Home » » ਸਿੱਖ ਰਾਜ ਵਿਚ ਪੰਜਾਬੀ ਸਿੱਖਿਆ ਨੂੰ ਅੰਗਰੇਜ਼ਾਂ ਕਿਵੇਂ ਖ਼ਤਮ ਕੀਤਾ

ਸਿੱਖ ਰਾਜ ਵਿਚ ਪੰਜਾਬੀ ਸਿੱਖਿਆ ਨੂੰ ਅੰਗਰੇਜ਼ਾਂ ਕਿਵੇਂ ਖ਼ਤਮ ਕੀਤਾ

 ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਗੁਰਬਾਣੀ ਆਧਾਰਿਤ ਪੰਜਾਬੀ ਸਿੱਖਿਆ ਨੂੰ ਅੰਗਰੇਜ਼ਾਂ ਨੇ ਕਿਵੇਂ ਖ਼ਤਮ ਕੀਤਾ 

Author : Virenderjit Singh Bir

Please also see (click here)

LITERACY RATE IN KHALSA RAJ WAS BETTER THAN U.K - DR. LEITNER

ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਸੰਧੀ ਕਰਨ ਵਾਸਤੇ, ਚਾਰਲਸ ਮੈਟਕਾਲਫ ਸੰਨ 1809 ਲਗਭਗ ਸੱਤ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ ਰਿਹਾ ਤੇ ਕੁਝ ਦਿਨ ਓਹਨੇ ਲਾਹੌਰ ਵੀ ਬਤੀਤ ਕੀਤੇ। ਉਸਨੇ ਓਥੋਂ ਤਿੰਨ ਗੱਲਾਂ ਓਹਨੇ ਸਿੱਖੀਆਂ ਤੇ ਉਹ ਓਹਨੇ ਆਪਣੇ ਬ੍ਰਿਟਿਸ਼ ਆਕਾਵਾਂ ਨੂੰ ਦਸਿਆਂ।

ਪਹਿਲੀ ਗੱਲ ਮੈਟਕਾਫ ਨੇ ਕਹੀ ਕਿ ਮੈਂ ਪੰਜਾਬ 'ਚ ਦੇਖ ਕੇ ਆਇਆ, ਹਰ ਪਿੰਡ ਦੇ ਵਿੱਚ ਸੱਥਾਂ ਦੇ ਵਿੱਚ, ਸਕੂਲਾਂ ਦੇ ਵੇਹੜਿਆਂ ਵਿੱਚ ਸੂਰਜੀ ਘੜੀਆਂ ਲੱਗੀਆਂ ਨੇ। ਉਸਨੇ ਦਰਬਾਰ ਸਾਹਿਬ ਦਾ ਖ਼ਾਸ ਜ਼ਿਕਰ ਕੀਤਾ ਕਿ ਸਮੇਂ ਦੀ ਕਿੰਨੀ ਪਾਬੰਦੀ ਰੱਖੀ ਜਾਂਦੀ ਹੈ, ਜਿੱਥੇ ਟਾਈਮ ਦੇ ਹਿਸਾਬ ਨਾਲ ਰਾਗ ਵਿੱਚ ਕੀਰਤਨ ਹੁੰਦਾ ਸੀ। 

ਦੂਜੀ  ਗੱਲ,  ਉਸਨੇ ਇਹ ਕਹੀ ਕਿ ਮਹਾਰਾਜਾ ਰਣਜੀਤ ਸਿੰਘ ਨੇ 

1809 ਦੇ ਵਿੱਚ ਆਪਣੀ ਕੈਬਨਿਟ 'ਚ ਮਤਾ ਪਾਸ ਕੀਤਾ ਸੀ ਕਿ ਅਸੀਂ ਪੰਜਾਬ ਦੇ ਹਰ ਨਾਗਰਿਕ ਨੂੰ ਪੜ੍ਹਾ ਦੇਣਾ ਹੈ। ਹਰ ਮਾਂ, ਹਰ ਪਿਓ, ਹਰ ਬੱਚੇ, ਹਰ ਬਜ਼ੁਰਗ ਨੌਜਵਾਨ ਅਤੇ ਹਰ ਨਾਗਰਿਕ ਤੱਕ ਵਿੱਦਿਆ ਅਪੜਾਉਣੀ ਹੈ। (ਇਹ ਟੀਚਾ ਸੰਨ 1830 ਤੱਕ ਪੂਰਾ ਹੋ ਗਿਆ ਸੀ)। ਮਹਾਰਾਜ ਰਣਜੀਤ ਸਿੰਘ ਦੇ ਰਾਜ ਵਿੱਚ ਧਰਮਸਾਲ (ਗੁਰਦੁਆਰਾ ਸਾਹਿਬ), ਮੰਦਿਰ ਜਾਂ ਮਸਜਿਦ ਬਣਾਉਣ ਦੀ ਇਜਾਜੱਤ ਸਿਰਫ਼ ਓਦੋਂ ਹੀ ਮਿਲਦੀ ਸੀ, ਜਦੋਂ ਨਾਲ ਸਕੂਲ ਵੀ ਬਣਾਇਆ ਜਾਂਦਾ ਸੀ। 

ਤੀਜੀ ਗੱਲ, ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਦੇ  ਪਿੰਡਾਂ ਦੀਆਂ ਪੰਚਾਇਤਾਂ ਨੂੰ ਸਵੈ ਰੱਖਿਆ ਕਰਨ ਲਈ ਉਤਸਾਹ ਦਿੱਤਾ ਗਿਆ, ਹਰ ਪਿੰਡ ਕੋਲ ਅਸਲਾ ਸੀ, ਹਰ ਪਿੰਡ ਵਿੱਚ ਆਪਣੀ ਹੀ ਫੌਜ ਸੀ ਤੇ ਉਹ ਸੇਵਾ ਦੇ ਤੌਰ ਤੇ ਆਪਣੇ ਪਿੰਡ ਦੀ ਇੱਜ਼ਤ ਦੀ, ਪੱਤ ਦੀ ਰਾਖੀ ਕਰਨ ਦੇ ਅਧਿਕਾਰ ਪੰਚਾਇਤ ਕੋਲ ਸਨ ਤੇ ਉਹ ਮੇਰੇ (ਰਣਜੀਤ ਸਿੰਘ) ਗਲਤ ਫੈਸਲੇ ਨੂੰ ਵੀ ਪਲਟ ਸਕਦੇ ਨੇ ਜੇ ਕਿਤੇ ਮੈਂ ਗਲਤ ਕੰਮ ਕਰ ਰਿਹਾ ਹੋਵਾਂ। 

ਮੈਟਕਾਫ਼ ਨੇ ਬ੍ਰਿਟਿਸ਼ ਰਾਜ਼ ਨੂੰ ਦੱਸਿਆ ਕਿ ਰਣਜੀਤ ਸਿੰਘ ਇੱਕ ਦੂਰਦਰਸ਼ੀ ਅਤੇ ਮਜ਼ਬੂਤ ​​ਇਰਾਦੇ ਵਾਲਾ ਸ਼ਾਸਕ ਹੈ, ਉਹਨਾਂ ਕੋਲ ਫ਼ੌਜ ਤੋਂ ਇਲਾਵਾ ਪਿੰਡਾਂ ਵਿੱਚ ਲੋਕਾਂ ਦੀ ਆਪਣੀ ਬਣਾਈ ਫ਼ੌਜ ਵੀ ਸੀ, ਇਸ ਲਈ ਉਸ ਨਾਲ ਜੰਗ ਤੋਂ ਬਚਣਾ ਚਾਹੀਦਾ ਹੈ, ਹਦਾਂ ਕੂਟਨੀਤਕ ਤੌਰ 'ਤੇ ਨਿਰਧਾਰਤ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਅਤੇ ਦੋਸਤਾਨਾ ਕੂਟਨੀਤਕ ਸੰਬੰਧ ਸਭ ਤੋਂ ਸੁਰੱਖਿਅਤ ਨੀਤੀ ਸਨ।

ਈਸਟ ਇੰਡੀਆ ਕੰਪਨੀ ਦੀ ਰਣਨੀਤੀ ਪੋਸਟ-ਅਨੇਕਸੇਸ਼ਨ

1849 ਵਿੱਚ ਪੰਜਾਬ ਨੂੰ ਆਪਣੇ ਕਬਜ਼ੇ ਵਿੱਚ ਲੈਣ ਤੋਂ ਬਾਅਦ, ਈਸਟ ਇੰਡੀਆ ਕੰਪਨੀ (EIC) ਨੇ ਮਜ਼ਬੂਤ ​​ਸਵਦੇਸ਼ੀ ਪ੍ਰਣਾਲੀ ਨੂੰ  ਇੱਕ ਖ਼ਤਰੇ ਵਜੋਂ ਦੇਖਿਆ। ਉਹਨਾਂ ਨੇ ਕਿੰਗਸ ਕਾਲੇਜ ਲੰਡਨ ਦੇ ਪ੍ਰੋਫੈਸਰ ਜੀ ਡਬਲਯੂ ਲੀਟਨਰ, ਜੋ ਭਾਸ਼ਾਵਾਂ ਦੇ ਮਾਹਰ ਸਨ ਅਤੇ 50 ਭਾਸ਼ਾਵਾਂ ਪੜ੍ਹ, ਲਿੱਖ ਅਤੇ ਬੋਲ ਸਕਦੇ ਸਨ, ਨੂੰ ਪੰਜਾਬ ਦੀ ਵਿਦਿਅਕ ਪ੍ਰਣਾਲੀ ਨੂੰ ਅੰਗਰੇਜ਼ੀ ਵੱਲ ਮੋੜਨ ਲਈ ਕਿਹਾ। ਉਸਨੇ ਕਿਹਾ ਮੈਂ ਪਹਿਲਾਂ ਪੰਜਾਬ ਜਾ ਕੇ ਵੇਖਾਂਗਾ ਫੇਰ ਦੱਸਾਂਗਾ। 

ਲੈਟਨਰ ਇੱਥੇ ਆਇਆ, ਉਹਨੇ ਆਪਣੀ ਕਿਤਾਬ History Of Indigenous Education In The Panjab  ਦੇ ਵਿੱਚ ਲਿਖਿਆ ਹੈ, ਕਹਿੰਦਾ ਐਨਾ ਵਧੀਆ ਵਿਦਿਆ ਦਾ ਸਿਸਟਮ, ਸਰ ਇਹਨੂੰ ਬਦਲਣ ਵਿੱਚ ਪੰਜਾਹ ਸਾਲ ਲੱਗਣਗੇ। ਈਸਟ ਇੰਡੀਆ ਕੰਪਨੀ ਕਹਿੰਦੀ ਲੈਟਨਰ 50 ਸਾਲ ਦਿੱਤੇ। ਸਾਨੂੰ ਪੰਜਾਬ ਦੀ ਸਿੱਖਿਆ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਬਦਲਣਾਂ ਪਵੇਗਾ, ਜਿਸ ਤੋਂ ਬਿਨਾਂ ਅਸੀਂ ਸਫਲ ਨਹੀਂ ਹੋਵਾਂਗੇ।  ਲੈਟਨਰ ਕਹਿੰਦਾ ਠੀਕ ਹੈ ਜੀ ਜੇ ਪੰਜਾਹ ਸਾਲਾਂ ਲਈ ਮੰਨਦੇ ਹੋ ਤਾਂ ਮੈਂ ਤਿਆਰ ਹਾਂ। ਉਹਨੂੰ ਅੰਮ੍ਰਿਤਸਰ ਦਾ ਡਿਸਟ੍ਰਿਕਟ ਇੰਸਪੈਕਟਰ ਜਨਰਲ ਸਕੂਲ ਲਾਇਆ ਗਿਆ। 

ਫਿਰ ਇਹੀ ਬੰਦਾ ਗੌਰਮਿੰਟ ਕਾਲਜ ਲਾਹੌਰ ਦਾ ਪ੍ਰਿੰਸੀਪਲ ਬਣਿਆ, ਇਹੀ ਬੰਦਾ ਯੂਨੀਵਰਸਿਟੀ ਆਫ ਲਾਹੌਰ ਦਾ ਫਾਊਂਡਰ ਬਣਿਆ, ਇਹੀ ਬੰਦਾ ਬ੍ਰਿਟਿਸ਼ ਹਾਈ ਕਮਿਸ਼ਨ ਆਫ ਐਜੂਕੇਸ਼ਨ ਨੂੰ ਚੇਅਰ ਕਰਦਾ ਰਿਹਾ। ਉਹਦੇ ਸਾਰੀ ਗਾਥਾ ਲਿਖਦਾ ਕਿ ਮੈਂ ਕਿਵੇਂ ਕੰਮ ਕੀਤਾ। ਉਹ ਕਹਿੰਦਾ ਮੈਂ ਪੰਜਾਹ ਸਾਲਾਂ ਲਈ ਆਇਆ ਸੀ ਪਰ ਮੈਂ ਤੇਤੀ ਸਾਲਾਂ ਵਿੱਚ ਇਸ ਕੰਮ ਨੂੰ ਪੂਰਾ ਕਰ ਲਿਆ। ਸਰਕਾਰ ਨੇ ਮੈਨੂੰ ਬਹੁਤ ਸਪੋਰਟ ਕੀਤੀ। 1882 ਵਿੱਚ ਉਹਨੇ ਲਿਖ ਕੇ ਦੇ ਦਿੱਤਾ ਸੀ ਕਿ ਇਕੱਲੇ ਇਕੱਲੇ ਪਿੰਡਾਂ ਦੀਆਂ ਕਹਾਣੀਆਂ ਕਿ ਇਸ ਪਿੰਡ ਦੀ... ਇੱਕ ਪਿੰਡ ਨੂੰ ਉਹ ਕੋਟ ਕਰਦਾ ਸਿਆਲਕੋਟ ਦਾ ਪਿੰਡ ਚੂਹੜ ਚੱਕ, ਕਹਿੰਦਾ ਇਸ ਪਿੰਡ ਦੀ 1500 ਦੀ ਆਬਾਦੀ ਹੈ ਤੇ 1849 ਵਿੱਚ ਸਾਰੇ ਹੀ ਪੜ੍ਹੇ ਲਿਖੇ ਸੀ। ਅੱਜ ਉਹਦੇ 1500 ਵਿੱਚੋਂ ਸਿਰਫ 11 ਬੰਦੇ ਪੜ੍ਹੇ ਲਿਖੇ ਨੇ। ਇਹ ਮੇਰੇ 33 ਸਾਲ ਦੇ ਕੰਮ ਦਾ ਨਤੀਜਾ ਹੈ। 

ਬ੍ਰਿਟਿਸ਼ ਗੌਰਮਿੰਟ ਦਾ ਇੱਕ ਆਰਡਰ ਹੋਇਆ ਸੀ ਕਿ ਪੰਜਾਬੀਆਂ ਦੇ ਘਰਾਂ ਦੇ ਵਿੱਚ ਅਸਲਾ ਹੈ, ਬੰਦੂਕਾਂ ਨੇ, ਗੰਡਾਸੇ ਨੇ, ਕਿਰਪਾਨਾਂ ਨੇ, ਸਰਕਾਰ ਨੂੰ ਜਮ੍ਹਾਂ ਕਰਾ ਦੋ। ਸਰਕਾਰ ਪ੍ਰਤੀ ਸ਼ਸ਼ਤਰ ਤਿੰਨ ਆਨੇ ਦਏਗੀ ਤੇ ਜਿਹਨਾਂ ਦੇ ਘਰਾਂ 'ਚ ਕੈਦੇ ਨੇ ਪ੍ਰਤੀ ਕੈਦਾ ਛੇ ਆਨਾ ਦਏਗੀ। ਕਹਿੰਦੇ ਨੇ ਪੰਜਾਬ ਦੇ ਇੱਕ-ਇੱਕ ਪਿੰਡ ਦਾ, ਇੱਕ-ਇੱਕ ਘਰ ਦੀ ਤਲਾਸ਼ੀ ਲੈ ਕੇ ਉਹ ਕੈਦੇ ਇਕੱਠੇ ਕੀਤੇ ਗਏ ਤੇ ਸਾੜ ਦਿੱਤੇ ਗਏ। ਕੈਦੇ ਦਾ ਮੁੱਲ ਛੇ ਆਨੇ ਰੱਖਿਆ ਗਿਆ ਅਤੇ ਇੱਕ ਹਥਿਆਰ ਦਾ ਮੁੱਲ ਤਿੰਨ ਆਨੇ ਰੱਖਿਆ ਗਿਆ, ਕਿਉਂ ਉਹਨਾਂ ਨੂੰ ਮੁੱਲ ਛੇ ਆਨੇ ਰੱਖਣਾ ਪੈ ਗਿਆ? ਇਹ ਸਮਝਣ ਲਈ ਅਸੀਂ ਉਸ ਸਮੇਂ ਦੀ ਪੜਾਈ ਨੂੰ ਸਮਝਦੇ ਹਾਂ, ਇਸ ਦਾ ਜ਼ਿਕਰ ਲਾਈਟਨਰ ਨੇ ਵੀ ਆਪਣੀ ਕਿਤਾਬ ਵਿੱਚ ਕੀਤਾ ਹੈ।

ਮੈਂ ਇਸ ਤੱਥ ਬਾਰੇ ਲਾਈਟਨਰ ਦੀ ਪੂਰੀ ਕਿਤਾਬ ਪੜੀ, ਉਸ ਵਿੱਚ ਇੱਕ EDUCATIONAL REPORTS No. 70/689 dated 25 June 1858 ਜਿਸ ਦਾ ਪੰਜਾਬੀ ਉਲਥਾ ਹੇਠਾਂ ਦਿੱਤਾ ਗਿਆ ਹੈ:

ਮੈਂ ਤੁਰੰਤ ਕੁਝ ਸੁਧਾਰ ਕਰਨੇ ਸ਼ੁਰੂ ਕੀਤੇ। ਸਭ ਤੋਂ ਪਹਿਲਾਂ, ਮੈਂ ਹੁਕਮ ਦਿੱਤਾ ਕਿ ਪਿੰਡਾਂ ਦੇ ਸਾਰੇ ਸਕੂਲ ਮਸਜਿਦਾਂ ਅਤੇ ਹੋਰ ਧਾਰਮਿਕ ਇਮਾਰਤਾਂ ਵਿਚੋਂ ਹਟਾ ਦਿੱਤੇ ਜਾਣ। ਦੇਸੀ ਅਧਿਕਾਰੀਆਂ ਨੇ ਮੈਨੂੰ ਕਿਹਾ ਕਿ ਹੋਰ ਕੋਈ ਇਮਾਰਤ ਉਪਲਬਧ ਨਹੀਂ ਹੈ। ਤਾਂ ਮੈਂ ਹੁਕਮ ਦਿੱਤਾ ਕਿ ਧਾਰਮਿਕ ਇਮਾਰਤਾਂ ਵਿਚ ਸਕੂਲ ਚਲਾਉਣ ਦੀ ਬਜਾਏ, ਉਹ ਸਕੂਲ ਅਸਥਾਈ ਤੌਰ ‘ਤੇ ਬੰਦ ਕਰ ਦਿੱਤੇ ਜਾਣ। ਪਰ ਜਦੋਂ ਇਹ ਹੁਕਮ ਲਾਗੂ ਕਰਨਾ ਸ਼ੁਰੂ ਕੀਤਾ ਗਿਆ, ਤਾਂ ਪਤਾ ਲੱਗਿਆ ਕਿ ਇਮਾਰਤਾਂ ਨਾ ਸਿਰਫ਼ ਮੌਜੂਦ ਸਨ, ਸਗੋਂ ਉਹਨਾਂ ਨੂੰ ਖਰੀਦਾ ਵੀ ਗਿਆ ਸੀ। ਮੈਨੂੰ ਇਹ ਵੀ ਲੱਗਾ ਕਿ ਸਕੂਲਾਂ ਵਿਚ ਧਾਰਮਿਕ ਕਿਤਾਬਾਂ ਵਰਤਣਾ ਠੀਕ ਨਹੀਂ। ਇਸ ਲਈ ਮੈਂ ਆਦੇਸ਼ ਦਿੱਤਾ ਕਿ ਉੱਥੋਂ ਸਾਰੀਆਂ ਧਾਰਮਿਕ ਕਿਤਾਬਾਂ ਹਟਾ ਦਿੱਤੀਆਂ ਜਾਣ। ਤਾਂ ਜੋ ਕੋਈ ਇਹ ਬਹਾਨਾ ਨਾ ਲਾ ਸਕੇ ਕਿ ‘ਧਰਮ-ਨਿਰਪੱਖ’ ਕਿਤਾਬਾਂ ਉਪਲਬਧ ਨਹੀਂ ਹਨ, ਮੈਂ ਹਰ ਜ਼ਿਲ੍ਹੇ ਦੇ ਪਿੰਡਾਂ ਦੇ ਸਕੂਲਾਂ ਨੂੰ ਸਭ ਕਿਸਮ ਦੀਆਂ ਸਕੂਲੀ ਕਿਤਾਬਾਂ, ਨਕਸ਼ੇ ਅਤੇ ਹੋਰ ਲੋੜੀਂਦਾ ਸਮਾਨ ਬਹੁਤ ਵੱਧ ਮਾਤਰਾ ਵਿੱਚ ਮੁਹੰਈਆ ਕਰਵਾ ਦਿੱਤਾ।

ਅੰਗਰੇਜ਼ ਕਹਿੰਦੇ ਕਿ ਪੰਜਾਬੀ ਦੇ ਕੈਦੇ ਦੀ ਪੈਂਤੀ ਗੁਰੂ ਗ੍ਰੰਥ ਸਾਹਿਬ ਦੇ ਵਿਚੋਂ ਢੁਕਵੇਂ ਗੁਰਵਾਕ ਲੈਕੇ ਛਾਪੀ ਗਈ ਸੀ। ਗੁਰਬਾਣੀ ਸਰਬ ਸਾਂਝੀਵਾਲਤਾ ਦਾ ਉਪਦੇਸ਼ ਦੇਂਦੀ ਹੈ, ਜਿਵੇਂ 

ਨਾ ਹਮ ਹਿੰਦੂ ਨ ਮੁਸਲਮਾਨ ॥

ਇਹ ਸਾਂਝੀਵਾਲਤਾ ਅੰਗਰੇਜ਼ਾਂ ਨੂੰ ਆਪਣੇ ਰਾਜ ਵਾਸਤੇ ਖ਼ਤਰਾ ਜਾਪਦੀ ਸੀ। ਗੁਰਦੁਆਰਾ ਸਾਹਿਬ ਵਿੱਚ ਉਸ ਸਮੇਂ ਵਰਣਮਾਲਾ ਦੇ ਅੱਖਰਾਂ ਦੇ ਨਾਲ ਗੁਰਬਾਣੀ ਵਿਚੋਂ ਢੁਕਵੇਂ ਵਾਕ ਅਤੇ ਨੈਤਿਕ ਸਿਧਾਂਤ ਪੜਾਏ ਜਾਂਦੇ ਸਨ , ਜਿਵੇਂ ਕਿ:-

ਦ: ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ ॥

ਜ: ਜੋ ਜੋ ਜਪੈ ਤਿਸ ਕੀ ਗਤਿ ਹੋਇ ॥

ਸ: ਸਾਧੂ ਸੰਗੁ ਪਰਾਪਤਿ ਜਾ ਕਉ, ਤਿਨ ਹੀ ਪਾਇਆ ਏਹੁ ਨਿਧਾਨੁ॥ 

ਫਿਰ ਬੱਚਾ ਜਪਜੀ ਅਤੇ ਰਹਿਰਾਸ ਪੜ੍ਹਦਾ ਸੀ , ਜਿਸ ਵਿੱਚ ਸਿੱਖਣ ਵਾਲੇ ਦਾ ਧਿਆਨ ਕੁਦਰਤ ਵਿੱਚ ਪਰਮਾਤਮਾ ਦੇ ਪ੍ਰਬੰਧ ਦੀਆਂ ਉਦਾਹਰਣਾਂ ਵੱਲ ਖਿੱਚਿਆ ਜਾਂਦਾ ਹੈ, ਜਿਵੇਂ: 

ਊਡੇ ਊਡਿ ਆਵੈ ਸੈ ਕੋਸਾ ਤਿਸੁ ਪਾਛੈ ਬਚਰੇ ਛਰਿਆ ॥

ਤਿਨ ਕਵਣੁ ਖਲਾਵੈ ਕਵਣੁ ਚੁਗਾਵੈ ਮਨ ਮਹਿ ਸਿਮਰਨੁ ਕਰਿਆ 

ਪ੍ਰਵਾਸੀ ਪੰਛੀ ਸੈਂਕੜੇ ਕੋਹਾਂ ਦੀ ਦੂਰੀ ਤੋਂ ਆਉਂਦਾ ਹੈ, ਆਪਣੇ ਬੱਚਿਆਂ ਨੂੰ ਪਿੱਛੇ ਛੱਡ ਕੇ, ਪਰਮਾਤਮਾ ਤੋਂ ਇਲਾਵਾ ਉਨ੍ਹਾਂ ਨੂੰ ਕੌਣ ਖੁਆਉਂਦਾ ਹੈ, ਪਰਮਾਤਮਾ ਤੋਂ ਇਲਾਵਾ ਉਨ੍ਹਾਂ ਨੂੰ ਕੌਣ ਪੀਣ ਲਈ ਦਿੰਦਾ ਹੈ?" ਇਸ ਲਈ, ਸਿੱਟਾ ਇਹ ਹੈ, ਡਰੋ ਨਾ, ਉਹ ਤੁਹਾਨੂੰ ਭੁੱਖਾ ਨਹੀਂ  ਰਹਿਣ ਦੇਵੇਗਾ।

ਆਰਤੀ ਸੋਹਿਲਾ ਇੱਕ ਰੂਪਕ ਹੈ ਜਿਸਦਾ ਉਦੇਸ਼ ਇਹ ਦਸ ਕੇ ਕਿ ਕੁਦਰਤ ਪਰਮਾਤਮਾ ਦਾ ਮੰਦਰ ਹੈ, ਮੂਰਤੀ ਪੂਜਾ ਨੂੰ ਰੋਕਣਾ ਹੈ। ਸੂਰਜ ਅਤੇ ਚੰਦ ਮੰਦਰ ਦੀਆਂ ਜੋਤਾਂ ਹਨ, ਤਾਂ ਜੋ ਬ੍ਰਾਹਮਣ ਦੇ ਧਾਗੇ, ਇਸਦੇ ਤੇਲ-ਦੀਵਿਆਂ, ਉਸਦੇ ਘੰਟੀਆਂ, ਆਦਿ ਦੀ ਪੂਜਾ ਨੂੰ ਰੋਕਿਆ ਜਾ ਸਕੇ। ਸਿਧ ਗੋਸ਼ਟ ਸੰਤ ਪੁਰਖਾਂ ਨਾਲ ਗੱਲਬਾਤ ਹੈ, ਜੋ ਦਰਸਾਉਂਦੀ ਹੈ ਕਿ ਚਮਤਕਾਰਾਂ ਦੀ ਕੋਈ ਲੋੜ ਨਹੀਂ ਹੈ, ਜਦੋਂ ਕਿ ਮਨੁੱਖੀ ਸਰੀਰ ਖੁਦ ਸਭ ਤੋਂ ਵੱਡਾ ਚਮਤਕਾਰ ਹੈ।

ਫਿਰ ਬੱਚੇ ਅੰਕਾਂ ਦੇ ਰੂਪ ਅਤੇ ਸਧਾਰਨ ਗਣਨਾ ਸਿੱਖਦੇ ਹਨ; ਨਾਲ ਹੀ ਤੋਲ ਅਤੇ ਮਾਪ ਲਈ ਸੰਕੇਤ ਵੀ। ਆਮ ਸਿੱਖ ਬੱਚੇ ਲਈ ਪਹਾੜਾ ਜਾਂ ਗੁਣਾ ਸਾਰਣੀ ਸਿੱਖਣਾ ਜ਼ਰੂਰੀ ਨਹੀਂ ਮੰਨਿਆ ਜਾਂਦਾ। ਜੇ ਉਹ ਅਜਿਹਾ ਕਰਨਾ ਚਾਹੁੰਦਾ ਹੈ (ਅਤੇ ਇਹ ਆਮ ਤੌਰ 'ਤੇ ਸਿਰਫ ਲੰਬਰਦਾਰਾਂ ਅਤੇ ਪਟਵਾਰੀਆਂ ਦੇ ਪੁੱਤਰਾਂ ਨਾਲ ਹੁੰਦਾ ਹੈ, ਜਿਨ੍ਹਾਂ ਨੂੰ ਬਾਅਦ ਵਿੱਚ ਪਿੰਡ ਦੇ ਹਿਸਾਬ ਨਾਲ ਨਜਿੱਠਣਾ ਪੈ ਸਕਦਾ ਹੈ), ਤਾਂ ਉਹ ਪਾਢਿਆਂ ਦੇ ਸਕੂਲ ਵਿੱਚ ਜਾ ਸਕਦਾ ਹੈ।

ਬੱਚੇ ਹੁਣ ਪਰਮਾਤਮਾ ਦੇ ਨਾਮ ਲਿਖਦੇ ਹਨ, ਉਸ ਘਰ ਦੇ ਲੋਕਾਂ ਦੇ ਨਾਮ ਲਿਖਦੇ ਹਨ ਜਿਸ ਵਿੱਚ ਉਹ ਹਨ, ਆਲੇ ਦੁਆਲੇ ਦੀਆਂ ਵਸਤੂਆਂ ਦੇ ਨਾਮ, ਖਾਣ-ਪੀਣ ਵਾਲੀਆਂ ਚੀਜ਼ਾਂ ਦੇ ਨਾਮ, ਅਤੇ ਅਸਲ ਵਿੱਚ ਹਰ ਉਸ ਚੀਜ਼ ਦੇ ਨਾਮ ਜੋ ਉਨ੍ਹਾਂ ਨੂੰ ਦੱਸੀ ਜਾ ਸਕਦੀ ਹੈ ਜਾਂ ਜੋ ਦਿਲਚਸਪੀ ਪੈਦਾ ਕਰ ਸਕਦੀ ਹੈ।

ਲਿਟਨਰ ਆਪਣੀ ਕਿਤਾਬ ਦੇ ਪਹਿਲੇ ਸਫ਼ੇ ਤੇ ਹੀ ਲਿਖਦਾ ਹੈ :

 ਇਥੇ ਦੱਸਣ ਜਾ ਰਿਹਾ ਹਾਂ ਕਿ ਜਦੋਂ ਯੂਰਪੀ ਲੋਕਾਂ ਦਾ ਏਸ਼ੀਆਈ ਸੱਭਿਆਚਾਰ ਨਾਲ ਸੰਪਰਕ ਹੋਇਆ ਤਾਂ ਕੀ ਹੋਇਆ। ਕਿਵੇਂ, ਚੰਗੇ ਇਰਾਦੇ ਹੋਣ ਦੇ ਬਾਵਜੂਦ, ਨੇਕ-ਦਿਲ ਅਧਿਕਾਰੀਆਂ ਅਤੇ ਹੋਰ ਸੂਬਿਆਂ ਦੇ ਤਜਰਬੇ ਵਾਲੀ ਦਿਆਲੂ ਸਰਕਾਰ ਨੇ ਪੰਜਾਬ ਦੀ ਅਸਲ, ਪੁਰਾਣੀ ਸਿੱਖਿਆ ਪ੍ਰਣਾਲੀ ਨੂੰ ਕਿਵੇਂ ਕਮਜ਼ੋਰ ਕਰ ਦਿੱਤਾ, ਰੋਕ ਦਿੱਤਾ, ਤੇ ਲਗਭਗ ਤਬਾਹ ਕਰ ਦਿੱਤਾ। ਮੁੜ ਸੁਰਜੀਤ ਕਰਨ ਦੇ ਮੌਕੇ ਕਿਵੇਂ ਖਰਾਬ ਹੋ ਗਏ ਜਾਂ ਹੱਥੋਂ ਕੱਢੇ ਗਏ। ਇਹ ਕਿਸੇ ਵਿਅਕਤੀ ਦੀ ਗਲਤੀ ਨਹੀਂ ਸਾਡੀ ਸਾਰੀ ਪ੍ਰਸ਼ਾਸਕੀ ਪ੍ਰਣਾਲੀ ਇਸ ਲਈ ਹੋਰ ਵਧੇਰੇ ਜ਼ਿੰਮੇਵਾਰ ਹੈ।

ਪੰਜਾਬ ਅਤੇ ਪੂਰਬ ਵਿਚ ਸਿੱਖਿਆ ਲਈ ਸਤਿਕਾਰ

ਸਿੱਖਿਆ ਦਾ ਆਦਰ “ਪੂਰਬ” ਦੀ ਪੁਰਾਣੀ ਖਾਸੀਅਤ ਰਿਹਾ ਹੈ। ਪੰਜਾਬ ਵੀ ਇਸਦਾ ਅਪਵਾਦ ਨਹੀਂ ਸੀ। ਬਾਹਰੀ ਹਮਲਿਆਂ ਅਤੇ ਘਰੇਲੂ ਲੜਾਈਆਂ ਨੇ ਭਾਵੇਂ ਪੰਜਾਬ ਨੂੰ ਕਮਜ਼ੋਰ ਕੀਤਾ, ਪਰ ਲੋਕਾਂ ਨੇ ਸਿੱਖਿਆ ਦੇ ਦਾਨ ਨੂੰ ਹਮੇਸ਼ਾਂ ਸੰਭਾਲ ਕੇ ਰੱਖਿਆ। ਸਭ ਤੋਂ ਲਾਲਚੀ ਜਮੀਂਦਾਰ, ਮੁਖੀ ਜਾਂ ਲੁੱਟੇਰੇ ਤੱਕ ਵੀ ਸਕੂਲ ਖੋਲ੍ਹ ਕੇ ਅਤੇ ਵਿਦਵਾਨਾਂ ਦੀ ਸਹਾਇਤਾ ਕਰਦੇ ਸਨ। ਹਰ ਮਸਜਿਦ, ਹਰ ਮੰਦਰ, ਹਰ ਧਰਮਸ਼ਾਲਾ ਨਾਲ ਇੱਕ ਸਕੂਲ ਜੁੜਿਆ ਹੁੰਦਾ ਸੀ।ਜ਼ਿਆਦਾਤਰ ਲੋਕ ਉੱਥੇ ਧਾਰਮਿਕ ਸਿੱਖਿਆ ਲਈ ਆਉਂਦੇ ਸਨ।ਦੋਸਤਾਂ ਤੇ ਗੁਆਂਢੀਆਂ ਦੇ ਬੱਚੇ ਵੀ ਨਾਲ ਪੜ੍ਹਦੇ ਸਨ। ਫਿਰ ਇਸ ਤੋਂ ਇਲਾਵਾ, ਹਜ਼ਾਰਾਂ ਧਰਮ ਨਿਰਪੱਖ ਸਕੂਲ ਸਨ, ਜਿੱਥੇ ਮੁਸਲਮਾਨ, ਹਿੰਦੂ ਤੇ ਸਿੱਖ ਇਕੱਠੇ ਪੜ੍ਹਦੇ ਸਨ। ਇੱਥੇ ਫ਼ਾਰਸੀ, ਲੰਡੀ–ਲਿੱਪੀ ਅਤੇ ਹੋਰ ਵਿਸ਼ੇ ਪੜ੍ਹਾਏ ਜਾਂਦੇ ਸਨ।

ਇੱਕ ਆਮ ਗਿਣਤੀ ਦੱਸਦੀ ਹੈ ਕਿ ਸੰਨ 1849 ਨੂੰ ਪੰਜਾਬ ਵਿਚ ਤਕਰੀਬਨ 3,30,000 ਬੱਚੇ ਸਕੂਲਾਂ ਵਿਚ ਪੜ੍ਹਦੇ ਸਨ। ਅੱਜ ਸੰਨ 1882 ਵਿਚ ਇਹ ਗਿਣਤੀ 190,000 ਤੋਂ ਵੀ ਘੱਟ ਹੈ ਪਹਿਲਾਂ ਹਜ਼ਾਰਾਂ ਬੱਚੇ ਅਰਬੀ ਤੇ ਸੰਸਕ੍ਰਿਤ ਦੇ ਉੱਚ ਕੋਟੀਆਂ ਦੇ ਕਾਲਜਾਂ ਵਿੱਚ ਪੜ੍ਹਦੇ ਸਨ ਕਾਨੂੰਨ, ਤਰਕ, ਦਰਸ਼ਨ, ਦਵਾਈ—ਸਭ ਕੁਝ। ਫ਼ਾਰਸੀ ਦੀ ਉੱਚ ਸਿੱਖਿਆ ਤਾਂ ਹਜ਼ਾਰਾਂ ਲੋਕਾਂ ਨੇ ਹਾਸਲ ਕੀਤੀ ਹੋਈ ਸੀ — ਜੋ ਅੱਜ ਸਰਕਾਰੀ ਸਕੂਲਾਂ ਵਿਚ ਮੁਸ਼ਕਿਲ ਨਾਲ ਹੀ ਮਿਲਦੀ ਹੈ। ਉਨ੍ਹਾਂ ਸਾਰੇ ਪੁਰਾਣੇ ਸਕੂਲਾਂ ਵਿਚ ਸਿੱਖਿਆ ਦਾ ਮਤਲਬ ਸੀ, ਚਰਿੱਤਰ ਬਣਾਉਣਾ, ਧਾਰਮਿਕ ਸੱਭਿਆਚਾਰ ਅਤੇ ਗਿਆਨ ਲਈ ਸਤਿਕਾਰ।

ਪ੍ਰਬੰਧ ਬਦਲਿਆ — ਅਤੇ ਸਭ ਕੁਝ ਉਲਟ ਗਿਆ

ਪੰਜਾਬ ਦੇ ਲੋਕ ਅਚਾਨਕ ਅੰਗਰੇਜ਼ੀ ਕਬਜ਼ੇ ਨਾਲ ਘਬਰਾ ਗਏ। ਜੰਗਾਂ ਤੇ ਹਾਲਾਤਾਂ ਨੇ ਲੋਕਾਂ ਨੂੰ ਇਹ ਸਮਝਾ ਦਿੱਤਾ ਕਿ ਆਪਣੀ ਸਿੱਖਿਆ ਨੂੰ ਜਿੰਨਾ ਬਚਾਇਆ ਜਾ ਸਕੇ, ਬਚਾਇਆ ਜਾਵੇ — ਜਿਵੇਂ ਅੱਜ ਕੋਈ ਵੀ ਅੰਗਰੇਜ਼ ਕਿਸੇ ਵਿਦੇਸ਼ੀ ਰਾਜ ਨੂੰ ਤੁਰੰਤ ਸਵੀਕਾਰ ਨਹੀਂ ਕਰੇਗਾ।

ਬੀਰ ( Virenderjit Singh Bir)  FROM FACEBOOK 

6 December at 6:32 PM


Share this article :

No comments:

Post a Comment

 

Punjab Monitor