ ਜੀ ਦਾ ਅਸਥਾਨ ਟਾਹਲੀ ਸਾਹਿਬ ਹੈ। ਇਹ ਇੱਕ ਵਿਸ਼ਾਲ ਅਤੇ ਸੁੰਦਰ ਗੁਰਦੁਆਰਾ ਹੈ ਜੋ ਹੁਣ ਢਹਿ ਰਿਹਾ ਹੈ। ਸਤਿਗੁਰੂ ਜੀ ਇਥੇ ਟਾਹਲੀ ਅਤੇ ਬੇਰੀ ਦੇ ਬਿਰਛ ਥੱਲੇ ਬਿਰਾਜੇ। ਟਾਹਲੀ ਸੁੱਕ ਚੁੱਕੀ ਹੈ ਜਦਕਿ ਬੇਰੀ ਹਰੀ ਭਰੀ ਹੈ। ਇਥੇ ਗੁਰੂ ਸਾਹਿਬ ਨੇ ਮੂਲੇ ਨਾਮਕ ਮਨੁੱਖ ਨੂੰ ਖਰਗੋਸ਼ ਦੀ ਜੂਨ ਤੋਂ ਮੁਕਤ ਕੀਤਾ ਸੀ। ਇਸ ਦੀ ਸਮਾਧ ਪਿੰਡ ਬੋਆ ਵਿਚ ਸਥਿਤ ਹੈ। ਭਾਈ ਫਤਹਿ ਚੰਦ ਪ੍ਰੇਮੀ ਸਿੱਖ ਦੀ ਪ੍ਰੀਤ ਕਰਕੇ ਗੁਰੂ ਸਾਹਿਬ ਕੁਝ ਦਿਨ ਇਸ ਟਾਹਲੀ ਅਤੇ ਬਿਰਛ ਹੇਠ ਠਹਿਰੇ। ਅਨਵਰ ਖਾਂ ਨਾਮੀ ਜਿਲ੍ਹਾ ਗੁਰਦਾਸਪੁਰ ਦਾ ਸ਼ਰਨਾਰਥੀ ਆਬਾਦ ਹੈ। ਇਮਾਰਤ ਖਸਤਾ ਹਾਲਤ ਵਿਚ ਹੈ।

119. Gurdwara Janam Asthan Mata Sahib Kaur, Rohtas, Distt.  Jehlam
ਜਨਮ ਅਸਥਾਨ ਮਾਤਾ ਸਾਹਿਬ ਕੌਰ ਰੋਹਤਾਸ, ਜਿਲਾ ਜੇਹਲਮ]



ਰੋਹਤਾਸ ਕਿਲੇ ਅੰਦਰ ਇਸੇ ਨਾਂ ਤੋਂ ਵਸੇ ਪਿੰਡ ਵਿਚ ਹੀ ਮਾਤਾ ਸਾਹਿਬ ਕੌਰ ਜੀ ਦਾ ਜਨਮ ਭਾਈ ਰਾਮੋ ਬਸੀ ਦੇ ਘਰ ਹੋਇਆ। ਆਪ ਦਾ ਅਨੰਦ ਕਾਰਜ 18 ਵਿਸਾਖ ਸੰਮਤ 1757 ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਇਆ। ਕਲਗੀਧਰ ਪਾਤਸ਼ਾਹ ਨੇ ਇਹਨਾਂ ਦੀ ਗੋਦੀ ਪੰਥ ਖਾਲਸਾ ਪਾਇਆ, ਇਸੇ ਵਾਸਤੇ ਅੰਮ੍ਰਿਤ ਸੰਸਕਾਰ ਸਮੇਂ ਮਾਤਾ ਸਾਹਿਬ ਕੌਰ ਦੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਉਪਦੇਸ਼ ਕੀਤੇ ਜਾਂਦੇ ਹਨ। ਮਾਤਾ ਜੀ ਦਾ ਜਨਮ ਅਸਥਾਨ ਕਿਲੇ ਦੇ ਸਦਰ ਦਰਵਾਜੇ ਅੰਦਰ ਅਬਾਦੀ ਵਿਚ ਹੈ। ਅਬਾਦੀ ਵਿਚ ਵੜਦਿਆਂ ਹੀ ਕੋਈ 100 ਕਰਮਾਂ ਦੀ ਵਿੱਥ ਉਤੇ ਕੱਚੇ ਪੱਕੇ ਮਕਾਨਾਂ ਵਿਚ ਲੁਕਿਆ ਛੋਟਾ ਜਿਹਾ ਗੁੰਬਦ ਨਜਰ ਆਉਂਦਾ ਹੈ। ਇਹ ਆਪ ਜੀ ਦਾ ਹੀ ਜਨਮ ਅਸਥਾਨ ਹੈ। ਇਸ ਨੂੰ ਹਰ ਵੇਲੇ ਕੁੰਡਾ ਲੱਗਿਆ ਰਹਿੰਦਾ ਹੈ। ਮਹਾਰਾਜਾ ਰਣਜੀਤ ਸਿੰਘ ਸਮੇਂ ਇਸ ਦੀ ਸੇਵਾ ਕਰਵਾਈ ਗਈ। ਪੁਰਾਣਾ ਮਕਾਨ ਗਿਰਾ ਕੇ ਨਵਾਂ ਗੁੰਬਦਦਾਰ ਉਸਾਰਿਆ ਗਿਆ, ਜੋ ਹੁਣ ਮਿਟਦਾ ਜਾ ਰਿਹਾ ਹੈ।

120. Dargah Hazrat Baba Sheikh Farid Ganj Shakar, Pak Pattan
ਦਰਗਾਹ ਹਜ਼ਰਤ ਬਾਬਾ ਫਰੀਦ, ਗੰਜ ਸ਼ਕਰ ਪਾਕਪਤਨ



ਹਜ਼ਰਤ ਬਾਬਾ ਫਰੀਦ ਗੰਜ ਸ਼ਕਰ ਜੀ ਨੂੰ ਪੰਜਾਬੀ ਜਬਾਨ ਦੇ ਪਹਿਲੇ ਕਵੀ ਵਜੋਂ ਮੰਨਿਆ ਜਾਂਦਾ ਹੈ। ਆਪ ਦੀ ਰਚਨਾ ਸਲੋਕ ਜੋ ਫਰੀਦ ਬਾਣੀ ਦੇ ਨਾਮ ਤੋਂ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹੈ। ਸਤਿਗੁਰੂ ਨਾਨਕ ਦੇਵ ਜੀ ਸਿੰਧ ਨੂੰ ਜਾਂਦੇ ਹੋਏ ਆਪ ਜੀ ਦੀ ਦਰਗਾਹ ਦੇ ਦਰਸ਼ਨਾਂ ਨੂੰ ਪਾਕਪਤਨ ਆਏ। ਜਿਸ ਥਾਂ ਆਪ ਨੇ ਚਰਨ ਪਾਏ ਉਸ ਥਾਂ ਨੂੰ ਟਿੱਬਾ ਨਾਨਕਸਰ ਆਖਿਆ ਜਾਂਦਾ ਹੈ।
ਬਾਬਾ ਫਰੀਦ ਜੀ ਨੇ 5 ਮੁਹੱਰਮ 679 ਹਿਜਰੀ, 7 ਮਈ 1280 ਮੰਗਲਵਾਰ ਨੂੰ ਇਸ ਦੁਨੀਆਂ ਤੋਂ ਪਰਦਾ ਕੀਤਾ। ਆਪ ਦਾ ਮਿਜ਼ਾਰ ਜੋ ਪਾਕਪਤਨ ਸ਼ਹਿਰ ਦੇ ਮੱਥੇ ਦਾ ਝੁੱਮਰ ਹੈ ਹਜਰਤ ਖਾਜਾ ਨਿਜਾਮਉਦੀਨ ਔਲਿਆ ਹੋਰਾ ਬਣਵਾਇਆ। ਇਸ ਦਾ ਬਹਿਸ਼ਤੀ ਦਰਵਾਜ਼ਾ ਚਾਂਦੀ ਦਾ ਬਣਿਆ ਹੋਇਆ ਹੈ, ਜਿਹਦੇ 'ਚ ਸੁਨਿਹਰੀ ਪੱਤਰੀ ਨਾਲ ਫੁਲਕਾਰੀ ਕੀਤੀ ਗਈ ਹੈ।

121. Tibba Baba Farid, Lahore
ਟਿੱਬਾ ਬਾਬਾ ਫਰੀਦ, ਲਾਹੌਰ

ਇਹ ਅਸਥਾਨ ਲਾਹੌਰ ਜਿਲਾ ਕਚਿਹਰੀ ਤੇ ਐਸ ਐਸ ਪੀ ਦਫਤਰ ਦੇ ਪਿਛਵਾੜੇ ਹੈ। ਇਸ ਨੂੰ ਟਿੱਬਾ ਬਾਬਾ ਫਰੀਦ ਆਖਿਆ ਜਾਂਦਾ ਹੈ। ਜਦ ਬਾਬਾ ਫਰੀਦੁਦੀਨ ਗੰਜ ਸ਼ਕਰ ਜੀ ਹੌਰ ਆਏ ਤਾਂ ਇਸ ਥਾਂ ਬਿਰਾਜੇ, ਮਗਰੋਂ ਸ਼ਰਧਾਲੂਆਂ ਇੱਥੇ ਥੜਾ ਸਾਹਿਬ ਬਣਾ ਲਿਆ। ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਇਸ ਉਤੇ ਚੌਖੰਡੀ ਉਸਾਰੀ ਗਈ ਜੋ ਦਸੰਬਰ 1996 ਤੱਕ ਕਾਇਮ ਸੀ, ਹੁਣ ਇਕ ਵਾਰ ਫਿਰ ਅਸਥਾਨ ਦੀ ਸੇਵਾ ਹੋ ਰਹੀ ਹੈ।

122. Khuh Baba Farid, chakk EB-317, Burewal, Distt.  Viharhi
ਖੂਹ ਬਾਬਾ ਫਰੀਦ ਚੱਕ ਓਭ - 317 ਬੂਰੇਵਾਲ, ਜਿਲਾ ਵਿਹਾੜੀ



ਇਸ ਚਾਰਦੀਵਾਰੀ ਜੋ ਮਜਾਰ ਦੇ ਦਰਵਾਜੇ ਦੇ ਸਾਹਮਣੇ ਸਤਿਗੁਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੁੰਦਰ ਦਰਬਾਰ ਹੈ। ਇਸ ਖੂਹ ਨੂੰ ਬਾਬਾ ਫਰੀਦ ਜੀ ਦਾ ਖੂਹ ਆਖਿਆ ਜਾਂਦਾ ਹੈ। ਕਹਿੰਦੇ ਹਨ ਕਿ ਬਾਬਾ ਫਰੀਦ ਜੀ ਨੇ ਇਸ ਖੂਹ ਵਿੱਚ ਕੱਚੇ ਤੰਦ ਨਾਲ ਲਮਕ ਕੇ ਤਪੱਸਿਆ ਕੀਤੀ ਤੇ ਭਗਤੀ ਪਾਈ। ਇਹ ਖੂਹ ਅੱਜ ਵੀ ਚਾਲੂ ਹੈ। ਇਸ ਦਾ ਜਲ ਮਿੱਠਾ ਤੇ ਸ਼ੀਤਲ ਹੈ। ਲੋਕ ਅਨੇਕਾਂ ਸਰੀਰਕ ਤੇ ਮਾਨਸਿਕ ਰੋਗਾਂ ਤੋਂ ਮੁਕਤ ਹੋਣ ਲਈ ਇਸ ਖੂਹ ਦਾ ਜਲ ਛਕਦੇ ਹਨ। ਇਹ ਇਤਿਹਾਸਕ ਖੂਹ ਸਦੀਆਂ ਤੋਂ ਇੰਜ ਹੀ ਜਾਰੀ ਹੈ ਤੇ ਜਾਰੀ ਰਹੇਗਾ।

123. Chilgah and Grave of Hajrat Hamjha Ghaus, Sialkot
ਚਿਲਗਾਹ ਅਤੇ ਕਬਰ ਹਜਰਤ ਹਮਜਾ ਗੌਸ (ਸਿਆਲਕੋਟ)



 ਮੁਹੱਲਾ ਬਾਬੇ ਬੇਰ ਵਿਚ ਹੀ ਗੁਰਦੁਆਰਾ ਬੇਰ ਜੀ ਸਾਹਿਬ ਤੋਂ ਕੋਈ 400 ਮੀਟਰ ਦੀ ਵਿੱਥ ਉਤੇ ਅਬਾਦੀ ਵਿਚ ਇਕ ਨਿੱਕਾ ਜਿਹਾ ਕਬਰਸਤਾਨ ਵਿਚ ਇਕ ਉਚੇ ਥੜੇ ਤੇ ਦੋ ਕਬਰਾਂ ਹਨ। ਇਕ ਕਬਰ ਜਿਸ ਉਤੇ ਸਾਵਾ ਕੱਪੜਾ ਪਿਆ ਰਹਿੰਦਾ ਹੈ, ਉਹ ਪੀਰ ਹਜਰਤ ਹਮਜਾ ਗੌਸ ਜੀ ਦੀ ਕਬਰ ਹੈ ਜਦਕਿ ਦੂਜੀ ਕਬਰ ਉਹਨਾਂ ਦੇ ਮੁਰੀਦ (ਚੇਲੇ) ਦੀ ਹੈ। ਇਸ ਕਬਰਸਤਾਨ ਦੇ ਸੱਜੇ ਪਾਸੇ ਵਾਲੀ ਸਾਹਮਣੀ ਨੁੱਕਰ ਵਿਚ ਇਕ ਬਹੁਤ ਉਚੀ ਗੁੰਬਦਦਾਰ ਇਮਾਰਤ ਹੈ। ਇਹ ਉਹਨਾਂ ਦੀ ਚਿਲਾਗਾਹ ਹੈ। ਯਾਦ ਰਹੇ ਹਮਜਾ ਗੌਸ ਨੇ ਸਿਆਲਕੋਟ ਨੂੰ ਧਮਕੀ ਦਿੱਤੀ ਹੋਈ ਸੀ ਤੇ ਗੁਰੂ ਬਾਬੇ ਨੇ ਲੋਕਾਂ ਨੂੰ ਨਿਜਾਤ ਦੁਆਈ ਸੀ।

124. Tomb of Sai Mian Mir, Lahore
ਮਿਜਾਰ ਸਾਈਂ ਮੀਆਂ ਮੀਰ ਜੀ



ਸਾਈਂ ਮੀਆਂ ਮੀਰ ਜੀ ਜਿਹਨਾਂ ਦਾ ਅਸਲ ਨਾਂ ਮੀਰ ਮੁਹੰਮਦ ਅਤੇ ਪ੍ਰਸਿੱਧ ਨਾਂ ਮੀਆਂ ਮੀਰ ਸੀ, ਆਪ ਦਾ ਜਨਮ 1531 ਈ: ਨੂੰ ਸਿਉਸਤਾਨ ਸਿੰਧ ਵਿਚ ਹੋਇਆ । ਆਪ ਨੇ ਉਮਰ ਦਾ ਚੌਖਾ ਹਿੱਸਾ ਲਾਹੌਰ ਵਿਚ ਬਿਤਾਇਆ। ਪਹਿਲੀ ਮਾਘ ਸੰਮਤ 1684, 3 ਜਨਵਰੀ 1588 ਨੂੰ ਪੰਚਮ ਪਾਤਿਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪ ਤੋਂ ਹਰਿਮੰਦਰ ਸਾਹਿਬ ਦਾ ਨੀਹ ਪੱਥਰ ਰਖਵਾਇਆ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੇ ਆਪ ਨੇ ਹਾਅ ਦਾ ਨਾਅਰਾ ਮਾਰਿਆ। ਦਾਰਾ ਸ਼ਿਕੋਹ ਨੇ ਆਪ ਦਾ ਬਹੁਤ ਹੀ ਸੁੰਦਰ ਮਜਾਰ ਬਣਾਵਾਇਆ, ਜੋ ਅੱਜ ਵੀ ਆਪਣੀਆਂ ਸ਼ਾਨਾਂ ਵਿਖਾ ਰਿਹਾ ਹੈ। ਮਜਾਰ ਦੀ ਉਸਾਰੀ ਜਾਰੀ ਸੀ ਕਿ ਔਰੰਗਜੇਬ ਤਖਤ ਉਤੇ ਆਣ ਬੈਠਾ। ਉਹਨੇ ਮਜਾਰ ਤੇ ਲੱਗਨ ਵਾਲਾ ਲਾਲ ਪੱਥਰ ਜੋ ਦਾਰਾ ਸ਼ਿਕੋਹ ਨੇ ਮੰਗਵਾਇਆ ਸੀ, ਚੱਕ ਕੇ ਲਾਹੌਰ ਦੀ ਬਾਦਸ਼ਾਹੀ ਮਸੀਤ ਉਤੇ ਲਵਾ ਲਿਆ। ਮਹਾਰਾਜਾ ਰਣਜੀਤ ਸਿੰਘ ਦੇ ਹੁਕਮ ਉਤੇ ਆਪ ਦੇ ਮਜਾਰ ਦੀ ਸਰਕਾਰੀ ਪੱਧਰ ਉਤੇ ਮੁਰੰਮਤ ਹੋਈ ਤੇ ਸ਼ਾਹੀ ਖਜਾਨੇ ਵੱਲੋਂ ਪੰਜ ਸੌ ਰੁਪਿਆ ਇਸ ਦਾ ਤਾਰਿਆ ਗਿਆ। ਮਹਾਰਾਜਾ ਹਰ ਸਾਲ ਮੇਲੇ ਵੇਲੇ ਮਿਜਾਰ ਉਤੇ ਆਪ ਆਉਂਦਾ ਅਤੇ ਦਿਲ ਖੋਲ ਕੇ ਸੇਵਾ ਕਰਦਾ।

 125. Tomb Rai Bular, Nankana Sahib
ਕਬਰ ਰਾਏ ਬੁਲਾਰ, ਨਨਕਾਣਾ ਸਾਹਿਬ, ਜਿਲਾ ਸ਼ੇਖੂਪੁਰਾ



ਜਨਮ ਅਸਥਾਨ ਨਨਕਾਣਾ ਸਾਹਿਬ ਦੇ ਪਿਛਵਾੜੇ ਆਬਾਦੀ ਤੋਂ ਬਾਹਰ ਇਕ ਥੇਹ ਹੈ। ਇਸ ਥੇਹ ਨੂੰ ਧੌਲਰ ਥੇਹ ਕਰ ਕੇ ਯਾਦ ਕੀਤਾ ਜਾਂਦਾ ਹੈ। ਇਸ ਉਤੇ ਦੁਨੀਆਂ ਦੇ ਉਸ ਪਹਿਲੇ ਬੰਦੇ ਦੀ ਕਬਰ ਹੈ, ਜਿਹਨੇ ਸਤਿਗੁਰੂ ਨਾਨਕ ਦੇਵ ਜੀ ਨੂੰ ਅੱਲਾ ਦਾ ਪਿਆਰਾ ਬੰਦਾ ਕਰ ਕੇ ਪਛਾਣਿਆਂ। ਉਹਨਾਂ ਨੇ ਆਪਣੀ ਅੱਧੀ ਜਾਗੀਰ ਗੁਰਦੁਆਰਾ ਸਾਹਿਬ ਜੀ ਦੇ ਨਾ ਲਾ ਦਿੱਤੀ ਜੋ ਅੱਜ ਵੀ ਉਸਦੇ ਨਾਂ ਹੈ। ਇਹ ਕੱਚੀ ਕਬਰ ਤਾਰੀਖ ਦਾ ਇਕ ਬਹੁ ਵੱਡਾ ਨਿਸ਼ਾਨ ਹੈ। ਰਾਏ ਬੁਲਾਰ ਦੀ ਵੰਸ਼ ਵਿੱਚੋਂ ਬਹੁਤ ਨਾਮਵਰ ਅਤੇ ਪ੍ਰਸਿੱਧ ਸਿਆਸਤਦਾਨ ਰਹੇ ਹਨ। ਜਿਹਨਾਂ ਵਿਚੋਂ ਰਾਏ ਮਨਸਬ ਅਲੀ ਖਾਂ ਤਾਂ ਵਜੀਰ ਵੀ ਰਹੇ ਹਨ। ਇਸੇ ਤਰਾਂ ਰਾਏ ਮੁਹੰਮਦ ਬਸੀਰ ਭੱਟੀ ਪਾਕਿਸਤਾਨ ਦੀ ਨੈਸ਼ਨਲ ਅਸੰਬਲੀ ਦੇ ਮੈਂਬਰ ਰਹੇ। 
Continue Reading | comments

SIKH SHRINES IN PAKISTAN PART 4

Wednesday, 5 June 2013

  SIKH SHRINES IN PAKISTAN PART 4

 76. Gurdwara Dharamsala Bhai Harnam Singh, Bucheki, Distt.  Sekhupura
ਧਰਮਸਾਲਾ ਭਾਈ ਹਰਨਾਮ ਸਿੰਘ, ਬੁੱਚੇਕੀ, ਜਿਲਾ ਸ਼ੇਖੂਪੁਰਾ


ਬੁੱਚੇਕੀ ਨਾਮੀ ਕਸਬਾ ਲਾਹੌਰ ਜੜਾਵਾਲਾ ਰੋਡ ਉਤੇ ਬਹੁਤ ਮਸ਼ਹੂਰ ਹੈ। ਪੁਰਾਣਾ ਸ਼ਹਿਰ ਸੜਕ ਤੋਂ ਕੋਈ ਇਕ ਕਿਲੋਮੀਟਰ ਹਟ ਕੇ ਹੈ। ਪੁਰਾਣੇ ਸ਼ਹਿਰ ਦੇ ਮੁਹੱਲੇ ਧਰਮਸ਼ਾਲਾ ਵਿੱਚ ਭਾਈ ਹਰਨਾਮ ਸਿੰਘ ਜੀ ਦੀ ਧਰਮਸ਼ਾਲਾ ਹੈ। ਇਹ ਇਕ ਬਹੁਤ ਹੀ ਸੁੰਦਰ ਇਮਾਰਤ ਸੀ। ਹੁਣ ਇਸ ਵਿਚ ਬਹੁਤ ਸਾਰੇ ਸ਼ਰਨਾਰਥੀਆਂ ਦੇ ਘਰ ਵਸ ਗਏ ਹਨ। ਉਹਨਾਂ ਨੇ ਇਸ ਇਮਾਰਤ ਦਾ ਸਾਰਾ ਹੁਸਨ ਬਰਬਾਦ ਕਰ ਦਿੱਤਾ ਹੈ। ਹੁਣ ਤਾਂ ਇਸ ਥਾਂ ਨੂੰ ਪਛਾਣਨਾ ਵੀ ਔਖਾ ਹੈ। ਭਾਈ ਹਰਨਾਮ ਜੀ ਗੁਰੂ ਅਰਜਨ ਦੇਵ ਜੀ ਦੇ ਸਿੱਖ ਸਨ। ਉਹਨਾਂ ਦਾ ਪ੍ਰੇਮ ਵੇਖ ਗੁਰੂ ਸਾਹਿਬ ਨੇ ਨਨਕਾਣਾ ਸਾਹਿਬ ਤੋਂ ਇਥੇ ਚਰਨ ਪਾਏ। ਜਿਥੇ ਆਪ ਬਿਰਾਜੇ, ਉਹ ਪੂਜਾ ਅਸਥਾਨ ਬਣ ਗਿਆ।

ਇਸ ਪਿੰਡ ਤੋਂ ਬਾਹਰ ਦੀ ਆਬਾਦੀ ਭੋਰੇ ਵਿੱਚ ਵੀ ਗੁਰੂ ਜੀ ਦੇ ਬਿਰਾਜਣ ਦਾ ਅਸਥਾਣ ਦਾ ਅਸਥਾਨ ਹੈ, ਜਿਥੇ ਹੁਣ ਬੱਚਿਆਂ ਦਾ ਸਕੂਲ ਹੈ।

77. Gurdwara Panjavi Patshahi, Hanjra, Pattoki
ਗੁਰਦੁਆਰਾ ਪੰਜਵੀਂ ਪਾਤਸ਼ਾਹੀ, ਹੰਜਰਾ


ਹੰਜਰਾ ਨਾਮੀ ਪਿੰਡ ਲਾਹੌਰ ਮੁਲਤਾਨ ਰੋਡ ਉਤੇ ਪ੍ਰਸਿੱਧ ਕਸਬੇ ਪੱਤੋਕੀ ਤੋਂ ਕੋਈ 20 ਕਿਲੋਮੀਟਰ ਰਾਵੀ ਵਾਲੇ ਪਾਸੇ ਹੈ। ਪਿੰਡ ਦੀ ਪੂਰਬੀ ਬਾਹੀ ਵੱਲ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਗੁਰਦੁਆਰਾ ਹੈ। ਇੱਥੋਂ ਬੈਠ ਕੇ ਆਪ ਜੀ ਨੇ ਜਾਤਰੀ ਅਤੇ ਹੰਜਰਾ ਦੋ ਭਰਾਵਾਂ ਵਿਚਕਾਰ ਚੱਲਿਆ ਆ ਰਿਹਾ ਜਮੀਨ ਦੀ ਹਦਬੰਦੀ ਦਾ ਝਗੜਾ ਨਿਬੇੜਿਆ। ਦੋਹਾਂ ਪਿੰਡਾਂ ਵਿੱਚ ਹੱਦਬੰਦੀ ਕੀਤੀ ਗਈ ਅਤੇ ਦੋਹਾਂ ਪਿੰਡਾਂ ਵਿੱਚ ਆਪ ਜੀ ਨੇਚਰਨ ਪਾ ਕੇ ਨਿਹਾਲ ਕੀਤਾ। ਗੁਰਦੁਆਰਾ ਪਹਿਲਾਂ ਸਾਧਾਰਨ ਜਿਹਾ ਬਣਿਆ ਹੋਇਆ ਸੀ ਮਗਰੋਂ ਪਿੰਡ ਦੀ ਸੰਗਤ ਨੇ ਉਸ ਨੂੰ ਉਸਾਰਿਆ 1947 ਤੋਂ ਬਾਅਦ ਬੰਦ ਪਿਆ ਹੈ। ਸਰੋਵਰ ਛੱਪੜ ਦਾ ਰੂਪ ਧਾਰਨ ਕਰ ਗਿਆ ਹੈ।

78.  Gurdwara Thamm Sahib, Jambar Kalan, Distt.  Kasur
ਗੁਰਦੁਆਰਾ ਥੰਮ ਸਾਹਿਬ, ਜੰਬਰ ਕਲਾਂ, ਜਿਲਾ ਕਸੂਰ



ਜੰਬਰ ਕਲਾਂ ਜਿਲਾ ਕਸੂਰ ਦਾ ਇੱਕ ਪਿੰਡ ਹੈ ਜੋ ਲਾਹੌਰ ਮੁਲਤਾਨ ਰੋਡ ਉਤੇ ਫੇਰੂ ਤੋਂ ਅੱਗੇ ਛਾਂਗਾ ਮੋੜ ਉਤੇ ਆਬਾਦ ਹੈ। ਜੁੰਬਰ ਕਲਾ ਦੀ ਆਬਾਦੀ ਵਿੱਚ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪਾਵਨ ਅਸਥਾਨ ਥੰਮ ਸਾਹਿਬ ਹੈ। ਸਤਿਗੁਰੂ ਜੀ ਬਹਿੜਵਾਲ ਤੋਂ ਚਲ ਕੇ ਇਥੇ ਆਏ। ਇੱਥੇ ਉਹਨਾਂ ਨੇ ਕਿਦਾਰਾਂ, ਸਮੱਧੂ, ਮਖੰਡਾ, ਤੁਲਸਾ ਅਤੇ ਲਾਲੂ ਨਾਮੀ ਸਿੱਖਾਂ ਨੂੰ ਪਾਹੁਲ ਦੇ ਕੇ ਗੁਰਸਿੱਖ ਬਣਾਇਆ। ਇਮਾਰਤ ਸੁੰਦਰ, ਬੁਲੰਦ ਤੇ ਵਿਸ਼ਾਲ ਹੈ।

79.Gurdwara Panjavi Patshahi, Shekham, Kasur
ਗੁਰਦੁਆਰਾ ਪੰਜਵੀਂ ਪਾਤਿਸ਼ਾਹੀ, ਸ਼ੇਖਮ (ਕਸੂਰ)



ਸ਼ੇਖਮ ਨਾਮ ਦੇ ਜਿਲਾ ਕਸੂਰ ਅੰਦਰ ਦੋ ਪਿੰਡ ਹਨ। ਜਿਸ ਪਿੰਡ ਬਾਰੇ ਅਸੀਂ ਗੱਲ ਕਰ ਰਹੇ ਹਾਂ ਇਹ ਪਿੰਡ ਪੱਤੋਕੀ ਹੱਲਾ ਰੋਡ ਉਤੇ ਪੱਤੋਕੀ ਤੋਂ ਕੋਈ ਤਿੰਨ ਕਿਲੋਮੀਟਰ ਦੀ ਵਿੱਥ ਉਤੇ ਹੈ। ਪਿੰਡ ਦੀ ਆਬਾਦੀ ਹਜਾਰਾਂ ਵਿਚ ਹੈ, ਵਿਚਾਲੇ ਗੁਰੂ ਅਰਜਨ ਦੇਵ ਜੀ ਦਾ ਪਾਵਨ ਅਸਥਾਨ ਹੈ। ਆਪ ਬਹਿੜਵਾਲ ਤੋ ਚਲ ਕੇ ਇਥੇ ਆਏ। ਗੁਰਦੁਆਰਾ ਛੋਟਾ ਜਿਹਾ ਬਣਿਆ ਹੋਇਆ ਹੈ।

80. Gurdwara Panjavi Patshahi, Jatri, Sheikhupura
ਗੁਰਦੁਆਰਾ ਪੰਜਵੀ ਪਾਤਿਸ਼ਾਹੀ, ਜਾਤਰੀ, ਸ਼ੇਖੂਪੁਰਾ




;ਜਾਤਰੀ ਨਾਂ ਦਾ ਇਹ ਪਿੰਡ ਭਾਈ ਫੇਰੂ ਖੁੰਡਾ ਰੋਡ ਉਤੇ ਹੈਡ ਬੱਲੋਕੀ ਤੋਂ ਅੱਗੇ ਹੈ। ਇਸ ਪਿੰਡ ਦੀ ਆਬਾਦੀ ਅੰਦਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਗੁਰਦੁਆਰਾ ਸੀ ਜੋ ਹੁਣ ਅਲੋਪ ਹੋ ਚੁੱਕਿਆ ਹੈ। ਕੇਵਲ ਉਹਦੀ ਸਰਾਂ ਹੀ ਬਾਕੀ ਹੈ। ਇਥੇ ਸਤਿਗੁਰੂ ਜੀ ਆਪਣੇ ਪ੍ਰੇਮੀ ਸਿੱਖ ਭਾਈ ਜਾਤਰੀ ਦੇ ਪ੍ਰੇਮ ਨੂੰ ਵੇਖਦੇ ਹੋਏ ਬਿਰਾਜੇ। (ਵੇਖੋ ''ਹੰਜਰਾ'')ਭਾਈ ਜਾਤਰੀ ਦੀ ਸਮਾਧ ਅੱਜ ਵੀ ਪਿੰਡੋਂ ਬਾਹਰ ਰਾਵੀ ਵਾਲੇ ਪਾਸੇ ਰੁੱਖਾਂ ਵਾਲੇ ਪਾਸੇ ਰੁੱਖਾਂ ਦੇ ਇੱਕ ਝੁੰਡ ਵਿੱਚ ਖਲੋਤੀ ਹੈ।


 81. Gurdwara Panjavi Patshahi, Chakk Ramdas, Gujranwala
ਗੁਰਦੁਆਰਾ ਪੰਚਮ ਪਾਤਿਸ਼ਾਹੀ, ਚੱਕ ਰਾਮਦਾਸ, ਗੁਜਰਾਂਵਾਲਾ



 

ਸੜਕ ਉਤੇ ਐਮਨਾਬਾਅਦ ਤੋਂ ਕੋਈ 20 ਕਿਲੋਮੀਟਰ ਪੂਰਬ ਵੱਲ ਇਹ ਪਿੰਡ ਆਬਾਦ ਹੈ। ਪੰਚਮ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਭਾਈ ਪਿਰਾਣੇ ਦੇ ਪ੍ਰੇਮ ਕਰ ਕੇ ਇਥੇ ਖਿੱਚੇ ਆਏ। ਗੁਰੂ ਸਾਹਿਬ ਦੇ ਨਿਵਾਸ ਦੇ ਅਸਥਾਨ ਉਤੇ ਸੁੰਦਰ ਗੁਰਦੁਆਰਾ ਬਣਿਆ ਹੋਇਆ ਸੀ ਜੋ ਹੁਣ ਅਲੋਪ ਹੋ ਚੁਕਿਆ ਹੈ। ਇਸ ਅਸਥਾਨ ਦੇ ਸਾਹਮਣੇ ਇਕ ਚੌਬਾਰਾ ਸੀ, ਜਿਹਨੂੰ ਹੁਣ ਲੋਕ ਗੁਰੂ ਦਾ ਮਹਿਲ ਕਰਕੇ ਜਾਣਦੇ ਹਨ। ਇਸ ਪਾਵਨ ਅਸਥਾਨ ਦੇ ਨਾਂ ਸਿੱਖ ਰਾਜ ਵੱਲੋਂ ਦਿੱਤੀ 40 ਘੁਮਾਉ ਜਮੀਨ ਮੁਆਫ ਹੈ। ਗੁਰਦੁਆਰਾ ਸਾਹਿਬ ਅਣਗੋਲੀ ਕਰ ਕੇ ਮਿੱਟ ਚੁਕਿਆ ਹੈ।



82. Gurdwara Budhu da Awa, Lahore
ਗੁਰਦੁਆਰਾ ਬੁੱਧੂ ਦਾ ਆਵਾ, ਲਾਹੌਰ




ਇਹ ਪਾਵਨ ਅਸਥਾਨ ਲਾਹੌਰ ਅੰਮ੍ਰਿਤਸਰ ਜੀ ਦੀ ਰੋਡ ਉਤੇ ਹੈ। ਮਹਾਨ ਕੋਸ਼ ਅਨੁਸਾਰ ਬੁੱਧੂ ਦਾ ਪੁੱਤਰ ਲਾਹੌਰ ਦਾ ਇਕ ਘੁਮਿਆਰ ਸੀ, ਉਹਨੇ ਇਕ ਵਾਰ ਬਹੁਤ ਵੱਡਾ ਆਵਾ ਤਿਆਰ ਕਰਕੇ ਗੁਰੂ ਅਰਜਨ ਦੇਵ ਜੀ ਦੇ ਹਜੂਰ ਅਰਦਾਸ ਕਰਵਾਈ ਕਿ ਆਵਾ ਪੱਕ ਨਿਕਲੇ। ਸੰਗਤ ਨੇ ਜੋ ਪ੍ਰਸ਼ਾਦ ਛੱਕ ਕੇ ਅਰਦਾਸ ਕੀਤੀ ਤਾਂ ਭਾਈ ਲਿਖੇ ਜੀ ਜੋ ਪ੍ਰਸ਼ਾਦਾਂ ਵਰਤਾਉਣ ਪਿੱਛੋਂ ਆਇਆ ਸੀ, ਆਖਿਆ ਆਵਾ ਪਿੱਲਾ ਹੋ ਗਿਆ ਹੈ। ਜਦ ਇੱਟਾਂ ਪਿੱਲੀਆਂ ਨਿਕਲੀਆਂ ਤਾਂ ਬੁੱਧੂ ਨੇ ਸਤਿਗੁਰੂ ਦੇ ਹਜੂਰ ਬੇਨਤੀ ਕੀਤੀ। ਸਤਿਗੁਰਾਂ ਫਰਮਾਇਆ ''ਪ੍ਰੇਮੀ ਸਿੱਖ ਦਾ ਬਚਨ ਅਟੱਲ ਹੈ। ਤੇਰੀਆਂ ਇੱਟਾਂ ਪੱਕੀਆਂ ਦੇ ਮੁੱਲ ਵਿਕਣਗੀਆਂ।'' ਲਾਹੌਰ ਵਿੱਚ ਭਾਰੀ ਬਰਸਾਤ ਸ਼ੁਰੂ ਹੋ ਗਈ ਤੇ ਪਿੱਲੀਆਂ ਇੱਟਾਂ ਪੱਕੀਆਂ ਦੇ ਮੁੱਲ ਵਿਕ ਗਈਆਂ। ਗੁਲਾਬੀ ਬਾਗ ਨੇੜੇ ਇੰਜੀਨਿਅਰਿੰਗ ਯੂਨੀਵਰਸਿਟੀ ਦੇ ਜੀਰੋ ਗੇਟ ਸਾਹਮਣੇ ਭਾਈ ਬੁੱਧੂ ਜੀ ਦਾ ਮਕਬਰਾ ਹੈ। ਇਸ ਤੋਂ ਪਿੱਛੋਂ ਗੁਰਦੁਆਰਾ ਸਾਹਿਬ ਸੀ, ਹੁਣ ਇਥੇ ਕਬਰਿਸਤਾਨ ਬਣ ਚੁਕਾ ਹੈ। ਇਹ ਗੁਰਦੁਆਰਾ ਬਹੁਤ ਸਮਾਂ ਗੁਰੂਸਰ ਸਤਲਾਈ ਦੇ ਮਹੰਤਾਂ ਅਧੀਨ ਰਿਹਾ। ਫਿਰ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਆ ਗਿਆ।


 83. Gurdwara Baoli Sahib, Rang Mahal, Lahore
ਗੁਰਦੁਆਰਾ ਬਾਉਲੀ ਸਾਹਿਬ, ਰੰਗ ਮਹਿਲ, ਲਾਹੌਰ



ਪੰਜਵੇਂ ਪਾਤਿਸ਼ਾਹ ਜੀ ਦਾ ਇਹ ਪਾਵਨ ਅਸਥਾਨ ਲਾਹੌਰ ਸ਼ਹਿਰ ਦੇ ਰੰਗ ਮਹਿਲ ਬਾਜਾਰ ਦੇ ਚੌਕ ਅੰਦਰ ਹੈ। ਇਸ ਅਸਥਾਨ ਦੇ ਨਾਲ ਸੁਨਿਹਰੀ ਮਸੀਤ ਦਾ ਪਿਛਵਾੜਾ ਲਗਦਾ ਹੈ। ਗੁਰੂ ਸਾਹਿਬ ਦੇ ਲਾਹੌਰ ਜਾਣ ਸਮੇਂ ਇਕ ਵੱਡਾ ਝਗੜਾ ਹੋ ਰਿਹਾ ਸੀ। ਬੁਖਾਰੇ ਦਾ ਇਕ ਪਠਾਣ ਮੁਹਿੰਮ ਉਤੇ ਜਾਣ ਲੱਗਾ ਛੇਤੀ ਨਾਲ 142 ਮੋਹਰਾਂ ਦਾ ਬਟੂਆ ਛੱਜੂ ਭਗਤ ਪਾਸ ਅਮਾਨਤ ਰੱਖ ਗਿਆ ਸੀ। ਅਜੇ ਉਦੋਂ ਹੀ ਛੱਜੂ ਨੇ ਦੁਕਾਨ ਖੋਲੀ ਸੀ ਇਸ ਲਈ ਅਜੇ ਤੱਕ ਰੋਜਨਾਮਚਾ ਲਿਖਣ ਵਾਲਾ ਕੋਈ ਨਹੀਂ ਸੀ ਆਇਆ। ਛੱਜ#ੂ ਉਸ ਬਟੂਏ ਨੂੰ ਸੰਦੂਕ ਵਿੱਚ ਰੱਖ ਕੇ ਭੁੱਲ ਗਿਆ। ਕਈ ਮਹੀਨਿਆਂ ਪਿੱਛੋਂ ਆ ਕੇ ਪਠਾਣ ਨੇ ਰਕਮ ਮੰਗੀ। ਅਮਾਨਤ ਦੀ ਵਹੀ ਵਿੱਚ ਉਸਦਾ ਨਾਮ ਨਹੀਂ ਸੀ। ਛੱਜੂ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਮੁੱਕਦਮਾ ਲਾਹੌਰ ਦੇ ਹਾਕਿਮ ਕੋਲ ਗਿਆ ਤੇ ਪਠਾਣ ਹਾਰ ਗਿਆ। ਕੁਝ ਚਿਰ ਮਗਰੋਂ ਛੱਜੂ ਨੇ ਸਫਾਈ ਕੀਤੀ ਕਿ ਉਹ ਬਟੂਆ ਨਿਕਲ ਆਇਅ। ਛੱਜੂ ਇੱਕ ਦੋਸ਼ਾਲਾ ਲੈ ਕੇ ਪਠਾਣ ਕੋਲ ਗਿਆ ਤੇ ਮੁਆਫੀ ਮੰਗੀ। ਪਠਾਣ ਨੇ ਆਖਿਆ ਕਿ ਮੈਂ ਮੁਕੱਦਮਾ ਹਾਰ ਚੁਕਾ ਹਾਂ, ਇਸ ਵਾਸਤੇ ਇਸ ਉਤੇ ਮੇਰਾ ਕੋਈ ਹੱਕ ਨਹੀਂ। ਇਹ ਝਗੜਾ ਸ੍ਰੀ ਗੁਰੂ ਅਰਜਨ ਦੇਵ ਜੀ ਪਾਸ ਪੇਸ਼ ਹੋਇਆ। ਜਦ ਉਹਨਾਂ ਦੋਹਾਂ ਨੇ ਪੈਸੇ ਕਬੂਲ ਨਾ ਕੀਤੇ ਤਾਂ ਗੁਰੂ ਜੀ ਨੇ ਉਸ ਪੈਸੇ ਨਾਲ ਡੱਬੀ ਬਜਾਰ ਅੰਦਰ ਲੋਕਾਂ ਵਾਸਤੇ ਸੰਮਤ 1616 ਵਿੱਚ ਇੱਕ ਬਾਉਲੀ ਬਣਵਾਈ।

ਸੰਮਤ 1685 ਵਿੱਚ ਇਹ ਬਾਉਲੀ ਮਿੱਟੀ ਨਾਲ ਭਰਾ ਦਿੱਤੀ ਗਈ। ਮਹਾਰਾਜਾ ਰਣਜੀਤ ਸਿੰਘ ਸਮੇਂ ਸੰਮਤ 1891 ਵਿੱਚ ਇੱਕ ਫੁਲੇਰੇ ਦੇ ਪਤਾ ਦੇਣ ਤੇ ਇਹ ਬਾਉਲੀ ਪਰਗਟ ਕੀਤੀ ਗਈ। ਇਸ ਵੇਲੇ ਫਿਰ ਇਹ ਬਾਉਲੀ ਅਲੋਪ ਹੋ ਚੁਕੀ ਹੈ। ਇਸ ਵੇਲੇ ਕੇਵਲ ਇਕ ਨਿੱਕਾ ਜਿਹਾ ਬਾਗ ਹੈ, ਜਿਸ ਵਿਚ ਲੋਕ ਆਰਾਮ ਕਰਦੇ ਹਨ, ਆਸੇ ਪਾਸੇ ਦੁਕਾਨਾਂ ਹਨ।


84. Gurdwara Dehra Sahib, Lahore
ਗੁਰਦੁਆਰਾ ਡੇਹਰਾ ਸਾਹਿਬ ਲਾਹੌਰ




ਸਿੱਖ ਇਤਿਹਾਸ ਅਨੁਸਾਰ ਗੁਰੂ ਅਰਜਨ ਦੇਵ ਜੀ ਚੰਦੂ ਦੇ ਤਸੀਹੇ ਸਹਾਰਦੇ ਹੋਏ ਇਥੇ ਸ਼ਹੀਦ ਹੋਏ। ਉਹਨਾਂ ਨੂੰ ਤੱਤੀ ਤਵੀ ਤੇ ਬਿਠਾ ਕੇ ਇਥੇ ਰਾਵੀ ਦੇ ਠੰਡੇ ਪਾਣੀ ਵਿਚ ਸੁੱਟ ਦਿਤਾ ਗਿਆ। ਇਉਂ ਆਪ ਨੇ ਇਸ ਥਾਂ ਉਤੇ 30 ਮਈ 1606 ਨੂੰ ਸ਼ਹੀਦੀ ਪ੍ਰਾਪਤ ਕੀਤੀ। ਉਸ ਸਮੇਂ ਰਾਵੀ ਕਿਲੇ ਅਤੇ ਸ਼ਾਹੀ ਮਸੀਤ ਦੀਆਂ ਕੰਧਾਂ ਨਾਲ ਖਹਿ ਕੇ ਇਥੇ ਵਗਦੀ ਸੀ। ਸੰਨ 1619 ਨੂੰ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਜੀ ਗੁਰ ਅਸਥਾਨਾਂ ਦੇ ਦਰਸ਼ਨਾਂ ਨੂੰ ਆਏ ਤਾਂ ਆਪ ਨੇ ਇਸ ਸ਼ਹੀਦੀ ਅਸਥਾਨ ਉਤੇ ਥੜਾ ਸਾਹਿਬ ਤਿਆਰ ਕਰਵਾਇਆ। ਸਿੱਖ ਰਾਜ ਸਮੇਂ ਮਹਾਰਾਜਾ ਰਣਜੀਤ ਸਿੰਘ ਵੱਲੋਂ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਵਾਈ ਗਈ। ਸੰਗਮਰਮਰ ਦੀ ਮਨਮੋਹਣੀ ਇਮਾਰਤ ਗੁਬੰਦਦਾਰ ਜਿਹਦੇ ਚੁਫੇਰੇ ਬਰਾਮਦਾ ਬਣਵਾਇਆ ਗਿਆ।



85. Gurdwara Lal Khuh, Mochi Darwaja, Lahore
ਗੁਰਦੁਆਰਾ ਲਾਲ ਖੂਹ, ਮੋਚੀ ਦਰਵਾਜਾ, ਲਾਹੌਰ





ਇਹ ਇਤਿਹਾਸਕ ਖੂਹ ਮੋਚੀ ਦਰਵਾਜੇ ਦੇ ਅੰਦਰ ਬਜਾਰ ਵਿਚ ਹੈ। ਇਹ ਖੂਹ ਕਦੇ ਚੰਦੂ ਦੀ ਹਵੇਲੀ ਵਿਚ ਸੀ। ਇਸ ਦੇ ਪਾਸ ਹੀ ਇਕ ਛੋਟੀ ਜਿਹੀ ਕੋਠੜੀ ਸੀ ਜਿਥੇ ਚੰਦੂ ਨੇ 1606 ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗ੍ਰਿਫਤਾਰ ਕਰਕੇ ਕੈਦ ਕੀਤਾ ਸੀ। ਗੁਰੂ ਜੀ ਕੈਦ ਸਮੇਂ ਇਸ ਖੂਹ ਤੋਂ ਜਦ ਛਕਦੇ ਅਤੇ ਇਸ਼ਨਾਨ ਕਰਦੇ ਸਨ। ਇਥੇ ਹੀ ਗੁਰੂ ਜੀ ਨੂੰ ਅਨੇਕਾਂ ਤਸੀਹੇ ਦਿੱਤੇ ਗਏ। ਜਦ 1619 ਵਿੱਚ ਛੇਵੇਂ ਪਾਤਿਸ਼ਾਹ ਲਾਹੌਰ ਤਸ਼ਰੀਫ ਲਿਆਏ ਤਦ ਇਥੇ ਹੀ ਗੁਰਸਿੱਖਾਂ ਨੇ ਚੰਦੂ ਦੇ ਨੱਕ ਵਿਚ ਨਕੇਲ ਪਾ ਕੇ ਫੇਰਿਆ ਅਤੇ ਇਥੇ ਹੀ ਭੜਭੁੰਜੇ ਨੇ ਆਪਣਾ ਕੜਛਾ ਮਾਰ ਕੇ ਚੰਦੂ ਨੂੰ ਗੱਡੀ ਚਾੜਿਆ।



86. Gurdwara Chhevi Patshahi, Mansehra
ਗੁਰਦੁਆਰਾ ਛੇਵੀਂ ਪਾਤਸ਼ਾਹੀ, ਮਾਨਸਹਿਰਾ





ਸਾਹਿਬ ਗੁਰੂ ਹਰਗੋਬਿੰਦ ਜੀ ਦਾ ਇਹ ਪਾਵਨ ਅਸਥਾਨ ਮਾਨਸਹਿਰਾ ਕਸ਼ਮੀਰ ਰੋਡ ਉਤੇ ਹੈ। ਇਸ ਅਸਥਾਨ ਉਤੇ ਆਪ ਜੀ ਕਸ਼ਮੀਰ ਤੋਂ ਮੁੜਦੇ ਹੋਏ ਵਿਰਾਜੈ। ਜਿਥੇ ਆਪ ਨੇ ਚਰਨ ਪਾਏ ਅਤੇ ਪ੍ਰੇਮੀ ਸੰਗਤ ਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ, ਗੁਰ ਸਿੱਖਾਂ ਨੇ ਉਥੇ ਗੁਰਦੁਆਰਾ ਉਸਾਰ ਲਿਆ। ਇਹ ਗੁਰਦੁਆਰਾ ਤਿੰਨ ਮੰਜਲਾ ਹੈ। ਫਰਸ਼ ਅਤੇ ਕੰਧਾਂ ਉਤੇ ਵੱਖ ਵੱਖ ਸੇਵਾਕਾਰਾਂ ਦੇ ਨਾਵਾਂ ਦੀਆਂ ਇੱਟਾਂ ਲੱਗੀਆਂ ਹੋਈਆਂ ਹਨ। ਹੁਣ ਇਹ ਇਕ ਸੱਖਣੀ ਇਮਾਰਤ ਹੈ।

87. Gurdwara Chitti Gatti, Mansehra Distt. Hazara
ਗੁਰਦੁਆਰਾ ਛੇਵੀਂ ਪਾਤਿਸ਼ਾਹੀ, ਚਿੱਟੀ ਗੱਟੀ, ਮਾਨਸਹਿਰਾ, ਜਿਲਾ ਹਜਾਰਾ

 

ਮਾਨਸਹਿਰਾ ਤੋਂ ਕੋਈ 8 ਕਿਲੋਮੀਟਰ ਦੂਰ ਸੜਕ ਕਿਨਾਰੇ ਲੱਗੇ ਇਕ ਬਾਗ ਅੰਦਰ ਗੁੰਬਦਦਾਰ ਇਹ ਅਸਥਾਨ ਨਜਰ ਆਉਂਦਾ ਹੈ। ਛੇਵੇਂ ਪਾਤਿਸ਼ਾਹ ਧਰਮ ਪ੍ਰਚਾਰ ਕਰਦੇ ਹੋਏ ਇਸ ਥਾਂ ਤੇ ਬਿਰਾਜੇ ਸਨ। ਗੁਰਦੁਆਰਾ ਸੁੰਦਰ ਬਣਿਆ ਹੋਇਆ ਹੈ। ਗੁੰਬਦ ਅੰਦਰ ਉਤੇ ਸ਼ਿਵਲਿੰਗ ਦੀ ਪੂਜਾ ਕੀਤੀ ਜਾਂਦੀ ਸੀ, ਜਦਕਿ ਥੱਲੇ ਗੁਰੂ ਗਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਸੀ। ਅੱਜ ਵੀ ਪੱਥਰ ਦਾ ਬਣਿਆ ਹੋਇਆ ਸ਼ਿਵਲਿੰਗ ਉਥੇ ਸਥਾਪਤ ਹੈ। ਪੁਜਾਰੀ ਹਿੰਦੂ ਸੀ, ਇਸ ਵਾਸਤੇ ਉਸ ਨੇ ਗੁਰੂ ਗੰ੍ਰਥ ਸਾਹਿਬ ਦਾ ਪ੍ਰਕਾਸ਼ ਥੱਲੇ ਕੀਤਾ ਹੋਇਆ ਹੈ।



88. Gurdwara Chhevi Patsahi, Dhamial, Rawalpindi
ਗੁਰਦੁਆਰਾ ਛੇਵੀਂ ਪਾਤਿਸ਼ਾਹੀ ਧਮਿਆਲ, ਰਾਵਲਪਿੰਡੀ




ਧਮਿਆਲ ਨਾਂ ਦਾ ਪਿੰਡ ਰਾਵਲਪਿੰਡੀ ਸ਼ਹਿਰ ਤੋਂ ਕੋਈ ਬਾਰਾਂ ਕਿਲੋਮੀਟਰ ਦੂਰ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਅਤੇ ਮਾਤਾ ਸਾਹਿਬ ਕਰ ਨੇ ਇੱਥੋਂ ਦੇ ਵਸਨੀਕ ਰੋਚਾ ਮੱਲ ਅਤੇ ਅਨਾਰ ਸਿੰਘ ਪ੍ਰੇਮੀਆਂ ਨੂੰ ਅਨੰਦਪੁਰ ਵਿੱਚ ਸੰਗਤ ਦੀ ਪ੍ਰੇਮ ਭਾਵ ਨਾਲ ਸੇਵਾ ਕਰਦੇ ਵੇਖ ਕੇ ਆਪਣੇ ਜੋੜੇ ਬਖਸ਼ੇ ਜਿਹਨਾਂ ਦਾ ਇੱਕ ਇੱਕ ਪੈਰ ਉਹਨਾਂ ਦੀ ਸੰਤਾਨ ਨਰਾਇਣ ਸਿੰਘ ਪਾਸ ਹੈ। ਗੁਰੂ ਸਾਹਿਬ ਦਾ ਜੋੜਾ ਸਾਦਾ 11 ਇੰਚ ਲੰਮਾ, ਪੱਬ ਪਾਸੋਂ ਤਿੰਨ ਇੰਚ ਹੈ, ਮਾਤਾ ਜੀ ਦਾ ਜੋੜਾ 9 ਇੰਚ ਹੈ ਅਤੇ ਤਿੰਨ ਇੰਚ ਤਿੱਲੇ ਦਾਰ ਹੈ। ਇਹ ਜੋੜੇ ਪਿੰਡ ਦੇ ਇਸ ਗੁਰਦੁਆਰਾ ਸਾਹਿਬ ਅੰਦਰ ਬਿਰਾਜਮਾਨ ਸਨ, ਜਿਹਨਾਂ ਦਾ ਦਰਸ਼ਨ ਕਰਕੇ ਲੋਕ ਨਿਹਾਲ ਹੁੰਦੇ ਸਨ। ਹੁਣ ਗੁਰਦੁਆਰਾ ਸਾਹਿਬ ਦੀ ਇਮਾਰਤ ਅੰਦਰ ਸਕੂਲ ਹੈ। ਜਿਥੇ ਬੱਚੇ ਵਿਦਿਆ ਲੈਂਦੇ ਹਨ।(ਕੀ ਕੋਈ ਗੁਰਸਿੱਖ ਇਤਲਾਹ ਦੇਵੇਗਾ ਕਿ ਉਹ ਜੋੜਾ ਅੱਜ ਕਿਥੇ ਹੈ ਤਾਂ ਕਿਸ ਸੰਗਤਾਂ ਨੂੰ ਦਸਿਆ ਜਾ ਸਕੇ -ਸੰਪਾਦਕ)

89.Gurdwara Chhevi Patshahi, Narhali, Distt.  Rawalpindi
ਗੁਰਦੁਆਰਾ ਛੇਵੀਂ ਪਾਤਿਸ਼ਾਹੀ, ਨੜਾਲੀ, ਜਿਲਾ ਰਾਵਲਪਿੰਡੀ



ਜਿਲਾ ਰਾਵਲਪਿੰਡੀ ਤਹਿਸੀਲ ਗੁੱਜਰਖਾਨ ਥਾਣਾ ਜਾਤਰੀ ਦਾ ਇਕ ਪਿੰਡ ਜੋ ਰੇਲਵੇ ਸਟੇਸ਼ਨ ਦੌਲਤਾਲਾ ਤੋਂ ਛੇ ਮੀਲ ਦੱਖਣ ਪੱਛਮ ਵੱਲ ਹੈ, ਇਸ ਪਿੰਡ ਵਿੱਚ ਸ੍ਰੀ ਗੁਰੂ ਹਰਿਗੋਬਿੰਦ ਜੀ ਦਾ ਗੁਰਦੁਆਰਾ ਹੈ। ਇਥੇ ਭਾਈ ਹਰਬੰਸ ਜੀ ਤਪਾ ਗੁਰੂ ਜੀ ਦੇ ਸਿੱਖ ਸਨ। ਉਹਨਾਂ ਦਾ ਪ੍ਰੇਮ ਵੇਖ ਕੇ ਮਾਨਸਹਿਰੇ ਤੋਂ ਆਉਂਦੇ ਹੋਏ ਸਤਿਗੁਰੂ ਜੀ ਇਥੇ ਬਿਰਾਜੇ। ਇਹ ਗੁਰਦੁਆਰਾ ਪਹਿਲਾ ਤਪਾ ਹਰਬੰਸ ਜੀ ਦੇ ਨਾਂ ਤੋਂ ਪ੍ਰਸਿੱਧ ਸੀ, ਫਿਰ ਛੇਵੇਂ ਪਾਤਿਸ਼ਾਹ ਦਾ ਗੁਰਦੁਆਰਾ ਮਸ਼ਹੂਰ ਹੋਇਆ, ਇਸ ਦਾ ਦਲਾਨ ਬਹੁਤ ਹੀ ਸੁੰਦਰ ਹੈ ਤੇ ਅੱਗੇ ਵਿਸ਼ਾਲ ਸਰੋਵਰ ਹੈ। ਸਰੋਵਰ ਦੀ ਪੂਰਬੀ ਨੁੱਕਰ ਉਤੇ ਇਕ ਬਹੁਤ ਵੱਡਾ ਬੋਹੜ ਦਾ ਬ੍ਰਿਛ ਹੈ ਜੋ ਉਹਨਾਂ ਸਮਿਆਂ ਦਾ ਹੈ। ਬੋਹੜ ਦੇ ਰੁੱਖ ਥੱਲੇ ਹੀ ਭਾਈ ਹਰਬੰਸ ਸਿੰਘ ਜੀ ਦੀ ਸਮਾਧ ਮੰਦਰ ਵਾਗ ਬਣੀ ਹੈ। ਹੁਣ ਸਰੋਵਰ ਸੁੱਕਾ ਹੋਇਆ ਹੈ। ਦਲਾਨ ਵਾਲੇ ਮਕਾਨਾਂ ਵਿਚ ਪ੍ਰਚੂਨ ਦੀਆਂ ਹੱਟੀਆਂ ਹਨ ਅਤੇ ਗੁਰਦੁਆਰਾ ਸਾਹਿਬ ਅੰਦਰ ਕਸ਼ਮੀਰੀ ਪਰਿਵਾਰ ਰਹਿੰਦਾ ਹੈ।



90. Gurdwara Chhevi Patshahi, Bajurgwal, Distt.  Gujrat
ਗੁਰਦੁਆਰਾ ਛੇਵੀਂ ਪਾਤਿਸ਼ਾਹੀ, ਬਜੁਰਗਵਾਲ, ਗੁਜਰਾਤ



ਗੁਜਰਾਤ ਤੋਂ ਇਸ ਪਿੰਡ ਦੀ ਵਾਟ 24 ਕਿਲੋਮੀਟਰ ਹੈ। ਇਸ ਪਿੰਡ ਅੰਦਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦੁਆਰਾ ਸਾਹਿਬ ਹੈ। ਆਪ ਕਸ਼ਮੀਰ ਤੋਂ ਗੁਜਰਾਤ ਆਉਂਦੇ ਹੋਏ ਇਥੇ ਬਿਰਾਜੇ ਸਨ। ਇਸ ਪਿੰਡ ਅੰਦਰ ਤਿੰਨ ਗੁਰਦੁਆਰੇ ਸਨ, ਹੁਣ ਕੋਈ ਇੱਕ ਵੀ ਸਬੂਤਾ ਨਹੀਂ ਹੈ। ਬਾਕੀ ਦੋਆਂ ਦੇ ਨਾਮ ਨਿਸ਼ਾਨ ਤਾਂ ਉਕਾ ਹੀ ਮਿਟ ਚੁਕੇ ਹਨ ਜਦਕਿ ਇਸ ਇਤਿਹਾਸਕ ਅਸਥਾਨ ਦੇ ਕੁਝ ਨਿਸ਼ਾਨ ਬਾਕੀ ਹਨ।



91. Gurdwara Chhevi Patshahi, Gujrat
ਗੁਰਦੁਆਰਾ ਛੇਵੀਂ ਪਾਤਸ਼ਾਹੀ, ਗੁਜਰਾਤ


ਸ੍ਰੀ ਗੁਰੂ ਹਰਿਗੋਬਿੰਦ ਜੀ ਕਸ਼ਮੀਰ ਤੋਂ ਮੁੜਦੇ ਇਸ ਥਾਂ ਬਿਰਾਜੇ। ਇਹ ਅਸਥਾਨ ਕਾਬਲੀ ਦਰਵਾਜੇ ਦੇ ਅੰਦਰ ਹੈ। ਇਸ ਅਸਥਾਨ ਨੂੰ ਕੁਝ ਇਤਿਹਾਸਕਾਰਾਂ ਨੇ ''ਹਵੇਲੀ ਛੇਵੀਂ ਪਾਤਿਸ਼ਾਹੀ'' ਕਰਕੇ ਵੀ ਲਿਖਿਆ ਹੈ। ਇਸ ਦੀ ਇਮਾਰਤ ਬਹੁਤ ਸੁੰਦਰ ਬਣੀ ਹੋਈ ਹੈ। ਇਸ ਵੇਲੇ ਇਸ ਵਿੱਚ ਬਹੁਤ ਸਾਰੇ ਸ਼ਰਨਾਰਥੀਆਂ ਦੇ ਘਰ ਆਬਾਦ ਹਨ। ਲੋਕਾਂ ਨੇ ਆਪੋ ਆਪਣੀ ਲੋੜ ਮੂਜਬ ਵਾਧੇ ਘਾਟੇ ਕਰ ਲਏ ਹਨ। ਇਸ ਸ਼ਹਿਰ ਦੇ ਅੰਦਰ ਮੁਸਲਮਾਨ ਸੂਫੀ ਹਜਰਤ ਸ਼ਾਹ ਦੌਲਾ ਜੀ ਦਾ ਮਜਾਰ ਵੀ ਹੈ। ਭਾਈ ਗੜੀਏ ਦਾ ਇਹਨਾ ਨਾਲ ਮਿਲਾਪ ਹੋਇਆ, ਉਹਨਾਂ ਤੋਂ ਆਪ ਨੇ ਸੁਖਮਨੀ ਸਾਹਿਬ ਦਾ ਪਾਠ ਸੁਣਿਆ। ਮਗਰੋਂ, ਛੇਵੇਂ ਪਾਤਿਸ਼ਾਹ ਜੀ ਨਾਲ ਵੀ ਆਪ ਜੀ ਵੀ ਮਿਲਣੀ ਹੋਈ। ਸ਼ਾਹ ਦੌਲਾ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਸੌ ਤੋਲੇ ਸੋਨਾਂ ਭੇਟ ਕੀਤਾ ਜੋ ਸਭ ਕੁਝ ਤਵਾਰੀਖ ਦਾ ਭਾਗ ਹੈ। ਸ਼ਾਹ ਦੌਲਾ ਜੀ ਦਾ ਮਜਾਰ ਗੁਰਦੁਆਰਾ ਸਾਹਿਬ ਤੋਂ ਨੇੜੇ ਹੀ ਹੈ।



92. Gurdwara Chhevi Patshahi, Rasul Nagar (Ram Nagar) Gujranwala
ਗੁਰਦੁਆਰਾ ਛੇਵੀਂ ਪਾਤਿਸ਼ਾਹੀ ਰਸੂਲ ਨਗਰ (ਰਾਮ ਨਗਰ) ਗੁਜਰਾਂਵਾਲਾ



ਚਨਾਂ ਦੇ ਕੰਢੇ, ਤਹਿ. ਵਜੀਰਾਬਾਦ ਜਿਲਾ ਗੁਜਰਾਂਵਾਲਾ ਅੰਦਰ ਰਾਮ ਨਗਰ ਨਾਮੀ ਬਹੁਤ ਹੀ ਇਤਿਹਾਸਕ ਕਸਬਾ ਹੈ। ਇਸ ਕਸਬੇ ਅੰਦਰ ਸਤਿਗੁਰੂ ਸ੍ਰੀ ਗੁਰੂ ਹਰਿਗੋਬਿੰਦ ਜੀ ਦਾ ਗੁਰਦੁਆਰਾ ਸ਼ਾਨਾ ਵਿਖਾ ਰਿਹਾ ਹੈ। ਛੋਟਾ ਜਿਹਾ ਦਰਬਾਰ ਬਣਿਆ ਹੋਇਆ ਹੈ ਜਿਸ ਉਪਰ ਸੁੰਦਰ ਗੁੰਬਦ ਅਤੇ ਸੰਗਮਰਮਰ ਦਾ ਫਰਸ਼ ਹੈ। ਕੰਧਾਂ ਉਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕ ਉਕਰੇ ਹੋਏ ਹਨ। ਗੁਰਦੁਆਰੇ ਦੇ ਸੱਜੇ ਪਾਸੇ ਵਾਲਾ ਬੂਹਾ ਇਕ ਵਿਸ਼ਾਲ ਬਾਗ ਵੱਲ ਖੁਲਦਾ ਹੈ। ਜੋ ਇਸ ਦਰਬਾਰ ਦਾ ਹਿੱਸਾ ਹੈ। ਸਤਿਗੁਰੂ ਸ੍ਰੀ ਗੁਰੂ ਹਰਿਗੋਬਿੰਦ ਜੀ ਵਜੀਰਾਬਾਦ ਤੋਂ ਚਲ ਕੇ ਇਥੇ ਆਏ ਸਨ ਤੇ ਇਥੋਂ ਉਠ ਕੇ ਹਾਫਿਜਾਬਾਦ ਨੂੰ ਆਪਣੇ ਚਰਨਾਂ ਦੀ ਛੋਹ ਬਖਸ਼ੀ।



93. Gurdwara Guru Kotha Chhevi Patshahi, Vajirabad, Gujranwala
ਗੁਰੂ ਕੋਠਾ ਵਜੀਰਾਬਾਦ, ਜਿਲਾ ਗੁੱਜਰਾਂਵਾਲਾ



ਇਸ ਸ਼ਹਿਰ ਵਿੱਚ ਸ੍ਰੀ ਗੁਰੂ ਹਰਿਗੋਬਿੰਦ ਜੀ ਦਾ ਪਾਵਨ ਅਸਥਾਨ ''ਗੁਰੂ ਕੋਠਾ'' ਕਰਕੇ ਮਸ਼ਹੂਰ ਹੈ। ਆਪ ਕਸ਼ਮੀਰ ਤੋਂ ਮੁੜਦੇ ਹੋਏ, ਆਪਣੇ ਇਕ ਪ੍ਰੇਮੀ ਭਾਈ ਖੇਮ ਚੰਦ ਜੀ ਦੇ ਘਰ ਠਹਿਰੇ, ਜਿਥੇ ਬਾਅਦ ਵਿੱਚ ਗੁਰਦੁਆਰਾ ਉਸਾਰਿਆ ਗਿਆ। ਇਹ ਇਕ ਬਹੁਤ ਹੀ ਸੁੰਦਰ ਇਮਾਰਤ ਸੀ। ਹੁਣ ਚੌਖਾ ਹਿੱਸਾ ਢਹਿ ਚੁਕਾ ਹੈ। ਗੁਰਦੁਆਰਾ ਸਾਹਿਬ ਅੰਦਰ ਸ਼ਰਨਾਰਥੀਆਂ ਦੇ ਘਰ ਅਬਾਦ ਹਨ। ਇਕ ਸੁੰਦਰ ਤੇ ਵਿਸ਼ਾਲ ਤਲਾਬ ਇਸ ਦੀ ਸੁੰਦਰਤਾ ਵਿਚ ਵਾਧਾ ਕਰਦਾ ਹੈ। ਮੁਸਲਮਾਨ ਵਸਨੀਕ ਅੱਜ ਵੀ ਇਕ ਨਿੱਕਾ ਜਿਹਾ ਮੇਲਾ ਵਸਾਖੀ ਵਾਲੇ ਦਿਨ ਕਰਦੇ ਹਨ।



94. Gurdwara Chhevi Patshahi, Hafizabad
ਗੁਰਦੁਆਰਾ ਛੇਵੀਂ ਪਾਤਸ਼ਾਹੀ, ਹਾਫਿਜਾਆਬਾਦ ਸ਼ਹਿਰ




ਇਹ ਅਸਥਾਨ ਜਿਨੂੰ ਰੂੜੀ ਸਾਹਿਬ ਜਾਂ ਕਿਲਾ ਸਾਹਿਬ ਕਰਕੇ ਵੀ ਜਾਣਿਆ ਜਾਂਦਾ ਹੈ ਸ਼ਹਿਰ ਅੰਦਰ ਮੁਹੱਲਾ ਗੁਰੂ ਨਾਨਕ ਪੁਰੇ ਵਿਚ ਸਥਿਤ ਹੈ। ਇਸ ਅਸਥਾਨ ਨੂੰ ਇਹ ਮਾਣ ਪ੍ਰਾਪਤ ਹੈ ਕਿ ਮੀਰੀ ਪੀਰੀ ਦੇ ਪਾਤਿਸ਼ਾਹ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਜੀ ਕਸ਼ਮੀਰ ਤੋਂ ਮੁੜਦੇ ਹੋਏ ਰਸੂਲ ਨਗਰ ਤੋਂ ਚਲ ਕੇ ਇਕੇ ਬਿਰਾਜੇ। ਜਿਸ ਥਾਂ ਆਪ ਜੀ ਨੇ ਘੋੜਾ ਬੰਨ੍ਹਿਆ, ਉਸ ਨੂੰ ਕਿਲਾ ਸਾਹਿਬ ਅਤੇ ਜਿਥੇ ਆਪ ਜੀ ਨੇ ਆਰਾਮ ਫਰਮਾਇਆ, ਉਸ ਨੂੰ ਰੂੜੀ ਸਾਹਿਬ ਕਿਹਾ ਜਾਣ ਲੱਗਾ। ਹੁਣ ਕੁਝ ਸਾਲਾਂ ਤੋਂ ਦਰਬਾਰ ਅੰਦਰ ਇਕ ਕਬਰ ਬਣਾ ਦਿਤੀ ਗਈ ਹੈ, ਇਸ ਅੰਦਰ ਕੋਈ ਵੀ ਮਨੁੱਖ ਦਫਨ ਨਹੀਂ ਹੈ, ਇਹ ਖਾਲੀ ਕਬਰ ਹੈ, ਇਸ ਨੂੰ ਲਾਲਾਂ ਵਾਲੀ ਸਰਕਾਰ ਕਰਕੇ ਜਾਣਿਆ ਜਾਂਦਾ ਹੈ।




 95. Gurdwara Village, Bache, Hafizabad
ਗੁਰਦੁਆਰਾ ਪਿੰਡ ਬੱਚੇ



ਬੱਚੇ ਨਾਂ ਦਾ ਇਹ ਬਹੁਤ ਹੀ ਨਿੱਕਾ ਜਿਹਾ ਪਿੰਡ ਜਿਲਾ ਤਹਿਸੀਲ ਥਾਣਾ ਹਾਫਿਜਾਬਾਦ ਵਿਚ ਰੇਲਵੇ ਸਟੇਸ਼ਨ ਕਾਲੇ ਕੇ ਤੋਂ 10 ਕਿਲੋਮੀਟਰ ਪੂਰਬ ਵੱਲ ਹੈ। ਇਸ ਪਿੰਡ ਵਿਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਦੁਆਰਾ ਹੈ, ਗੁਰੂ ਜੀ ਵਿੱਨੀ ਤੋਂ ਚੱਲ ਕੇ ਇਥੇ ਆ ਕੇ ਥੋੜਾ ਸਮਾਂ ਬਿਰਾਜੇ ਤੇ ਧਰਮ ਉਪਦੇਸ਼ ਦਿੱਤਾ। ਛੋਟਾ ਜਿਹਾ ਗੁਰਦੁਆਰਾ ਬਣਿਆ ਹੋਇਆ ਸੀ ਜੋ ਕਿ ਹੁਣ ਅਲੋਪ ਹੋ ਚੁਕਾ ਹੈ। ਗੁਰਦੁਆਰੇ ਦੇ ਨਾਲ ਲਗਦੀ ਮਹੰਤ ਭਾਰਤੀ ਦਾਸ ਦੀ ਸਮਾਧ ਅੱਜ ਵੀ ਖਲੋਤੀ ਹੈ। ਭਾਰਤੀ ਦਾਸ ਇਕ ਵਾਰ ਦਸਮ ਪਾਤਿਸ਼ਾਹ ਪਾਸ ਇਕ ਸੁੰਦਰ ਘੋੜਾ ਲੈ ਕੇ ਹਾਜਿਰ ਹੋਇਆ ਸੀ। ਗੁਰੂ ਜੀ ਨੇ ਪ੍ਰਸੰਨ ਹੋ ਕੇ ਉਸ ਨੂੰ ਇਕ ਦਸਤਾਰ ਤੇ ਗੁਰੂ ਗ੍ਰੰਥ ਸਾਹਿਬ ਜੀ ਬਖਸ਼ੇ ਜੋ 1947 ਤੱਕ ਇਥੇ ਬਿਰਾਜਮਾਨ ਰਹੇ। ਸ਼ਰਧਾਲੂ ਦੂਰ ਦੂਰ ਤੋਂ ਉਹਨਾਂ ਦੇ ਦਰਸ਼ਨਾਂ ਨੂੰ ਆਉਂਦੇ ਸਨ। (ਕੀ ਕੋਈ ਸੱਜਣ ਜਾਣਕਾਰੀ ਦੇਵੇਗਾ ਕਿ ਅੱਜ ਕਿੱਥੇ ਨੇ ਇਹ ਨਿਸ਼ਾਨੀਆਂ - ਸੰਪਾਦਕ)



96. Gurdwara Guru Amardas, Dhunni, Hafizabad
ਗੁਰਦੁਆਰਾ ਗੁਰੂ ਅਮਰਦਾਸ ਜੀ, ਧੁੱਨੀ (ਜਿਲਾ ਆਫਿਜਾਆਬਾਦ)




ਜਿਲਾ ਤਹਿਸੀਲ ਹਾਫਿਜਾਆਬਾਦ ਦਾ ਪਿੰਡ ਜੋ ਧੁੱਨੀ ਕਰਕੇ ਮਸ਼ਹੂਰ ਹੈ, ਇਸ ਪਿੰਡ ਨੂੰ ਆਫਿਜਾਆਬਾਦ ਤੋਂ ਪੱਕੀ ਸੜਕ ਜਾਂਦੀ ਹੈ, ਇਸ ਤੋਂ ਪਹਿਲੋਂ ਪਿੰਡ ਵਿੱਨੀ ਆਉਂਦਾ ਹੈ। ਇਸ ਵਿੱਚ ਵੀ ਗੁਰਦੁਆਰਾ ਸਾਹਿਬ ਹੈ।

ਧੁੱਨੀ ਵਾਲੇ ਗੁਰਦੁਆਰਾ ਸਾਹਿਬ ਵਿਚ ਗੁਰੂ ਅਮਰਦਾਸ ਜੀ ਦੇ ਜੋੜੇ ਦਾ ਇੱਕ ਪੈਰ ਸੀ ਜੋ 11 ਇੰਚ ਲੰਮਾਂ ਤੇ ਸਾਢੇ ਤਿੰਨ ਇੰਚ ਚੌੜਾ ਸੀ। ਭਾਈ ਚੈਨਾ ਮੱਲ (ਧੀਰੋ ਮੱਲ) ਤੀਜੇ ਗੁਰੂ ਦਾ ਪ੍ਰੇਮੀ ਸਿੱਖ ਸੀ। ਸਤਿਗੁਰੂ ਜੀ ਨੇ ਇਸ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਉਸ ਨੂੰ ਆਪਣਾ ਜੋੜਾ ਬਖਸ਼ਿਆ, ਜਿਸ ਦਾ ਇੱਕ ਪੈਰ ਇਥੇ ਅਤੇ ਇਕ ਪਿੰਡ ਮਦਰ, ਤਹਿਸੀਲ ਨਨਕਾਣਾ ਸਾਹਿਬ ਜਿਲਾ ਸ਼ੇਖੂਪੁਰਾ ਵਿੱਚ ਹੈ। ਹਜੀਰਾ ਦੇ ਰੋਗੀ ਇਹਨਾਂ ਥਾਵਾਂ ਵਿਚ ਜਾਂਦੇ ਤੇ ਜੋੜੇ ਨੂੰ ਗਲ ਨਾਲ ਛੁਹਾ ਕੇ ਅਰੋਗ ਹੁੰਦੇ।(ਕੀ ਕੋਈ ਸੱਜਣ ਜਾਣਕਾਰੀ ਦੇਵੇਗਾ ਕਿ ਉਹ ਜੋੜਾ ਅੱਜ ਕਿਥੇ ਹੈ- ਸੰਪਾਦਕ) ਇਸ ਵੇਲੇ ਗੁਰਦੁਆਰਾ ਸਾਹਿਬ ਪਿੰਡ ਦੇ ਵਿਚਾਲੇ ਹੈ। ਹਾਲ ਕਮਰਾ ਹੈ, ਜਿਸ ਦੇ ਚਾਰ ਬੂਹੇ ਹਨ, ਇਸ ਵਿੱਚ ਹੁਣ ਅੰਬਾਲੇ ਤੋਂ ਆਏ ਹੋਏ ਸ਼ਰਨਾਰਥੀ ਵਸੇ ਹੋਏ ਹਨ।



97. Gurdwara Ichha Purak, Vinni, Hafizabad
ਗੁਰਦੁਆਰਾ ਇੱਛਾ ਪੂਰਕ, ਵਿੱਨੀ, ਹਾਫਿਜਾਆਬਾਦ


ਵਿੱਨੀ ਜਿਲਾ ਤਹਿਸੀਲ ਤੇ ਥਾਣਾ ਹਾਫਿਜਾਆਬਾਦ ਦਾ ਇਕ ਪਿੰਡ ਹੈ। ਇਸ ਪਿੰਡ ਵਿਚ ਸਤਿਗੁਰੂ ਸ੍ਰੀ ਗੁਰੂ ਹਰਿਗੋਬਿੰਦ ਜੀ ਦਾ ਗੁਰਦੁਆਰਾ ''ਇੱਛਾ ਪੂਰਕ'' ਹੈ। ਸਤਿਗੁਰੂ ਜੀ ਪਿੰਡ ਵਾਸੀਆਂ ਦੇ ਪ੍ਰੇਮ ਨੂੰ ਵੇਖਦੇ ਹੋਏ ਆਫਿਜਾਆਬਾਦ ਤੋਂ ਚੱਲ ਕੇ ਇਥੇ ਠਹਿਰੇ ਸਨ।



98. Gurdwara Chhevi Patshahi, Kotli Bhag, Gujranwala
ਗੁਰਦੁਆਰਾ ਛੇਵੀਂ ਪਾਤਿਸ਼ਾਹੀ, ਕੋਟਲੀ ਭਾਗ, ਗੁਜਰਾਂਵਾਲਾ




ਕੋਟਲੀ ਭਾਗ ਨਾਂ ਦਾ ਇਹ ਪਿੰਡ ਐਮਨਆਬਾਦ ਤੋਂ ਮੀਆਂ ਵਾਲੀ ਬੰਗਲੇ ਨੂੰ ਜਾਣ ਵਾਲੀ ਸੜਕ ਉਤੇ ਹੈ। ਇਥੇ ਸਤਿਗੁਰੂ ਸ੍ਰੀ ਗੁਰੂ ਹਰਿਗੋਬਿੰਦ ਜੀ ਦਾ ਗੁਰਦੁਆਰਾ ਛੋਟਾ ਜਿਹਾ ਬਣਿਆ ਹੋਇਆ ਹੈ। ਆਪ ਜਿਸ ਪਿੱਪਲ ਦੇ ਰੁੱਖ ਹੇਠ ਬਿਰਾਜੇ, ਉਹ ਅੱਜ ਤੱਕ ਮੌਜੂਦ ਹੈ। ਕੋਲ ਹੀ ਉਹ ਨਿੱਕਾ ਜਿਹਾ ਮੰਜੀ ਸਾਹਿਬ ਅਤੇ ਥੜ੍ਹਾ ਸਾਹਿਬ ਹੈ। ਹੁਣ ਇਥੇ ਲੋਕ ਵਸ ਗਏ ਹਨ।



99. Gurdwara Panjvi/ Chhevi Patshai, Nankana Sahib
ਗੁਰਦੁਆਰਾ ਪੰਜਵੀਂ ਛੇਵੀਂ ਪਾਤਿਸ਼ਾਹੀ, ਨਨਕਾਣਾ ਸਾਹਿਬ



ਇਹ ਦੋਵੇਂ ਇਤਿਹਾਸਕ ਅਸਥਾਨ ਗੁਰਦੁਆਰਾ ਸਾਹਿਬ ਤੰਬੂ ਸਾਹਿਬ ਤੋਂ ਜਨਮ ਅਸਥਾਨ ਨੂੰ ਜਾਣ ਵਾਲੀ ਸੜਕ ਉਤੇ ਸਥਿਤ ਹਨ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਅਸਥਾਨ ਗੁੰਬਦ ਤੋਂ ਬਿਨਾਂ ਤੇ ਮੀਰੀ ਪੀਰੀ ਦੇ ਮਾਲਿਕ ਸਤਿਗੁਰੂ ਸ੍ਰੀ ਗੁਰੂ ਹਰਿਗੋਬਿੰਦ ਜੀ ਦਾ ਸਥਾਨ ਗੁੰਬਦ ਵਾਲਾ ਬਣਿਆ ਹੋਇਆ ਹੈ। ਇਹ ਦੋਵੇਂ ਗੁਰਦੁਆਰੇ ਇੱਕੋ ਚਾਰਦੀਵਾਰੀ ਵਿਚ ਹਨ। ਛੇਵੇਂ ਪਾਤਿਸ਼ਾਹ ਕਸ਼ਮੀਰ ਤੋਂ ਮੁੜਦੇ ਹੋਏ ਨਨਕਾਣਾ ਸਾਹਿਬ ਜੀ ਦੇ ਦਰਸ਼ਨਾਂ ਨੂੰ ਹਾੜ ਮਹੀਨੇ ਸੰਮਤ 1670 ਮੁਤਾਬਿਕ 1613 ਨੂੰ ਪਧਾਰੇ। ਆਪ ਜਿਥੇ ਵਿਰਾਜੇ ਸਨ, ਗੁਰਸਿੱਖਾਂ ਸਦਾ ਲਈ ਇਹ ਗੁਰਮੇਲਾ ਕਾਇਮ ਕਰ ਲਿਆ। ਜਿਸ ਵਣ ਦੇ ਬ੍ਰਿਛ ਹੇਠ ਸਤਿਗੁਰੂ ਬਿਰਾਜੇ, ਹੁਣ ਉਹ ਅਲੋਪ ਹੋ ਚੁਕਿਆ ਹੈ। ਉਸ ਬਿਰਛ ਦਾ ਤਣਾਂ ਸ਼ੀਸ਼ੇ ਦੀ ਇਕ ਪੇਟੀ ਵਿਚ ਸੰਭਾਲ ਕੇ ਗੁਰਦੁਆਰਾ ਛੇਵੀਂ ਪਾਤਿਸ਼ਾਹੀ ਦੇ ਉਤੇ ਗੁੰਬਦ ਵਿਚ ਆਉਦੀਆਂ ਸੰਗਤਾਂ ਦੇ ਦਰਸ਼ਨਾਂ ਵਾਸਤੇ ਰੱਖਿਆ ਹੋਇਆ ਹੈ।


100. Gurdwara Khara Sahib, Bhai ke Mattu, Distt, Gujranwala
ਗੁਰਦੁਆਰਾ ਖਾਰਾ ਸਾਹਿਬ, ਭਾਈ ਕੇ ਮੱਟੂ, ਜਿਲਾ ਗੁੱਜਰਵਾਲਾ



ਭਾਈ ਕੇ ਮੱਟੂ ਨਾਮੀ ਪਿੰਡ ਜਿਲਾ ਤੇ ਤਹਿਸੀਲ ਗੁਜਰਾਵਾਲਾ ਥਾਣਾ ਨੌਸ਼ਿਹਰਾ ਵਿਰਕਾ ਤੋਂ ਨੇੜੇ ਕੋਈ ਦੋ ਕਿਲੋਮੀਟਰ ਦੱਖਣ ਪੂਰਬ ਵੱਲ ਹੈ। ਪਿੰਡ 'ਚ ਵੜਨ ਤੋਂ ਪਹਿਲਾਂ ਹੀ ਗੁਰਦੁਆਰਾ ਖਾਰਾ ਸਾਹਿਬ ਹੈ। ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਜੀ ਜਦ ਇਸ ਥਾਂ ਤੇ ਬਿਰਾਜੇ ਤਾਂ ਇਕ ਆਦਮੀ ਮੱਥਾ ਟੇਕ ਕੇ ਆਪ ਦੇ ਪਾਸ ਬਹਿ ਗਿਆ। ਉਸ ਦੀਆਂ ਮੁੱਛਾਂ ਤੰਮਾਕੂ ਪੀ ਪੀ ਕੇ ਪੀਲੀਆਂ ਹੋ ਗਈਆਂ ਸਨ। ਗੁਰੂ ਜੀ ਨੇ ਉਸ ਤੋਂ ਉਹਦਾ ਨਾਂ ਪੁਛਿਆ ਤਾਂ ਉਸ ਨੇ ਉਤਰ ਦਿਤਾ ਕਿ ਮੇਰਾ ਨਾਮ ਹਰਿਗੋਬਿੰਦ ਹੈ। ਸਤਿਗੁਰੂ ਜੀ ਨੇ ਆਖਿਆ ਕਿ ਭਾਈ ਇਹ ਨਾਮ ਰੱਖ ਕੇ ਫਿਰ ਤੰਮਾਕੂ ਪੀਣ ਦਾ ਕੁਕਰਮ ਕਿਉਂ ? ਤਾਂ ਉਸ ਨੇ ਅੱਗੇ ਤੋਂ ਤੰਮਾਕੂ ਪੀਣਾ ਛੱਡ ਦਿੱਤਾ। ਪਿੱਛਲੀ ਭੁੱਲ ਕੇ ਮੁਆਫੀ ਮੰਗ ਕੇ ਉਹ ਗੁਰੂ ਜੀ ਦਾ ਸਿੱਖ ਹੋਇਆ।ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਤ ਸੁੰਦਰ ਬਣੀ ਹੋਈ ਹੈ। ਅੰਦਰ ਬਾਹਿਰ ਸੋਹਣੀ ਫੁਲਕਾਰੀ ਹੋਈ ਹੈ। ਛੱਤ ਉਤੇ ਵੇਲ ਬੂਟੇ ਬਣੇ ਹੋਏ ਹਨ। ਕੰਧਾਂ ਉਤੇ ਸੇਵਾ ਕਰਨ ਵਾਲਿਆਂ ਦੀਆਂ ਅਨੇਕਾਂ ਇੱਟਾਂ ਲੱਗੀਆਂ ਹੋਈਆਂ ਹਨ।ਇਹ ਇਮਾਰਤ ਸੰਮਤ 1990 ਵਿੱਚ ਬਣੀ। ਸਤ ਸਾਉਣ ਨੂੰ ਮੇਲਾ ਹੁੰਦਾ ਸੀ।

 
Continue Reading | comments

VADH BACHEY

What's New?

Issue 8

Issue xix

 

Punjab Monitor