Home » » ਕੇਂਦਰ ਦਾ ਟਾਊਟ ਬਣ ਚੁੱਕਾ ਸੀ ਬਾਦਲ

ਕੇਂਦਰ ਦਾ ਟਾਊਟ ਬਣ ਚੁੱਕਾ ਸੀ ਬਾਦਲ




ਕੇਂਦਰ ਦਾ ਟਾਊਟ ਬਣ ਚੁੱਕਾ ਸੀ ਬਾਦਲ
ਇਥੇ ਬੀ. ਐਸ. ਗੁਰਾਇਆ ਦੇ ਲਿਖੇ ਚਾਰ ਲੇਖ ਪੇਸ਼ ਕੀਤੇ ਜਾ ਰਹੇ ਹਨ ਜਿਸ ਵਿਚ ਉਸਨੇ ਦਾਵਾ ਕੀਤਾ ਹੈ ਕਿ 1. ਬਾਦਲ ਤਾਂ ਕੇਂਦਰ ਦਾ ਟਾਊਟ ਬਣ ਚੁੱਕਾ ਸੀ, 2. ਕੀ ਕਾਰਨ ਬਾਦਲ ਨੂੰ ਕਿਓ ਐਨੇ ਲੋਕ ਯਾਦ ਕਰ ਰਹੇ ਨੇ, 3. ਕੀ ਕਿਸੇ ਹੋਰ ਸਿੱਖ ਲੀਡਰ ਦੀ ਮੌਤ ਤੇ ਵੀ ਆਰ ਐਸ ਐਸ ਨੇ ਸੋਗ ਮਨਾਇਆ ਹੈ? 4.   ਅਧੂਰੇ ਸੁਫਨੇ ਨਾਲ ਰੁਖਸਤ ਹੋਇਆ ਬਾਦਲ ਸਾਬ  ਅਤੇ 5. ਬਾਦਲ ਮਾਰਕਾ ਰਾਜਨੀਤੀ ਦੀ ਜੜ੍ਹ।

—-1—-

ਬਾਦਲ ਸਾਡੇ ਸ਼ਰੀਕ ਦਾ ਮੁਖਬਰ ਸੀ, 

(ਲਿਖਾਰੀ ਰਵਿੰਦਰ ਬਸਰਾ ਦੇ ਬਾਦਲੀ ਸੋਹਲਿਆਂ ਦਾ ਜਵਾਬ)

ਤੁਹਾਡੇ ਵਰਗੇ ਲਿਖਾਰੀਆਂ ਦੀ ਸੋਚ ਤੇ ਤਰਸ ਆਉਦੈ ਜੋ ਹਮੇਸ਼ਾਂ ਚੜੇ ਸੂਰਜ ਨੂੰ ਸਲਾਮਾਂ ਕਰਦੇ ਨੇ। ਬਾਦਲ ਨੇ ਸਾਰੀ ਉਮਰ ਭੋਲੀ ਜਨਤਾ ਨੂੰ ਮੂਰਖ ਬਣਾਇਆ ਹੈ ਇਹੋ ਜਿਹੇ ਪੱਖ ਲਿਖਾਰੀਆਂ ਉਜਾਗਰ ਕਰਨੇ ਹੁੰਦੇ ਨੇ। ਪਰ ਤੁਸੀ….। ਸਮਝ ਨੀ ਆਉਦੀ ਤੁਸੀ ਲੋਕ ਕਿਵੇ ਭੁਲ ਜਾਂਦੇ ਹੋ ਕਿ ਬਾਦਲ ਉਹੋ ਬੰਦਾ ਸੀ ਜਿਸ ਨੇ ਕਿਸੇ ਵੇਲੇ ਭਾਰਤੀ ਸੰਵਿਧਾਨ ਦੀ ਧਾਰਾ 25 ਦਿੱਲੀ ਜਾ ਕੇ ਸਾੜੀ, 1992 (?) ਵਿਚ ਯੂ ਐਨ ਓ ਦੇ ਸਕੱਤਰ ਜਨਰਲ ਬੁਤਰਸ ਬੁਤਰਸ ਘਾਲੀ ਨੂੰ ਖਾਲਿਸਤਾਨ ਦੇ ਹੱਕ ਵਿਚ ਮੈਮੋ ਦਿੱਤਾ। ਇਹਦਾ ਮਤਲਬ ਇਹ ਨਹੀ ਕਿ ਉਹ ਅੰਦਰੋਂ ਪੰਜਾਬੀਅਤ ਦੀ ਖੁਦਮੁਖਤਿਆਰੀ ਚਾਹੁੰਦਾ ਸੀ। ਉਹ ਤਾਂ ਅਗਲਿਆਂ ਦਾ ਸੇਫਟੀ ਵਾਲ (ਮੁਖਬਰ) ਸੀ। ਜੋ ਵੀ ਸਿੱਖਾਂ ਦੀ ਪਾਲਿਸੀ ਸਟੇਟਮੈਂਟ ਚਾਹੀਦੀ ਸੀ ਉਹ ਅਗਲੇ ਬਾਦਲ ਦੇ ਮੂੰਹੋ ਕਢਵਾਉਦੇ ਸਨ। ਤੁਸੀ ਭੁੱਲ ਚੁੱਕੇ ਹੋ ਕਿ ਬਾਦਲ ਨੇ 1984 ‘ਚ ਸਿੱਖ ਫੌਜੀਆਂ ਨੂੰ ਬਗਾਵਤ ਕਰਨ ਦੀ ਅਪੀਲ ਕੀਤੀ ਸੀ। ਸ਼ਾਇਦ ਤੁਸੀ ਇਹ ਵੇਖ ਕੇ ਕਬੂਤਰ ਵਾਂਙੂ ਅੱਖਾਂ ਮੀਟ ਲੈਂਦੇ ਹੋ ਕਿ ਸੰਨ 2000 ਵਿਚ ਜਦੋਂ ਜੰਮੂ ਕਸ਼ਮੀਰ ਅਸੈਂਬਲੀ ਨੇ ਆਟੋਨੋਮੀ ਬਿੱਲ ਪਾਸ ਕੀਤਾ ਤਾਂ ਬਾਦਲ ਤੇ ਟੌਹੜੇ ਨੇ ਅਗਲੇ ਹੀ ਦਿਨ ਬਿਆਨ ਦੇ ਦਿਤਾ ਕਿ ਪੰਜਾਬ ਨੂੰ ਵੀ ਆਟੋਨੋਮੀ ਚਾਹੀਦੀ ਹੈ। ਜਿਸ ਤੇ ਭਾਰਤੀ ਲੀਡਰਾਂ ਨਾਲ ਹੀ ਬਿਆਨ ਦੇ ਦਿੱਤਾ ਕਿ ਇਸ ਤਰਾਂ ਤਾਂ ਸਾਰੇ ਸੂਬੇ ਆਟੋਨੋਮੀ ਮੰਗਣਗੇ। ਸੰਨ 2016 ਵਿਚ ਜਦੋਂ ਪਾਕਿਸਤਾਨ ਨਾਲ ਖਿਚਾਅ ਵਧਿਆ ਤਾਂ ਅਜੈਂਸੀਆਂ ਨੇ ਸਰਹੱਦੀ ਸੂਬਿਆਂ ਨੂੰ ਮਾੜੀ ਜਿਹੀ ਸਲਾਹ ਦਿੱਤੀ ਕਿ ਸਰਹੱਦ ਨਾਲ ਲਗਦੇ ਪਿੰਡ ਸ਼ਾਇਦ ਖਾਲੀ ਕਰਵਾਉਣੇ ਪੈ ਜਾਣ। ਹੋਰ ਕਿਸੇ ਵੀ ਸੂਬੇ ਭਾਵ ਜੰਮੂ ਕਸ਼ਮੀਰ, ਰਾਜਸਥਾਨ ਅਤੇ ਗੁਜਰਾਤ ਨੇ ਅਜੈਂਸੀਆਂ ਦੀ ਇਸ ਗਲ ਦੀ ਪ੍ਰਵਾਹ ਨਾਂ ਕੀਤੀ ਪਰ ਬਾਦਲ ਨੇ 1000 ਪਿੰਡ ਖਾਲੀ ਕਰਵਾ ਕੇ ਪੰਜਾਬੀਆਂ ਨੂੰ ਸੜ੍ਹਕਾਂ ਤੇ ਬੈਠਣ ਲਈ ਮਜਬੂਰ ਕਰ ਦਿਤਾ ਸੀ। ਐਨੀ ਵਫਾਦਾਰੀ ਨਿਭਾਈ ਇਸ ਨੇ।ਤੁਸੀ ਭੁਲ ਰਹੇ ਹੋ ਕਿ ਬਾਦਲ (ਉਤੋਂ ਉਤੋਂ) ਆਖਰੀ ਸਮੇਂ ਤਕ ਸੰਘੀ ਢਾਂਚੇ ਦੀ ਵਕਾਲਤ ਕਰਦਾ ਰਿਹਾ ਪਰ ਏਸੇ ਦੀ ਪਾਰਟੀ ਨੇ ਜਦੋਂ ਕਸ਼ਮੀਰ ਵਿਚ ਧਾਰਾ 370 ਹਟਾਈ ਤਾਂ ਬੀ ਜੇ ਪੀ ਦੇ ਲਿਆਂਦੇ ਬਿੱਲ ਦੇ ਹੱਕ ਵਿਚ ਵੋਟ ਪਾਈ। ਸਿਰਸੇ ਵਾਲੇ ਬਦਮਾਸ਼ ਸਾਧ ਦੇ ਚੇਲਿਆਂ ਬੇਅਦਬੀ ਕੀਤੀ। ਇਹ ਹੁਣ ਸਾਬਤ ਹੋ ਚੁੱਕਾ ਹੈ ਕਿ ਇਸ ਨੇ ਪੁਲਿਸ ਨੂੰ ਕਾਰਵਾਈ ਕਰਨ ਤੋਂ ਰੋਕਿਆ।  ਬੇਅਦਬੀ ਕਰਨ ਵਾਲੇ ਪਿਆਰੇ ਭਨਿਆਰੀ ਦੀ 1999 ਵਿਚ ਨੰਗੀ ਕਨੂੰਨੀ ਮਦਦ ਕੀਤੀ। ਸਿਰਸੇ ਵਾਲੇ ਨੇ ਕੋਈ ਮੁਆਫੀ ਨਹੀ ਸੀ ਮੰਗੀ ਸਿੱਖ ਸੰਗਤ ਕੋਲੋਂ। ਉਹਦੀ ਝੂਠੀ ਮੁਆਫੀ ਚਿੱਠੀ ਆਪੇ ਬਣਵਾਈ ਤੇ ਉਸ ਮਾਫੀ ਦੇ ਹੱਕ ਵਿਚ ਸ਼੍ਰੋਮਣੀ ਕਮੇਟੀ ਦਾ 90 ਲੱਖ ਰੁਪਿਆ ਇਸ਼ਤਿਹਾਰਾਂ ਤੇ ਹੀ ਲੁਆ ਦਿਤਾ। ਕਿਸਾਨ ਅੰਦੋਲਨ ਮੌਕੇ ਪਹਿਲਾਂ ਸਰਕਾਰ ਦਾ ਪੱਖ ਲਿਆ ਜਦੋਂ ਵੇਖਿਆ ਕਿ ਸਾਰੀ ਲੋਕਾਈ ਕਿਸਾਨਾਂ ਦੇ ਹੱਕ ਵਿਚ ਹੈ ਤਾਂ ਝੱਟ ਆਪਣਾ ਪੱਖ ਬਦਲ ਲਿਆ। ਪਰ ਨਾਲ ਹੀ ਭਾਜਪਾ ਨਾਲ ਗੂੜੇ ਸਬੰਧ ਜਾਰੀ ਰੱਖੇ।ਜਦੋਂ ਬੰਗਾਲ ਦੀ ਮਮਤਾ ਬੈਨਰਜੀ ਨੇ ਕਿਸਾਨ ਅੰਦੋਲਨ ਦੀ ਹਾਮੀ ਭਰੀ ਤਾਂ ਅਕਾਲੀ ਦਲ ਨੇ ਝੱਟ ਐਲਾਨ ਕਰ ਦਿਤਾ ਕਿ ਅਕਾਲੀ ਦਲ ਛੇਤੀ ਹੀ ਪੂਰੇ ਭਾਰਤ ਵਿਚ ਅੰਦੋਲਨ ਖੜਾ ਕਰੇਗਾ ਕਿ ਭਾਰਤ ਨੂੰ ਯੂਨੀਟਰੀ ਦੇ ਥਾਂ ਤੇ ਸੰਘੀ ਲੋਕ ਰਾਜ ਬਣਾਇਆ ਜਾਏ। ਐਲਾਨ ਕੀਤਾ ਕਿ ਇਹਦੀ ਸ਼ੁਰੂਆਤ ਬੰਗਾਲ ਤੋਂ ਕੀਤੀ ਜਾਏਗੀ ਤਾਂ ਛੇਤੀ ਹੀ ਪ੍ਰੇਮ ਸਿੰਘ ਚੰਦੂਮਾਜਰਾ ਦੀ ਅਗਵਾਈ ਵਿਚ ਵਫਦ ਕਲਕਤੇ ਭੇਜਿਆ। ਖੁਸ਼ਕਿਸਮਤੀ ਨਾਲ ਮਮਤਾ ਨੇ ਇਹਨਾਂ ਨੂੰ ਘਾਹ ਨਾਂ ਪਾਇਆ।(ਇਸ ਚਾਲ ਨੂੰ ਸਿਰਫ ਰਾਜਨੀਤੀ ਗਿਆਨ ਰੱਖਣ ਵਾਲੇ ਹੀ ਆਸਾਨੀ ਨਾਲ ਸਮਝ ਸਕਦੇ ਹਨ। ਭਾਵ ਮਮਤਾ ਨੂੰ ਭਾਰਤ ਵਿਚ ਬਦਨਾਮ ਕਰਨਾਂ ਸੀ ਕਿ ਮਮਤਾ ਵੀ ਅਜਾਦ ਬੰਗਾਲ ਬਣਾਉਣਾ ਚਾਹੁੰਦੀ ਹੈ।) ਅਕਾਲੀ ਦਲ ਨਾਂ ਹੋਇਆ ਇਹ ਤਾਂ ਟਾਊਟੀ ਦਲ ਬਣ ਚੁੱਕਾ ਹੈ।  ਇਸ ਤੋਂ ਵੱਡਾ ਦੋਗਲਾ ਬੰਦਾ ਤੁਸੀ ਕਿਸ ਨੂੰ ਕਹੋਗੇ? ਇਕ ਲਿਖਾਰੀ ਹੋਣ ਦੇ ਨਾਤੇ ਤੁਸੀ ਅੱਖਾਂ ਫੇਰੀ ਬੈਠੇ ਹੋ ਕਿ ਏਸੇ ਬਾਦਲ ਦੀ ਰਹਿਨੁਮਾਈ ਹੇਠ ਸ਼੍ਰੋਮਣੀ ਕਮੇਟੀ ਧੜਾ ਧੜ ਪੰਜਾਬ ਦੀ ਇਤਹਾਸਿਕ ਇਮਾਰਤ ਵਿਰਾਸਤ ਢਾਹ ਰਹੀ ਹੈ। ਤੁਹਾਡੇ ਕੋਲ ਕੀ ਜਵਾਬ ਹੈ ਜਦੋਂ ਮੈਂ ਕਹਾਂ ਕਿ 400 ਸਾਲ ਪੁਰਾਣਾ ਲੋਹਗੜ੍ਹ ਕਿਲਾ (ਅੰਮਿਤਸਰ) ਏਸੇ ਦੋਗਲੇ ਬੰਦੇ ਦੀ ਪਾਲਿਸੀ ਅਨੁਸਾਰ ਢਾਹਿਆ ਗਿਆ। ਆਰ ਐਸ ਐਸ ਨੇ ਬਾਦਲ ਦੇ ਚਲਾਣੇ ਤੇ ਸੋਗ ਪੱਤ੍ਰ ਜਾਰੀ ਕੀਤਾ ਹੈ; ਜੇ ਤੁਸੀ ਅਜੇ ਵੀ ਨਹੀ ਸਮਝ ਰਹੇ ਤਾਂ ਮੈਂ ਕੀ ਕਹਾਂ? ਬਾਦਲ ਸਿਰਫ ਪੰਜਾਬੀਅਤ ਦੇ ਸ਼ਰੀਕ ਦਾ ਮੁਖਬਰ ਸੀ, ਇਸ ਤੋਂ ਇਲਾਵਾ ਕੁਝ ਵੀ ਨਹੀ। (ਤਿੱਖੀ ਸ਼ਬਦਾਵਲੀ ਲਈ ਅਫਸੋਸ ਹੈ)– 

——-2———

------<>ਲੋਕ ਬਾਦਲ ਨੂੰ ਕਿਓ ਏਨਾ ਯਾਦ ਕਰ ਰਹੇ ਨੇ? ਸਿਰਫ ਮਤਲਬ-<>--------

ਕਿਉਕਿ ਪ੍ਰਕਾਸ਼ ਸਿੰਘ ਬਾਦਲ ਨੇ ਏਨਾ ਟਾਈਮ ਸਰਕਾਰੀ ਜਾਂ ਸਾਂਝੇ ਕੰਮਾਂ ਤੇ ਨਹੀ ਸੀ ਲਾਇਆ ਜਿੰਨਾ ਉਸ ਨੇ ਨਿੱਜੀ ਸਬੰਧਾਂ ਨੂੰ ਪੱਕੇ ਕਰਨ ਤੇ ਲਾਇਆ। ਬਾਦਲ ਹਰ ਛੋਟੇ ਵੱਡੇ ਵਰਕਰ ਦੇ ਨਿੱਜੀ ਸਾਰਥ ਤੇ ਹਰ ਹਾਲਤ ਵਿਚ ਪਹੁੰਚਦਾ ਸੀ। ਬਾਦਲ ਬਾਰੇ ਮਸ਼ਹੂਰ ਸੀ ਕਿ  ਵਿਆਹ ਵਾਲੇ ਘਰ ਪਹੁੰਚਣ ਤੋਂ ਪਹਿਲਾਂ ਇਕ ਦੋ ਵਰਕਰ ਜਾਂ ਲੀਡਰ ਆਪਣੀ ਗੱਡੀ ਵਿਚ ਨਾਲ ਬੈਠਾ ਲੈਂਦਾ ਤੇ ਅਕਸਰ ਬਾਦਲ ਦਾ ਬਟੂਆ ਘਰ ਰਹਿ ਜਾਂਦਾ ਸੀ ਤੇ ਨਾਲ ਦੇ ਵਰਕਰ ਨੂੰ ਕਹਿ ਦਿੱਤਾ ਜਾਂਦਾ “ਯਾਰ ਵੇਖੀ 500 ਦਾ ਨੋਟ ਹੋਵੇ ਤਾਂ?”

ਇਸ ਪਰਕਾਰ ਬਾਦਲ ਇਕ ਤੀਰ ਨਾਲ ਕਈ ਕਈ ਨਿਸ਼ਾਨੇ ਫੁੰਡਦਾ। ਗੱਡੀ ਵਿਚ ਨਾਲ ਬੈਠਾਇਆ ਬੰਦਾ ਵੀ ਉਹਦਾ ਹੋ ਗਿਆ ਤੇ ਜਿਹਦੇ ਘਰ ਗਿਆ ਸੀ ਉਹ ਵੀ।ਓਥੇ ਮੌਜੂਦ ਲੋਕਾਂ ਨੂੰ ਵੀ ਜੱਫੀਆਂ ਪਾਈਆ। ਕਹਿੰਦੇ ਨੇ ਕਿ ਸਵੇਰੇ ਸਵੱਖਤੇ ਹੀ ਘਰੋ ਨਿਕਲ ਤੁਰਦਾ ਸੀ ਬਾਦਲ।

ਸੰਗਤ ਦਰਸ਼ਨ ਦਾ ਮਕਸਦ ਵੀ ਸਬੰਧ ਪੀਢੇ ਕਰਨਾਂ ਹੀ ਹੁੰਦਾ ਸੀ ਨਹੀ ਤਾਂ ਇਸ ਇਕੱਠ ਵਿਚ ਜੋ ਸਰਕਾਰੀ ਕੰਮ ਨਿਪਟਾਇਆ ਜਾਂਦਾ ਸੀ ਉਹ ਤਾਂ ਇਕ ਤਹਿਸੀਲਦਾਰ ਵੀ ਕਰ ਦੇਵੇ। ਮੁੱਖ ਮੰਤਰੀ ਕੋਲੋਂ ਲੋਕ ਕਨੂੰਨ ਬਣਵਾਉਣ ਦੀ ਉਮੀਦ ਕਰਦੇ ਹਨ, ਨਾ ਕਿ ਨਿੱਜੀ ਮਸਲੇ ਹਲ ਕਰਵਾਉਣ ਦੀ।

ਫਿਰ ਬਾਦਲ ਨੇ ਆਪਣੇ ਵਰਕਰਾਂ ਦੇ ਰਿਸਤੇਦਾਰਾਂ ਨੂੰ ਨੌਕਰੀਆਂ ਵੀ ਖੂਬ ਦਿਵਾਈਆਂ। 1997 ‘ਚ ਜਦੋਂ ਇਸ ਦੀ ਸਰਕਾਰ ਆਈ ਤਾਂ ਇਸ ਬਾਰੇ ਮਸ਼ਹੂਰ ਹੋ ਗਿਆ ਸੀ ਕਿ ਘਰ ਵਿਚ ਨੋਟ ਗਿਣਨ ਵਾਲੀ ਮਸ਼ੀਨ ਲਾ ਲਈ ਸੀ। ਓਦੋਂ ਇਹ ਗਲ ਵੀ ਸਾਹਮਣੇ ਆਈ ਸੀ ਕਿ ਨੋਟ ਸਾਂਭਣ ਲਈ ਥਾਂ ਘੱਟ ਪੈ ਗਈ ਸੀ।

ਬਾਦ ਦੇ ਸਮਿਆਂ ਵਿਚ ਇਕ ਹੋਰ ਖਬਰ ਵੀ ਉਡੀ ਸੀ ਕਿ ਬਾਦਲਾਂ ਦਾ ਨੋਟਾਂ ਨਾਲ ਭਰਿਆ ਟਰੱਕ ਮਹਾਂਰਾਸ਼ਟਰ ਵਿਚ ਫੜਿਆ ਗਿਆ ਸੀ। ਜਿਸ ਨੂੰ ਬਾਦ ਵਿਚ ਗ੍ਰਿਹ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਨੇ ਸਾਂਭ ਲਿਆ ਸੀ।

ਕਹਿਣ ਤੋਂ ਮਤਲਬ ਬਾਦਲ ਨੇ ਸਾਰੀ ਉਮਰ ਲੋਕਾਂ ਨੂੰ ਨਾਲ ਜੋੜਿਆ। ਬੰਦਾ ਅਕਸਰ ਮਤਲਬੀ ਹੁੰਦਾ ਹੈ ਉਹ ਆਪਣੇ ਨਿੱਜੀ ਸਵਾਰਥ ਨੂੰ ਕੌਮ ਦੇ ਸਵਾਰਥ ਤੋਂ ਪਹਿਲਾਂ ਰੱਖ ਲੈਂਦਾ ਹੈ। ਚੇਤੰਨ ਬਾਦਲ ਨੇ ਆਧਰਾ ਪ੍ਰਦੇਸ ਦੇ ਇਕ ਲੀਡਰ ਤੋਂ ਆਈਡੀਆ ਚੁਰਾਇਆ ਅਤੇ ਪੰਜਾਬ ਵਿਚ ਵੋਟ ਬਦਲੇ ਬੋਤਲ ਦਾ ਸਿਧਾਂਤ ਪਾਰਟੀ ਪੱਧਰ ਤੇ ਸ਼ੁਰੂ ਕੀਤਾ। ਐਨ ਵਕਤ ਤੇ ਪੰਜਾਬ ਦੇ ਸਾਰੇ ਹਲਕਿਆਂ ਵਿਚ ਦਾਰੂ ਦੇ ਟਰੱਕ ਪਹੁੰਚ ਜਾਇਆ ਕਰਦੇ ਸਨ। ਕੁਝ ਇਸ ਤਰਾਂ ਦਾ ਸੁਚੱਜਾ ਪ੍ਰਬੰਧ ਰਿਹਾ ਬਾਦਲ ਦਾ।

ਯਾਦ ਹੈ ਪਿੱਛੇ ਜਿਹੇ ਬਿਕਰਮ ਮਜੀਠੀਏ ਦਾ ਜਦੋਂ ਮਸਲਾ ਉਠਿਆ ਤਾਂ ਬਾਦਲਾਂ ਨੇ ਦੁਹਾਈ ਦਿੱਤੀ ਸੀ ਕਿ ਮਜੀਠੀਏ ਨੂੰ ਰੰਜਿਸ਼ ਤਹਿਤ ਫਸਾਇਆ ਜਾ ਰਿਹਾ ਹੈ ਤੇ ਕਿਹਾ ਸੀ “ਸਾਨੂੰ ਅਦਾਲਤਾਂ ਤੇ ਪੂਰਾ ਭਰੋਸਾ ਹੈ ਓਥੋਂ ਇਨਸਾਫ ਜਰੂਰ ਮਿਲੇਗਾ।“ ਮਜੀਠੀਏ ਦਾ ਕੇਸ ਸੁਪਰੀਮ ਕੋਰਟ ਤਕ ਗਿਆ ਪਰ ਓਥੇ ਵੀ ਸਾਬਤ ਹੋ ਗਿਆ ਕਿ ਮਜੀਠੀਏ ਖਿਲਾਫ ਅਜਿਹੇ ਸਬੂਤ ਨੇ ਜਿੰਨਾਂ ਨੂੰ ਝੂਠਲਾਇਆ ਨਹੀ ਜਾ ਸਕਦਾ। ਇਸ ਸਭ ਦੇ ਬਾਵਜੂਦ ਮਜੀਠੇ ਹਲਕੇ ਦੇ ਲੋਕਾਂ ਨੇ ਮਜੀਠੀਏ ਦੇ ਘਰਦੀ ਨੂੰ ਰਿਕਾਰਡ ਵੋਟਾਂ ਨਾਲ ਜਿਤਾਇਆ ਸੀ। ਕਿਉਕਿ ਬਿਕਰਮ ਨੇ ਆਪਣੇ ਹਲਕੇ ਵਿਚ ਬਾਦਲ ਪਾਲਿਸੀ ਤਹਿਤ ਕੰਮ ਕੀਤਾ ਹੋਇਆ ਹੈ ਭਾਵ ਵਰਕਰਾਂ ਨੂੰ ਪੱਕਾ ਕੀਤਾ ਹੋਇਆ ਹੈ। ਸਾਡਾ ਕਹਿਣ ਦਾ ਮਤਲਬ ਕਿ ਲੋਕ ਅਸੂਲ ਨਹੀ ਵੇਖਦੇ ਆਪਣਾ ਸਵਾਰਥ ਵੇਖਦੇ ਹਨ।

ਸੰਨ 2000 ਵਿਚ ਅਸਾਂ ਉਸ ਵੇਲੇ ਦੀ ਵਜੀਰ ਸੁਖਦੇਵ ਸਿੰਘ ਢੀਡਸੇ ਦੀ ਇੰਟਰਵਿਊ ਕੀਤੀ ਅਤੇ ਇਸ ਨੂੰ ਪੰਜਾਬ ਮੋਨੀਟਰ ਦੇ ਮੁੱਖ ਪੰਨੇ ਤੇ ਜਗ੍ਹਾਂ ਦਿੱਤੀ ਸੀ ਅਤੇ ਟਾਈਟਲ ਇਹੋ ਸੀ, “ਨਿੱਜੀ ਕੰਮ ਜਿੰਨੀ ਮਰਜੀ ਕਢਵਾ ਲਓ। ਪੰਜਾਬ ਤੇ ਪੰਥ ਦੀ ਗਲ ਨਾਂ ਕਰੋ।“

ਜਦੋਂ 1995 ਦੀ ਮੋਗਾ ਕਾਨਫ੍ਰੰਸ ਉਪਰੰਤ ਪਾਰਟੀ ਨੂੰ ਅਕਾਲੀ ਜਾਂ ਪੰਥਕ ਦੇ ਥਾਂ ਤੇ ਪੰਜਾਬੀ ਪਾਰਟੀ ਐਲਾਨਿਆ ਉਸ ਉਪਰੰਤ ਬਾਦਲ ਨੇ ਵਰਕਰਾਂ ਨੂੰ ਹਰ ਤਰਾਂ ਨਾਲ ਉਤਸ਼ਾਹ ਦਿੱਤਾ। ਜਦੋਂ ਵੀ ਖੁਦ ਦੀ ਸਰਕਾਰ ਹੁੰਦੀ ਵਰਕਰਾਂ ਨੂੰ ਠਾਣੇ ਠਪਾਣੇ ਅਤੇ ਦਫਤਰਾਂ ਵਿਚ ਦਖਲਅੰਦਾਜ਼ੀ ਕਰਨ ਦੀ ਪੂਰੀ ਖੁਲ ਦੇ ਦਿੱਤੀ। ਇਹ ਬਾਦਲ ਸਾਬ ਨੂੰ ਕਰੈਡਿਟ ਜਾਂਦਾ ਹੈ ਜਿਹੜਾ ਉਸ ਨੇ ਲੀਡਰਾਂ ਦੇ ਖਾਤਿਆਂ ਵਿਚ ਠਾਣੇ ਪਾਏ। ਚੁਣੇ ਹੋਏ ਐਮ ਐਲ ਏ ਨੂੰ ਹੀ ਸਬੰਧਿਤ ਠਾਣੇ ਨਹੀ ਸਨ ਅਲਾਟ ਕੀਤੇ ਸਗੋਂ ਹਾਰੇ ਹੋਏ ਪਾਰਟੀ ਲੀਡਰਾਂ ਨੂੰ ਵੀ ਹਲਕੇ ਦੇ ਠਾਣੇ ਅਲਾਟ ਕਰ ਦਿੱਤੇ।

ਐਨ ਏਸੇ ਅੰਦਾਜ਼ ਵਿਚ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਇਤਹਾਸਿਕ ਗੁਰਦੁਆਰੇ ਅਲਾਟ ਕੀਤੇ ਹੋਏ ਹਨ। ਜਿੱਥੇ ਉਹਨਾਂ ਦੀ ਪੂਰੀ ਮਨ ਮਰਜੀ ਚਲਦੀ ਹੈ। ਸ਼ਾਇਦ ਤੁਹਾਨੂੰ ਪਤਾ ਨਾਂ ਹੋਵੇ ਗੁਰਦੁਆਰਿਆ ਵਿਚ ਇਕ ਇਕ ਪੋਸਟ ਤੇ ਤਿੰਨ ਤਿੰਨ ਬੰਦੇ ਵੀ ਭਰਤੀ ਕੀਤੇ ਜਾ ਸਕਦੇ ਨੇ। ਕਿਉਕਿ ਵਰਕਰਾਂ ਨੂੰ ਸੰਤੁਸ਼ਟ ਜੁ ਰੱਖਣਾ ਹੋਇਆ।

ਪੰਜਾਬੀ ਦੁਨੀਆ ਦੀ ਬਹਾਦਰ ਅਤੇ ਮਿਹਨਤਕਸ਼ ਕੌਮ ਗਿਣੀ ਗਈ ਹੈ ਉਹਨਾਂ ਨੂੰ ਆਟਾ ਦਾਲ ਮੁਫਤ ਵਿਚ ਦੇਣ ਮਤਲਬ ਕਿ ਇਹਨਾਂ ਨੂੰ ਵੀ ਹੱਢ ਹਰਾਮੀ ਬਣਾਇਆ ਜਾ ਸਕੇ।

ਬਾਦਲਾਂ ਦਾ ਮੰਨਣਾ ਹੈ ਕਿ ਭ੍ਰਿਸ਼ਟ ਜਾਂ ਦਾਗੀ ਬੰਦਾ ਜਿਆਦਾ ਵਫਾਦਾਰ ਹੁੰਦਾ ਹੈ। ਏਸੇ ਅਸੂਲ ਦੇ ਤਹਿਤ ਹੀ ਉਹਨਾਂ ਸ਼੍ਰੋਮਣੀ ਕਮੇਟੀ ਅਤੇ ਲਗਦੇ ਵਾਹੇ ਸਰਕਾਰ ਵਿਚ ਗਲਤ ਲੋਕਾਂ ਨੂੰ ਉਤਸ਼ਾਹ ਦਿੱਤਾ; ਉਦਾਹਰਣ ਇਜ਼ਹਾਰ ਆਲਮ ਅਤੇ ਸੁਮੇਧ ਸੈਣੀ ਦੀ ਦਿੱਤੀ ਜਾ ਸਕਦੀ ਹੈ।

ਬਾਦਲ ਨੇ ਆਪਣੇ ਰਾਜ ਵਿਚ ਸਮਾਜਕ ਕਦਰਾਂ ਕੀਮਤਾਂ ਨੂੰ ਜੁੱਤੀ ਦੀ ਨੋਕ ਤੇ ਰੱਖਿਆ ਸੀ। ਵਰਕਰਾਂ ਨੂੰ ਸੰਬੋਧਨ ਹੁੰਦਿਆ ਇਕ ਵੇਰਾਂ ਤਾਂ ਐਨ ਟੀ ਵੀ ਸਾਹਮਣੇ ਉਹਦੇ ਮੂੰਹੋ ਨਿਕਲ ਗਿਆ ਕਿ ਜਾਓ ਬੈਂਕ ਸ਼ੈਂਕ ਲੁੱਟ ਲਓ। ਬੁਰਾਈ ਦਾ ਨਾਂ ਹੀ ਬਾਦਲ ਹੋਣਾ ਚਾਹੀਦੈ।

ਕੋਈ ਸ਼ਰੀਕ ਕੌਮ ਦੂਸਰੇ ਦੇ ਬੇਈਮਾਨ ਲੀਡਰ ਦੀ ਭਾਲ ਕਰਦੀ ਹੈ ਜੋ ਆਪਣੀ ਕੌਮ ਨਾਲ ਗੱਦਾਰੀ ਕਰ ਸਕੇ। ਤਾਂ ਹੀ ਤਾਂ ਆਰ ਐਸ ਐਸ ਨੇ ਕਲ ਬਾਦਲ ਦੇ ਹੱਕ ਵਿਚ ਜਨਤਕ ਸੋਗ ਪੱਤ੍ਰ ਜਾਰੀ ਕੀਤਾ ਹੈ। ਨਹੀ ਤਾਂ ਕਿਹੜਾ ਲੀਡਰ ਹੈ ਜੋ ਆਪਣੀ ਹੀ ਇਤਹਾਸਿਕ ਵਿਰਾਸਤ ਨੂੰ ਬਿਨਾਂ ਮਤਲਬ ਢਾਹੇ। 

ਨੇਕ ਲੀਡਰ ਕੁਲ ਜਨਤਾ ਦੇ ਹੱਕ ਵਿਚ ਫੈਸਲੇ ਲੈਂਦਾ ਹੈ ਬੇਈਮਾਨ ਆਪਣਾ ਜਾਲ ਵਿਛਾਉਦਾ ਹੈ।-


——3——-

 4——

 ----<> ਅਧੂਰੇ ਸੁਫਨੇ ਨਾਲ ਰੁਖਸਤ ਹੋਇਆ ਬਾਦਲ ਸਾਬ <>----

ਭੋਲੀ ਅਤੇ ਜ਼ਜ਼ਬਾਤੀ ਸਿੱਖ ਕੌਮ ਆਪਣੇ ਅੰਦਰਲੇ ਦੁਸ਼ਮਣ ਨੂੰ ਪਛਾਨਣ ਵਿਚ ਸਾਲਾਂ ਲਾ ਦਿੰਦੀ ਹੈ। ਕੌਮ ਦੇ ਇਸ ਵਿਹਾਰ ਦੀ ਹੀ ਉਪਜ ਸੀ ਪ੍ਰਕਾਸ਼ ਸਿੰਘ ਬਾਦਲ ਜੋ 25 ਅਪ੍ਰੈਲ 2023 ਨੂੰ ਚਲ ਵਸਿਆ। ਇਹ ਉਹ ਗੁਪਤ ਦੁਸ਼ਮਣ ਸੀ ਜਿਸ ਨੇ ਕੇਂਦਰ ਨੂੰ ਸੁਨੇਹਾ ਦਿੱਤਾ ਕਿ ਅਕਾਲ ਤਖਤ ਢਾਹੁੰਣ ਖਾਤਰ ਤੁਹਾਨੂੰ ਫੌਜਾਂ ਚੜਾਉਣ ਦੀ ਜਰੂਰਤ ਨਹੀ “ਜਦੋਂ ਅਸੀ ਹੈਂਗੇ ਆਂ”। ਏਹੋ ਕਾਰਨ ਹੈ ਸਾਰੀ ਸਿੱਖ ਕੌਮ ਨੂੰ ਇੰਦਰਾ ਗਾਂਧੀ ਦਾ 1984 ਤਾਂ ਭਲੀ ਭਾਂਤ ਯਾਦ ਹੈ ਪਰ 1999 ਕਿਸੇ ਨੂੰ ਕੰਨੋ ਕੰਨ ਯਾਦ ਨਹੀ ਜਦੋਂ ਅੰਮ੍ਰਿਤਸਰ ਦੇ ਲੋਹਗੜ੍ਹ ਕਿਲ੍ਹੇ ਦਾ ਨਾਮੋ ਨਿਸ਼ਾਨ ਮਿਟਾਇਆ ਗਿਆ ਸੀ। ਸ਼ਹੀਦਾਂ ਦੀ ਜਥੇਬੰਦੀ ਅਕਾਲੀ ਦਲ ਵਿਚ ਭ੍ਰਿਸ਼ਟਾਚਾਰ, ਨਾਸਤਕਵਾਦ ਅਤੇ ਮੁਖਬਰੀ ਵਾੜ ਕੇ ਪੰਜਾਬ ਪੰਜਾਬੀਅਤ ਲਈ ਜਿੰਦ ਜਾਨ ਵਾਰਨ ਵਾਲੀ ਪਾਰਟੀ ਦਾ ਭੋਗ ਬੜੀ ਖੂਬਸੂਰਤੀ ਨਾਲ ਪਾਇਆ ਬਾਦਲ ਸਾਬ ਨੇ। ਇਹ ਉਸ ਦੀ ਕਲਾ ਹੀ ਸੀ ਕਿ ਇਸ ਦੇ ਬਾਵਜੂਦ ਅਕਾਲੀ ਦਲ ਉਹਨੂੰ ‘ਫਖਰੇ ਕੌਮ’ ਦਾ ਖਿਤਾਬ ਦਿੰਦਾ ਹੈ। ਦਿਖਣ ਵਿਚ ਬੜੀ ਭੋਲੀ ਜਿਹੀ ਸੂਰਤ ਵਿਚ ਸਾਹਮਣੇ ਆਉਣ ਵਾਲੇ ਬਾਦਲ ਦੀ ਹੀ ਸਿਫਤ ਸੀ ਕਿ ਉਹ ਓਦੋਂ ਵੀ ਵੋਟਾਂ ਲੈ ਸਕਦਾ ਸੀ ਜਦੋਂ ਪੰਜਾਬ ਰੋਡਵੇਜ ਵੱਡੇ ਘਾਟੇ ਵਿਚ ਚਲਦੀ ਹੈ ਤੇ ਬਾਦਲਾਂ ਦੀਆਂ ਬੱਸਾਂ ਦੂਣ ਸਵਾਈਆਂ ਹੁੰਦੀਆਂ ਹਨ।ਜੇ ਕਿਤੇ ਸਿਰਸੇ ਵਾਲੇ ਸਾਧ ਦਾ ਮਸਲਾ ਨਾਂ ਹੁੰਦਾ ਤਾਂ ਅੱਜ ਵੀ ਬਹੁਤੇ ਸਿੱਖਾਂ ਨੇ ਮੰਨਣਾ ਹੀ ਨਹੀ ਸੀ ਕਿ ਬਾਦਲ ਗੁਪਤ ਦੁਸ਼ਮਣ ਹੈ। ਇਸ ਸਖਸ਼ ਨੇ ਨਿਰਾ ਸਿੱਖੀ ਦਾ ਹੀ ਘਾਣ ਨਹੀ ਕੀਤਾ ਇਹ ਪੰਜਾਬੀਅਤ ਦੇ ਕਿਰਦਾਰ ਨੂੰ ਵੀ ਨਿਵਾਣ ਵਲ ਲੈ ਗਿਆ। ਨਸ਼ਾ ਤਸਕਰੀ ਦੀ ਪੁਲਿਸ ਰਾਂਹੀ ਪੁਸ਼ਤ ਪਨਾਹੀ, ਆਟਾ ਦਾਲ ਸਕੀਮ ਦਾ ਲਾਗੂ ਕੀਤੇ ਜਾਣਾ, ਬੋਤਲ ਫਾਰ ਬੈਲੇਟ ਜਾਂ ਫਿਰ ਕਿਸਾਨਾਂ ਨੂੰ ਮੁਫਤ ਬਿਜਲੀ ਦੇ ਕੇ ਦਰਿਆਵਾਂ ਦਾ ਚੇਤਾ ਭੁਲਾਈ ਰਖਣਾ ਕੌਮ ਦੇ ਅਜਿਹੇ ਜੜ੍ਹੀਂ ਤੇਲ ਨੇ ਜਿਸ ਨੂੰ ਪੰਜਾਬੀਆਂ ਦੀਆਂ ਆਉਣ ਵਾਲੀਆਂ ਪੀੜੀਆਂ ਸਦੀਆਂ ਤਕ ਯਾਦ ਕਰਿਆ ਕਰਨਗੀਆਂ। ਉਤੋਂ ਉਤੋਂ ਸੰਘੀ ਢਾਂਚੇ ਦੀ ਵਕਾਲਤ ਕਰਨ ਵਾਲਾ ਬਾਦਲ ਉਦੋਂ ਤੜਫ ਉਠਦਾ ਹੈ ਜਦੋਂ ਜੰਮੂ ਕਸ਼ਮੀਰ ਦੀ ਵਿਧਾਨ ਸਭਾ ਵਿਚ ਖੁਦਮੁਖਤਿਆਰੀ ਦਾ ਮਤਾ ਪਾਸ ਹੁੰਦਾ ਹੈ। ਬਾਦਲ ਸਾਬ ਨੂੰ ਤਾਂ ਓਦੋਂ ਹੀ ਸ਼ਰਧਾਜਲੀ ਮਿਲਣੀ ਸ਼ੁਰੂ ਹੋ ਗਈ ਸੀ ਜਦੋਂ ਆਖਿਰੀ ਸਾਹ ਚਲ ਰਹੇ ਸਨ ਤੇ ਮਰਿੰਡੇ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਹੋ ਰਹੀ ਬੇਅਦਬੀ ਮੌਕੇ ਅਖੌਤੀ ਅਕਾਲੀ ਉਤੋਂ ਦੀ ਗਾਤਰਾ ਕਿਰਪਾਨ ਪਾਈ, ਮੁਜਰਮ ਨੂੰ ਸੰਗਤ ਦੇ ਰੋਹ ਤੋਂ ਬਚਾ ਰਿਹਾ ਸੀ। ਅਫਸੋਸ! ਅਰਬਾਂ ਖਰਬਾਂ ਦੀ ਜਾਇਦਾਦ ਬਣਾਉਣ ਵਾਲੇ ਬਾਦਲ ਦਾ ਰਾਸ਼ਟਰਪਤੀ ਜਾਂ ਉਪ-ਰਾਸ਼ਟਰਪਤੀ ਬਣਨ ਦਾ ਸੁਫਨਾ ਅਧੂਰਾ ਹੀ ਰਹਿ ਗਿਆ ਅਤੇ ਖਾਲੀ ਹੱਥ ਇਸ ਫਾਨੀ ਸੰਸਾਰ ਤੋਂ ਰੁਖਸਤ ਹੋ ਗਿਆ। ਅਫਸੋਸ!!!! 

--------5---------

ਬਾਦਲ ਮਾਰਕਾ ਰਾਜਨੀਤੀ ਦੀ ਜੜ੍ਹ

ਅਕਾਲੀ ਦਲ ਨੇ ਪੰਜਾਬੀ ਸੂਬੇ ਲਈ 1950 ਤੋਂ 1966 ਤਕ ਲੰਮੀ ਜੱਦੋਜਹਿਦ ਕੀਤੀ ਸੀ।ਪੰਜਾਬੀ ਸੂਬਾ ਬਣਨ ਉਪਰੰਤ 1967 ਵਿਚ ਪਹਿਲੀਆਂ ਚੋਣਾਂ ਹੋਣੀਆਂ ਜਿਸ ਵਿਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਾ ਮਿਲਿਆ। ਉਂਜ 104 ਮੈਂਬਰੀ ਵਿਧਾਨ ਸਭਾ ਵਿਚ ਕਾਗਰਸ 48 ਸੀਟਾਂ ਲੈ ਕੇ ਵੱਡੀ ਪਾਰਟੀ ਬਣੀ ਰਹੀ। ਅਕਾਲੀ ਨੂੰ 24+2 ਸੀਟਾਂ, ਜਨ ਸੰਘ (ਭਾਜਪਾ)-9,  ਕਮਿਊਨਿਸਟ -5+3, ਰਿਪਬਲੀਕਰਨ/ਸੋਸ਼ਲਿਸਟ ਪਾਰਟੀ- 3+1 ਅਤੇ ਅਜਾਦ-9. 

ਮਾਸਟਰ ਤਾਰਾ ਸਿੰਘ ਕੋਲੋਂ ਹੋਈਆਂ ਗਲਤੀਆਂ ਕਰਕੇ ਅਕਾਲੀ ਦਲ ਦੁਫਾੜ ਹੋ ਚੁੱਕਾ ਸੀ ਸੀ ਤੇ ਵੱਡੇ ਗਰੁਪ (24 ਸੀਟਾਂ) ਦਾ ਲੀਡਰ ਸੰਤ ਫਤਹਿ ਸਿੰਘ ਸੀ। ਓਦੋਂ ਕਾਂਗਰਸ ਨੂੰ ਸਰਕਾਰ ਬਣਾਉਣ ਵਾਸਤੇ ਸਿਰਫ 4 ਐਮ ਐਲ ਏ ਚਾਹੀਦੇ ਸਨ ਪਰ ਕਿਸੇ ਵੀ ਅਜਾਦ ਜਾਂ ਪਾਰਟੀ ਨੇ ਕਾਂਗਰਸ ਨੂੰ ਹਮਾਇਤ ਨਾਂ ਦਿੱਤੀ। ਜਿਸ ਕਰਕੇ ਸੰਤ ਫਤਹਿ ਸਿੰਘ ਅਕਾਲੀ ਦਲ ਨੇ ਸਰਕਾਰ ਬਣਾਉਣ ਲਈ ਜੋੜ ਤੋੜ ਕੀਤੇ। ਜਨ ਸੰਘ ਵੀ ਕਾਂਗਰਸ ਵਿਰੋਧੀ ਸਰਕਾਰ ਵਿਚ ਸ਼ਾਮਲ ਹੋਣ ਲਈ ਇਸ ਸ਼ਰਤ ਨੇ ਸਹਿਮਤ ਹੋ ਗਈ ਕਿ ਅਕਾਲੀ ਦਲ ਭਾਸ਼ਾ ਨੀਤੀ ਵਿਚ ਕੋਈ ਤਬਦੀਲੀ ਨਹੀ ਕਰੇਗਾ ਭਾਵ ਪੰਜਾਬੀ ਲਾਗੂ ਨਹੀ ਕਰੇਗਾ  ਅਤੇ ਨਾਂ ਹੀ ਪੂਰਬੀ ਪੰਜਾਬ ਦਾ ਨਾਂ ਪੰਜਾਬੀ ਸੂਬਾ ਰੱਖੇਗਾ।

ਓਹਨੀ ਦਿਨੀ ਸੰਤ ਫਤਹਿ ਸਿੰਘ ਹਿੰਦੂ-ਸਿੱਖਾਂ ਦੇ ਸਾਂਝੇ ਲੀਡਰ ਹੋਣ ਦਾ ਦਾਵਾ ਖੁਦ ਪ੍ਰਧਾਨ ਮੰਤਰੀ ਨਹਿਰੂ ਕੋਲ ਵੀ ਕਰਦਾ ਹੈ। ਜਿਸ ਸੋਚ ਕਾਰਨ ਸੰਤ ਜਨ ਸੰਘ ਦੀ ਹਰ ਗਲ ਮੰਨਣ ਨੂੰ ਤਿਆਰ ਹੋ ਗਿਆ। ਕਿਉਕਿ ਸੰਤ ਆਪ ਤਾਂ ਚੋਣ ਲੜਿਆ ਨਹੀ ਸੀ ਜਸਟਿਸ ਗੁਰਨਾਮ ਸਿੰਘ ਨੂੰ ਮੁੱਖ ਮੰਤਰੀ ਬਣਾ ਲਿਆ। ਜਸਟਿਸ ਅਤੇ ਸੰਤ ਦੋਵੇ ਇਸ ਗਲ ਦੇ ਧਾਰਨੀ ਸੀ ਕਿ ਖਾਲਸੇ ਦੇ ਬੋਲ ਬਾਲੇ ਅਤੇ ਸੰਘੀ ਢਾਂਚੇ ਦੀ ਮੰਗ ਗੈਰ ਵਾਜਿਬ ਹੈ ਤੇ ਪੰਜਾਬ ਵੀ ਭਾਰਤ ਦੇ ਦੂਸਰੇ ਸੂਬਿਆਂ ਵਰਗਾ ਹੀ ਇਕ ਸੂਬਾ ਹੈ। 

ਕਿਉਕਿ ਪੰਜਾਬੀ ਭਾਸ਼ਾ ਲਾਗੂ ਕਰਨ ਦੇ ਨਾਂ ਤੇ ਲੰਮੀ ਜੱਦੋਜਹਿਦ ਚਲੀ ਸੀ ਇਸ ਕਰਕੇ ਅਕਾਲੀ ਦਲ ਦੇ ਬਹੁਤੇ ਐਮ ਐਲ ਏ ਅੰਦਰੋਂ ਔਖੇ ਸਨ। ਸੋ 25 ਨਵੰਬਰ 1967 ਨੂੰ ਭਾਵ 262 ਦਿਨ ਪੁਰਾਣੀ ਸਰਕਾਰ ਦੇ ਖਿਲਾਫ ਬਗਾਵਤ ਹੋ ਗਈ ਅਤੇ ਲਛਮਣ ਸਿੰਘ ਗਿੱਲ ਨੇ ਕਾਂਗਰਸ ਦੀ ਹਮਾਇਤ ਹਾਸਲ ਕਰਕੇ ਪੰਜਾਬੀ ਭਾਸ਼ਾ ਲਾਗੂ ਕਰ ਦਿੱਤੀ। ਗਿੱਲ ਦੀ ਸਰਕਾਰ ਤੋਂ 272 ਦਿਨਾਂ ਬਾਦ ਕਾਂਗਰਸ ਨੇ ਹਮਾਇਤ ਵਾਪਸ ਲੈ ਲਈ ਤੇ ਪੰਜਾਬ ਵਿਚ ਗਵਰਨਰੀ ਰਾਜ ਲਾਗੂ ਹੋ ਗਿਆ। 

1969 ‘ਚ ਚੋਣਾਂ ਫਿਰ ਹੋਈਆਂ  ਤੇ ਐਤਕਾਂ ਕਾਂਗਰਸ ਨੂੰ ਸਿਰਫ 38 ਸੀਟਾਂ, ਅਕਾਲੀ ਦਲ ਨੂੰ 43 ਜਨ ਸੰਘ (ਭਾਜਪਾ) 8, ਕਮਿਊਨਿਸਟ 4+2 ਅਤੇ ਬਾਕੀ ਪ੍ਰਚੂਨ ਅਤੇ ਅਜਾਦ। ਹੁਣ ਅਕਾਲੀ ਸਹਿਜੇ ਹੀ ਗੈਰ ਜਨ ਸੰਘ ਪਾਰਟੀਆਂ ਤੋਂ ਮਦਦ ਲੈ ਕੇ ਸਰਕਾਰ ਬਣਾ ਸਕਦੇ ਸਨ ਪਰ ਸੰਤ ਜੀ ਤਾਂ ਹਰ ਹਾਲਤ ਵਿਚ ਆਰੀਆ ਸਮਾਜ ਨੂੰ ਸੰਤੁਸ਼ਟ ਰੱਖਣਾ ਚਾਹੁੰਦੇ ਸਨ। ਸੋ ਗੁਰਨਾਮ ਸਿੰਘ ਦੁਬਾਰਾ ਮੁੱਖ ਮੰਤਰੀ ਬਣਾਏ ਗਏ ਜਿੰਨਾਂ ਨੇ ਹੁਣ ਤਕ ਕੇਂਦਰੀ ਕਾਂਗਰਸ ਲੀਡਰਸ਼ਿਪ ਨਾਲ ਨਿੱਘੇ ਸਬੰਧ ਕਾਇਮ ਕਰ ਲਏ ਸਨ। ਇਹ ਉਹੋ ਗੁਰਨਾਮ ਸਿੰਘ ਸੀ ਜਿਸ ਨੇ 1960 (ਲੁਧਿਆਣੇ) ਵਿਚ ਸਿੱਖਾਂ ਲਈ ਰੈਫਰੰਡਮ ਦੀ ਮੰਗ ਕੀਤੀ ਸੀ। ਫਿਰ ਜਦੋਂ ਸੰਤ ਨੇ ਸਰਕਾਰ ਵਿਚ ਆਪਣੀ ਦਖਲ ਅੰਦਾਜ਼ੀ ਵਧਾ ਦਿੱਤੀ ਤਾਂ ਗੁਰਨਾਮ ਬਹੁਤ ਔਖਾ ਹੋ ਗਿਆ। ਓਦੋਂ ਫਿਰ ਸੰਤ ਦਾ ਵਫਾਦਾਰ ਪ੍ਰਕਾਸ਼ ਸਿੰਘ ਬਾਦਲ 27 ਮਾਰਚ 1970 ਮੁੱਖ ਮੰਤਰੀ ਦੇ ਤੌਰ ਤੇ ਅੱਗੇ ਲਿਆਂਦਾ ਗਿਆ। ਸੰਤ ਨੂੰ ਭਰੋਸਾ ਸੀ ਕਿ ਬਾਦਲ ਕਦੀ ਉਸ ਤੋਂ ਬਗਾਵਤ ਨਹੀ ਕਰੇਗਾ। ਓਦੋਂ ਦੋਵੇ ਧਿਰਾਂ ਭਾਵ ਗੁਰਨਾਮ ਅਤੇ ਸੰਤ ਦੀ ਦੌੜ ਲੱਗੀ ਹੋਈ ਸੀ ਕੇਂਦਰੀ ਲੀਡਰਾਂ ਨੂੰ ਖੁਸ਼ ਕਰਨ ਦੀ। ਜਦੋਂ ਗੁਰਨਾਮ ਦੀ ਛੁੱਟੀ ਹੋ ਗਈ ਤਾਂ ਇੰਦਰਾ ਗਾਂਧੀ ਨੇ ਉਹਨੂੰ ਸੱਦਾ ਦਿਤਾ ਕਿ ਕੇਂਦਰੀ ਵਜਾਰਤ ਵਿਚ ਮੰਤਰੀ ਦੇ ਤੌਰ ਤੇ ਸ਼ਾਮਲ ਹੋ ਜਾਏ। ਕਿਹਾ ਜਾਂਦਾ ਗੁਰਨਾਮ ਨੇ ਇਹ ਸੱਦਾ ਠੁਕਰਾ ਦਿਤਾ ਸੀ ਕਿਉਕਿ ਸਾਰੀ ਉਮਰ ਤਾਂ ਪੰਜਾਬ ਵਿਚ ਕਾਂਗਰਸ ਸੀ ਵਿਰੋਧਤਾ ਕੀਤੀ ਸੀ। ਪਰ ਗੁਰਨਾਮ ਭਾਰਤ ਦਾ ਅਸਟ੍ਰੇਲੀਆ ਵਿਚ ਰਾਜਦੂਤ ਬਣਨਾ ਮੰਨ ਗਿਆ।

ਕਹਿਣ ਤੋਂ ਮਤਲਬ ਬਾਦਲ ਨੂੰ ਸੰਤ ਤੋਂ ਗੁੜਤੀ ਹੀ ਇਹੋ ਮਿਲੀ ਹੈ ਕਿ ਆਰੀਆ ਸਮਾਜ ਜਾਂ ਆਰ ਐਸ ਐਸ ਮਾਰਕਾ ਹਿੰਦੂ ਸੋਚ ਜਿਹਨੂੰ ਭਾਰਤੀ ਵਿਦਵਾਨ ਹਿੰਦੂਤਵਾ ਕਹਿੰਦੇ ਨੇ, ਨੂੰ ਖੁਸ਼ ਰੱਖਣਾ ਹੈ। ਇਸ ਸੋਚ ਨੂੰ ਅੱਗੇ ਤੋਰਦੇ ਤੋਰਦੇ ਬਾਦਲ ਹੌਲੀ ਹੌਲੀ 1984 ਤੋਂ ਕੇਂਦਰ ਦਾ ਟਾਊਟ ਹੀ ਬਣ ਗਿਆ। ਸੋ ਬਾਦਲ ਦੀ ਲੀਡਰਸ਼ਿਪ ਨੇ ਮਾਸਟਰ ਤਾਰਾ ਸਿੰਘ ਦੇ ਪੰਜਾਬੀ ਸੂਬੇ ਨੂੰ ਹੌਲੀ ਹੌਲੀ ਭਾਂਡੇ ਵਿਚ ਹੀ ਵਾੜ ਦਿਤਾ ਅਤੇ ਅਕਾਲੀ ਦਲ ਦਾ ਨਿਰਾ ਕਾਂਗਰਸੀਕਰਨ ਹੀ ਨਹੀ ਕੀਤਾ ਅਕਾਲੀ ਦਲ ਵਿਚ ਟਾਊਟੀ ਸਭਿਆਚਾਰ ਵੀ ਵਾੜ ਦਿਤਾ ਹੈ।---- -ਭਬੀਸ਼ਨ ਸਿੰਘ ਗੁਰਾਇਆ

Share this article :

No comments:

Post a Comment

 

Punjab Monitor