Home » » SIKH SHRINES IN PAKISTAN PART 3

SIKH SHRINES IN PAKISTAN PART 3

 

  ਅਸਾਂ ਫੋਟੋਆਂ ਥੋੜੀਆਂ ਭਾਰੀ ਦਿਤੀਆਂ ਹਨ। ਕਿਰਪਾ ਕਰਕੇ ਸਾਨੂੰ ਦਸਣਾ ਕਿ ਤੁਹਾਨੂੰ ਪੇਜ ਖੋਲਣ ‘ਚ ਦੇਰੀ ਤਾਂ ਨਹੀ ਲਗੀ । ਜੇ ਹੁਕਮ ਕਰੋਗੇ ਤਾਂ ਫੋਟੋ ਥੋੜੀਆਂ ਛੋਟੀਆਂ ਕਰਕੇ ਪਾ ਦਿਆਗੇ ਜੀ। ਤੁਹਾਡੇ ਵੀਚਾਰ ਦੇਣਾਂ ਵੀ ਸੇਵਾ ਤੁਲ ਹੀ ਹੋਵੇਗਾ। ਕਿਉਕਿ ਇਸ ਨਾਲ ਹੋਰ ਸੰਗਤਾਂ ਨੂੰ ਸੋਖ ਹੋ ਜਾਵੇਗੀ। ਸੋ ਕਿਰਪਾ ਕਰਕੇ ਬਿਨਾਂ ਝਿਜਕ ਆਪਣੇ ਵੀਚਾਰ ਥੱਲੇ ਦਿਤੀ ਜਗਾਹ ‘ਚ ਲਿਖ ਦੇਣੇ ਜੀ।  PLEASE LET ME KNOW IF U R COMFORTABLE WITH OPENING OF PAGE. IN CASE U FIND IT IS TOO SLOW I WILL GIVE SLIGHTLY LOW RESOLUTION PHOTOS. UR OPINION WILL HELP OTHERS SEE THIS PIOUS PAGE. - EDITOR 

 

SIKH SHRINES IN PAKISTAN   (SATHON VICHHORHEY ASTHAN)

ਸਾਥੋਂ ਵਿਛੋੜੇ ਅਸਥਾਨ


 PART 3  (25 Shrines)

 

SIKH SHRINES IN PAKISTAN PART 3


51. Gurdwara Chhota Nanakiana, Sikardoo, Azad Kashmir
ਗੁਰਦੁਆਰਾ ਛੋਟਾ ਨਾਨਕਿਆਣਾ, ਸਿਕਰਦੂ, ਅਜਾਦ ਕਸ਼ਮੀਰ
  



ਸਿਕਰਦੂ ਨਾਮੀ ਸ਼ਹਿਰ ਕਸ਼ਮੀਰ ਦਾ ਇਕ ਬਹੁਤ ਹੀ ਪ੍ਰਸਿੱਧ ਨਗਰ ਹੈ। ਸਿਕਰਦੂ ਦੇ ਮੇਨ ਚੋਕ ਤੋਂ ਕੋਈ ਇਕ ਕਿਲੋਮੀਟਰ ਅੱਗੇ ਇਕ ਨਿੱਕੀ ਜਿਹੀ ਪਹਾੜੀ ਉਤੇ ਇਕ ਵਿਸ਼ਾਲ ਇਮਾਰਤ ਹੈ। ਇਹ ਇਮਾਰਤ ਹੀ ਗੁਰਦੁਆਰਾ ਛੋਟਾ ਨਾਨਕਿਆਣਾ ਹੈ। ਪਹਾੜੀ ਦੇ ਉਤੇ ਪ੍ਰਕਾਸ਼ ਅਸਥਾਨ, ਲੰਗਰ ਹਾਲ ਅਤੇ ਸਰਾਂ ਹੈ। ਇਸ ਇਮਾਰਤ ਦੇ ਥੱਲੇ ਮੇਨ ਸੜਕ ਦੇ ਉਤੇ ਦੁਕਾਨਾਂ ਹਨ। ਇਹ ਦੁਕਾਨਾਂ ਇਸ ਪਾਵਨ ਅਸਥਾਨ ਦੀ ਮਾਲਕੀ ਹਨ। ਗੁਰਦੁਆਰਾ ਸਾਹਿਬ ਤੋਂ ਕੋਈ ਦੋ ਕਿਲੋਮੀਟਰ ਅੱਗੇ ਸਿਕਰਦੂ ਦਾ ਕਿਲਾ ਹੈ। ਜਗਤ ਗੁਰੂ ਨਾਨਕ ਦੇਵ ਜੀ ਆਪਣੀ ਚੀਨ ਦੀ ਫੇਰੀ ਤੋਂ ਮੁੜਦੇ ਹੋਏ ਇਸ ਅਸਥਾਨ ਤੇ ਠਹਿਰੇ। ਇਸ ਨੂੰ ਮੁਕਾਮੀ ਲੋਕ ਅਸਥਾਨ ਨਾਨਕ ਪੀਰ ਵੀ ਕਹਿੰਦੇ ਹਨ।(2004ਦੇ ਭਿਅੰਕਰ ਭੁਚਾਲ ਮੌਕੇ ਇਮਾਰਤ ਡਿੱਗ ਪਈ ਸੀ?)


52. Gurdwara Nanaksar, Tialkpur, Sialkot
ਗੁਰਦੁਆਰਾ ਨਾਨਕਸਰ, ਤਿਲਕਪੁਰ, ਸਿਆਲਕੋਟ



ਇਹ ਪਾਵਨ ਅਸਥਾਨ ਸਿਆਲਕੋਟ ਚਪਰਾੜ ਰੋਡ ਉਤੇ ਸ਼ਹਿਰ ਤੋਂ ਕੋਈ 20 ਕਿਲੋਮੀਟਰ ਦੀ ਦੂਰੀ ਤੇ ਹੈ। ਇਸ ਪਿੰਡ ਦੇ ਹਾਈ ਸਕੂਲ ਤੋਂ ਪਹਿਲਾਂ ਸੜਕ ਕਿਨਾਰੇ ਸਤਿਗੁਰੂ ਨਾਨਕ ਦੇਵ ਜੀ ਦਾ ਪਾਵਨ ਅਸਥਾਨ ਹੈ। ਗੁਰੂ ਸਾਹਿਬ ਜੰਮੂ ਤੋਂ ਚਲ ਕੇ ਇਥੇ ਆਏ। ਇਸ ਵੇਲੇ ਇਹ ਅਸਥਾਨ ਅਲੋਪ ਹੋ ਚੁਕਿਆ ਹੈ। ਕੇਵਲ ਕੁਝ ਕੰਧਾਂ ਖਲੋਤੀਆਂ ਹਨ। ਗੁਰਦੁਆਰਾ ਸਾਹਿਬ ਦੀ ਖਾਲੀ ਜਮੀਨ ਉਤੇ ਕਬਜਾ ਕਰਨ ਵਾਲਿਆ ਦੇ ਮੁਕੱਦਮੇ ਚਲ ਰਹੇ ਹਨ। ਹੁਣ ਇਕ ਯਾਦਗਾਰ ਬਣ ਕੇ ਰਹਿ ਗਈ ਹੈ।
54. Gurdwara Pehli Patshahi, Balakot, Distt.  Hazara
ਗੁਰਦੁਆਰਾ ਪਹਿਲੀ ਪਾਤਸ਼ਾਹੀ, ਬਾਲਾਕੋਟ, ਜਿਲਾ ਹਜਾਰਾ




ਬਾਲਾ ਕੋਟ ਜਿਲ੍ਹਾ ਹਜਾਰਾ ਅਤੇ ਤਹਿਸੀਲ ਮਾਨਸਹਿਰਾ ਇਕ ਬਹੁਤ ਹੀ ਇਤਿਹਾਸਕ ਨਗਰ ਹੈ। ਸਤਿਗੁਰੂ ਨਾਨਕ ਦੇਵ ਜੀ ਜਦ ਇਸ ਪਾਸੇ ਲੋਕਾਂ ਦੇ ਉਧਾਰ ਵਾਸਤੇ ਆਏ, ਤਦ ਭਾਈ ਬਾਲਾ ਜੀ ਕੁਝ ਸਮਾਂ ਧਰਮ ਪ੍ਰਚਾਰ ਵਾਸਤੇ ਇਥੇ ਠਹਿਰੇ ਸਨ। ਇਥੇ ਤਿੰਨ ਸੋਮੇ ਹਨ। ਇਕ ਦਰਬਾਰ ਦੇ ਅਹਾਤੇ ਵਿਚ ਜੋ ਕਿ ਬਾਲਾ ਪੀਰ ਦਾ ਚਸ਼ਮਾ ਕਰਕੇ ਪ੍ਰਸਿੱਧ ਹੈ। ਦੋ ਸੋਮੇ ਇਸ ਦਰਬਾਰ ਤੇ ਕੋਈ ਅੱਧਾ ਕਿਲੋਮੀਟਰ ਦੀ ਦੂਰੀ ਉਤੇ ਅਬਾਦੀ ਵਿਚ ਹੀ ਹਨ। ਇਹਨਾਂ ਵਿਚੋਂ ਇਕ ਬਾਬੇ ਮਰਦਾਨੇ ਦਾ ਚਸ਼ਮਾ ਤੇ ਇਕ ਬਾਲਾ ਪੀਰ ਦਾ ਥੜਾ ਕਰਕੇ ਜਾਣੇ ਜਾਂਦੇ ਹਨ। ਅੱਜ ਵੀ ਹਜਾਰਾਂ ਲੋਕ ਇਥੇ ਹਾਜਰੀ ਭਰਦੇ ਹਨ।

53. Gurdwara Baoli Sahib, Sialkot
ਗੁਰਦੁਆਰਾ ਬਾਉਲੀ ਸਾਹਿਬ ਸਿਆਲਕੋਟ



ਗੁਰਦੁਆਰਾ ਬੇਰ ਜੀ ਸਾਹਿਬ ਦੇ ਹੀ ਕੋਈ 200 ਮੀਟਰ ਦੀ ਵਿੱਧ ਉਤੇ ਗੁਰਦੁਆਰਾ ਉਸ ਥਾਂ ਉਤੇ ਬਣਾਇਆ ਗਿਆ ਹੈ ਜਿਥੇ ਮੂਲੇ ਕਰਾੜ ਦਾ ਘਰ ਸੀ। ਉਹ ਗੁਰੂ ਸਾਹਿਬ ਨੂੰ ਮਿਲਣ ਤੋਂ ਡਰਦਾ ਮਾਰਾ ਆਪਣੀ ਪਤਨੀ ਦੇ ਕਹੇ ਕਹਾਏ ਅੰਦਰ ਜਾ ਵੜਿਆ, ਜਿਥੇ ਉਹ ਸਭ ਲੜ ਜਾਣ ਕਾਰਣ ਮਰ ਗਿਆ। ਇਥੇ ਹੀ ਸਤਿਗੁਰੂ ਇਹ ਸ਼ਬਦ ਉਚਾਰਿਆ:- ਨਾਲ ਕਿਰਾੜਾ ਦੋਸਤੀ ਕੂੜੇ ਕੂੜੀ ਪਾਇ॥ਮਰਣੂ ਨ ਜਾਪੈ ਮੂਲਿਆ ਆਵੈ ਕਿਤੇ ਥਾਇ॥ ਇਸ ਗੁਰਦੁਆਰੇ ਦੀ ਸੇਵਾ ਭਾਈ ਨੱਥਾ ਸਿੰਘ ਜੀ ਨੇ ਬੜੇ ਪ੍ਰੇਮ ਨਾਲ ਕੀਤੀ ਹੈ। ਗੁਰਦੁਆਰਾ ਸੁੰਦਰ ਬਣਿਆ ਹੋਇਆ ਹੈ। ਹੁਣ ਇਸ ਵਿੱਚ ਅੰਨ੍ਹਿਆਂ ਦਾ ਸਕੂਲ ਹੈ। ਇਸ ਦੇ ਆਸੇ ਪਾਸੇ ਲੋਕਾਂ ਨੇ ਜਮੀਨ ਤੇ ਕਬਜਾ ਕਰ ਲਿਆ ਹੈ ਤੇ ਮਕਾਨ ਬਣਾ ਲਏ ਹਨ। ਜਿਹਦੇ ਕਾਰਨ ਗੁਰਦੁਆਰਾ ਸਾਹਿਬ ਲੁਕ ਗਏ ਹਨ। ਇਸ ਦੇ ਨਾਲ ਹੀ ਭਾਈ ਨੱਥਾ ਸਿੰਘ ਜੀ ਹੋਰਾਂ ਦਾ ਬਣਾਇਆ ਸਰੋਵਰ ਹੈ ਜੋ ਅੱਜ ਵੀ ਮੌਜੂਦ ਹੈ ਅਤੇ ਹੌਲੀ ਹੌਲੀ ਅਲੋਪ ਹੋਣ ਵੱਲ ਵੱਧ ਰਿਹਾ ਹੈ।

55. Gurdwara Ber Sahib, Sialkot
ਗੁਰਦੁਆਰਾ ਬੇਰ ਸਾਹਿਬ ਸਿਆਲਕੋਟ



ਜੰਮੂ ਤੋਂ ਕਸ਼ਮੀਰ ਜਾਂਦੇ ਹੋਏ ਜਦ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਿਆਲਕੋਟ ਪੁੱਜੇ ਤਾਂ ਪੂਰਾ ਸ਼ਹਿਰ ਸਹਿਮਿਆ ਹੋਇਆ ਸੀ। ਇਕ ਬਹੁਤ ਹੀ ਕਰਨੀ ਵਾਲੇ ਫਕੀਰ ਹਮਜਾ ਗੌਸ ਨਾਲ ਕਿਸੇ ਨੇ ਵਾਅਦਾ ਖਿਲਾਫੀ ਕੀਤੀ ਹੈ ਤੇ ਉਹ ਜਲਾਲ ਵਿਚ ਆ ਕੇ 40 ਦਿਨ ਦਾ ਚਿਲਾ ਕਰ ਰਹੇ ਹਨ। ਚਿਲਾ ਪੂਰਾ ਹੋਣ ਤੇ ਸਾਰਾ ਸ਼ਹਿਰ ਗਰਕ ਹੋ ਜਾਵੇਗਾ। ਇਹ ਸੁਣ ਕੇ ਸਤਿਗੁਰੂ ਜੀ ਚਿਲੇ ਵਾਲੀ ਥਾਂ ਤੋਂ ਥੋੜੀ ਵਿੱਧ ਉਤੇ ਇਕ ਬੇਰੀ ਦੇ ਰੁੱਖ ਹੇਠ ਜਾ ਬਿਰਾਜਮਾਨ ਹੋਏ ਅਤੇ ਸ਼ਬਦ ਦੀ ਉਚੀ ਧੁੰਨੀ ਕੱਢੀ ਜਿਸ ਨਾਲ ਹਮਜਾ ਜੀ ਦਾ ਚਿਲਾ ਟੁੱਟ ਗਿਆ। ਉਹ ਗੁੱਸੇ ਵਿੱਚ ਆ ਗੁਰੂ ਜੀ ਪਾਸ ਆ ਕੇ ਕਹਿਣ ਲੱਗੇ, ਤੂੰ ਕੌਣ ਏ, ਜੋ ਇਹਨਾਂ ਝੂਠਿਆਂ ਨੂੰ ਬਚਾਉਣ ਚਾਹੁੰਦਾ ਏ ? ਸਤਿਗੁਰੂ ਨਾਨਕ ਦੇਵ ਜੀ ਨੇ ਫਰਮਾਇਆ, ਹਮਜਾ ਕਿਸੇ ਇਕ ਦੇ ਝੂਠ ਦੀ ਸਜਾ ਸਾਰੇ ਸ਼ਹਿਰ ਨੂੰ ਨਹੀਂ ਦੇਣੀ ਚਾਹੀਦੀ। ਪਰ ਉਹਨਾਂ ਦੀ ਤਸੱਲੀ ਨਾ ਹੋਈਤਾਂ ਆਪ ਨੇ ਫਰਮਾਇਆ ਕਿ ਇਸ ਸ਼ਹਿਰ ਅੰਦਰ ਕੁਝ ਲੋਕ ਜੀਵਨ ਦਾ ਮਹੱਤਵ ਸਮਝਣ ਵਾਲੇ ਵੀ ਹਨ।

ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਨੂੰ ਦੋ ਪੈਸੇ ਦੇ ਕੇ ਸੱਚ ਅਤੇ ਝੂਠ ਖਰੀਦਣ ਲਈ ਭੇਜਿਆ। ਕੁਝ ਲੋਕਾਂ ਮਰਦਾਨਾ ਜੀ ਦਾ ਮਖੌਲ ਉਡਾਇਆ ਪਰ ਮੂਲਾ ਨਾਮੀ ਇਕ ਕਰਾੜ ਅਜਿਹਾ ਵੀ ਸੀ ਜਿਹਨੇ ਦੋ ਪੈਸੇ ਰੱਖ ਕੇ ਇਕ ਪਰਚੀ ਉਤੇ ਲਿਖਿਆ ਕਿ ''ਜਿਊਣਾ ਕੂੜ ਹੈ'' ਤੇ ਦੂਜੀ ਉਤੇ ਲਿਖਿਆ ''ਮਰਨਾ ਸੱਚ ਹੈ''। ਇਹ ਦੋਵੇਂ ਪਰਚੀਆਂ ਭਾਈ ਮਰਦਾਨਾ ਜੀ ਨੇ ਸਤਿਗੁਰੂ ਜੀ ਨੂੰ ਪੇਸ਼ ਕਰ ਦਿੱਤੀਆਂ। ਹਮਜਾ ਗੌਸ ਜੀ ਨੇ ਜਦ ਇਹ ਪੜ੍ਹਿਆ ਤਾਂ ਉਹਨਾਂ ਸਿਆਲਕੋਟ ਨਿਵਾਸੀਆਂ ਨੂੰ ਮਾਫ ਕਰ ਦਿੱਤਾ।

ਮੂਲਾ ਕੁਝ ਚਿਰ ਸਤਿਗੁਰਾਂ ਨਾਲ ਸਫਰ ਵਿੱਚ ਵੀ ਰਿਹਾ। ਜਨਮ ਸਾਖੀਆਂ ਅਨੁਸਾਰ ਇਕ ਵਾਰ ਸਤਿਗੁਰੂ ਨਾਨਕ ਦੇਵ ਜੀ ਉਹਨੂੰ ਬੁਲਾਣ ਗਏ ਤਾਂ ਉਹ ਆਪਣੀ ਧਰਮ ਪਤਨੀ ਦੇ ਆਖੇ ਲੱਗ ਕੇ ਹਨੇਰੇ ਵਿਚ ਜਾ ਲੁਕਿਆ। ਉਹਦੀ ਪਤਨੀ ਨੇ ਆਖਿਆ ਕਿ ਉਹ ਤਾਂ ਘਰ ਨਹੀਂ ਹੈ। ਥੋੜੇ ਚਿਰ ਪਿੱਛੋਂ ਪਤਾ ਲੱਗਿਆ ਕਿ ਉਹ ਹਨੇਰੇ ਵਿਚ ਹੀ ਸੱਪ ਦੇ ਡੰਗਣ ਕਾਰਨ ਮਰ ਗਿਆ ਹੈ। ਸਤਿਗੁਰੂ ਨਾਨਕ ਦੇਵ ਜੀ ਜਿਸ ਥਾਂ ਠਹਿਰੇ ਉਸ ਮੁਹੱਲੇ ਨੂੰ ਅੱਜ ਵੀ ''ਬਾਬਾ ਬੇਰ'' ਆਖਿਆ ਜਾਂਦਾ ਹੈ। ਇਥੇ ਇਕ ਸੁੰਦਰ ਤੇ ਆਲੀਸ਼ਾਨ ਗੁਰਦੁਆਰਾ ਬਣਿਆ ਹੋਇਆ ਹੈ। ਇਹਨੂੰ ਬੇਰੀ ਸਾਹਿਬ ਆਖਿਆ ਜਾਂਦਾ ਹੈ। ਗੁਰਦੁਆਰੇ ਦੇ ਪਿਛਵਾੜੇ ਬੇਰੀ ਦਾ ਉਹ ਰੁੱਖ ਮੌਜੂਦ ਹੈ ਜਿਸ ਥੱਲੇ ਆਪ ਵਿਰਾਜੇ ਸਨ। ਹੁਣ ਕੁਝ ਵਰਿਆਂ ਤੋਂ ਇਸ ਬਿਰਛ ਥੱਲੇ ਕਿਸੇ ਮੁਸਲਮਾਨ ਫਕੀਰ ਦੀ ਕਬਰ ਬਣਾ ਦਿੱਤੀ ਗਈ।

ਇਸੇ ਗੁਰਦੁਆਰੇ ਦੇ ਮਹੰਤ ਕੋਲ ਰਹਿ ਕੇ ਗਿਆਨੀ ਗਿਆਨ ਸਿੰਘ ਨੇ ''ਤਵਾਰੀਖ ਖਾਲਸਾ'' ਲਿਖੀ। ਇਸ ਅਹਾਤੇ ਦੇ ਅੰਦਰ ਹੀ ਸ਼ਹੀਦ ਨੱਥਾ ਸਿੰਘ ਜੀ ਦਾ ਸ਼ਹੀਦ ਗੰਜ ਹੈ। ਉਹਨਾਂ ਦਾ ਬਣਵਾਇਆ ਹੋਇਆ ਇੱਕ ਵੱਡਾ ਖੂਹ, ਜਿਹਦੇ ਉਤੇ ਕਈ ਹਲਟ ਚਲਦੇ ਸਨ, ਇਸ ਗੁਰਦੁਆਰੇ ਦੇ ਨਾਲ ਸੀ। ਇਕ ਸੁੰਦਰ ਤਾਲ ਵੀ ਹੈ। ਬਾਬਰੀ ਮਸਜਿਦ ਦੇ ਝਗੜੇ ਵੇਲੇ ਇਸ ਪਾਵਨ ਅਸਥਾਨ ਨੂੰ ਬਹੁਤ ਨੁਕਸਾਨ ਪਹੁੰਚਿਆ। ਇਹਦੇ ਨਾਲ ਲਗਦਾ ਇਕ ਬਹੁਤ ਹੀ ਉਚਾ ਮੰਦਰ ਹੈ, ਜਿਸਨੂੰ ਲੋਕਾਂ ਨੇ ਢਾਹ ਢੇਰੀ ਕਰ ਦਿਤਾ। ਗੁਰਦੁਆਰਾ ਸਾਹਿਬ ਦੀ ਮੁਰੰਮਤ ਦੀ ਸਖਤ ਲੋੜ ਹੈ।

56. Gurdwara Nanaksar, Sahowal, Sambirhal, Distt.  Sialkot
ਗੁਰਦੁਆਰਾ ਨਾਨਕਸਰ, ਸਾਹੋਵਾਲ, ਤਹਿਸੀਲ ਸੰਬੜਿਆਲ, ਜਿਲਾ ਸਿਆਕੋਟ



ਸਿਆਲਕੋਟ ਤੋਂ ਸੰਬੜਿਆਲ ਆਉਂਦਿਆਂ ਰੇਲਵੇ ਸਟੇਸ਼ਨ ਉਗੋਕੀ ਤੋਂ ਅੱਗੇ ਰੇਲਵੇ ਸਟੇਸ਼ਨ ਸਾਹੋਵਾਲ ਹੈ। ਗੁਰਦੁਆਰਾ ਸਾਹਿਬ ਦੀ ਇਮਾਰਤ ਮੰਦਰ ਦੇ ਤਰ੍ਹਾਂ ਦੀ ਹੋਣ ਕਰਕੇ ਲੋਕ ਇਸ ਅਸਥਾਨ ਨੂੰ ''ਨਾਨਕ ਮੰਦਰ'' ਕਾਰਣ ਜਾਣਦੇ ਹਨ।

ਪ੍ਰਕਾਸ਼ ਅਸਥਾਨ ਇਸ ਕਲਸਦਾਰ ਮੰਦਰ ਅੰਦਰ ਹੈ ਜਦਕਿ ਇਕ ਵਿਸ਼ਾਲ ਹਵੇਲੀ ਵਰਗੀ ਇਮਾਰਤ ਅੰਦਰ ਬਹੁਤ ਸਾਰੇ ਰਿਹਾਇਸ਼ੀ ਕਮਰੇ ਹਨ ਜਿਹਨਾਂ ਅੰਦਰ ਸ਼ਰਨਾਰਥੀ ਅਬਾਦ ਹਨ। ਸਤਿਗੁਰੂ ਨਾਨਕ ਜੀ ਸਿਆਲਕੋਟ ਤੋਂ ਚੱਲ ਕੇ ਇਥੇ ਬਿਰਾਜੇ। ਇਥੇ ਆਪ ਸੱਤ ਦਿਨ ਠਹਿਰੇ, ਉਸ ਸਮੇ ਇਥੇ ਇਕ ਤਾਲ 25 ਘੁਮਾਉਂ ਵਿਚ ਸੀ। ਇਹ ਗੁਰਦੁਆਰਾ ਵੀ ਉਸੇ ਵਿੱਚ ਹੈ।(ਕਿਉਕਿ ਸਿੱਖ ਗੁਰਦੁਆਰੇ ਦਾ ਗੁੰਬਦ ਕੁਝ ਮੁਸਲਮਾਨਾ ਨਮੂਨੇ ਦਾ ਹੁੰਦਾ ਹੈ ਇਸ ਕਰਕੇ ਕਿਸੇ ਸ਼ਰਧਾਲੂ ਨੇ ਇਥੇ ਗੁਰਦੁਆਰੇ ਦਾ ਮੰਦਰ ਵਾਲਾ ਸ਼ਿਖਰ ਬਣਾ ਕੇ ਮੁਸਲਮਾਨਾਂ ਤੋ ਵਖਰੇਵਾਂ ਕਰਨ ਦੀ ਕੋਸ਼ਸ਼ ਕੀਤੀ ਹੈ। ਜੋ ਅਸੂਲਨ ਗਲਤ ਹੈ ਕਿਉਕਿ ਗੁਰਦੁਆਰੇ ਅੰਦਰ ਗੁਰੂ ਗ੍ਰੰਥ ਦੀ ਪ੍ਰਧਾਨਤਾ ਹ ਹੈ ਤੇ ਸੰਗਤ ਦੀ ਨੇੜਤਾ ੍‍ਦੀ ਹੈ ਪਰ ਮੰਦਰ ਵਿਚ ਮੂਰਤੀ ਪ੍ਰਧਾਨ ੍‍ਦੀ ਹੈ ਤੇ ਲੋਕ ਸਿਰਫ ਦਰਸ਼ਨ ਕਰ ਸਕਦੇ ਹਨ।ਪਰ ਸਿੱਖੀ ਵਿਚ ਸੰਗਤ ਪਾਤਰ (Participant) ੍‍ਦੀ ਹੈ।-ਸੰਪਾਦਕ)

57. Gurdwara Pehli Patshahi, Mallah, Distt.  Narowal
ਗੁਰਦੁਆਰਾ ਪਹਿਲੀ ਪਾਤਿਸ਼ਾਹੀ, ਮਲ੍ਹਾ, ਜਿਲਾ ਨਾਰੋਵਾਲ



ਤਹਿਸੀਲ ਸ਼ੱਕਰਗੜ, ਥਾਣਾ ਸ਼ਾਹ ਗਰੀਬ ਦਾ ਇੱਕ ਪਿੰਡ ਜੋ ਰੇਲਵੇ ਸਟੇਸ਼ਨ ਨਾਰੋਵਾਲ ਤੋਂ 9 ਮੀਲ ਦੱਖਣ ਹੈ, ਇਸ ਪਿੰਡ ਦੇ ਬਾਹਰ ਪੂਰਬ ਵੱਲ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਸਾਹਿਬ ਸੀ। ਸਤਿਗੁਰੂ ਜੀ ਕਰਤਾਰਪੁਰ ਤੋਂ ਸਿਆਲਕੋਟ ਜਾਂਦੇ ਹੋਏ ਇਸ ਥਾਂ ਇੱਕ ਬੇਰੀ ਦੇ ਰੁੱਖ ਹੇਠਾਂ ਬਿਰਾਜੇ ਸਨ। ਉਸ ਬੇਰੀ ਪਾਸ ਇੱਕ ਛੋਟਾ ਜਿਹਾ ਗੁਰਦੁਆਰਾ ਸੀ। ਹੁਣ ਨਾਂ ਤਾਂ ਬੇਰੀ ਹੈ ਤੇ ਨਾਂ ਹੀ ਗੁਰਦੁਆਰਾ ਸਾਹਿਬ। ਕੇਵਲ ਮਿੱਟੀ ਦਾ ਇੱਕ ਢੇਰ ਹੀ ਹੈ। 1952 ਵਿੱਚ ਰਾਵੀ ਦੇ ਹੜ੍ਹ ਨਾਲ ਇਹ ਪਾਵਨ ਅਸਥਾਨ ਮਿੱਟੀ ਦਾ ਢੇਰ ਹੋ ਗਿਆ। ਪਿੰਡ ਅੰਦਰ ਪੱਕੇ ਗੁਰਦੁਆਰਾ ਸਾਹਿਬ ਅੰਦਰ ਪ੍ਰਕਾਸ਼ ਹੁੰਦਾ ਸੀ, ਉਹ ਅਸਥਾਨ ਹੁਣ ਵੀ ਹੈ। (ਇਸ ਸੰਪਾਦਕ ਦੇ ਨਾਨਕੇ ਇਥੇ ਹੀ ਪਿੰਡ ਭਾਬੜਾ ਵਿਚ ਸਨ ਜੋ ਮੱਲੇ ਦੇ ਨਾਲ ਹੀ ਲਗਦਾ ਹੈ। ਮਾਤਾ ਗੁਰਚਰਨ ਕੌਰ ਜੀ ਦਸਦੇ ਹਨ ਕਿ ਇਸ ਗੁਰਦੁਆਰੇ ਨੂੰ ਵੀ ਬੇਰ ਸਹਿਬ ਕਿਹਾ ਜਾਂਦਾ ਸੀ। ਬੜੇ ਉਚੇ ਟਿੱਲੇ ਤੇ ਸੀ। ਅਫਸੋਸ ਅੱਜ ਓਥੇ ਡੰਗਰਾਂ ਦੇ ਗੋਹੇ ਦੀਆਂ ਪੱਥਕਣਾਂ ਨਜਰ ਆ ਰਹੀਆਂ ਹਨ)

58. Gurdwara Chhota Nankiana (Sioke) Daska, Distt Sialkot
ਛੋਟਾ ਨਾਨਕਿਆਣਾ (ਸਿਉਕੇ) ਡਸਕਾ ਜਿਲਾ ਸਿਆਲਕੋਟ


---------------------------------
BUILDING DESTROYED SO NO IMAGE
-----------------------------------

ਇਸ ਪਿੰਡ ਦੇ ਵਿੱਚ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਵਿੱਤਰ ਅਸਥਾਨ ਛੋਟਾ ਨਾਨਕਿਆਣਾ ਕਰਕੇ ਪ੍ਰਸਿੱਧ ਹੈ। ਸਤਿਗੁਰੂ ਪੂਰੇ ਨਾਮਕ ਸਿੱਖ ਦਾ ਪ੍ਰੇਮ ਵੇਖ ਕੇ ਪਸਰੂਰ ਤੋਂ ਐਮਨਾਆਬਾਦ ਜਾਂਦੇ ਹੋਏ ਕੁਝ ਕਾਲ ਇਥੇ ਠਹਿਰੇ ਸਨ। ਜਿਸ ਸਮੇਂ ਗੁਰੂ ਸਾਹਿਬ ਇਥੇ ਆਏ, ਉਸ ਸਮੇਂ ਇਸ ਪਿੰਡ ਦਾ ਨਾਂ ਭਾਰੋਵਾਲ ਸੀ। ਗੁਰੂ ਸਾਹਿਬ ਪਿੰਡ ਤੋਂ ਬਾਹਰ ਬੇਰੀਆਂ ਦੇ ਝੁੰਡ ਵਿੱਚ ਠਹਿਰੇ ਜੋ ਹੁਣ ਵੀ ਮੋਜੂਦ ਹੈ। ਇਸ ਵਿਸ਼ਾਲ ਬੇਰੀਆਂ ਦੇ ਝੂੰਡ ਵਿੱਚ ਹੁਣ ਕਬਰਸਤਾਨ ਹੈ। ਇਸ ਦੇ ਨਾਲ ਹੀ ਗੁਰੂ ਸਾਹਿਬ ਦੇ ਠਹਿਰਣ ਵਾਲੀ ਥਾਂ ਉਤੇ ਗੁਰਦੁਆਰਾ ਸਾਹਿਬ ਜੀ ਹੁਣ ਅਲੋਪ ਹੋ ਚੁੱਕਿਆ ਹੈ। ਉਸ ਥਾਂ ਉਤੇ ਹੁਣ (4 ਮਈ 1997) ਸੂਰਜ ਮੁੱਖੀ ਦਾ ਖੇਤ ਝੂਮ ਰਿਹਾ ਸੀ।

59. Gurdwara Manji Sahib, Pasrur, (Deoka)
ਮੰਜੀ ਸਾਹਿਬ ਪਸਰੂਰ (ਦਿਓਕਾ)




ਸਤਿਗੁਰੂ ਨਾਨਕ ਦੇਵ ਜੀ ਸਿਆਲਕੋਟ ਤੋਂ ਪਸਰੂਰ ਪਹੁੰਚੇ। ਇੱਥੇ ਜਿਸ ਥਾਂ ਸਤਿਗੁਰੂ ਜੀ ਠਹਿਰੇ ਸਨ, ਉਸ ਥਾਂ ਨੂੰ ਦਿਓਕਾ ਆਖਿਆ ਜਾਂਦਾ ਹੈ। ਇਹ ਅਸਥਾਨ ਨਾਰੋਵਾਲ- ਸਿਆਲਕੋਟ ਰੋਡ ਉੱਤੇ ਪਸਰੂਰ ਰੇਲਵੇ ਸਟੇਸ਼ਨ ਤੋਂ ਅੱਧਾ ਕਿੋਲੋਮੀਟਰ ਨਾਰੋਵਾਲ ਵਾਲੇ ਪਾਸੇ ਐਨ ਸੜਕ ਉੱਤੇ ਹੈ।

ਉਸ ਸਮੇਂ ਜਦ ਸਤਿਗੁਰੁ ਪਸਰੂਰ ਪਹੁੰਚੇ, ਇੱਥੇ ਇੱਕ ਪ੍ਰਸਿੱਧ ਸੂਫੀ ਫਕੀਰ ਜਿਨਾਂ ਦਾ ਨਾਮ ਤਾਂ ਕੁਝ ਹੋਰ ਸੀ, ਪਰ ਉਹਨਾਂ ਦੀ ਬੋਲੀ ਇੰਨੀ ਮਿੱਠੀ ਸੀ ਕਿ ਲੋਕ ਉਹਨਾਂ ਨੂੰ ਮੀਆਂ ਮਿੱਠਾਂ ਜੀ ਦੇ ਨਾਂ ਨਾਲ ਜਾਨਣ ਲੱਗੇ। ਇੱਥੋਂ ਤੱਕ ਕਿ ਉਹਨਾਂ ਦਾ ਅਸਲ ਨਾਮ ਵਿਸਰ ਗਿਆ। ਸਤਿਗੁਰ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮੀਆਂ ਮਿੱਠਾ ਜੀ ਵਿਚਕਾਰ ਇਸ ਥਾਂ ਗੋਸ਼ਟੀ ਹੋਈ।

ਜਿਸ ਥਾਂ ਇਹ ਗੋਸ਼ਟੀ ਹੋਈ, ਉਸ ਵੇਲੇ ਇਹ ਥਾਂ ਕੋਟਲਾ ਮੀਆਂ ਮਿੱਠਾਂ ਦੇ ਨਾਂ ਨਾਲ ਪ੍ਰਸਿੱਧ ਸੀ, ਮਗਰੋਂ ਇਸ ਪਿੰਡ ਦਾ ਨਾਮ ਦਿਓਕਾ ਪ੍ਰਸਿੱਧ ਹੋ ਗਿਆ। ਕਦੇ ਇੱਥੇ ਨੇੜੇ ਹੀ ਡੇਕ ਨਦੀ ਵਗਦੀ ਸੀ ਜੋ ਹੁਣ ਵਿੱਥ ਤੇ ਹੋ ਗਈ ਹੈ। ਇੱਥੇ ਇੱਕ ਬਹੁਤ ਹੀ ਵੱਡਾ ਬੇਰੀਆਂ ਦਾ ਬਾਗ ਹੈ। ਇਸ ਬਾਗ ਦਾ ਇੱਕ ਵੱਡਾ ਗੇਟ ਨਾਰੋਵਾਲ ਪਸਰੂਰ ਰੋਡ ਉੱਤੇ ਖੁਲਦਾ ਹੈ। ਇਸ ਗੇਟ ਵਿੱਚ ਵੜਦਿਆਂ ਹੀ ਇੱਕ ਵਿਸ਼ਾਲ ਸਰੋਵਰ ਹੈ। ਇਸ ਸਰੋਵਰ ਦੇ ਅਖੀਰ ਉੱਤੇ ਇਸ ਤੋਂ ਸੱਜੇ ਪਾਸੇ ਇੱਕ ਸਾਧਾਰਨ ਜਿਹਾ ਮੰਜੀ ਸਾਹਿਬ ਬਣਿਆ ਹੋਇਆ ਹੈ। ਇਹ ਇੱਕ ਥੜਾ ਹੈ ਜਿਸ ਉੱਤੇ ਕੋਈ ਛੱਤ ਨਹੀਂ, ਕੇਵਲ ਇੱਕ ਸੁੰਦਰ ਬੂਹਾ ਹੈ। ਇਸ ਥੜਾ ਸਾਹਿਬ ਦੇ ਪਿੱਛੇ ਤਿੰਨ ਮਕਾਨ ਬਣੇ ਹੋਏ ਹਨ। ਜਿਹਨਾਂ ਵਿੱਚੋਂ ਇੱਕ ਮਕਾਨ ਅੰਦਰ ਗੁਰੂ ਗਰੰਥ ਸਾਹਿਬ ਜੀ ਬਿਰਾਜਮਾਨ ਹੁੰਦੇ ਸਨ। ਇਸ ਅਸਥਾਨ ਦੀ ਝਾੜੂ ਆਦਿਕ ਸੇਵਾ ਭਾਈ ਮੋਹਨ ਸਿੰਘ ਜੀ ਕਰਦੇ ਸਨ। ਇਹ ਜਮੀਨ ਡਿਸਟਰਿਕਟ ਬੋਰਡ ਦੇ ਕਬਜੇ ਵਿੱਚ ਹੈ। ਸਰੋਵਰ ਇਸ ਵੇਲੇ ਇੱਕ ਛੱਪੜ ਦਾ ਰੂਪ ਧਾਰਨ ਕਰ ਚੁੱਕਾ ਹੈ।

60. Gurdwara Gur Hatrhi, Peshawar
ਗੁਰਦੁਆਰਾ ਗੁਰਹੱਟੜੀ, ਪਿਸ਼ਾਵਰ




ਇਹ ਇਤਿਹਾਸਕ ਅਸਥਾਨ ਪਿਸ਼ਾਵਰ ਸ਼ਹਿਰ ਦੇ ਮੁਹੱਲਾ ਗੰਜ ਵਿੱਚ ਹੈ। ਇਸ ਨੂੰ ਗੁਰ ਹੱਟੜੀ ਅਤੇ ਧਰਮਸ਼ਾਲਾ ਬਾਬਾ ਸ੍ਰੀ ਚੰਦ ਵੀ ਆਖਿਆ ਜਾਂਦਾ ਹੈ। ਪੁਰਾਤਨ ਜਨਮ ਸਾਖੀਆਂ ਅਨੁਸਾਰ ਮ੍ਰੀ ਗੁਰੂ ਨਾਨਕ ਦੇਵ ਜੀ ਇੱਥੇ ਚੌਥੀ ਉਦਾਸੀ ਸਮੇਂ ਸਸ਼ਰੀਫ ਲਿਆਏ। ਇੱਥੇ ਇੱਕ ਮੁਸਲਮਾਨ ਅਬਦੁਲ ਰਹਿਮਾਨ ਜੋ ਚਮੜੇ ਦਾ ਵਿਉਪਾਰੀ ਸੀ, ਉਸਨੇ ਸਤਿਗੁਰੂ ਜੀ ਦੇ ਪੈਰਾਂ ਵਿੱਚ ਜੁੱਤੀ ਪੁਆਈ। ਗੁਰੂ ਨਾਨਕ ਦੇਵ ਜੀ ਨੇ ਪ੍ਰਸੰਨ ਹੋ ਕੇ ਆਪਣੀ ਪੁਰਾਣੀ ਜੁੱਤੀ ਉਸ ਨੂੰ ਬਖਸ਼ੀ, ਜੋ ਚਾਰ ਪੀੜੀਆਂ ਤੱਕ ਉਹਨਾਂ ਦੇ ਪਾਸ ਰਹੀ। ਫਿਰ ਰਹੀਮ ਖਾਂ ਉਸਨੂੰ 'ਹੋਤੀ' ਮਰਦਾਨ ਲੈ ਗਿਆ, ਸਰਦਾਰ ਮੋਤਾ ਸਿੰਘ ਕੋਲ ਅਮਾਨਤ ਰੱਖ ਕੇ ਆਪ ਚਲਾ ਗਿਆ ਤੇ ਮੁੜ ਕਦੇ ਵਾਪਸ ਨਾ ਆਇਆ। ਮੋਤਾ ਸਿੰਘ ਨੇ ਉਹ ਪਾਵਨ ਜੋੜਾ ਆਪਣੇ ਇੱਕ ਮਿੱਤਰ ਮੰਨਾ ਸਿੰਘ ਨੂੰ ਦਿੱਤਾ, ਉਹਦਾ ਮੁਤਬੰਨਾ (ਲੈ ਪਾਲਕ) ਭਾਈ ਨੱਥਾ ਸਿੰਘ ਨੇ ਉਹਨੂੰ ਪ੍ਰੇਮ ਨਾਲ ਰੱਖਿਆ। 1934 ਨੂੰ ਇਹ ਜੋੜਾ ਪਟਿਆਲੇ ਵਿਚ ਗੁਰਬਖਸ਼ ਸਿੰਘ ਨਾਮੀ ਇੱਕ ਸੱਜਣ ਦੇ ਘਰ ਮੌਜੂਦ ਸੀ।(ਕੀ ਕੋਈ ਸੱਜਣ ਜਾਣਕਾਰੀ ਦੇਵੇਗਾ ਕਿ ਉਹ ਜੋੜਾ ਅੱਜ ਕਿਥੇ ਹੈ- ਸੰਪਾਦਕ)

61. Gurdwara Panja Sahib, Hasan Abdal.  Distt.  Attak
ਗੁਰਦੁਆਰਾ ਪੰਜਾ ਸਾਹਿਬ, ਹਸਨ ਅਬਦਾਲ, ਜਿਲਾ ਅਟਕ



ਗੁਰੂ ਨਾਨਕ ਜੀ ਮਹਾਨਕੋਸ਼ ਅਨੁਸਾਰ ਪਹਿਲੀ ਸਾਵਣ ਤੇ ਦੂਸਰੇ ਇਤਿਹਾਸਕਾਰਾਂ ਅਨੁਸਾਰ ਵਿਸਾਖ ਸੰਮਤ 1578 (1521 ਈਸਵੀ) ਨੂੰ ਤਸ਼ਰੀਫ ਲਿਆਏ। ਉਸ ਵੇਲੇ ਇੱਥੇ ਬਾਬਾ ਵਲੀ ਕੰਧਾਰੀ ਜੀ ਇੱਕ ਪਹਾੜ ਦੀ ਚੋਟੀ ਉੱਤੇ ਠਹਿਰੇ ਹੋਏ ਸਨ। ਸਤਿਗੁਰੂ ਜੀ ਨੇ ਇਥੇ ਪਿੱਪਲ ਦੇ ਇੱਕ ਦਰਖਤ ਹੇਠ ਨਿਵਾਸ ਕੀਤਾ। ਬਾਬੇ ਮਰਦਾਨੇ ਨੂੰ ਜਦ ਤ੍ਰੇਹ ਲੱਗੀ ਤਾਂ ਸੱਚੇ ਪਾਤਿਸ਼ਾਹ ਜੀ ਨੇ ਉਹਨਾਂ ਨੂੰ ਤਿੰਨ ਵਾਰ ਵਲੀ ਕੰਧਾਰੀ ਜੀ ਪਾਸ ਪਾਣੀ ਲੈਣ ਭੇਜਿਆ। ਤਿੰਨੇ ਵਾਰ ਉਹਨਾਂ ਆਖਿਆ ਕਿ 'ਜਿਸ ਫਕੀਰ ਦਾ ਤੂੰ ਮੁਰੀਦ ਹੈ ਉਹ ਤੈਨੂੰ ਪਾਣੀ ਨਹੀਂ ਪਿਆ ਸਕਦਾ। ਇਹ ਸੁਣ ਕੇ ਸਤਿਗੁਰ ਜੀ ਫੁਰਮਾਏ ਤੇ ਇੱਕ ਪੱਥਰ ਆਪਣੇ ਕਰ ਕਮਲਾਂ ਨਾਲ ਉਠਾਇਆ ਤੇ ਉਹਦੇ ਥੱਲਿਓ ਨਿਰਮਲ ਜਲ ਫੁੱਟ ਖਲੋਤਾ। ਮਰਦਾਨਾ ਜੀ ਨੇ ਪਾਣੀ ਪੀ ਕੇ ਰੱਬ ਦਾ ਸ਼ੁਕਰ ਕੀਤਾ। ਉੱਧਰ ਵਲੀ ਕੰਧਾਰੀ ਜੀ ਦ ਚਸ਼ਮਾ ਸੁੱਕ ਗਿਆ। ਉਸ ਦਾ ਪਾਣੀ ਇਸ ਚਸ਼ਮੇ ਵਿੱਚ ਆ ਗਿਆ ਸੀ। ਉਹਨਾਂ ਨੇ ਇੱਕ ਭਾਰੀ ਪੱਥਰ ਥੱਲੇ ਵੱਲ ਰੇੜ ਦਿੱਤਾ। ਸਤਿਗੁਰੂ ਜੀ ਨੈ ਉਸ ਪੱਥਰ ਨੂੰ ਪੰਜੇ ਨਾਲ ਰੋਕ ਲਿਆ ਤੇ ਪੱਥਰ ਅੰਦਰ ਆਪ ਜੀ ਦਾ ਪੰਜਾ ਉੱਕਰ ਗਿਆ। ਪੰਜੇ ਦੇ ਚਿੰਨ੍ਹ ਵਾਲਾ ਇਹ ਪੱਥਰ ਅਤੇ ਮਰਦਾਨੇ ਦੀ ਪਿਆਸ ਬੁਝਾਉਣ ਵਾਲਾ ਇਹ ਚਸ਼ਮਾ ਅੱਜ ਵੀ ਜਾਰੀ ਹੈ। ਸ਼ਰਧਾਲੂ ਪੰਜੇ ਨੂੰ ਚੁੰਮ ਕੇ ਤੇ ਜਲ ਛਕ ਕੇ ਨਿਹਾਲ ਹੁੰਦੇ ਹਨ।

ਬਹੁਤ ਚਿਰ ਇਹ ਅਸਥਾਨ ਇੰਝ ਹੀ ਪਿਆ ਰਿਹਾ। ਮੁਕਾਮੀ ਸ਼ਰਧਾਲੂ ਮੱਥਾ ਟੇਕਦੇ ਰਹੇ, ਹੌਲੀ ਹੌਲੀ ਸੰਗਤ ਜੁੜਨ ਲੱਗੀ ਤੇ ਕੱਚਾ ਦਰਬਾਰ ਉਸਾਰਿਆ ਗਿਆ। ਖਾਲਸਾ ਰਾਜ ਸਮੇਂ ਜਦ ਪਿਸ਼ਾਵਰ ਫਤਿਹ ਹੋਇਆ ਤਾਂ ਸਰਕਾਰ ਹਰੀ ਸਿੰਘ ਨਲੂਆ ਨੇ ਇੱਕ ਵਿਸ਼ਾਲ ਤੇ ਸੁੰਦਰ ਗੁਰਦੁਆਰਾ ਤੇ ਸਰੋਵਰ ਬਣਵਾਇਆ। ਪਿਸ਼ਾਵਰ ਤੋ ਮੁੜਦਿਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵੀ ਦਰਸ਼ਨਾਂ ਨੂੰ ਆਏ।

ਗੁਰੂ ਕੇ ਬਾਗ ਦੇ ਮੋਰਚੇ ਸਮੇਂ 30 ਅਕਤੂਬਰ 1922 ਨੂੰ ਜਦ ਬੰਦੀ ਸਿੰਘਾਂ ਨੂੰ ਅਟਕ ਜੇਲ ਵਿਚ ਬੰਦ ਕਰਨ ਵਾਸਤੇ ਲੈ ਜਾਣ ਵਾਲੀ ਰੇਲ ਗੱਡੀ ਪੰਜਾ ਸਾਹਿਬ ਪਹੁੰਚੀ ਤਾਂ ਸੰਗਤਾਂ ਨੇ ਉਹਨਾਂ ਨੂੰ ਪ੍ਰਸ਼ਾਦਾ ਛਕਾਉਣ ਵਾਸਤੇ ਟਰੇਨ ਰੋਕਣ ਦੀ ਬੇਨਤੀ ਕੀਤੀ, ਜੋ ਨਾ ਮੰਨੀ ਗਈ ਤਾਂ ਸੰਗਤ ਰੇਲਵੇ ਲਾਈਨ ਉੱਤੇ ਲੰਮੀ ਪੈ ਗਈ। ਇਸ ਧਰਨੇ ਵਿੱਚ ਸ੍ਰ: ਪ੍ਰਤਾਪ ਸਿੰਘ ਤੇ ਸ੍ਰ: ਕਰਮ ਸਿੰਘ ਨੇ ਗੱਡੀ ਥੱਲੇ ਆ ਕੇ ਸ਼ਹੀਦੀ ਪ੍ਰਾਪਤ ਕੀਤੀ ਤੇ ਗੱਡੀ ਰੁਕਵਾ ਲਈ ਗਈ।



62. Gurdwara Pehli Patshahi, Katas, Distt.  Chakwal
ਗੁਰਦੁਆਰਾ ਪਹਿਲੀ ਪਾਤਿਸ਼ਾਹੀ, ਕਟਾਸ ਜਿਲਾ ਚੱਕਵਾਲ







ਕਟਾਸ ਹਿੰਦੂਆਂ ਦਾ ਇਕ ਬਹੁਤ ਹੀ ਪਵਿੱਤਰ ਅਸਥਾਨ ਹੈ। ਜਿਸਦਾ ਦਾ ਜਿਕਰ ਮਹਾਂਭਾਰਤ ਵਿਚ ਵੀ ਮਿਲਦਾ ਹੈ। ਹਿੰਦੂ ਵਿਸ਼ਵਾਸ ਅਨੁਸਾਰ ਕਟਾਸ ਅਤੇ ਪੁਸਕਰ 'ਅਜਮੇਰ' ਦੋਵੇਂ ਸ਼ਿਵ ਜੀ ਦੀਆਂ ਅੱਖਾਂ ਹਨ। ਇੱਥੇ ਹੀ ਪਾਰਸ ਨਾਥ ਜੋਗੀ ਨੇ ਪ੍ਰਾਣ ਤਿਆਗੇ। ਇੱਥੇ ਗੁਰੂ ਨਾਨਕ ਦੇਵ ਜੀ ਨੇ ਵੀ ਚਰਨ ਪਾਏ ਵਸਾਖੀ ਵਾਲੇ ਦਿਨ। ਆਪ ਦੇ ਅਸਥਾਨ ਨੂੰ ਨਾਨਕ ਨਿਵਾਸ ਆਖਿਆ ਜਾਂਦਾ ਸੀ। ਇੱਥੋਂ ਬਹੁਤ ਸਾਰੇ ਜੋਗੀਆਂ, ਰਿਸ਼ੀਆਂ, ਮੁਨੀਆਂ ਨੇ ਤੱਪ ਕੀਤਾ ਹੈ, ਜਿਹਨਾਂ ਦੇ ਅਸਥਾਨ ਬਣੇ ਹੋਏ ਹਨ। ਇਹਨਾਂ ਥਾਵਾਂ ਉਤੇ ਤਖਤੀਆਂ ਨਾ ਲੱਗੀਆਂ ਹੋਣ ਕਰਕੇ ਇਹਨਾਂ ਥਾਵਾਂ ਨੂੰ ਵੱਖ ਵੱਖ ਕਰਨਾ ਬਹੁਤ ਹੀ ਔਖਾ ਹੈ। ਇੱਥੇ ਹੀ ਬਹਿ ਕੇ ਅੱਬੂ ਰਿਹਾਨ ਅਲਬੈਰੂਨੀ ਨੇ ਜਮੀਨ ਦਾ ਘੇਰਾ ਨਾਪਿਆ, ਸੰਸਕ੍ਰਿਤ ਵਿਦਿਆ ਲਈ ਤੇ ਫਿਰ ਜਗਤ ਪ੍ਰਸਿੱਧ ਪੁਸਤਕ ''ਕਿਤਾਬ-ਉਲ-ਹਿੰਦ'' ਲਿਖੀ। ਹਿੰਦੂ ਯਾਤਰੀਆਂ ਦੇ ਜੱਥੇ ਭਾਰਤ ਤੋਂ ਦਰਸ਼ਨਾਂ ਵਾਸਤੇ ਆਉਂਦੇ ਹਨ। ਇਸ ਤਵਾਰੀਖੀ ਅਸਥਾਨ ਦੇ ਨਿਸ਼ਾਨ ਸਰਕਾਰੀ ਅਣਗਹਿਲੀ ਕਰਕੇ ਮਿਟਦੇ ਜਾ ਰਹੇ ਹਨ ਜੋ ਕਿ ਇੱਕ ਬਹੁਤ ਹੀ ਵੱਡਾ ਤਵਾਰੀਖੀ ਜੁਲਮ ਹੈ।

63. Gurdwara Pehli Patshai, Bal Gundai (Tilla Jogian) Jehlam
ਗੁਰਦੁਆਰਾ ਪਹਿਲੀ ਪਾਤਸ਼ਾਹੀ, ਬਾਲ ਗੁੰਦਾਈ, (ਟਿੱਲਾ ਜੋਗੀਆਂ) ਜੇਹਲਮ



ਇਹ ਅਸਥਾਨ ਜਿਹਲਮ ਸ਼ਹਿਰ ਤੋਂ ਕੋਈ 28 ਕਿਲੋਮੀਟਰ ਪੱਛਮ ਵੱਲ ਇੱਕ ਪਹਾੜੀ ਉਤੇ ਹੈ। ਇੱਥੇ ਹੀ ਪੰਜਾਬੀ ਲੋਕ ਕਥਾ ਹੀਰ ਰਾਂਝੇ ਦੇ ਮੁੱਖ ਪਾਤਰ ਰਾਂਝੇ ਨੇ ਬਾਲ ਨਾਥ ਜੋਗੀ ਤੋਂ ਕੰਨ ਪੜਵਾਏ ਅਤੇ ਜੋਗ ਲਈ। ਜੋਗੀ ਬਾਲ ਗੁੰਦਾਈ ਇਸ ਟਿੱਲੇ ਉਤੇ ਰਹਿੰਦਾ ਸੀ। ਸੱਚੇ ਪਾਤਸ਼ਾਹ ਇਸ ਦੇ ਆਸ਼ਰਮ ਪਧਾਰੇ। ਇਹ ਸਤਿਗੁਰ ਜੀ ਦੇ ਬਚਨ ਸੁਣ ਕੇ ਆਪ ਜੀ ਦਾ ਸ਼ਰਧਾਲੂ ਹੋਇਆ।ਜਿੱਥੇ ਗੁਰੂ ਸਾਹਿਬ ਬਿਰਾਜੇ ਸਨ, ਉਥੇ ਆਪ ਜੀ ਦੇ ਚਰਨ ਚਿੰਨ ਪੱਥਰ ਉਤੇ ਉਕਰੇ ਹੋਏ ਸਨ। ਜੋ ਹੁਣ ਅਲੋਪ ਹੋ ਚੁਕੇ ਹਨ। ਛੋਟਾ ਜਿਹਾ ਦਰਬਾਰ ਬਣਿਆ ਹੋਇਅ ਹੈ। ਇਸ ਦੇ ਨਾਲ ਇੱਕ ਸੁੰਦਰ ਸਰੋਵਰ ਹੈ।

64. Gurdwara Choa Sahib, Rohtas, Distt. Jehlam
ਗੁਰਦੁਆਰਾ ਚੋਆ ਸਾਹਿਬ, ਰੋਹਤਾਸ, ਜਿਲਾ ਜੇਹਲਮ





ਚੋਆ ਸਾਹਿਬ ਨਾਂ ਦਾ ਇਹ ਇਤਿਹਾਸਕ ਅਸਥਾਨ ਰੋਹਤਾਸ ਕਿਲੇ ਦੇ ਕਾਬਲੀ ਦਰਵਾਜੇ ਤੋਂ ਬਾਹਰ ਘਾਨ ਨਦੀ ਕਿਨਾਰੇ ਆਪਣੀਆਂ ਸ਼ਾਨਾਂ ਵਿਖਾ ਰਿਹਾ ਹੈ। ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਟਿੱਲਾ ਜੋਗੀਆਂ ਤੋਂ ਚੱਲ ਕੇ ਇੱਥੇ ਆਏ, ਉਸ ਸਮੇਂ ਇੱਥੇ ਕੋਈ ਵੱਸੋਂ ਨਹੀਂ ਸੀ। ਆਪ ਜੀ ਨੇ ਆਪਣੇ ਸੋਟੇ ਨਾਲ ਇੱਥੋਂ ਇੱਕ ਸੋਮਾ ਚਲਾਇਆ, ਪਾਣੀ ਦੇ ਸੋਮੇ ਨੂੰ ''ਚੋਆ'' ਆਖਿਆ ਜਾਂਦਾ ਹੈ। ਇਸ ਵਾਸਤੇ ਇਸ ਅਸਥਾਨ ਦਾ ਨਾਂ ''ਚੋਆ ਸਾਹਿਬ'' ਪ੍ਰਸਿੱਧ ਹੋ ਗਿਆ। ਬਾਅਦ ਵਿੱਚ ਸ਼ੇਰ ਸ਼ਾਹ ਸੂਰੀ ਨੇ ਇੱਥੇ ਆਪਣਾ ਇੱਕ ਵਿਸ਼ਾਲ ਕਿਲਾ ਬਣਵਾਇਆ ਤਾਂ ਇਹ ਅਸਥਾਨ ਕਿਲੇ ਤੋਂ ਬਾਹਰ ਕਾਬਲੀ ਦਰਵਾਜੇ ਵੱਲ ਆ ਗਿਆ। ਅੱਜ ਵੀ ਕਿਲੇ ਦੇ ਲੋਕ ਇਸ ਚੋਏ ਦਾ ਜਲ ਹੀ ਵਰਤੋਂ ਵਿੱਚ ਲਿਆਉਂਦੇ ਹਨ। ਮਹਾਰਾਜਾ ਰਣਜੀਤ ਸਿੰਘ ਦੇ ਹੁਕਮ ਨਾਲ 1835 ਵਿੱਚ ਅਜੋਕੀ ਇਮਾਰਤ ਬਣਵਾਈ ਗਈ ਜੋ ਬਹੁਤ ਹੀ ਸੁੰਦਰ ਹੈ। ਇਸ ਦੇ ਇੱਕ ਪਾਸੇ ਘਾਨ ਨਦੀ, ਦੂਜੇ ਪਾਸੇ ਕਿਲਾ ਤੇ ਬਾਕੀ ਦੋਵੇਂ ਪਾਸੇ ਜੰਗਲ ਹੈ। ਇੱਥੇ ਪਹੁੰਚਣ ਦਾ ਰਾਹ ਕਿਲੇ ਦੇ ਅੰਦਰ ਹੀ ਹੈ।

65. Gurdwara Nanaksar Dinga Distt.  Gujrat
ਗੁਰਦੁਆਰਾ ਨਾਨਕਸਰ, ਡਿੰਗਾ, ਜਿਲਾ ਗੁਜਰਾਤ




 ਡਿੰਗਾ ਨਾਮੀ ਕਸਬਾ ਜਿਲਾ ਗੁਜਰਾਤ, ਤਹਿਸੀਲ ਖਾਰੀਆ ਦਾ ਮਸ਼ਹੂਰ ਕਸਬਾ ਹੈ, ਇਸ ਕਸਬੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚਰਨ ਪਾਏ। ਇਹਦੀ ਅਬਾਦੀ ਤੋਂ ਬਾਹਰ ਮੰਡੀ ਬਹਾਉਦੀਨ ਨੂੰ ਜਾਣ ਵਾਲੀ ਸੜਕ ਨੇੜੇ ਨਾਨਕਸਰ ਨਾਮੀ ਅਸਥਾਨ ਬਣਿਆ ਹੋਇਆ ਹੈ, ਜੋ ਹੁਣ ਅਲੋਪ ਹੋ ਚੁਕਿਆ ਹੈ। ਇਸ ਥਾਂ ਹੁਣ ਲਾਰੀ ਅੱਡਾ ਹੈ। ਸੜਕ ਦੇ ਨਾਲ ਬਣੀ ਕੰਧ ਦੇ ਪਾਰ ਸਰੋਵਰ ਨੂੰ ਜਲ ਦੇਣ ਵਾਲਾ ਖੂਹ ਅਜੇ ਵੀ ਪੈਲੀਆਂ ਵਿੱਚ ਲੰਘੇ ਵੇਲੇ ਦੀ ਯਾਦ ਦੁਆਉਂਦਾ ਹੈ।ਗੁਰੂ ਨਾਨਕ ਜੀ ਜਦ ਇੱਥੇ ਚਰਨ ਪਾਏ ਤਾਂ ਇਕ ਜੋਗੀ ਨੇ ਆਪਣਾ ਪਾਖੰਡ ਰਚਾਇਆ ਹੋਇਆ ਸੀ। ਉਸ ਨੇ ਹੋਕਾ ਦਵਾਇਆ ਕਿ ਮੈਂ ਬਿਨਾਂ ਖਾਧੇ ਚਾਲੀਸਾ ਕੱਟਾਗਾਂ। ਗੁਰੂ ਜੀ ਨੇ ਹੋਕਾ ਬੰਦ ਕਰਵਾ ਦਿੱਤਾ। ਜਦ ਉਸ ਦਾ ਚਾਲੀਸਾ ਪੂਰਾ ਹੋਇਆ ਤਾਂ ਉਹ ਇਹ ਵੇਖ ਕੇ ਬੇਹੋਸ਼ ਹੋ ਗਿਆ ਕਿ ਕੋਈ ਉਹਨੂੰ ਵੇਖਣ ਵਾਸਤੇ ਨਹੀਂ ਆਇਆ। ਤਦ ਸਤਿਗੁਰੂ ਜੀ ਨੇ ਢੋਲੀ ਤੋਂ ਹੋਕਾ ਦਵਾਇਆ, ਲੋਕ ਕੱਠੇ ਹੋਏ ਤਾਂ ਆਪ ਨੇ ਫਰਮਾਇਆ ਕਿ ਇਹ ਜੋਗੀ ਝੂਠ ਬੋਲਦਾ ਹੈ ਕਿ ਇਸ ਨੇ ਬਿਨਾਂ ਖਾਧਿਆਂ ਚਾਲੀਸਾ ਕੱਟਿਆ ਹੈ। ਇਹ ਤਾਂ ਹਉਂਮੈ ਦੀ ਖੁਰਾਕ ਖਾਂਦਾ ਰਿਹਾ ਹੈ। ਹਉਂਮੈਂ ਨੂੰ ਮਾਰੇ ਬਿਨਾਂ ਤਾਂ ਕਦੇ ਕੋਈ ਜੋਗੀ, ਸੂਫੀ ਸੰਤ ਜਾਂ ਫਕੀਰ ਨਹੀਂ ਹੋ ਸਕਦਾ।

66. Gurdwara Ker Sahib, Jai Sukhwala, Mandi Bahauddin
ਗੁਰਦੁਆਰਾ ਕੇਰ ਸਾਹਿਬ, ਜੈ ਸੁੱਖ ਵਾਲਾ, ਮੰਡੀ ਬਹਾਊਦੀਨ



ਮੰਡੀ ਬਹਾਊਦੀਨ ਜਿਲੇ ਦਾ ਪ੍ਰਧਾਨ ਨਗਰ ਹੈ। ਗੁਰੂ ਸਾਹਿਬ ਡਿੰਗੇ ਤੋਂ ਚਲ ਕੇ ਇੱਥੇ ਬਿਰਾਜੇ। ਉਸ ਵੇਲੇ ਇਥੇ ਦਾ ਇੰਕ ਸੂਫੀ ਲੋਕਾਂ ਤੋਂ ਰੁੱਸ ਕੇ ਉਹਨਾਂ ਨੂੰ ਬਦਦੁਆ ਦੇਣਾ ਚੁਾਹੁੰਦਾ ਸੀ। ਆਪ ਜੀ ਨੇ ਉਸ ਨੂੰ ਰੱਬੀ ਕੰਮਾਂ ਨੂੰ ਹੱਥ ਵਿੱਚ ਲੈਣ ਤੋਂ ਵਰਜਿਆ।

ਉਸ ਫਕੀਰ ਦੇ ਪੋਤਰੇ ਭਾਈ ਭਾਗ ਜੀ ਨੇ ਬਹੁਤ ਹੀ ਸੱਚਾ ਜੀਵਨ ਜੀਵਿਆ। ਉਹਦੀ ਸਮਾਧ ਗੁਰਦੁਆਰਾ ਸਾਹਿਬ ਦੇ ਸਰੋਵਰ ਦੇ ਦੂਜੇ ਕੰਢੇ ਅੱਜ ਵੀ ਦਰਖਤਾਂ ਦੀ ਠੰਢੀ ਛਾਂ ਵਿੱਚ ਆਪਣੀ ਸੁੰਦਰਤਾ ਵਿਖਾ ਰਹੀ ਹੈ।

ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਮੇਂ ਗੁਰਦੁਆਰਾ ਸਾਹਿਬ ਦੀ ਤਿੰਨ ਮੰਜਲਾ ਸੁੰਦਰ ਇਮਾਰਤ ਬਣਵਾਈ ਗਈ। ਉਸਦੇ ਖੱਬੇ ਪਾਸੇ ਦੋ ਸੁੰਦਰ ਤਲਾਬ ਬਣਵਾਏ ਗਏ, ਜਿਹਨਾਂ ਵਿਚੋਂ ਇੰਕ ਬੀਬੀਆਂ ਵਾਸਤੇ ਸੀ। ਸੰਗਤ ਦੇ ਠਹਿਰਣ ਵਾਸਤੇ ਇਕ ਬਹੁਤ ਹੀ ਵੰਡੀ ਸਰਾਂ ਵੀ ਹੈ। ਜਿਸ ਅੰਦਰ ਕੋਈ 100 ਦੇ ਨੇੜੇ ਘਰ ਅਬਾਦ ਹਨ। ਅੱਜ ਗੁਰਦੁਆਰਾ ਸਾਹਿਬ ਦੀ ਇਮਾਰਤ ਦੀਆਂ ਲੋਕਾਂ ਨੇ ਵੰਡੀਆਂ ਵਾਈਆਂ ਹੋਈਆਂ ਹਨ। ਪ੍ਰਕਾਸ਼ ਅਸਥਾਨ ਇਕ ਪੁਲਿਸ ਕਰਮਚਾਰੀ ਕੋਲ ਹੈ ਜੋ ਕਿਸੇ ਨੂੰ ਦਰਸ਼ਨ ਵੀ ਨਹੀਂ ਕਰਨ ਦਿੰਦਾ।

175 Gurdwara Kartarpur sahib Narowal
ਗੁਰਦੁਆਰਾ ਕਰਤਾਰਪੁਰ ਸਾਹਿਬ ਦਰਬਾਰ ਸਾਹਿਬ ਨਾਰੋਵਾਲ

ਇਥੇ ਗੁਰੁ ਨਾਨਕ ਪਾਤਸ਼ਾਹ 23 ਅਸੂ ਸੰਮਤ 1596 ਮੁਤਾਬਿਕ 22 ਸਤੰਬਰ 1539 ਨੂੰ ਜੋਤੀ ਜੋਤ ਸਮਾਏ। ਇਸ ਅਸਥਾਨ ਤਕ ਅਪੜਨ ਲਈ ਰੇਲਵੇ ਸਟੈਸ਼ਨ ਦਰਬਾਰ ਸਾਹਿਬ ਲਗਦਾ ਹੈ।
ਅਜੋਕੀ ਇਮਾਰਤ ਦੀ ਉਸਾਰੀ ਪਟਿਆਲਾ ਮਹਾਰਾਜਾ ਭੁਪਿੰਦਰ ਸਿੰਘ ਨੇ 135600 ਦੀ ਰਕਮ ਨਾਲ ਕਰਵਾਈ। ਹੁਣ ਸੰਨ 1995 ਵਿਚ ਪਾਕਿਸਤਾਨ ਸਰਕਾਰ ਨੇ ਲੱਖਾਂ ਰੁਪਏ ਲਾ ਕੇ ਇਸ ਦੀ ਮੁਰੰਮਤ ਕਰਵਾਈ ਹੈ।

67. Gurdwara Nanaksar, Distt.  Jhang
ਗੁਰਦੁਆਰਾ ਨਾਨਕਸਰ, ਜਿਲਾ ਝੰਗ



ਜਗਤ ਗੁਰੂ, ਗੁਰੂ ਨਾਨਕ ਦੇਵ ਜੀ ਦਾ ਇਹ ਪਾਵਨ ਅਸਥਾਨ ਝੰਗ ਸ਼ਹਿਰ ਤੋਂ ਬਾਹਰ ਟੋਬਾ ਰੋਡ ਉਤੇ ਹੈ। ਜਿਸ ਟਿਬੇ ਉਤੇ ਸ੍ਰੀ ਗੁਰੂ ਨਾਨਕ ਦੇਵ ਜੀ ਬਿਰਾਜੇ ਹਨ। ਉਥੇ ਮਗਰੋਂ ਸ਼ਰਧਾਲੂਆਂ ਨੇ ਗੁਰਦੁਆਰਾ ਸਾਹਿਬ ਉਸਾਰ ਲਿਆ। ਇਸ ਅਸਥਾਨ ਨੂੰ ਨਾਨਕ ਸਰ ਆਖਿਆ ਜਾਂਦਾ ਹੈ। ਪਿੰਡ ਦਾ ਨਾਂ ਵੀ ਇਹੀ ਹੈ। ਇਸ ਗੁਰਦੁਆਰੇ ਅੰਦਰ ਪ੍ਰਾਇਮਰੀ ਸਕੂਲ ਹੈ। ਲੰਗਰ ਹਾਲ, ਯਾਤਰੀਆਂ ਦੇ ਠਹਿਰਨ ਵਾਸਤੇ ਕਮਰਿਆਂ ਤੇ ਦੂਜੀਆਂ ਇਮਾਰਤਾਂ ਵਿੱਚ ਜਲੰਧਰ, ਹੁਸ਼ਿਆਰ ਪੁਰ ਤੋਂ ਆਏ ਹੋਏ ਮੁਹਾਜਿਰ ਵਸੇ ਹੋਏ ਹਨ। ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਤ ਸੁੰਦਰ ਤੇ ਵਿਸ਼ਾਲ ਹੈ। ਇਸ ਦੀ ਸੱਜੀ ਬਾਹੀ ਤੇ ਸੁੰਦਰ ਸਰੋਵਰ ਹੈ।

68. Gurdwara Pehli Patshahi, Hafat Madar, Sheikhupura
ਗੁਰਦੁਆਰਾ ਪਹਿਲੀ ਪਾਤਿਸ਼ਾਹੀ, ਹਫਤ ਮਦਰ ਸ਼ੇਖੂਪੁਰਾ



 ਇਹ ਪਿੰਡ ਜੋ ਹਫਤ ਮਦਰ ਦੇ ਨਾਮ ਤੋਂ ਪ੍ਰਸਿੱਧ ਹੈ, ਭਾਈ ਫੇਰੂ ਖੁੰਡਾ ਰੋਡ ਉਤੇ ਜਾਤਰੀ ਤੋਂ ਅੱਗੇ ਹੈ।ਇਸ ਪਿੰਡ ਦੇ ਗੁਰਦੁਆਰੇ ਦਾ ਨਾਮ ਗੁਰਦੁਆਰਾ ਸੱਚੀ ਮੰਜੀ ਪਹਿਲੀ ਪਾਤਿਸ਼ਾਹੀ ਵੀ ਹੈ। ਇਥੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਲੰਘ ਗਿੱਲ ਜਿਮੀਦਾਰਾਂ ਪਾਸ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਥੇ ਚਰਨ ਪਾਏ ਅਤੇ ਪ੍ਰੇਮੀ ਸਿੱਖਾ ਨੂੰ ਸੋਟਾ ਬਖਸ਼ਿਸ਼ ਕੀਤਾ। ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਦੇ ਇੱਕ ਜੋੜੇ ਦਾ ਪੈਰ ਵੀ ਇਥੇ ਸੀ ਅਤੇ ਦੂਜਾ ਧੁਨੀ ਜਿਲਾ ਹਾਫਿਜਾਬਾਦ ਵਿਚ ਸੀ। ਸਵਾ ਰੁਪਈਆ ਲੈ ਕੇ ਦਰਸ਼ਨ ਕਰਵਾਏ ਜਾਂਦੇ ਸਨ। ਗੁਰਦੁਆਰਾ ਸਾਹਿਬ ਢਹਿ ਚੁਕਿਆ ਹੈ। ਕੁਝ ਹਿੱਸੇ ਹੀ ਬਚੇ ਹਨ ਜੋ ਤੁਸੀ ਤਸਵੀਰ ਵਿਖ ਵੇਖ ਸਕਦੇ ਹੋ।

69. Gurdwara Jharhi Sahib, Targe, Kasur
ਗੁਰਦੁਆਰਾ ਝਾੜੀ ਸਾਹਿਬ ਤਰਗੇ, ਕਸੂਰ




ਪਿੰਡ ਤਰਗੇ ਦੇ ਥੋਹ ਉਤੇ ਜੋ ਕਿ ਕਾਦੀਵਿੰਡ ਤੋਂ ਪੂਰਬ ਵੱਲ ਨੂੰ ਕੋਈ ਇਕ ਕਿਲੋਮੀਟਰ ਦੀ ਵਿੱਥ ਉਤੇ ਹੈ, ਇਸ ਦੇ ਕੋਲ ਇਹ ਅਸਥਾਨ ਆਪਣੀਆਂ ਸ਼ਾਨਾ ਵਿਖਾ ਰਿਹਾ ਹੈ। ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਕਸੂਰ ਨੂੰ ਜਾ ਰਹੇ ਸਨ ਤੇ ''ਕਾਦੀਵਿੰਡ'' ਦੇ ਲੋਕਾਂ ਨੇ ਪ੍ਰੇਮ ਪ੍ਰਗਟ ਕੀਤਾ। ਬੇਨਤੀ ਮੰਨ ਕੇ ਗੁਰੂ ਜੀ ਇਥੇ ਠਹਿਰੇ। ਨਿੱਕਾ ਜਿਹਾ ਅਸਥਾਨ ਬਣਿਆ ਹੋਇਆ ਹੈ। ਇਥੇ ਪਾਸ ਹੀ ਉਹ ਬਿਰਛ ਸਨ ਜਿਸ ਨਾਲ ਗੁਰੂ ਜੀ ਨੇ ਘੋੜੇ ਦੀ ਅਗਾੜੀ ਪਿਛਾੜੀ ਬੰਨੀ ਸੀ। ਇਹ ਰੁੱਖ ਹੁਣ ਅਲੋਪ ਹੋ ਚੁਕੇ ਹਨ। ਗੁਰਦੁਆਰੇ ਦੇ ਨਾਲ ਢਾਈ ਘੁਮਾਉ ਜਮੀਨ ਭਾਈ ਸੁਲੱਖਣ ਸਿੰਘ ਜੀ ਕਾਦੀਵਿੰਡ ਵਾਲੇ ਵੱਲੋਂ ਹੈ।



70. Gurdwara  Janam Asthan Guru Ramdas ji, Chuna Mandi, Lahore
ਜਨਮ ਅਸਥਾਨ ਗੁਰੂ ਰਾਮਦਾਸ ਜੀ, ਚੂਨਾ ਮੰਡੀ, ਲਾਹੌਰ



ਇਸ ਅਸਥਾਨ ਉਤੇ 24 ਅੱਸੂ ਸੰਮਤ 1597 (24 ਸਤੰਬਰ 1534) ਨੂੰ ਸਤਿਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਹੋਇਆ। ਸਤਿਗੁਰੂ ਜੀ ਨੇ ਉਮਰ ਦੇ ਪਹਿਲੇ ਸੱਤ ਸਾਲ ਇਥੇ ਹੀ ਗੁਜਾਰੇ। ਇਹ ਅਸਥਾਨ ਚੂਨਾ ਮੰਡੀ ਬਜਾਰ ਵਿਚ ਹੈ। ਗੁਰੂ ਸਾਹਿਬ ਦਾ ਜੱਦੀ ਮਕਾਨ ਬਹੁਤ ਹੀ ਛੋਟਾ ਸੀ। ਮਹਾਰਾਜਾ ਰਣਜੀਤ ਸਿੰਘ ਦੀ ਮਹਾਰਾਣੀ ''ਨਕਾਇਨ'' ਨੇ ਆਪਣੇ ਸਪੁੱਤਰ ਖੜਕ ਸਿੰਘ ਦੇ ਜਨਮ ਦੀ ਖੁਸ਼ੀ ਵਿੱਚ ਇਸ ਯਾਦਗਾਰ ਅਸਥਾਨ ਤੇ ਨਵੀਂ ਇਮਾਰਤ ਬਣਵਾਈ। ਇਸ ਇਤਿਹਾਸਕ ਇਮਾਰਤ ਦਾ ਨਕਸ਼ਾ ਹਰਿਮੰਦਰ ਸਾਹਿਬ ਜੀ ਨਾਲ ਮਿਲਦਾ ਜੁਲਦਾ ਹੈ। ਸਿੰਘ ਸਭਾ ਲਹਿਰ ਦਾ ਅਰੰਭ ਇਸੇ ਸਥਾਨ ਤੋਂ ਹੀ ਹੋਇਆ ਸੀ।

71. Gurdwara Bhai Behlol, Kadiwind, Kasur
ਗੁਰਦੁਆਰਾ ਭਾਈ ਬਹਿਲੋਲ, ਕਾਦੀਵਿੰਡ, ਕਸੂਰ



ਕਾਦੀਵਿੰਡ ਤਹਿਸੀਲ ਥਾਣਾ ਕਸੂਰ ਵਿੱਚ ਹੈ। ਪਿੰਡ ਤੋਂ ਬਾਹਰ ਗੁਰੂ ਅਮਰਦਾਸ ਜੀ ਦਾ ਪਾਵਨ ਅਸਥਾਨ ਤਰਗੇ ਦੀ ਜੂਹ ਵਿਚ ਹੈ। ਜਦ ਸਤਿਗੁਰੂ ਜੀ ਇਥੇ ਠਹਿਰੇ ਹੋਏ ਸਨ ਤਦੋਂ ਦੀਵਾਨ ਚੰਦ ਦਿੱਲੀ ਵਾਲੇ ਨੇ ਆ ਕੇ ਬੇਨਤੀ ਕੀਤੀ ਕਿ ਪਾਤਿਸ਼ਾਹ, ਮੇਰੇ ਧਨ ਨਾਲ ਕੋਈ ਯਾਦਗਾਰ ਕਾਇਮ ਕਰਵਾ ਦਿਓ ਤਾਂ ਕਿ ਇਸ ਦੁਨੀਆਂ ਵਿਚ ਮੇਰਾ ਨਾ ਬਣਿਆ ਰਹੇ। ਉਸ ਦੀ ਭਾਵਨਾ ਅਨੁਸਾਰ ਗੁਰੂ ਜੀ ਨੇ ਇਕ ਤਲਾਬ ਅਤੇ ਨੇੜੇ ਪੱਕੇ ਰਿਹਾਇਸ਼ੀ ਮਕਾਨ ਬਣਵਾਏ। ਇਹ ਜਮੀਨ ਦੋ ਸੋ ਵਿਘੇ ਭਾਈ ਬਹਿਲੋਲ ਕਾਦੀਵਿੰਡ ਵਾਲੇ ਦੀ ਸੀ। ਜੋ ਉਸਦੇ ਸਾਰੀ ਗੁਰੂ ਜੀ ਨੂੰ ਅਰਪਣ ਕਰ ਦਿੱਤੀ। ਬਾਅਦ ਵਿਚ ਇਥੇ ਹੀ ਭਾਈ ਬਹਿਲੋਲ ਦੀ ਸਮਾਧ ਬਣਵਾਈ ਗਈ। ਗੁਰੂ ਜੀ ਵੱਲੋਂ ਬਣਵਾਇਆ ਤਲਾਬ ਛੱਪੜ ਹੋ ਚੁਕਿਆ ਹੈ। ਭਾਈ ਜੀ ਦੀ ਸਮਾਧ ਅਖੀਰੀ ਦਮਾ ਉਤੇ ਖਲੋਤੀ ਹੈ। ਗੁਰਦੁਆਰਾ ਸਾਹਿਬ ਦੇ ਕਮਰਿਆਂ ਵਿਚ ਗੌਰਮਿੰਟ ਦਾ ਸਕੂਲ ਹੈ। ਪੰਜਾਬੀ ਸਾਹਿਤ ਦੇ ਪ੍ਰਸਿੱਧ ਲਿਖਾਰੀ ਬਾਬਾ ਸੋਹਣ ਸਿੰਘ ਸੀਤਲ ਇਸੇ ਹੀ ਪਿੰਡ ਦੇ ਰਹਿਣ ਵਾਲੇ ਹਨ। ਉਹਨਾਂ ਦਾ ਬਾਗ ਅਤੇ ਘਰ ਅਜੇ ਵੀ ਮੌਜੂਦ ਹੈ। ਇਹ ਦੋਵੇ ਮੇਵਾਤ ਦੇ ਸ਼ਰਨਾਰਥੀਆਂ ਪਾਸ ਹਨ।

72. Gurdwara Pehli Patshahi, Fateh Bhinder, Distt.  Sialkot
ਗੁਰਦੁਆਰਾ ਪਹਿਲੀ ਪਾਤਸ਼ਾਹੀ ਫਤਿਹ ਭਿੰਡਰ, ਜਿਲ੍ਹਾ ਸਿਆਲਕੋਟ



ਫਤਿਹ ਭਿੰਡਰ ਨਾਮੀ ਇਹ ਪਿੰਡ ਤਹਿਸੀਲ ਥਾਣਾ ਡਸਕਾ, ਵਿੱਚ ਪਿੰਡ ਗੋਇੰਦਕੇ ਨੇੜੇ ਹੈ। ਇਸ ਪਿੰਡ ਵਿੱਚ ਦੱਖਣ ਵਾਲੇ ਪਾਸੇ ਸੱਤ ਗੁਰੂ ਨਾਨਕ ਦੇਵ ਜੀ ਦਾ ਛੋਟਾ ਜਿਹਾ ਗੁਰਦੁਆਰਾ ਗੁਰੂ ਸਾਹਿਬ ਸੰਗਤ ਦਾ ਪ੍ਰੇਮ ਵੇਖ ਕੇ ਇਥੇ ਆਏ। ਜਿਸ ਥਾਂ ਆਪ ਵਿਰਾਜੇ, ਪ੍ਰੇਮੀਆਂ ਨੇ ਉਥੇ ਗੁਰੂ ਅਸਥਾਨ ਬਣਾ ਦਿੱਤਾ।

 73. Gurdwara Pancham Patshah, Bucheki, Seikhupura,
ਗੁਰਦੁਆਰਾ ਪੰਚਮ ਪਾਤਿਸ਼ਾਹ, ਬੁੱਚੇਕੀ ਸ਼ੇਖੂਪੁਰਾ



ਨਨਕਾਣਾ ਸਾਹਿਬ ਤੋਂ ਕੋਈ 15 ਕਿਲੋਮੀਟਰ ਦੱਖਣ ਪੱਛਮ ਵੱਲ ਹੈ। ਇਸ ਪਿੰਡ ਵਿਚ ਸਤਿਗੁਰੂ ਸ੍ਰੀ ਗੁਰੂ ਅਰਜਨ ਜੀ ਦਾ ਗੁਰਦੁਆਰਾ ਹੈ। ਗੁਰੂ ਸਾਹਿਬ ਨਨਕਾਣਾ ਸਾਹਿਬ ਤੋਂ ਚੱਲ ਕੇ ਇਕੇ ਆਏ ਸਨ। ਗੁਰਦੁਆਰਾ ਸੁੰਦਰ ਗੁੰਬਦਦਾਰ ਬਣਿਆ ਹੋਇਆ ਹੈ। ਸੰਗਤ ਦੇ ਠਹਿਰਣ ਵਾਸਤੇ ਸਰਾਂ ਤੋਂ ਲੰਗਰਖਾਨਾ ਵੀ ਹੈ। ਇਮਾਰਤ ਅਜੇ ਵੀ ਤਗੜੀ ਤੇ ਸੁੰਦਰ ਹੈ। ਇਸ ਵਿਚ ਗੌਰਮਿੰਟ ਪ੍ਰਾਇਮਰੀ ਸਕੂਲ ਹੈ।

74. Gurdwara Diwankhana, Chuna Mandi, Lahore
ਗੁਰਦੁਆਰਾ ਦੀਵਾਨਖਾਨਾ, ਚੂਨਾ ਮੰਡੀ, ਲਾਹੌਰ




ਇਹ ਪਾਵਨ ਅਸਥਾਨ ਲਾਹੌਰ ਸ਼ਹਿਰ ਦੇ ਬਜਾਰ ਚੂਨਾ ਮੰਡੀ ਅੰਦਰ ਹੈ। ਇਸ ਦੇ ਨੇੜੇ ਹੀ ਪ੍ਰਕਾਸ਼ ਅਸਥਾਨ ਸ੍ਰੀ ਗੁਰੂ ਰਾਮਦਾਸ ਜੀ ਹੈ। ਗੁਰੂ ਰਾਮਦਾਸ ਜੀ ਦੇ ਵੱਡੇ ਵਡੇਰੇ ਲਾਹੌਰ ਦੇ ਰਹਿਣ ਵਾਲੇ ਸਨ। ਗੁਰੂ ਸਾਹਿਬ ਆਪਣੇ ਭਰਾ ਦੇ ਪੁੱਤਰ ਦੇ ਵਿਆਹ ਤੇ ਆਪ ਤਾਂ ਨਾ ਆਏ ਪਰ ਉਹਨਾਂ (ਗੁਰੂ) ਅਰਜਨ ਦੇਵ ਜੀ ਨੂੰ ਭੇਜ ਦਿੱਤਾ ਤੇ ਫਰਮਾਇਆ ਕਿ ਜਦ ਤੱਕ ਬੁਲਾਵਾ ਨਾ ਆਏ। ਆਉਂਣਾ ਨਹੀਂ। ਕਾਫੀ ਸਮਾਂ ਬੀਤ ਗਿਆ। ਗੁਰੂ ਅਰਜਨ ਦੇਵ ਜੀ ਨੇ ਗੁਰ ਪਿਤਾ ਵੱਲ ਤਿੰਨ ਚਿੱਠੀਆਂ ਲਿਖੀਆਂ। ਦੋ ਚਿੱਠੀਆਂ ਬਾਬਾ ਪ੍ਰਿਥੀ ਚੰਦ ਦੇ ਹੱਥ ਆਉਣ ਕਾਰਨ ਗੁਰੂ ਜੀ ਪਾਸ ਨਾ ਪਹੁੰਚੀਆਂ, ਤੀਜੀ ਚਿੱਠੀ ਪਹੁੰਚ ਗਈ ਜਿਸ ਵਿੱਚ ਪਹਿਲੇ ਦੋ ਪੱਤਰਾਂ ਬਾਰੇ ਵੀ ਲਿਖਿਆ ਸੀ। ਖਤ ਵਿੱਚ ਲਿਖਿਆ ਸੀ:

ਮੇਰਾ ਮਨ ਲੋਚੇ ਗੁਰ ਦਰਸਨ ਤਾਈ॥

ਇਸ ਅਸਥਾਨ ਨੂੰ ਧਰਮਸ਼ਾਲਾ ਗੁਰੂ ਰਾਮਦਾਸ ਵੀ ਆਖਿਆ ਜਾਂਦਾ ਹੈ। ਇਸ ਦੇ ਅਹਾਤੇ ਅੰਦਰ ਹੀ ਦੀਵਾਨਖਾਨਾ ਗੁਰੂ ਅਰਜਨ ਦੇਵ ਜੀ ਹੈ। ਮਹਾਰਾਜਾ ਰਣਜੀਤ ਸਿੰਘ ਨੇ ਇਸ ਥਾਂ ਇਕ ਵਿਸ਼ਾਲ ਇਮਾਰਤ ਵੀ ਬਣਵਾਈ ਜੋ ਲਾਹੌਰ ਕਾਰਪੋਰੇਸ਼ਨ ਦੇ ਕਾਰਡ ਨੰ: -2143 ਅਧੀਨ ਦਰਜ ਹੈ। ਜਨਮ ਅਸਥਾਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਨੂੰ ਸੰਗਤਾਂ ਇਥੋਂ ਪੈਦਲ ਜਾਇਆ ਕਰਦੀਆਂ ਸਨ।ਅੱਜ ਕਲ ਲੋਕ ਵਸੇ ਹੋਏ ਹਨ ਤੇ ਦਰਸ਼ਨ ਕਰਨੇ ਮੁਸ਼ਕਲ ਹਨ।

75. Gurdwara Panjavi Patshahi, Beharhwal Distt.  Kasur
ਗੁਰਦੁਆਰਾ ਪੰਜਵੀਂ ਪਾਤਿਸ਼ਾਹੀ, ਬਹਿੜਵਾਲ, ਜਿਲਾ ਕਸੂਰ



ਬਹਿੜਵਾਲ ਨਾਂ ਦਾ ਇਹ ਪਿੰਡ ਲਾਹੌਰ ਤੋਂ ਮੁਲਤਾਨ ਜਾਣ ਵਾਲੀ ਸੜਕ ਉਪਰ ਜੰਬਰ ਅਤੇ ਪੱਤੋਕੀ ਵਿਚਾਲੇ ਹੈ। ਇਸ ਪਿੰਡ ਵਿਚ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੰਬਰ ਤੋਂ ਉਠ ਕੇ ਆਏ ਸਨ। ਗਰਮੀ ਦਾ ਮੌਸਮ ਸੀ। ਗੁਰੂ ਸਾਹਿਬ ਨੇ ਇਥੋਂ ਦੇ ਹੇਮੇ ਚੌਧਰੀ ਤੋਂ ਜਲ ਛਕਣ ਲਈ ਮੰਗਿਆ। ਚੌਧਰੀ ਨੇ ਆਖਿਆ ''ਪਾਤਿਸ਼ਾਹ, ਇਹ ਜਲ ਤਾ ਖਾਰਾ ਹੈ। ਮੈਂ ਪਿੰਡ ਤੋਂ ਜਾ ਕੇ ਮਿੱਠਾ ਜਲ ਲਿਆਉਂਦਾ ਹਾਂ'' ਤਾਂ ਗੁਰੂ ਜੀ ਨੇ ਬਚਨ ਕੀਤਾ ''ਭਾਈ ਹੇਮੇ ਇਹੋ ਜਲ ਮਿੱਠਾ ਹੈ।" ਪਿੰਡ ਦੇ ਲੋਕਾਂ ਨੇ ਜਲ ਪੀਤਾ ਤਾਂ ਮਿੱਠਾ ਜਲ ਹੋਣ ਕਾਰਨ ਸਭ ਆਨੰਦਿਤ ਹੋ ਗਏ। ਚੌਧਰੀ ਹੇਮੇ ਨੂੰ ਗੁਰੂ ਜੀ ਨੇ ਫਰਮਾਇਆ ਕਿ ਤੂੰ ਸਾਧ ਸੰਗਤ ਦੀ ਸੇਵਾ ਕਰਿਆ ਕਰ। ਤਦ ਚੌਧਰੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਮੇਰੇ ਪਾਸ ਨਾ ਤਾਂ ਧਨ ਹੈ ਅਤੇ ਨਾ ਹੀ ਮੇਰੇ ਘਰ ਔਰਤ ਹੈ। ਤਾਂ ਸਤਿਗੁਰਾਂ ਨੇ ਪੁਛਿਆ ਕਿ ਇਸ ਪਿੰਡ ਵਿਚ ਕੋਈ ਵਿਧਵਾ ਔਰਤ ਹੈ? ਤਾਂ ਸੰਗਤ ਨੇ ਪਿੰਡ ਦੀ ਇਕ ਵਿਧਵਾ ਨੂੰ ਗੁਰੂ ਜੀ ਅੱਗੇ ਪੇਸ਼ ਕੀਤਾ। ਗੁਰੂ ਜੀ ਨੇ ਹੁਕਮ ਕੀਤਾ ਕਿ ਹੇ ਪੁੱਤਰੀ, ਚੌਧਰੀ ਹੇਮਾ ਤੇਰਾ ਸਰਤਾਜ ਹੈ। ਗੁਰੂ ਜੀ ਦਾ ਹੁਕਮ ਮੰਨ ਕੇ ਉਸ ਨੇ ਚੌਧਰੀ ਨੂੰ ਆਪਣਾ ਪਤੀ ਧਾਰਨ ਕਰ ਲਿਆ। ਗੁਰੂ ਜੀ ਨੇ ਪ੍ਰਸੰਨ ਹੋ ਕੇ ਉਹਨੂੰ ਵਰ ਦਿੱਤਾ ਜਿਸ ਤੋਂ ਉਸ ਦੇ ਘਰ ਔਲਾਦ ਹੋਈ। ਉਸ ਦੇ ਖਾਨਦਾਨ ਵਿੱਚ ਹੀਰਾ ਸਿੰਘ ਜੋ ਸੰਮਤ 1763 ਨੂੰ ਜਨਮਿਆ। ਸੰਗਤ 1788 ਵਿੱਚ ਅੰਮ੍ਰਿਤ ਛਕਿਆ ਅਤੇ ਨਕਾਇਨ ਮਿਸਲ ਦਾ ਪਹਿਲਾ ਸਰਦਾਰ ਹੋਇਆ। ਇਸ ਮਿਸਲ ਦੇ ਦੂਜੇ ਸਰਦਾਰ ਭਗਵਾਨ ਸਿੰਘ ਦੀ ਭੈਣ ਦਾਤਾਰ ਕੌਰ ਮਹਾਰਾਣੀ ਨਕਾਇਨ, ਮਹਾਰਾਜਾ ਰਣਜੀਤ ਸਿੰਘ ਦੀ ਪਟਰਾਣੀ ਹੋਈ। ਇਸ ਤੋਂ ਮਹਾਰਾਜ ਖੜਕ ਸਿੰਘ ਪੈਦਾ ਹੋਇਆ। ਇਸ ਮਿਸਲ ਦੇ ਇਕ ਸਰਦਾਰ ਈਸ਼ਰ ਸਿੰਘ ਨੇ ਇਸਲਾਮ ਕਬੂਲ ਕਰ ਲਿਆ ਅਤੇ ਮੁਸਲਮਾਨ ਹੋ ਗਿਆ। ਉਸ ਦਾ ਨਾਮ ਸਰਦਾਰ ਅਬਦੁਲ ਅਜੀਜ ਰੱਖਿਆ ਗਿਆ। ਉਸ ਦੀ ਔਲਾਦ ਵਿੱਚੋਂ ਸਰਦਾਰ ਆਰਿਫ ਨਕਈ 1996 ਵਿੱਚ ਲਹਿੰਦੇ ਪੰਜਾਬ ਦਾ ਮੁੱਖ ਮੰਤਰੀ ਬਣਿਆ। ਪਿੰਡ ਵਿੱਚ ਜਿੱਥੋਂ ਸਤਿਗੁਰੂ ਜੀ ਨੇ ਜਲ ਛੱਕਿਆ ਤੇ ਖਾਰਾ ਮਿੱਠਾ ਕੀਤਾ, ਉਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਅੱਜ ਕੱਲ ਇਥੇ ਯੂਨੀਅਨ ਕੌਸਲ ਦਾ ਦਫਤਰ ਹੈ। ਗੁਰਦੁਆਰਾ ਸਾਹਿਬ ਦੀ ਸੱਜੀ ਨੁੱਕਰ ਵਿੱਚ ਉਹ ਪਾਵਨ ਖੂਹ ਤੇ ਕਿੱਕਰ ਮੌਜੂਦ ਹੈ, ਜਿਸ ਹੇਠ ਗੁਰੂ ਜੀ ਬਿਰਾਜੇ ਤੇ ਖਾਰਾ ਮਿੱਠਾ ਕੀਤਾ।
Share this article :

No comments:

Post a Comment

 

Punjab Monitor