Home » » GORE LOK

GORE LOK

 ਗੋਰਿਆਂ ਨੂੰ ਸਮਝੋ

ਅਤੇ ਇਹਨਾਂ ਤੋਂ ਸਿੱਖੋ


UNDERSTANDING THE WHITE PEOPLE

ਗੋਰੇ ਲੋਕ ਕੰਮ ਵਿਚ ਕਾਹਲੀ ਨਹੀ ਕਰਦੇ। ਗੋਰਿਆਂ ਵਿਚ ਫੁਕਰਾਪਣ ਮੈਂ ਤਾਂ ਨਹੀ ਵੇਖਿਆ। ਜੋ ਅੰਦਰੋਂ ਹਨ ਉਹੀ ਬਾਹਰੋਂ ਹਨ। ਗੋਰੇ ਅੱਤ ਦਰਜੇ ਦੇ ਹਲੀਮੀ ਸੁਭਾਅ ਦੇ ਮਾਲਕ ਹਨ। ਇਹ ਲੋਕ ਨਿਰੇ ਰੰਗ ਦੇ ਹੀ ਗੋਰੇ ਨਹੀ, ਇਹਨਾਂ ਦੇ ਦਿਲ ਵੀ ਗੋਰੇ ਨੇ। 

ਅਸਟ੍ਰੇਲੀਆ ਪਹੁੰਚੇ ਹੋ, ਭਾਗਾਂ ਵਾਲੇ ਹੋ। ਸਵਾਗਤ ਹੈ।

1. ਇਥੇ ਰਾਜ ਕਨੂੰਨ ਦਾ ਹੈ ਜਿਸ ਕਰਕੇ ਲੜਾਈ ਝਗੜਾ ਬਹੁਤ ਘੱਟ ਹੈ। ਭਾਰਤ ਵਾਙੂ ਧੱਕੇਸ਼ਾਹੀ ਨਹੀ। ਇਥੋਂ ਦੇ ਲੀਡਰ ਵੀ ਆਮ ਬੰਦੇ ਵਾਂਙੂ ਬਿਨਾਂ ਗੰਨਮੈਨਾਂ ਦੇ ਵਿਚਰਦੇ ਹਨ। ਕਿਉਕਿ ਇਥੇ ਜੇ ਕਿਸੇ ਨੇ ਜੁਰਮ ਕੀਤਾ ਤਾਂ ਉਸ ਜੇਲ ਪਹੁੰਚਣਾ ਹੀ ਪਹੁੰਚਣਾ ਹੈ। ਇਹ ਨਹੀ ਕਿ ਪੈਸੇ ਦੇ ਕੇ ਜਾਂ ਸ਼ਿਫਾਰਸ਼ ਨਾਲ ਛੁੱਟ ਜਾਊ। ਇਥੇ ਲੀਡਰ ਸਰਕਾਰੀ ਕੰਮ ਵਿਚ ਦਖਲ ਨਹੀ ਦੇ ਸਕਦੇ। ਇੰਡੀਆ ਵਿਚ ਤਾਂ ਪੁਲਸ ਅਫਸਰ, ਲੀਡਰਾਂ ਦੀ ਜੇਬ ਵਿਚ ਹੁੰਦੇ ਨੇ।

2. ਸੋ ਇਥੇ ਕਦੀ ਰਿਸ਼ਵਤ ਦੇਣ ਦੀ ਕੋਸ਼ਿਸ਼ ਨਾ ਕਰਨਾਂ।

3. ਗੋਰੇ ਅੱਤ ਦਰਜੇ ਦੇ ਹਲੀਮੀ ਸੁਭਾਅ ਦੇ ਮਾਲਕ ਹਨ। ਉਹ ਅਣਜਾਣ ਲੋਕ ਜੋ ਤੁਹਾਨੂੰ ਕਦੀ ਮਿਲੇ ਨਹੀ, ਜਾਣਦੇ ਵੀ ਨਹੀ, ਰਾਹ ਜਾਂਦੇ ਤੁਹਾਨੂੰ ਗੁੱਡ ਮੋਰਨਿੰਗ ਕਹਿਣਗੇ ਮੁਸਕਰਾਉਣਗੇ । 

4. ਇਹੋ ਹਾਲ ਗੋਰੀਆਂ ਦਾ ਵੀ ਹੈ। ਪਰ ਯਾਦ ਰੱਖਿਓ ਗੋਰੀ ਦੀ ਮੁਸਕਰਾਹਟ ਦੇ ਗਲਤ ਮਾਇਨੇ ਨਹੀ ਲਾਉਣੇ।

5. ਇਹ ਲੋਕ ਨਿਰੇ ਰੰਗ ਦੇ ਹੀ ਗੋਰੇ ਨਹੀ, ਇਹਨਾਂ ਦੇ ਦਿਲ ਵੀ ਗੋਰੇ ਨੇ। ਇਥੇ ਜਾਤ, ਜਿਣਸ ਅਤੇ ਨਸਲੀ ਭੇਦ ਭਾਵ ਨਾ ਦੇ ਬਰਾਬਰ ਹੈ। (ਸੋ ਅਮਲਾਂ ਤੇ ਹੋਣੇ ਨੇ ਨਬੇੜੇ ਕਿਸੇ ਨੀ ਤੇਰੀ ਜਾਤ ਪੁੱਛਣੀ)

6. ਹਾਂ ਇਕ ਗਲ ਯਾਦ ਰੱਖਣਾ ਇਸ ਮੁਲਕ ਵਿਚ ਤੁਸੀ ਕਿਸੇ ਨੂੰ ਅੱਖਾਂ ਵਿਚ ਅੱਖਾਂ ਪਾ ਕੇ ਨਹੀ ਵੇਖਣਾ। ਇਹਦਾ ਅਗਲੇ ਬੁਰਾ ਮਨਾਉਦੇ ਨੇ।

7. ਇਥੇ ਤੁਹਾਨੂੰ ਚੋਰੀ, ਬੇਈਮਾਨੀ, ਝੂਠ, ਫਰੇਬ ਘੱਟ ਹੀ ਮਿਲੇਗਾ। ਸੱਚ ਵਿਚ ਰਹਿਣ ਕਰਕੇ ਹੀ ਗੋਰਿਆਂ ਦਾ ਦਿਮਾਗ ਖੋਜੀ ਹੁੰਦਾ ਹੈ। ਕਿਉਕਿ ਝੂਠ ਨੂੰ ਯਾਦ ਰੱਖਣਾ ਪੈਂਦਾ ਹੈ ਝੂਠ ਤੁਹਾਡੀ ਸੋਚ ਨੂੰ ਬਹੁਤ ਕਮਜੋਰ ਕਰ ਦਿੰਦਾ ਹੈ ।

8. ਖਰੀਦਦਾਰੀ ਕਰਦੇ ਵਕਤ ਵੀ ਤੁਸੀ ਸੁਰੱਖਿਅਤ ਹੋ। ਦੁਕਾਨਦਾਰ ਤੁਹਾਡੇ ਨਾਲ ਠੱਗੀ ਨਹੀ ਮਾਰ ਸਕਦਾ। ਖਰੀਦੀ ਚੀਜ਼ ਤੁਸੀ ਮੋੜ ਵੀ ਸਕਦੇ ਹੋ। 

9. ਜਿਵੇ ਗੁਰਬਾਣੀ ਕਹਿੰਦੀ ਹੈ ਕਿ ਬੰਦੇ ਵਿਚ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਘੱਟ ਹੋਵੇ; ਇਹ ਸਿਫਤਾਂ ਤੁਹਾਨੂੰ ਇਹਨਾਂ ਗੋਰਿਆਂ ਵਿਚ ਮਿਲਣਗੀਆਂ। ਜੇ ਗੋਰਿਆਂ ਦਾ ਸਬਰ ਸੰਤੋਖ ਵੇਖਣਾ ਹੈ ਤਾਂ ਸੜ੍ਹਕ ਤੇ ਚਲਦੇ ਹੋਏ ਵੇਖੋ। ਗੁਰਬਾਣੀ ਕਾਹਲ ਦੇ ਕੰਮ ਨੂੰ ਸ਼ੈਤਾਨ ਦਾ ਕੰਮ ਕਹਿੰਦੀ ਹੈ ਅਤੇ ਹੈਰਾਨੀ ਦੀ ਗਲ, ਗੋਰੇ ਲੋਕ ਕੰਮ ਵਿਚ ਕਾਹਲੀ ਨਹੀ ਕਰਦੇ। 

10. ਇਹਨਾਂ ਵਿਚ ਪ੍ਰਵਾਰਕ ਅਤੇ ਓਲਾਦ ਮੋਹ ਵੀ ਬਹੁਤ ਘੱਟ ਹੈ। ਮੈਂ ਤਾਂ ਮਹਿਸੂਸ ਕਰਦਾ ਹਾਂ ਕਿ ਗੁਰੂ ਸਾਹਿਬਾਨ ਜਿਹੋ ਜਿਹਾ ਬੰਦਾ ਘੜ੍ਹਨਾ ਚਾਹੁੰਦੇ ਸਨ ਗੋਰੇ ਕਾਫੀ ਹੱਦ ਤਕ ਉਸ ਤਰਾਂ ਦੇ ਹਨ ਭਾਵ ਭਾਣੇ ਜਾਂ ਰਜਾ ਵਿਚ ਹਨ।

11. ਕਿਉਕਿ ਇਹ ਓਲਾਦ ਦੇ ਮੋਹ ਵਿਚ ਦੀਵਾਨੇ ਨਹੀ ਹਨ ਜਿਸ ਕਰਕੇ ਇਹਨਾਂ ਦਾ ਬੱਚਾ 15-16 ਸਾਲ ਦੀ ਉਮਰ ਤੋਂ ਬਾਦ ਅਕਸਰ ਖੁੱਦ ਤੇ ਨਿਰਭਰ ਹੋ ਜਾਂਦਾ ਹੈ ਅਤੇ ਕੋਈ ਕੰਮ ਕਰਨਾਂ ਸ਼ੁਰੂ ਕਰ ਦਿੰਦਾ ਹੈ।

12.  ਹਾਂ ਇਕ ਗਲ ਯਾਦ ਰੱਖਣਾ ਗੋਰੇ ਕਦੀ ਕਿਸੇ ਯਾਰ ਦੋਸਤ ਨੂੰ ਥੋੜੀ ਕੀਤਿਆਂ ਆਪਣੇ ਘਰ ਨਹੀ ਸੱਦਦੇ। ਸੋ ਜੇ ਕਿਤੇ ਗੋਰਾ ਦੋਸਤ ਬਣ ਗਿਆ ਹੈ ਤਾਂ ਉਸ ਤੋਂ ਅਜਿਹੀ ਉਮੀਦ ਨਾਂ ਕਰਨਾਂ।

13. ਵਿਚਾਰ ਆਪਣਾ ਆਪਣਾ ਮੇਰੀ ਸੋਚ ਅਨੁਸਾਰ ਇਹਨਾਂ ਦਾ ਸਮਾਜ ਜਨਾਨੀ ਪ੍ਰਧਾਨ ਹੈ। 

14. ਇਹ ਪੁੱਜ ਕੇ ਅਗਲੇ ਦੀ ਮਦਦ ਕਰਨ ਪੈਂਦੇ ਹਨ। ਤੁਸੀ ਇਹਨਾਂ ਕੋਲੋਂ ਰਾਹ ਪੁੱਛੋ ਇਹ ਤੁਹਾਨੂੰ ਮੰਜਲ ਤਕ ਪਹੁੰਚਾਣ ਦੀ ਕੋਸ਼ਿਸ ਕਰਨਗੇ।

15. ਇਹ ਹਰ ਕੀਤੇ ਕੰਮ ਦਾ ਇਵਜਾਨਾ ਦੇਣ ਤੋਂ ਇਲਾਵਾ ਸ਼ੁਕਰਾਨਾ ਜਰੂਰ ਕਰਦੇ ਹਨ। ਜਦੋਂ ਤੁਸੀ ਜਾਣ ਲਗਦੇ ਹੋ ਤਾਂ ਤੁਹਾਨੂੰ ਅਸੀਸ ਜਰੂਰ ਦੇਣਗੇ ਕਿ “ਤੁਹਾਡਾ ਦਿਨ ਵਧੀਆ ਨਿਕਲੇ।“ ਤੁਸੀ ਵੀ ਅੱਗੋ ਕਿਹਾ ਕਰੋ ਕਿ ਤੁਹਾਡਾ ਵੀ।

16. ਗੋਰੇ ਹਫਤੇ ਵਿਚ ਸਿਰਫ ਦੋ ਦਿਨ ਜੀਉਂਦੇ ਹਨ। ਬਾਕੀ ਪੰਜ ਦਿਨ “ਆਈ ਵੌਜ਼ ਵਰਕਿੰਗ”। ਉਹ ਦੋ ਦਿਨ ਇਹ ਹੋਟਲਾਂ ਜਾਂ ਬੀਚਾਂ ਦੇ ਬਹਿ ਖਾਂਦੇ ਪੀਂਦੇ, ਗੱਪ ਸ਼ੱਪ ਮਾਰਦੇ ਅਤੇ ਆਪਣੀ ਕੌਮ ਦਾ ਭਵਿਖ ਤਹਿ ਕਰਦੇ ਨੇ। ਹਾਂ ਖਾਧੀ ਪੀਤੀ ਵਿਚ ਰਾਂਤੀ ਕਲੱਬ ਵਿਚ ਕਿਤੇ ਕੁਪੱਤ ਵੀ ਹੋ ਜਾਂਦੈ। ਪਰ ਬਹੁਤ ਘੱਟ ਹੀ।

17. ਇਥੇ ਧਰਮ, ਜਾਤ, ਨਸਲ (ਰੇਸ) ਦੇ ਨਾਂ ਤੇ ਸਰਕਾਰੀ ਜਾਂ ਗੈਰ ਸਰਕਾਰੀ ਅਦਾਰੇ ਪੱਖ ਪਾਤ ਨਹੀ ਕਰ ਸਕਦੇ। ਗੋਰਿਆਂ ਦੇ ਬੱਚਿਆ ਨੂੰ ਅਜਿਹਾ ਪੜ੍ਹਾਇਆ ਜਾਂਦਾ ਹੈ ਕਿ ਉਹ ਨਸਲੀ ਭੇਦ ਭਾਵ ਨਾਂ ਕਰਨ।ਇੰਡੀਆ ਵਿਚ ਬੱਚੇ ਤੁਹਾਡੇ ਤੇ ਹੱਸਣਗੇ, ਇਥੇ ਬੱਚੇ ਸਤਿਕਾਰ ਦਿੰਦੇ ਨੇ।

18. ਅਸਟ੍ਰੇਲੀਆਂ ਪਹੁੰਚੇ ਹੋ ਆਪਣੀ ਪੁਰਾਣੀ ਸੋਚ ਛੱਡ ਦਿਓ। ਇਥੇ ਕੋਈ ਕੰਮ ਮਾੜਾ ਨਹੀ ਗਿਣਿਆ ਜਾਂਦਾ। ਬ੍ਰਾਹਮਣੀ ਸੋਚ ਅਨੁਸਾਰ ਸਫਾਈ ਦਾ ਕੰਮ ਹੀਣਾ ਗਿਣਿਆ ਜਾਂਦਾ ਹੈ ਪਰ ਇਥੇ ਅਜਿਹਾ ਨਹੀ ਹੈ। ਇਥੇ ਸਗੋਂ ਸਫਾਈ ਦੇ ਕੰਮ ਦਾ ਰੇਟ ਜਿਆਦਾ ਹੈ।  ਇਥੇ ਫੋਕੀ ਆਕੜ ਨੂੰ ਕੋਈ ਥਾਂ ਨਹੀ।

19. ਇਥੇ ਰਹਿ ਕੇ ਤੁਸੀ ਸੜ੍ਹਕ ਗਲੀ ਜਾਂ ਖੁੱਲੀ ਥਾਂ ਤੇ ਗੰਦ ਨਹੀ ਪਾ ਸਕਦੇ। ਪਿਸ਼ਾਬ ਕਰਨਾਂ ਤਾਂ ਦੂਰ ਦੀ ਗਲ ਥੁੱਕ ਵੀ ਨਹੀ ਸਕਦੇ। (ਹਿੰਦੁਸਤਾਨੀ ਸੂਬਿਆਂ ਵਿਚ ਲੋਕਾਂ ਪਾਨ ਖਾ ਖਾ ਗਲੀਆਂ ਦੀਆਂ ਨੁੱਕਰਾਂ ਲਾਲ ਕੀਤੀਆਂ ਹੁੰਦੀਆਂ ਹਨ) ਗੋਰੇ ਜਦੋਂ ਕੁੱਤਾ ਘੁੰਮਾਉਦੇ ਨੇ ਨਾਲ ਗੰਦ ਵਾਸਤੇ ਥੈਲੀਆਂ ਹੱਥ ਵਿਚ ਫੜੀਆਂ ਹੁੰਦੀਆਂ ਨੇ। ਯਾਦ ਰੱਖੋ ਗੋਰੇ, ਕੁੱਤੇ ਨੂੰ ਪ੍ਰਵਾਰਕ ਮੈਂਬਰ ਦੀ ਤਰਾਂ ਪਾਲਦੇ ਹਨ।  ਦਰ ਅਸਲ ਕੁੱਤੇ ਤੇ ਬਿੱਲੀ ਬਿਨਾਂ ਇਹਨਾਂ ਦਾ ਜੀਵਨ ਅਧੂਰਾ ਹੈ।

20. ਗੋਰਿਆਂ ਵਿਚ ਫੁਕਰਾਪਣ ਮੈਂ ਤਾਂ ਨਹੀ ਵੇਖਿਆ। ਜੋ ਅੰਦਰੋਂ ਹਨ ਉਹੀ ਬਾਹਰੋਂ ਹਨ। ਸਫਾਈ ਦਾ ਕੰਮ ਕਰਨ ਵਾਲਿਆਂ ਦੀਆਂ ਗੱਡੀਆਂ ਉਤੇ ਸਫਾਈ ਦੇ ਸੰਦ ਦੂਰੋਂ ਹੀ ਦਿਸਦੇ ਹਨ। ਜਿਹੜੀਆਂ ਕਾਰੋਬਾਰੀ ਗੱਡੀਆਂ (ਯੂਟਾਂ) ਤੁਹਾਨੂੰ ਸੜਕਾਂ ਤੇ ਦੌੜਦੀਆਂ ਦਿੱਸ ਰਹੀਆਂ ਹੁੰਦੀਆਂ ਨੇ ਅਸਲੀ ਕਮਾਈ ਤਾਂ ਇਹ ਕਰ ਰਹੀਆ ਹੁੰਦੀਆ ਨੇ। ਸੋ ਕੋਸ਼ਿਸ਼ ਕਰੋ ਕਿਸੇ ਗੋਰੇ ਨਾਲ ਜੁੜ ਜਾਓ ਤੇ ਉਹ ਕੰਮ ਕਰੋ। 

ਟੈਕਸੀ ਜਾਂ ਡਲਿਵਰੀਆਂ ਵਿਚ ਤਰੱਕੀ ਸਕੋਪ ਘੱਟ ਹੁੰਦਾ। ਇਹਦੇ ਨਾਲੋਂ ਤਾਂ ਟਰੱਕ ਸਿੱਖ ਲਓ। ਇਕ ਮਿਸਾਲ ਦੇ ਰਿਹਾਂ: ਜੇ ਅੱਜ ਸਬਜ਼ੀ ਦੀ ਦੁਕਾਨ ਤੇ ਹੈਲਪਰ ਦਾ ਕੰਮ ਕਰੋਗੇ ਤਾਂ ਕਲ੍ਹ ਨੂੰ ਦੁਕਾਨ ਦੇ ਮਾਲਕ ਤੇ ਫਿਰ ਹੋਲ ਸੇਲ ਟ੍ਰੇਡਰ ਤੁਸੀ ਹੀ ਬਣਨਾਂ ਹੈ। ਜੇ ਰੈਸਟੋਰੈਂਟ ‘ਚ ਕੰਮ ਕਰਦੇ ਹੋ ਤਾਂ ਕਲ੍ਹ ਨੂੰ ਤੁਹਾਡਾ ਆਪਣਾ ਰੈਸਟੋਰੈਂਟ ਹੋਵੇਗਾ। ਯਾਦ ਰੱਖੋ ਇਥੇ ਤੁਹਾਨੂੰ ਕਿਸੇ ਨੇ ਮਿਹਣਾ ਨਹੀ ਮਾਰਨਾਂ ਕਿਉਕਿ ਹਰ ਕੋਈ ਮਿਹਨਤ ਦਾ ਕੰਮ ਕਰ ਰਿਹਾ ਹੁੰਦੈ।

21. ਗੋਰੇ ਚਾਪਲੂਸੀਪਣ ਜਾਂ ਚਿਮਚਾਗਿਰੀ ਨੂੰ ਪਸੰਦ ਨਹੀ ਕਰਦੇ। ਜੇ ਇਹਨਾਂ ਨੂੰ ਪਤਾ ਲਗ ਜਾਏ ਕਿ ਬੰਦਾ ਝੂਠ ਬੋਲਦਾ ਹੈ ਤਾਂ ਉਹਨੂੰ ਬਹੁਤ ਨਫਰਤ ਕਰਦੇ ਹਨ। 

22. ਇਨਾਂ ਦੇ ਸਮਾਜ ਦੀ ਸਭ ਤੋਂ ਵੱਡੀ ਕਮਜੋਰੀ ਮਰਦ-ਮਰਦ (ਗੇਅ) ਜਾਂ ਜਨਾਨੀ-ਜਨਾਨੀ (ਲਿਸਬਨ) ਸਬੰਧ ਅਤੇ ਇਕੱਠਾ ਰਹਿਣਾ ਹੈ।

23. ਗੋਰਿਆਂ ਦੀ ਤਰੱਕੀ ਦਾ ਰਾਜ: ਇਹਨਾਂ ਨੇ ਹਰ ਚੀਜ ਦੇ ਸਟੈਂਡਰਡ ਤਹਿ ਕੀਤੇ ਹੋਏ ਹਨ।(ਇਸ ਕਾਰਨ ਤੁਹਾਨੂੰ ਇਥੇ ਦਰਜੀ, ਲੁਹਾਰ, ਤਰਖਾਣ, ਆਦਿ ਨਹੀ ਮਿਲਣਗੇ। ਹਰ ਕੰਮ ਸਟੈਂਡਰਡ ਦੇ ਤਹਿਤ ਫੈਕਟਰੀਆਂ ਵਿਚ ਹੀ ਤਿਆਰ ਹੁੰਦਾ ਹੈ) ਹਰ ਗੋਰਾ ਜਾਂ ਗੋਰੀ ਸਿਰਫ ਇਕ ਕੰਮ ਹੀ ਕਰ ਸਕਦੇ ਨੇ (ਸਪੈਸ਼ਲਾਈਜੇਸ਼ਨ)। ਇਹ ਦੂਸਰੇ ਦਾ ਕੰਮ ਬਿਲਕੁਲ ਨਹੀ ਜਾਣਦੇ, ਜੋ ਇਹਨਾਂ ਦੀ ਵੱਡੀ ਕਮਜੋਰੀ ਵੀ ਹੈ। ਇਹੋ ਕਾਰਨ ਹੈ ਇਹ ਇਕ ਕੱਪ ਚਾਹ / ਕਾਫੀ ਵੀ ਘਰ ਨਹੀ ਬਣਾ ਸਕਦੇ। ਕਾਫੀ ਪੀਣ ਲਈ ਇਹਨਾਂ ਨੂੰ ਰੈਸਟੋਰੈਂਟ ਜਾਣਾ ਹੀ ਪੈਂਦਾ ਹੈ। ਖਾਣਾ ਬਣਾਉਣਾ ਤਾਂ ਦੂਰ ਦੀ ਗਲ ਹੈ।

24. ਇਹਨਾਂ ਦੇ ਖਾਣੇ ਦਾ ਮੁੱਖ ਹਿੱਸਾ ਮੀਟ ਹੈ। ਸੋ ਜੇ ਤੁਸੀ ਮੀਟ ਖਾਣ ਨੂੰ ਨਫਰਤ ਕਰਦੇ ਹੋ ਤਾਂ ਆਪਣਾ ਨਜਰੀਆ ਬਦਲੋ ਬੇਸ਼ੱਕ ਨਾਂ ਖਾਓ ਪਰ ਨਫਰਤ ਨਹੀ ਕਰਨੀ। ਮੰਨ ਤੇ ਬੋਝ ਨਹੀ ਰੱਖਣਾ ਕਿਉਕਿ ਇਤਹਾਸ ‘ਚ ਆਉਦਾ ਹੈ ਕਿ  ਪਹਿਲੀ, ਦੂਜੀ, ਛੇਵੀਂ ਅਤੇ ਦਸਵੀਂ ਪਾਤਸ਼ਾਹੀ ਨੇ ਛਕਿਆ ਸੀ। ਨਾਲੇ ਦੇਖੋ ਅੰਗ:1289 ਸ.ਗੁ.ਗ੍ਰੰਥ ਸਾਹਿਬ।25. ਇਹ ਖਾਂਦੇ ਮੀਟ ਹਨ ਪਰ ਜਾਨਵਰਾਂ ਨਾਲ ਬਹੁਤ ਪਿਆਰ ਤੇ ਦਇਆ ਕਰਦੇ ਹਨ। ਇਸ ਮੁਲਕ ਵਿਚ ਕਿਸੇ ਜਾਨਵਰ (ਘੁੱਗੀ, ਕਬੂਤਰ, ਢੀਂਗਾ, ਕੁੱਤੇ ਬਿੱਲੀ ) ਤੇ ਜ਼ੁਲਮ ਕਰਨ ਦੀ ਸਜਾ 6 ਮਹੀਨੇ ਜੇਲ ਜਾਂ 50,000 ਡਾਲਰ ਜੁਰਮਾਨਾ ਹੈ।

26.ਗੋਰਿਆਂ ਦੀ ਸਭ ਤੋਂ ਵੱਡੀ ਤਾਕਤ ਜਾਂ ਕਹਿ ਲਓ ਸਿਫਤ ਇਹਨਾਂ ਦਾ ਅਨੁਸ਼ਾਸਨ ਹੈ। ਸਭ ਤੋਂ ਹੈਰਾਨੀ ਦੀ ਗਲ ਕਿ ਇਹ ਹਰ ਸਰਕਾਰੀ ਕਨੂੰਨ ਦੀ ਪ੍ਰੋੜਤਾ ਕਰਦੇ ਹਨ। ਮੈਂ ਹੈਰਾਨ ਹਾਂ ਇਹ ਤੁਰੇ ਜਾਂਦੇ ਵੀ ਸ਼ਾਰਟ ਕਟ ਰਸਤਾ ਅਖਤਿਆਰ ਨਹੀ ਕਰਦੇ ਤੇ ਸਿਰਫ ਪਟੜੀ ਤੇ ਹੀ ਚਲਦੇ ਹਨ। ਤੁਸੀ ਕੋਈ ਛੋਟਾ ਮੋਟਾ ਜੁਰਮ ਕਰੋ, ਗੋਰਾ ਵੇਖ ਲਵੇ ਤਾਂ ਕੀ ਮਜਾਲ ਐ ਕਿ ਉਹ ਪੁਲਿਸ ਨੂੰ ਰਿਪੋਰਟ ਨਾਂ ਦੇਵੇ। ਤੁਸੀ ਲਾਲਚ ਦੇ ਕੇ ਵੀ ਉਹਦਾ ਮੂੰਹ ਬੰਦ ਨਹੀ ਕਰ ਸਕਦੇ। 

ਭਾਰਤ ਦੇ ਉਲਟ ਇਥੇ ਸਰਕਾਰ ਕੋਈ ਵੀ ਆਪ ਹੁਦਰਾ ਫੈਸਲਾ ਲੈ ਕੈ ਕੰਮ ਨਹੀ ਕਰਦੀ। ਸੱਚੀ ਗਲ ਤਾਂ ਇਹ ਕਿ ਸਰਕਾਰ ਕੋਈ ਅਜਿਹਾ ਕੰਮ ਕਰਦੀ ਹੀ ਨਹੀ ਜਿਹਦੀ ਸੈਂਕਸ਼ਨ ਪਾਰਲੀਮੈਂਟ ਜਾਂ ਅਸੈਂਬਲੀ ਵਲੋਂ ਨਾਂ ਹੋਵੇ। ਸਰਕਾਰ ਸੱਚ ਮੁੱਚ ਗੋਰਿਆਂ ਦੀ ਨੌਕਰ ਹੈ। ਮਾਪਿਆਂ ਵਾਂਙੂ ਸਰਕਾਰ ਹੀ ਇਹਨਾਂ ਦੀ ਹਰ ਗਲ ਦਾ ਧਿਆਨ ਰੱਖਦੀ ਹੈ। ਇਹਨਾਂ ਦੇ ਬੱਚਿਆਂ ਦਾ ਇਹਨਾਂ ਨੂੰ ਫਿਕਰ ਨਹੀ ਓਨਾਂ ਦਾ ਫਿਕਰ ਸਰਕਾਰ ਨੂੰ ਹੁੰਦੈ। ਬੱਚਿਆਂ ਦਾ ਦਿਮਾਗ ਵੀ ਸਕੂਲਾਂ ਵਿਚ ਘੜਿਆ ਜਾਂਦਾ ਹੈ। ਸਮਾਜ ਵਿਚ ਵਿਚਰਨ ਦਾ ਹਰ ਗੁਰ ਬੱਚੇ ਨੂੰ ਸਕੂਲ ਵਿਚ ਹੀ ਦੱਸਿਆ ਜਾਂਦਾ ਹੈ। ਇਥੋਂ ਤਕ ਕਿ ਸੈਕਸ ਬਾਰੇ ਵੀ ਸਿਖਿਆ ਦਿੱਤੀ ਜਾਂਦੀ ਹੈ। ਸਕੂਲ ਨਿਕਲਨ ਤੋਂ ਪਹਿਲਾਂ ਹੀ ਉਹਨਾਂ ਲਈ ਨੌਕਰੀ ਦਾ ਬੰਦੋਬਸਤ ਕਰ ਦਿੱਤਾ ਜਾਂਦਾ ਹੈ। ਇਹ ਜਿਆਦਾਤਰ ਪਾਰਟ ਟਾਈਮ ਨੌਕਰੀਆਂ ਹੁੰਦੀਆਂ ਨੇ।

ਜਿਸ ਹਿਸਾਬ ਇਸ ਸਮਾਜ ਦਾ ਹਰ ਫੈਸਲਾ ਸਾਰਿਆਂ ਵਾਸਤੇ ਉੱਤੇ ਹੀ ਤਹਿ ਹੁੰਦਾ ਹੈ ਕੋਈ ਸੌ ਸਾਲ ਬਾਦ ਗੋਰਾ ਬੰਦਾ ਮਹਿਜ ਮਸ਼ੀਨ ਦਾ ਇਕ ਪੁਰਜਾ ਬਣ ਕੇ ਰਹਿ ਜਾਵੇਗਾ ਜਿਸ ਵਿਚ ਜ਼ਜ਼ਬਾਤ ਨਾਂ ਦੀ ਕੋਈ ਗਲ ਹੀ ਨਹੀ ਹੋਵੇਗੀ। ਲੜ੍ਹਾਈ ਝਗੜੇ ਬਿਲਕੁਲ ਖਤਮ ਹੀ ਹੋ ਜਾਣਗੇ।

ਇਹ ਸਿੱਖਾਂ ਦਾ ਪੂਰਾ ਸਤਿਕਾਰ ਕਰਦੇ ਨੇ

• ਇਹਨਾਂ ਦੇ ਬੱਚਿਆਂ ਨੂੰ ਸੰਸਾਰ ਯੁੱਧ (ਵਰਲਡ ਵਾਰ 1 ਅਤੇ 2) ਬਾਰੇ ਕਲਾਸ, ਟੀ ਵੀ ਅਤੇ ਫਿਲਮਾਂ ਰਾਂਹੀ ਖੂਬ ਪੜਾਇਆ ਜਾਂਦਾ ਹੈ। ਕਿਉਕਿ ਵਰਡ ਵਾਰਾਂ ਵਿਚ ਸਿੱਖ ਫੌਜੀ ਬਹੁਤ ਸਨ ਜੋ ਗੋਰਿਆਂ ਦੇ ਪੱਖ ਵਿਚ ਲੜੇ ਇਸ ਕਰਕੇ ਇਹ ਸਿੱਖਾਂ ਦੀ ਪੱਗ ਅਤੇ ਕੇਸਾਂ ਦੀ ਕਦਰ ਕਰਦੇ ਹਨ। 1947 ‘ਚ ਤਾਂ ਇਹ ਸਿੱਖ ਰਾਜ ਵੀ ਦੇ ਰਹੇ ਸਨ ਪਰ ਸਾਡੇ ਲੀਡਰ ਗਰਕ ਗਏ ਸਨ।

• ਇਹ ਤੁਹਾਨੂੰ ਪਤਾ ਹੀ ਹੈ ਭਾਰਤ ਵਿਚ ਗੈਰ-ਸਿੱਖ ਫਿਰਕੇ ਉਸ ਸਿੱਖ ਨੂੰ ਉਤਸ਼ਾਹ ਦਿੰਦੇ ਹਨ ਜੇ ਉਹ ਕੇਸ ਕਟੇ ਤਾਂ। (ਸਬੂਤ: ਭਾਰਤੀ ਫਿਲਮਾਂ ਅਤੇ ਟੀ ਵੀ ਸੀਰੀਅਲ) ਪਰ ਗੋਰੇ ਵਾਲ ਕੱਟੇ ਸਿੱਖ ਦੀ ਕਦਰ ਨਹੀ ਕਰਦੇ। ਜੇ ਤੁਸੀ ਕੇਸ ਕੱਟਦੇ ਹੋ ਤਾਂ ਕਿਸੇ ਗੋਰੇ ਨੂੰ ਮਤ ਦੱਸਣਾ ਕਿ ਤੁਸੀ ਸਿੱਖ ਹੋ।

• ਇਹਨਾਂ ਨੂੰ ਇਹ ਪੜ੍ਹ ਕੇ ਦੁੱਖ ਅਤੇ ਹੈਰਾਨੀ ਹੁੰਦੀ ਹੈ ਕਿ ਭਾਰਤ ਵਿਚ ਜਾਤ ਪਾਤ ਦੇ ਨਾਂ ਤੇ ਵੰਡੀਆਂ ਅਤੇ ਵਿਤਕਰੇਬਾਜੀ ਹੈ। ਪੜੇ ਲਿਖੇ ਗੋਰੇ ਭਾਰਤ ਅਤੇ ਪਾਕਿਸਤਾਨ ਤੇ ਵਿਅੰਗ ਵੀ ਕਸਦੇ ਹਨ ਕਿ ਇਹਨਾਂ ਦੋਵਾਂ ਮੁਲਕਾਂ ਵਿਚ ਅੱਤ ਦੀ ਗਰੀਬੀ ਹੈ ਪਰ ਇਹਨਾਂ ਪਿਓ ਵਾਲੇ ਐਟਮ ਬੰਬ ਬਣਾ ਰੱਖੇ ਨੇ। ਜੇ ਤੁਸੀ ਇਹ ਦੱਸੋ ਕਿ ਭਾਰਤ ਵਿਚ ਗੁਰੂ ਗ੍ਰੰਥ ਸਾਹਿਬ ਦੀ ਰੋਜ ਮਿੱਥ ਕੇ ਬੇਅਦਬੀ ਕਰਾਈ ਜਾ ਰਹੀ ਤਾਂ ਗੋਰਾ ਤਾਂ ਸੋਚ ਸੋਚ ਹੀ ਬੇਹੋਸ਼ ਹੋ ਜਾਊ।

• ਇਕ ਗਲ ਹੋਰ: ਬਦਕਿਸਮਤੀ ਨਾਲ ਪਿਛਲੀਆਂ ਅੱਤਵਾਦ ਦੀਆਂ ਘਟਨਾਵਾਂ ਕਰਕੇ ਸਾਡੇ ਮੁਸਲਮਾਨਾਂ ਵੀਰਾਂ ਦਾ ਅਕਸ ਖਰਾਬ ਹੋਇਆ ਹੈ। ਜਿਸ ਕਰਕੇ ਕਿਤੇ ਕਿਤੇ ਭੋਲਾ ਭਾਲਾ ਗੋਰਾ, ਮੁਸਲਮਾਨ ਜਵਾਨਾਂ ਨੂੰ ਡਰ ਭਰੀ ਨਿਗਾਹ ਨਾਲ ਵੇਖਦਾ ਹੈ। ਜੇ ਤੁਹਾਡੀ ਦਾਹੜੀ ਕੁਤਰੀ ਹੋਈ ਹੈ ਅਤੇ ਤੁਹਾਡਾ ਕੱਦ ਕਾਠ ਵੀ ਠੀਕ ਹੀ ਹੈ ਤਾਂ ਤੁਹਾਨੂੰ ਮੁਸਲਮਾਨ ਹੀ ਸਮਝਿਆ ਜਾਵੇਗਾ। 

• ਸੋ ਜੇ ਤੁਸੀ ਹਿੰਦੂ ਮੁਸਲਮਾਨ ਤੋਂ ਵੱਖਰਾ ਦਿਸਣਾ ਚਾਹੁੰਦੇ ਹੋ ਤਾਂ ਪੱਗ ਜਰੂਰ ਬੰਨੋ। ਜੇ ਤੁਸੀ ਪਬਲਿਕ ਵਿਚ ਵਿਚਰਦੇ ਹੋ ਤਾਂ ਤੁਹਾਡੇ ਵਾਸਤੇ ਇਹ ਹੋਰ ਵੀ ਜਰੂਰੀ ਹੈ।

• ਯਾਦ ਰੱਖੋ ਸਿੱਖੀ ਹਰ ਇਨਸਾਨ ਨੂੰ ਪਿਆਰ ਕਰਨਾਂ ਸਿਖਾਉਦੀ ਹੈ ਕਿਸੇ ਨਾਲ ਭੇਦ ਭਾਵ ਨਹੀ। ਸਾਡੇ ਨਾਲ ਧੱਕਾ ਭਾਰਤ ਸਰਕਾਰ ਕਰ ਰਹੀ ਹੈ ਸਾਰੇ ਭਾਰਤੀ ਲੋਕ ਨਹੀ। (ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ ॥ ਅਤੇ “ਜਿਨੁ ਪ੍ਰੇਮ ਕੀਓ ਤਿਨਿ ਹੀ ਪ੍ਰਭੁ ਪਾਇਓ॥)

--ਭਬੀਸ਼ਨ ਸਿੰਘ ਗੁਰਾਇਆ


Share this article :

No comments:

Post a Comment

 

Punjab Monitor